ਯਿਰਮਿਯਾਹ ਦਾ ਵਿਰਲਾਪ 5
5
ਤਰਸ ਲਈ ਬੇਨਤੀ
1ਹੇ ਯਹੋਵਾਹ, ਜੋ ਕੁਝ ਸਾਡੇ ਨਾਲ ਬੀਤੀ ਉਹ ਨੂੰ ਚੇਤੇ
ਕਰ!
ਧਿਆਨ ਦੇਹ, ਅਤੇ ਸਾਡੀ ਨਮੋਸ਼ੀ ਨੂੰ ਵੇਖ!
2ਸਾਡੀ ਮਿਲਖ ਪਰਦੇਸੀਆਂ ਨੂੰ ਸੌਂਪੀ ਗਈ,
ਸਾਡੇ ਘਰ ਓਪਰਿਆਂ ਨੂੰ।
3ਅਸੀਂ ਯਤੀਮ ਹਾਂ, ਸਾਡੇ ਪਿਓ ਨਹੀਂ ਹਨ,
ਸਾਡੀਆਂ ਮਾਵਾਂ ਵਿੱਧਵਾਂ ਵਾਂਙੁ ਹਨ।
4ਅਸਾਂ ਆਪਣਾ ਪਾਣੀ ਮੁੱਲ ਲੈ ਕੇ ਪੀਤਾ,
ਸਾਡੀ ਲੱਕੜੀ ਮੁੱਲ ਨਾਲ ਮਿਲਦੀ ਹੈ।
5ਸਾਡਾ ਪਿੱਛਾ ਕਰਨ ਵਾਲੇ ਸਾਡੀਆਂ ਧੌਣਾਂ ਉੱਤੇ ਹਨ,
ਅਸੀਂ ਥੱਕੇ ਹੋਏ ਹਾਂ ਪਰ ਸਾਡੇ ਲਈ ਅਰਾਮ ਨਹੀਂ।
6ਅਸੀਂ ਮਿਸਰ ਦੇ ਅਧੀਨ ਹੋਏ, ਅੱਸ਼ੂਰ ਦੇ ਵੀ,
ਤਾਂ ਜੋ ਰੋਟੀ ਨਾਲ ਰੱਜ ਜਾਈਏ।
7ਸਾਡੇ ਪੇਵਾਂ ਨੇ ਪਾਪ ਕੀਤਾ ਅਤੇ ਓਹ ਚੱਲ ਵੱਸੇ,
ਅਤੇ ਅਸੀਂ ਓਹਨਾਂ ਦੀ ਬਦੀ ਦਾ ਭਾਰ ਚੁੱਕਦੇ ਹਾਂ।
8ਗੁਲਾਮ ਸਾਡੇ ਉੱਤੇ ਰਾਜ ਕਰਦੇ ਹਨ,
ਉਨ੍ਹਾਂ ਦੇ ਹੱਥੋਂ ਕੋਈ ਛੁਡਾਉਣ ਵਾਲਾ ਨਹੀਂ।
9ਉਜਾੜ ਦੀ ਤਲਵਾਰ ਦੇ ਕਾਰਨ,
ਅਸੀਂ ਜਾਨ ਤਲੀ ਉੱਤੇ ਰੱਖ ਕੇ ਆਪਣੀ ਰੋਟੀ
ਕਮਾਉਂਦੇ ਹਾਂ।
10ਕਾਲ ਦੇ ਝੁਲਸਾ ਦੇਣ ਵਾਲੇ ਤਾਪ ਦੇ ਕਾਰਨ
ਸਾਡਾ ਚਮੜਾ ਤੰਦੂਰ ਵਾਂਙੁ ਤੱਪਦਾ ਹੈ।
11ਸੀਯੋਨ ਵਿੱਚ ਤੀਵੀਆਂ,
ਯਹੂਦਾਹ ਦੇ ਨਗਰਾਂ ਵਿੱਚ ਕੁਆਰੀਆਂ ਬੇਪਤ
ਕੀਤੀਆਂ ਗਈਆਂ।
12ਸਰਦਾਰ ਓਹਨਾਂ ਦੇ ਹੱਥਾਂ ਨਾਲ ਟੰਗੇ ਗਏ,
ਬਜ਼ੁਰਗਾਂ ਦੇ ਮੂੰਹਾਂ ਦਾ ਮਾਣ ਨਾ ਕੀਤਾ ਗਿਆ।
13ਚੁਗਵੇਂ ਜੁਆਨਾਂ ਨੇ ਚੱਕੀ ਚੁੱਕੀ,
ਛੋਕਰੀਆਂ ਨੇ ਲੱਕੜ ਹੇਠ ਠੇਡੇ ਖਾਧੇ।
14ਬਜ਼ੁਰਗ ਫਾਟਕ ਤੋਂ ਅਤੇ ਚੁਗਵੇਂ ਜੁਆਨ
ਆਪਣੇ ਗਾਉਣ ਵਜਾਉਣ ਤੋਂ ਹਟ ਗਏ ਹਨ।
15ਸਾਡੇ ਦਿਲਾਂ ਦੀ ਖੁਸ਼ੀ ਮੁੱਕ ਗਈ,
ਸਾਡਾ ਨਾਚ ਸੋਗ ਵਿੱਚ ਬਦਲ ਗਿਆ।
16ਮੁਕਟ ਸਾਡੇ ਸਿਰਾਂ ਤੋਂ ਡਿੱਗ ਪਿਆ,
ਹਾਇ ਸਾਨੂੰ! ਅਸਾਂ ਪਾਪ ਜੋ ਕੀਤਾ।
17ਇਸੇ ਲਈ ਸਾਡੇ ਦਿਲ ਕਮਜ਼ੋਰ ਹੋ ਗਏ,
ਇਨ੍ਹਾਂ ਗੱਲਾਂ ਦੇ ਕਾਰਨ ਸਾਡੀਆਂ ਅੱਖੀਆਂ ਵਿੱਚ
ਧੁੰਦ ਆ ਗਈ,
18ਸੀਯੋਨ ਪਰਬਤ ਦੀ ਵਿਰਾਨੀ ਦੇ ਕਾਰਨ,
ਜਿਹ ਦੇ ਉੱਤੇ ਗਿੱਦੜ ਫਿਰਦੇ ਹਨ।
19ਤੂੰ, ਹੇ ਯਹੋਵਾਹ, ਸਦਾ ਤੀਕ ਬਿਰਾਜਮਾਨ ਹੈਂ,
ਤੇਰਾ ਸਿੰਘਾਸਣ ਪੀੜੀਉਂ ਪੀੜ੍ਹੀ ਤੀਕ ਹੈ।
20ਤੂੰ ਕਿਉਂ ਸਦਾ ਲਈ ਸਾਨੂੰ ਭੁਲਾ ਬੈਠਾ ਹੈਂ,
ਅਤੇ ਚਿਰੋਕਣਾ ਸਾਨੂੰ ਤਿਆਗ ਦਿੱਤਾ ਹੈ?
21ਹੇ ਯਹੋਵਾਹ, ਸਾਨੂੰ ਆਪਣੀ ਵੱਲ ਮੋੜ ਲੈ,
ਤਾਂ ਅਸੀਂ ਮੁੜਾਂਗੇ, ਸਾਡੇ ਦਿਨ ਪਹਿਲਾਂ ਵਾਂਙੁ ਨਵੇਂ ਬਣਾ।
22ਕੀ ਤੂੰ ਸਾਨੂੰ ਉੱਕਾ ਹੀ ਛੱਡ ਦਿੱਤਾ ਹੈ?
ਕੀ ਤੂੰ ਸਾਡੇ ਨਾਲ ਬਹੁਤ ਹੀ ਕੋਪਵਾਨ ਹੋ ਗਿਆ
ਹੈਂ।।
Currently Selected:
ਯਿਰਮਿਯਾਹ ਦਾ ਵਿਰਲਾਪ 5: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.