YouVersion Logo
Search Icon

ਯਸਾਯਾਹ 46

46
ਬਾਬਲ ਦੇ ਬੁੱਤਾਂ ਦਾ ਅਤੇ ਯਹੋਵਾਹ ਦਾ ਮੁਕਾਬਲਾ
1ਬੇਲ ਦੇਵ ਝੁਕ ਜਾਂਦਾ ਹੈ, ਨਬੋ ਦੇਵ ਕੁੱਬਾ ਹੋ ਜਾਂਦਾ,
ਓਹਨਾਂ ਦੇ ਬੁੱਤ ਪਸੂਆਂ ਉੱਤੇ ਤੇ ਡੰਗਰਾਂ ਉੱਤੇ
ਹਨ,
ਜਿਹੜੇ ਭਾਰ ਤੁਸੀਂ ਚੁੱਕੀ ਫਿਰਦੇ ਸਾਓ,
ਓਹ ਥੱਕੇ ਹੋਏ ਪਸੂਆਂ ਲਈ ਬੋਝ ਹਨ।
2ਓਹ ਇਕੱਠੇ ਝੁਕ ਜਾਂਦੇ, ਓਹ ਕੁੱਬੇ ਹੋ ਜਾਂਦੇ,
ਓਹ ਬੋਝ ਨੂੰ ਛੁਡਾ ਨਾ ਸੱਕੇ,
ਸਗੋਂ ਆਪ ਹੀ ਅਸੀਰੀ ਵਿੱਚ ਚੱਲੇ ਗਏ।।
3ਹੇ ਯਾਕੂਬ ਦੇ ਘਰਾਣੇ, ਮੇਰੀ ਸੁਣੋ,
ਨਾਲੇ ਇਸਰਾਏਲ ਦੇ ਘਰਾਣੇ ਦੇ ਸਾਰੇ ਬਕੀਏ,
ਤੁਸੀਂ ਜਿਹੜੇ ਢਿੱਡੋਂ ਮੈਥੋਂ ਸੰਭਾਲੇ ਗਏ,
ਜਿਹੜੇ ਕੁੱਖੋਂ ਹੀ ਚੁੱਕੇ ਗਏ,
4ਬੁਢੇਪੇ ਤੀਕ ਮੈਂ ਉਹੀ ਹਾਂ,
ਅਤੇ ਧੌਲਿਆਂ ਤੀਕ ਮੈਂ ਤੈਨੂੰ ਉਠਾਵਾਂਗਾ,
ਮੈਂ ਬਣਾਇਆ ਤੇ ਮੈਂ ਚੁੱਕਾਂਗਾ,
ਮੈਂ ਉਠਾਵਾਂਗਾ ਤੇ ਮੈਂ ਛੁਡਾਵਾਂਗਾ।।
5ਤੁਸੀਂ ਕਿਹ ਦੇ ਵਰਗਾ ਮੈਨੂੰ ਬਣਾਓਗੇ,
ਕਿਹ ਦੇ ਤੁੱਲ ਮੈਨੂੰ ਠਹਿਰਾਓਗੇ,
ਕਿਹ ਦੇ ਨਾਲ ਮੇਰੀ ਮਿਸਾਲ ਦਿਓਗੇ,
ਭਈ ਅਸੀਂ ਇੱਕ ਵਰਗੇ ਹੋਈਏ?
6ਜਿਹੜੇ ਥੈਲੀ ਵਿੱਚੋਂ ਸੋਨਾ ਉਲੱਦਦੇ ਹਨ,
ਅਤੇ ਚਾਂਦੀ ਤੱਕੜੀ ਵਿੱਚ ਤੋਂਲਦੇ ਹਨ,
ਓਹ ਸੁਨਿਆਰ ਨੂੰ ਭਾੜੇ ਉੱਤੇ ਲਾਉਂਦੇ,
ਅਤੇ ਉਹ ਉਸ ਤੋਂ ਠਾਕਰ ਬਣਾਉਂਦਾ,
ਤਾਂ ਓਹ ਮੱਥਾ ਟੇਕੇ ਸਗੋਂ ਮੱਥਾ ਰਗੜਦੇ ਹਨ!
7ਓਹ ਉਸ ਨੂੰ ਮੋਢੇ ਉੱਤੇ ਚੁੱਕ ਲੈਂਦੇ ਹਨ,
ਓਹ ਉਸ ਨੂੰ ਉਠਾ ਕੇ ਉਸ ਦੇ ਥਾਂ ਤੇ ਰੱਖਦੇ ਹਨ,
ਉਹ ਖੜਾ ਰਹਿੰਦਾ ਅਤੇ ਆਪਣੇ ਥਾਂ ਤੋਂ ਨਹੀਂ
ਹਿੱਲਦਾ।
ਜੇ ਕੋਈ ਉਸ ਨੂੰ ਪੁਕਾਰੇ ਉਹ ਉੱਤਰ ਨਹੀਂ ਦਿੰਦਾ,
ਨਾ ਉਹ ਨੂੰ ਉਹ ਦੇ ਦੁਖ ਤੋਂ ਬਚਾਉਂਦਾ ਹੈ।।
8ਏਹ ਨੂੰ ਚੇਤੇ ਰੱਖੋ ਅਤੇ ਮਨੁੱਖ ਬਣੋ,
ਫੇਰ ਦਿਲ ਤੇ ਲਾਓ, ਹੇ ਅਪਰਾਧੀਓ!
9ਪੁਰਾਣੇ ਸਮੇਂ ਦੀਆਂ ਪਹਿਲੀਆਂ ਗੱਲਾਂ ਨੂੰ ਚੇਤੇ
ਰੱਖੋ,
ਕਿਉਂ ਜੋ ਮੈਂ ਪਰਮੇਸ਼ੁਰ ਹਾਂ ਅਤੇ ਹੋਰ ਕੋਈ ਨਹੀਂ,
ਪਰਮੇਸ਼ੁਰ, ਅਤੇ ਮੇਰੇ ਵਰਗਾ ਕੋਈ ਨਹੀਂ।
10ਮੈਂ ਆਦ ਤੋਂ ਅੰਤ ਨੂੰ,
ਅਤੇ ਮੁੱਢ ਤੋਂ ਜੋ ਅਜੇ ਨਹੀਂ ਹੋਇਆ ਦੱਸਦਾ ਹਾਂ,
ਮੈਂ ਆਖਦਾ ਹਾਂ, ਮੇਰੀ ਸਲਾਹ ਕਾਇਮ ਰਹੇਗੀ,
ਅਤੇ ਮੈਂ ਆਪਣੀ ਸਾਰੀ ਇੱਛਿਆ ਨੂੰ ਪੂਰੀ ਕਰਾਂਗਾ।
11ਮੈਂ ਸ਼ਿਕਾਰੀ ਪੰਛੀ ਨੂੰ ਪੂਰਬੋਂ,
ਆਪਣੀ ਸਲਾਹ ਦੇ ਮਨੁੱਖ ਨੂੰ ਦੂਰ ਦੇਸ਼ ਤੋਂ ਸੱਦਦਾ
ਹਾਂ।
ਹਾਂ, ਮੈਂ ਬੋਲਿਆ ਸੋ ਮੈਂ ਨਿਭਾਵਾਂਗਾ,
ਮੈਂ ਠਾਣਿਆ ਸੋ ਮੈਂ ਪੂਰਾ ਕਰਾਂਗਾ।।
12ਹੇ ਹਠੀਲੇ ਦਿਲ ਵਾਲਿਓ, ਮੇਰੀ ਸੁਣੋ!
ਤੁਸੀਂ ਜੋ ਧਰਮ ਤੋਂ ਦੂਰ ਹੋ, -
13ਮੈਂ ਆਪਣੇ ਧਰਮ ਨੂੰ ਨੇੜੇ ਲਿਆਉਂਦਾ ਹਾਂ,
ਉਹ ਦੂਰ ਨਹੀਂ ਰਹੇਗਾ,
ਮੇਰਾ ਬਚਾਓ ਢਿਲ ਨਹੀਂ ਲਾਵੇਗਾ,
ਮੈਂ ਸੀਯੋਨ ਵਿੱਚ ਬਚਾਓ,
ਅਤੇ ਇਸਰਾਏਲ ਲਈ ਆਪਣਾ ਤੇਜ ਬਖ਼ਸ਼ਾਂਗਾ।।

Highlight

Share

Copy

None

Want to have your highlights saved across all your devices? Sign up or sign in

Videos for ਯਸਾਯਾਹ 46