ਯਸਾਯਾਹ 45
45
ਖੋਰੁਸ ਦਾ ਕੰਮ
1ਯਹੋਵਾਹ ਆਪਣੇ ਮਸਹ ਕੀਤੇ ਹੋਏ ਖੋਰੁਸ ਨੂੰ ਇਉਂ
ਆਖਦਾ ਹੈ,
ਜਿਸ ਦਾ ਸੱਜਾ ਹੱਥ ਮੈਂ ਫੜਿਆ,
ਭਈ ਮੈਂ ਉਹ ਦੇ ਅੱਗੇ ਕੌਮਾਂ ਨੂੰ ਹੇਠਾਂ ਕਰ ਦਿਆਂ,
ਅਤੇ ਪਾਤਸ਼ਾਹਾਂ ਦੇ ਕਮਰ ਕੱਸੇ ਖੋਲ੍ਹ ਦਿਆਂ,
ਭਈ ਮੈਂ ਦਰਵੱਜੇ ਉਹ ਦੇ ਸਾਹਮਣੇ ਖੋਲ੍ਹ ਦਿਆਂ,
ਅਤੇ ਫਾਟਕ ਬੰਦ ਨਾ ਕੀਤੇ ਜਾਣ,
2ਮੈਂ ਤੇਰੇ ਅੱਗੇ ਅੱਗੇ ਚਲਾਂਗਾ,
ਅਤੇ ਉੱਚਿਆਈਆਂ ਨੂੰ ਪੱਧਰਿਆਂ ਕਰਾਂਗਾ,
ਮੈਂ ਪਿੱਤਲ ਦੇ ਦਰ ਭੰਨ ਸੁੱਟਾਂਗਾ,
ਅਤੇ ਲੋਹੇ ਦੇ ਹੋੜੇ ਵੱਢ ਦਿਆਂਗਾ।
3ਮੈਂ ਤੈਨੂੰ ਅਨ੍ਹੇਰੇ ਦੇ ਖ਼ਜ਼ਾਨੇ,
ਅਤੇ ਲੁਕੇ ਹੋਏ ਥਾਵਾਂ ਦੇ ਪਦਾਰਥ ਦਿਆਂਗਾ,
ਤਾਂ ਜੋ ਤੂੰ ਜਾਣੇਂ ਕਿ ਮੈਂ ਯਹੋਵਾਹ ਇਸਰਾਏਲ ਦਾ
ਪਰਮੇਸ਼ੁਰ ਹਾਂ,
ਜੋ ਤੇਰਾ ਨਾਉਂ ਲੈ ਕੇ ਤੈਨੂੰ ਬੁਲਾਉਂਦਾ ਹੈ।
4ਮੇਰੇ ਦਾਸ ਯਾਕੂਬ ਦੀ,
ਅਤੇ ਇਸਰਾਏਲ ਮੇਰੇ ਚੁਣਵੇਂ ਦੀ ਖਾਤਰ,
ਮੈਂ ਤੇਰਾ ਨਾਉਂ ਲੈ ਕੇ ਤੈਨੂੰ ਬੁਲਾਇਆ ਹੈ,
ਅਤੇ ਤੈਨੂੰ ਪਦਵੀ ਦਿੱਤੀ ਭਾਵੇਂ ਤੂੰ ਮੈਨੂੰ ਨਹੀਂ
ਜਾਣਦਾ।
5ਮੈਂ ਯਹੋਵਾਹ ਹਾਂ ਅਤੇ ਹੋਰ ਕੋਈ ਨਹੀਂ,
ਮੈਥੋਂ ਬਿਨਾ ਕੋਈ ਪਰਮੇਸ਼ੁਰ ਨਹੀਂ,
ਮੈਂ ਤੇਰਾ ਲੱਕ ਬੰਨ੍ਹਾਂਗਾ, ਭਾਵੇਂ ਤੂੰ ਮੈਨੂੰ ਨਹੀਂ ਜਾਣਦਾ,
6ਤਾਂ ਜੋ ਓਹ ਸੂਰਜ ਦੇ ਚੜ੍ਹਦੇ ਪਾਸਿਓਂ
ਅਤੇ ਲਹਿੰਦੇ ਪਾਸੇ ਤੋਂ ਜਾਣਨ,
ਕਿ ਮੈਂਥੋਂ ਬਿਨਾ ਹੋਰ ਕੋਈ ਨਹੀਂ,
ਮੈਂ ਹੀ ਯਹੋਵਾਹ ਹਾਂ, ਹੋਰ ਹੈ ਹੀ ਨਹੀਂ।
7ਮੈਂ ਚਾਨਣ ਦਾ ਸਿਰਜਣਹਾਰ ਅਤੇ ਅਨ੍ਹੇਰੇ ਦਾ
ਕਰਤਾਰ,
ਮੈਂ ਸ਼ਾਂਤੀ ਦਾ ਬਣਾਉਣ ਵਾਲਾ ਅਤੇ ਬਿਪਤਾ ਦਾ
ਕਰਤਾ ਹਾਂ,
ਮੈਂ ਯਹੋਵਾਹ ਏਹ ਸਾਰੇ ਕੰਮ ਕਰਦਾ ਹਾਂ।।
8ਹੇ ਅਕਾਸ਼ੋ, ਉੱਤੋਂ ਚੋ ਪਓ!
ਅਤੇ ਗਗਨ ਧਰਮ ਨੂੰ ਵਰ੍ਹਾਉਣ,
ਧਰਤੀ ਖੁਲ੍ਹ ਜਾਵੇ ਅਤੇ ਮੁਕਤੀ ਦਾ ਫਲ ਲਿਆਵੇ,
ਅਤੇ ਧਰਮ ਨੂੰ ਵੀ ਉਗਾਵੇ,
ਮੈਂ ਯਹੋਵਾਹ ਨੇ ਉਹ ਨੂੰ ਉਤਪਤ ਕੀਤਾ।।
9ਹਾਏ ਉਹ ਦੇ ਉੱਤੇ ਜੋ ਆਪਣੇ ਸਾਜਣਹਾਰ ਨਾਲ
ਝਗੜਦਾ ਹੈ,
ਠੀਕਰਾ ਮਿੱਟੀ ਦਿਆਂ ਠੀਕਰਿਆਂ ਵਿੱਚ!
ਭਲਾ, ਮਿੱਟੀ ਆਪਣੇ ਸਾਜਣਹਾਰ ਨੂੰ ਆਖੇ,
ਤੂੰ ਕੀ ਬਣਾਉਂਦਾ ਹੈਂ?
ਯਾ ਤੇਰੀ ਕਿਰਤ, ਕਿ ਉਹ ਦੇ ਤਾਂ ਹੱਥ ਹੈ ਨਹੀਂ!
10ਹਾਇ ਉਹ ਦੇ ਉੱਤੇ ਜੋ ਕਿਸੇ ਪਿਉ ਨੂੰ ਆਖਦਾ ਹੈ,
ਤੂੰ ਕਾਸ ਨੂੰ ਜਨਮ ਦਿੰਦਾ ਹੈਂ?
ਯਾ ਕਿਸੇ ਤੀਵੀਂ ਨੂੰ, ਤੈਨੂੰ ਕਾਹ ਦੀਆਂ ਪੀੜਾਂ
ਲੱਗੀਆਂ ਹਨ?।।
11ਯਹੋਵਾਹ ਇਉਂ ਆਖਦਾ ਹੈ,
ਉਹ ਜੋ ਇਸਰਾਏਲ ਦਾ ਪਵਿੱਤਰ ਪੁਰਖ,
ਅਤੇ ਉਹ ਦਾ ਸਿਰਜਣਹਾਰ ਹੈ,
ਕੀ ਤੁਸੀਂ ਆਉਣ ਵਾਲੀਆਂ ਗੱਲਾਂ ਮੈਥੋਂ ਪੁੱਛੋਗੇ?
ਮੇਰੇ ਪੁੱਤ੍ਰਾਂ ਵਿਖੇ, ਮੇਰੀ ਦਸਤਕਾਰੀ ਵਿਖੇ,
ਤੁਸੀਂ ਮੈਨੂੰ ਹੁਕਮ ਦਿਓਗੇ?
12ਮੈਂ ਹੀ ਧਰਤੀ ਨੂੰ ਬਣਾਇਆ,
ਅਤੇ ਆਦਮੀ ਨੂੰ ਉਹ ਦੇ ਉੱਤੇ ਉਤਪਤ ਕੀਤਾ,
ਮੈਂ ਆਪਣੇ ਹੱਥ ਨਾਲ ਅਕਾਸ਼ ਨੂੰ ਤਾਣਿਆ,
ਅਤੇ ਉਹ ਦੀ ਸਾਰੀ ਸੈਨਾ ਨੂੰ ਮੈਂ ਹੀ ਹੁਕਮ ਦਿੱਤਾ।
13ਮੈਂ ਉਹ ਨੂੰ ਧਰਮ ਵਿੱਚ ਉਠਾਇਆ,
ਅਤੇ ਮੈਂ ਉਹ ਦੇ ਸਾਰੇ ਰਾਹ ਸਿੱਧੇ ਕਰਾਂਗਾ,
ਉਹ ਮੇਰਾ ਸ਼ਹਿਰ ਉਸਾਰੇਗਾ,
ਅਤੇ ਮੇਰੇ ਅਸੀਰਾਂ ਨੂੰ ਅਜ਼ਾਦ ਕਰੇਗਾ,
ਬਿਨਾ ਮੁੱਲ ਅਰ ਬਿਨਾ ਵੱਟੇ ਦੇ,
ਸੈਨਾਂ ਦਾ ਯਹੋਵਾਹ ਆਖਦਾ ਹੈ।।
14ਯਹੋਵਾਹ ਇਉਂ ਆਖਦਾ ਹੈ,
ਮਿਸਰ ਦੀ ਕਮਾਈ, ਕੂਸ਼ ਦਾ ਬੁਪਾਰ,
ਅਤੇ ਸਬਾ ਦੇ ਕੱਦ ਵਾਲੇ ਮਨੁੱਖ,
ਓਹ ਲੰਘ ਕੇ ਤੇਰੇ ਕੋਲ ਆਉਣਗੇ, ਅਤੇ ਤੇਰੇ
ਹੋਣਗੇ,
ਓਹ ਤੇਰੇ ਪਿੱਛੇ ਚੱਲਣਗੇ, ਓਹ ਜਕੜੇ ਹੋਏ
ਲੰਘਣਗੇ,
ਓਹ ਤੇਰੇ ਅੱਗੇ ਮੱਥਾ ਟੇਕਣਗੇ,
ਓਹ ਤੇਰੇ ਅੱਗੇ ਬੇਨਤੀ ਕਰਨਗੇ,
ਕਿ ਪਰਮੇਸ਼ੁਰ ਤੇਰੇ ਨਾਲ ਹੀ ਹੈ,
ਕੋਈ ਹੋਰ ਨਹੀਂ, ਕੋਈ ਹੋਰ ਪਰਮੇਸ਼ੁਰ ਨਹੀਂ।
15ਤੂੰ ਸੱਚ ਮੁੱਚ ਇੱਕ ਪਰਮੇਸ਼ੁਰ ਹੈਂ ਜੋ ਆਪ ਨੂੰ
ਲੁਕਾਉਂਦਾ ਹੈਂ,
ਹੇ ਇਸਰਾਏਲ ਦੇ ਬਚਾਉਣ ਵਾਲੇ ਪਰਮੇਸ਼ੁਰ।
16ਓਹ ਸਭ ਸ਼ਰਮ ਖਾਣਗੇ ਨਾਲੇ ਨਮੋਸ਼ੀ ਉਠਾਉਣਗੇ,
ਜਿਹੜੇ ਬੁੱਤ ਸਾਜ਼ ਹਨ,
ਓਹ ਇਕੱਠੇ ਨਮੋਸ਼ੀ ਵਿੱਚ ਜਾਣਗੇ।
17ਇਸਰਾਏਲ ਯਹੋਵਾਹ ਤੋਂ ਅਨੰਤ ਮੁਕਤੀ ਲਈ
ਬਚਾਇਆ ਜਾਵੇਗਾ,
ਤੁਸੀਂ ਜੁੱਗੋ ਜੁੱਗ ਸਦਾ ਤੀਕ ਨਾ ਸ਼ਰਮ ਖਾਓਗੇ, ਨਾ
ਨਮੋਸ਼ੀ ਉਠਾਓਗੇ।।
18ਯਹੋਵਾਹ ਜੋ ਅਕਾਸ਼ ਦਾ ਕਰਤਾ ਹੈ, -
ਉਹ ਉਹੀ ਪਰਮੇਸ਼ੁਰ ਹੈ ਜਿਸ ਧਰਤੀ ਨੂੰ ਸਾਜਿਆ,
ਜਿਸ ਉਹ ਨੂੰ ਬਣਾਇਆ ਅਤੇ ਕਾਇਮ ਕੀਤਾ, -
ਉਹ ਨੇ ਉਸ ਨੂੰ ਬੇਡੌਲ ਨਹੀਂ ਉਤਪਤ ਕੀਤਾ,
ਉਹ ਨੇ ਵੱਸਣ ਲਈ ਉਸ ਨੂੰ ਸਾਜਿਆ, -
ਉਹ ਇਉਂ ਆਖਦਾ ਹੈ,
ਮੈਂ ਹੀ ਯਹੋਵਾਹ ਹਾਂ, ਹੋਰ ਹੈ ਨਹੀਂ।
19ਮੈਂ ਗੁਪਤ ਵਿੱਚ ਨਹੀਂ ਬੋਲਿਆ,
ਨਾ ਧਰਤੀ ਦੇ ਅਨ੍ਹੇਰੇ ਥਾਂ ਵਿੱਚ,
ਮੈਂ ਯਾਕੂਬ ਦੀ ਅੰਸ ਨੂੰ ਨਹੀਂ ਆਖਿਆ,
ਕਿ "ਮੈਨੂੰ ਵਿਅਰਥ ਭਾਲੋ,"
ਮੈਂ ਯਹੋਵਾਹ ਧਰਮ ਦਾ ਬੋਲਣ ਵਾਲਾ,
ਮੈਂ ਸਿੱਧੀਆਂ ਗੱਲਾਂ ਦਾ ਦੱਸਣ ਵਾਲਾ ਹਾਂ।।
20ਇਕੱਠੇ ਹੋ ਜਾਓ ਅਤੇ ਆਓ,
ਤੁਸੀਂ ਰਲ ਕੇ ਨੇੜੇ ਹੋਵੋ, ਹੇ ਕੌਮਾਂ ਦੇ ਬਚੇ ਹੋਇਓ!
ਓਹ ਅਣਜਾਣ ਹਨ ਜਿਹੜੇ ਆਪਣੇ ਲੱਕੜੀ ਦੇ ਬੁੱਤ
ਨੂੰ ਚੁੱਕੀ ਫਿਰਦੇ ਹਨ,
ਅਤੇ ਅਜੇਹੇ ਠਾਕਰ ਅੱਗੇ ਪ੍ਰਾਰਥਨਾ ਕਰਦੇ ਹਨ,
ਜੋ ਨਹੀਂ ਬਚਾ ਸੱਕਦਾ!
21ਬਿਆਨ ਕਰੋ ਤੇ ਪੇਸ਼ ਕਰੋ, -
ਹਾਂ, ਓਹ ਇਕੱਠੇ ਸਲਾਹ ਕਰਨ, -
ਕਿਸ ਨੇ ਪੁਰਾਣੇ ਸਮੇਂ ਤੋਂ ਏਹ ਸਣਾਇਆ?
ਕਿਸ ਨੇ ਪਰਾਚੀਨ ਸਮੇਂ ਤੋਂ ਏਹ ਦਾ ਵਰਨਣ ਕੀਤਾ?
ਭਲਾ, ਮੈਂ ਯਹੋਵਾਹ ਨੇ ਹੀ ਨਹੀਂ?
ਮੈਥੋਂ ਬਿਨਾ ਹੋਰ ਕੋਈ ਪਰਮੇਸ਼ੁਰ ਨਹੀਂ,
ਧਰਮੀ ਪਰਮੇਸ਼ੁਰ ਅਤੇ ਮੁਕਤੀ ਦਾਤਾ,
ਮੈਥੋਂ ਛੁੱਟ ਕੋਈ ਹੈ ਹੀ ਨਹੀਂ।
22ਹੇ ਧਰਤੀ ਦੇ ਕੰਢਿਆਂ ਦਿਓ,
ਮੇਰੀ ਵੱਲ ਮੂੰਹ ਕਰੋ ਅਤੇ ਬਚ ਜਾਓ!
ਮੈਂ ਪਰਮੇਸ਼ੁਰ ਜੋ ਹਾਂ ਅਤੇ ਹੋਰ ਹੈ ਨਹੀਂ।
23ਮੈਂ ਆਪਣੀ ਸੌਂਹ ਖਾਧੀ ਹੈ,
ਮੇਰੇ ਮੂੰਹ ਤੋਂ ਧਰਮ ਦਾ ਬਚਨ ਨਿੱਕਲਿਆ ਹੈ,
ਅਤੇ ਉਹ ਮੁੜੇਗਾ ਨਹੀਂ,
ਭਈ ਹਰ ਗੋਡਾ ਮੇਰੇ ਅੱਗੇ ਨਿਵੇਗਾ,
ਹਰ ਜ਼ਬਾਨ ਮੇਰੀ ਸੌਂਹ ਖਾਵੇਗੀ।
24ਮੇਰੇ ਵਿਖੇ ਏਹ ਆਖਿਆ ਜਾਵੇਗਾ,
ਭਈ ਨਿਰਾ ਯਹੋਵਾਹ ਵਿੱਚ ਹੀ ਧਰਮ ਤੇ ਬਲ ਹੈ,
ਸਭ ਜੋ ਉਸ ਨਾਲ ਗੁੱਸੇ ਹੁੰਦੇ ਸਨ
ਉਸ ਕੋਲ ਆਉਣਗੇ ਅਤੇ ਸ਼ਰਮ ਖਾਣਗੇ।
25ਇਸਰਾਏਲ ਦੀ ਸਾਰੀ ਅੰਸ ਯਹੋਵਾਹ ਵਿੱਚ
ਧਰਮੀ ਠਹਿਰੇਗੀ ਅਤੇ ਮਾਣ ਕਰੇਗੀ।।
Currently Selected:
ਯਸਾਯਾਹ 45: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.