YouVersion Logo
Search Icon

ਯਸਾਯਾਹ 44

44
ਬੁੱਤ ਪੂਜਾ ਦੀ ਮੂਰਖਤਾਈ
1ਹੁਣ ਹੇ ਯਾਕੂਬ ਮੇਰੇ ਦਾਸ,
ਹੇ ਇਸਰਾਏਲ ਜਿਹ ਨੂੰ ਮੈਂ ਚੁਣਿਆ, ਸੁਣੋ!
2ਯਹੋਵਾਹ ਇਉਂ ਆਖਦਾ ਹੈ,
ਜਿਹ ਨੇ ਤੈਨੂੰ ਬਣਾਇਆ, ਤੈਨੂੰ ਕੁਖ ਤੋਂ ਹੀ
ਸਾਜਿਆ,
ਜੋ ਤੇਰੀ ਸਹਾਇਤਾ ਕਰੇਗਾ,
ਨਾ ਡਰ, ਹੇ ਯਾਕੂਬ ਮੇਰੇ ਦਾਸ,
ਅਤੇ ਯਿਸ਼ੁਰੂਨ ਜਿਹ ਨੂੰ ਮੈਂ ਚੁਣਿਆ ਹੈ।
3ਮੈਂ ਤਾਂ ਤਿਹਾਈ ਜਮੀਨ ਉੱਤੇ ਪਾਣੀ,
ਅਤੇ ਸੁੱਕੀ ਸੜੀ ਭੋਂ ਉੱਤੇ ਨਦੀਆਂ ਵਗਾਵਾਂਗਾ,
ਮੈਂ ਆਪਣਾ ਆਤਮਾ ਤੇਰੀ ਅੰਸ ਉੱਤੇ,
ਅਤੇ ਤੇਰੀ ਸੰਤਾਨ ਉੱਤੇ ਆਪਣੀ ਬਰਕਤ
ਵਹਾਵਾਂਗਾ।
4ਓਹ ਘਾਹ ਦੇ ਵਿੱਚ ਉਪਜਣਗੇ,
ਵਗਦੇ ਪਾਣੀਆਂ ਉੱਤੇ ਬੈਤਾਂ ਵਾਂਙੁ।
5ਕੋਈ ਆਖੇਗਾ, "ਮੈਂ ਯਹੋਵਾਹ ਦਾ ਹਾਂ,"
ਕੋਈ ਆਪ ਨੂੰ ਯਾਕੂਬ ਦੇ ਨਾਉਂ ਤੇ ਸਦਾਵੇਗਾ,
ਕੋਈ ਆਪਣੇ ਹੱਥ ਉੱਤੇ ਲਿਖੇਗਾ, "ਯਹੋਵਾਹ
ਦਾ,"
ਅਤੇ ਆਪ ਨੂੰ ਇਸਰਾਏਲ ਦੇ ਨਾਮ ਦੀ ਪਦਵੀ
ਦੇਵੇਗਾ।।
6ਯਹੋਵਾਹ ਇਸਰਾਏਲ ਦਾ ਪਾਤਸ਼ਾਹ,
ਅਤੇ ਉਹ ਦਾ ਛੁਡਾਉਣ ਵਾਲਾ, ਸੈਨਾਂ ਦਾ ਯਹੋਵਾਹ
ਐਉਂ ਫ਼ਰਮਾਉਂਦਾ ਹੈ,
ਮੈਂ ਆਦ ਹਾਂ ਨਾਲੇ ਮੈਂ ਅੰਤ ਹਾਂ,
ਮੈਥੋਂ ਬਿਨਾ ਕੋਈ ਪਰਮੇਸ਼ੁਰ ਨਹੀਂ।
7ਮੇਰੇ ਵਾਂਙੁ ਕੌਣ ਪਰਚਾਰ ਕਰੇਗਾ?
ਤਾਂ ਉਹ ਉਸ ਨੂੰ ਦੱਸੇ ਅਤੇ ਮੇਰੇ ਲਈ ਉਸ ਨੂੰ
ਸੁਆਰੇ,
ਜਿਸ ਸਮੇਂ ਤੋਂ ਮੈਂ ਸਨਾਤਨੀ ਪਰਜਾ ਨੂੰ ਕਾਇਮ ਕੀਤਾ,
ਆਉਣ ਵਾਲੀਆਂ ਗੱਲਾਂ ਅਰਥਾਤ ਜਿਹੜੀਆਂ
ਗੱਲਾਂ ਬੀਤਣਗੀਆਂ,
ਓਹ ਉਨ੍ਹਾਂ ਦੇ ਲਈ ਦੱਸਣ।
8ਨਾ ਭੈ ਖਾਓ, ਨਾ ਡਰੋ,
ਕੀ ਮੈਂ ਮੁੱਢ ਤੋਂ ਤੈਨੂੰ ਨਹੀਂ ਸੁਣਾਇਆ ਅਤੇ
ਦੱਸਿਆ?
ਤੁਸੀਂ ਮੇਰੇ ਗਵਾਹ ਹੋ।
ਕੀ ਮੇਰੇ ਬਿਨਾ ਕੋਈ ਹੋਰ ਪਰਮੇਸ਼ੁਰ ਹੈ?
ਕੋਈ ਹੋਰ ਚਟਾਨ ਨਹੀਂ, ਮੈਂ ਤਾਂ ਕਿਸੇ ਨੂੰ ਜਾਣਦਾ
ਨਹੀਂ।।
9ਬੁੱਤਾਂ ਦੇ ਘੜਨ ਵਾਲੇ ਸਾਰੇ ਹੀ ਫੋਕਟ ਹਨ,
ਓਹਨਾਂ ਦੀਆਂ ਮਨ ਭਾਉਂਦੀਆਂ ਰੀਝਾਂ ਲਾਭਦਾਇਕ
ਨਹੀਂ,
ਓਹਨਾਂ ਦੇ ਗਵਾਹ ਨਾ ਵੇਖਦੇ ਨਾ ਜਾਣਦੇ ਹਨ,
ਤਾਂ ਜੋ ਓਹ ਸ਼ਰਮਿੰਦੇ ਹੋਣ।
10ਕਿਹ ਨੇ ਠਾਕਰ ਘੜਿਆ ਯਾ ਬੁੱਤ ਢਾਲਿਆ,
ਜਿਹੜਾ ਲਾਭਦਾਇਕ ਨਹੀਂ ਹੈ?
11ਵੇਖੋ, ਓਹ ਦੇ ਸਾਰੇ ਸਾਥੀ ਸ਼ਰਮਿੰਦੇ ਹੋਣਗੇ,
ਏਹ ਕਾਰੀਗਰ ਆਦਮੀ ਹੀ ਹਨ!
ਏਹ ਸਾਰੇ ਇਕੱਠੇ ਹੋ ਕੇ ਖੜੇ ਹੋਣ,
ਓਹ ਭੈ ਖਾਣਗੇ, ਓਹ ਇਕੱਠੇ ਸ਼ਰਮਿੰਦੇ ਹੋਣਗੇ।
12ਲੋਹਾਰ ਆਪਣਾ ਸੰਦ ਤਿੱਖਾ ਕਰਦਾ ਹੈ,
ਉਹ ਕੋਲਿਆਂ ਨਾਲ ਕੰਮ ਕਰਦਾ,
ਅਤੇ ਹਥੌੜਿਆਂ ਨਾਲ ਉਹ ਨੂੰ ਘੜਦਾ,
ਉਹ ਆਪਣੀ ਬਲਵੰਤ ਬਾਂਹ ਨਾਲ ਉਹ ਨੂੰ ਬਣਾਉਂਦਾ,
ਪਰ ਉਹ ਭੁੱਖਾ ਹੋ ਜਾਂਦਾ ਅਤੇ ਉਹ ਦਾ ਬਲ ਘੱਟ
ਜਾਂਦਾ ਹੈ,
ਉਹ ਪਾਣੀ ਨਹੀਂ ਪੀਂਦਾ ਅਤੇ ਥੱਕ ਜਾਂਦਾ ਹੈ।
13ਤਰਖਾਣ ਸੂਤ ਤਾਣਦਾ ਹੈ,
ਉਹ ਪਿੰਸਲ ਨਾਲ ਉਸ ਦਾ ਖਾਕਾ ਖਿੱਚਦਾ ਹੈ,
ਉਹ ਉਸ ਨੂੰ ਰੰਦਿਆ ਨਾਲ ਬਣਾਉਂਦਾ,
ਅਤੇ ਪਰਕਾਰ ਨਾਲ ਉਸ ਦੇ ਨਿਸ਼ਾਨ ਲਾਉਂਦਾ,
ਉਹ ਉਸ ਨੂੰ ਮਨੁੱਖ ਦੇ ਰੂਪ ਉੱਤੇ ਆਦਮੀ ਦੇ
ਸੁਹੱਪਣ ਵਾਂਙੁ,
ਠਾਕਰ ਦੁਆਰੇ ਵਿੱਚ ਬਿਰਾਜਮਾਨ ਹੋਣ ਲਈ ਬਣਾਉਂਦਾ ਹੈ!
14ਉਹ ਆਪਣੇ ਲਈ ਦਿਆਰ ਵੱਢਦਾ ਹੈ,
ਉਹ ਸਰੂ ਯਾ ਬਲੂਤ ਲੈਂਦਾ ਹੈ,
ਅਤੇ ਉਹ ਨੂੰ ਬਣ ਦੇ ਰੁੱਖਾਂ ਵਿੱਚ ਆਪਣੇ ਲਈ
ਮਜ਼ਬੂਤ ਹੋਣ ਦਿੰਦਾ ਹੈ,
ਉਹ ਚੀਲ੍ਹ ਲਾਉਂਦਾ ਅਤੇ ਮੀਂਹ ਉਹ ਨੂੰ ਵਧਾਉਂਦਾ ਹੈ।
15ਤਦ ਉਹ ਆਦਮੀ ਦੇ ਬਾਲਣ ਲਈ ਹੋ ਜਾਂਦਾ ਹੈ,
ਉਹ ਉਸ ਦੇ ਵਿੱਚੋਂ ਲੈ ਕੇ ਆਪ ਨੂੰ ਸੇਕਦਾ ਹੈ,
ਸਗੋਂ ਉਸ ਨੂੰ ਬਾਲ ਕੇ ਰੋਟੀ ਪਕਾਉਂਦਾ ਹੈ,
ਹਾਂ, ਉਹ ਇੱਕ ਠਾਕਰ ਬਣਾਉਂਦਾ ਹੈ,
ਅਤੇ ਓਹ ਉਸ ਨੂੰ ਮੱਥਾ ਟੇਕਦੇ ਹਨ!
ਓਹ ਬੁੱਤ ਬਣਾਉਂਦੇ ਹਨ,
ਅਤੇ ਓਹ ਉਸ ਦੇ ਅੱਗੇ ਮੱਥੇ ਰਗੜਦੇ ਹਨ!
16ਇੱਕ ਹਿੱਸੇ ਦੀ ਉਹ ਅੱਗ ਬਾਲਦਾ ਹੈ,
ਇੱਕ ਹਿੱਸੇ ਉਤੇ ਉਹ ਕਬਾਬ ਭੁੰਨ ਕੇ
ਮਾਸ ਖਾਂਦਾ ਹੈ ਅਤੇ ਰੱਜ ਜਾਂਦਾ ਹੈ,
ਨਾਲੇ ਉਹ ਸੇਕਦਾ ਅਤੇ ਆਖਦਾ ਹੈ,
ਆਹਾ! ਮੈਂ ਗਰਮ ਹੋ ਗਿਆ, ਮੈਂ ਅੱਗ ਵੇਖੀ।
17ਉਹ ਦਾ ਬਕੀਆ ਲੈ ਕੇ ਉਹ ਇੱਕ ਠਾਕਰ,
ਇੱਕ ਬੁੱਤ ਬਣਾਉਂਦਾ,
ਉਹ ਦੇ ਅੱਗੇ ਉਹ ਮੱਥਾ ਟੇਕਦਾ ਸਗੋਂ ਮੱਥਾ
ਰਗੜਦਾ ਹੈ,
ਅਤੇ ਉਸ ਤੋਂ ਪ੍ਰਾਰਥਨਾ ਕਰਦਾ ਅਤੇ ਆਖਦਾ ਹੈ,
ਮੈਨੂੰ ਛੁਡਾ, ਤੂੰ ਮੇਰਾ ਠਾਕਰ ਜੋ ਹੈਂ!
18ਓਹ ਨਹੀਂ ਜਾਣਦੇ, ਓਹ ਨਹੀਂ ਸਮਝਦੇ,
ਕਿਉਂ ਜੋ ਓਸ ਓਹਨਾਂ ਦੀਆਂ ਅੱਖਾਂ ਨੂੰ ਵੇਖਣ ਤੋਂ
ਅਤੇ ਓਹਨਾਂ ਦਿਆਂ ਮਨਾਂ ਨੂੰ ਸਮਝਣ ਤੋਂ ਬੰਦ ਕੀਤਾ
ਹੈ।
19ਕੋਈ ਦਿਲ ਤੇ ਨਹੀਂ ਲਿਆਉਂਦਾ,
ਨਾ ਗਿਆਨ ਨਾ ਸਮਝ ਹੈ, ਭਈ ਉਹ ਆਖੇ,
ਉਸ ਦਾ ਇੱਕ ਹਿੱਸਾ ਮੈਂ ਅੱਗ ਵਿੱਚ ਬਾਲ ਲਿਆ,
ਹਾਂ, ਮੈਂ ਉਸ ਦੇ ਕੋਲਿਆਂ ਉੱਤੇ ਰੋਟੀ ਪਕਾਈ,
ਮੈਂ ਮਾਸ ਭੁੰਨ ਕੇ ਖਾਧਾ,
ਭਲਾ, ਮੈਂ ਉਸ ਦੇ ਬਕੀਏ ਤੋਂ ਇੱਕ ਘਿਣਾਉਣੀ
ਚੀਜ਼ ਬਣਾਵਾਂ!
ਕੀ ਮੈਂ ਲੱਕੜ ਦੇ ਟੁੰਡ ਅੱਗੇ ਮੱਥਾ ਰਗੜਾਂ?
20ਉਹ ਸੁਆਹ ਖਾਂਦਾ ਹੈ,
ਇੱਕ ਛਲੀਏ ਦਿਲ ਨੇ ਉਹ ਨੂੰ ਕੁਰਾਹ ਪਾਇਆ,
ਉਹ ਆਪਣੀ ਜਾਨ ਨੂੰ ਛੁਡਾ ਨਹੀਂ ਸੱਕਦਾ, ਨਾ ਕਹਿ
ਸੱਕਦਾ ਹੈ,
ਭਲਾ, ਮੇਰੇ ਸੱਜੇ ਹੱਥ ਵਿੱਚ ਝੂਠ ਤਾਂ ਨਹੀਂ?।।
21ਹੇ ਯਾਕੂਬ, ਏਹਨਾਂ ਗੱਲਾਂ ਨੂੰ ਚੇਤੇ ਰੱਖ,
ਅਤੇ ਤੂੰ ਵੀ ਹੇ ਇਸਰਾਏਲ, ਤੂੰ ਮੇਰਾ ਦਾਸ ਜੋ ਹੈਂ,
ਮੈਂ ਤੈਨੂੰ ਸਾਜਿਆ, ਤੂੰ ਮੇਰਾ ਦਾਸ ਹੈਂ,
ਹੇ ਇਸਰਾਏਲ, ਤੂੰ ਮੈਥੋਂ ਵਿਸਾਰਿਆ ਨਾ ਜਾਵੇਂਗਾ।
22ਮੈਂ ਤੇਰੇ ਅਪਰਾਧਾਂ ਨੂੰ ਘਟ ਵਾਂਙੁ,
ਅਤੇ ਤੇਰੇ ਪਾਪਾਂ ਨੂੰ ਬੱਦਲ ਵਾਂਙੁ ਮਿਟਾ ਦਿੱਤਾ,
ਮੇਰੀ ਵੱਲ ਮੁੜ ਆ, ਕਿਉਂ ਜੋ ਮੈਂ ਤੇਰਾ ਨਿਸਤਾਰਾ
ਕੀਤਾ ਹੈ।
23ਹੇ ਅਕਾਸ਼ੋ, ਜੈਕਾਰਾ ਗਜਾਓ,
ਕਿਉਂਕਿ ਯਹੋਵਾਹ ਨੇ ਏਹ ਕੀਤਾ ਹੈ,
ਹੇ ਧਰਤੀ ਦੇ ਹੇਠਲੇ ਅਸਥਾਨੋ, ਲਲਕਾਰੋ,
ਪਹਾੜ ਖੁਲ੍ਹ ਕੇ ਜੈ ਜੈ ਕਾਰ ਕਰਨ,
ਬਣ ਅਤੇ ਉਹ ਦੇ ਸਾਰੇ ਰੁੱਖ,
ਏਸ ਲਈ ਕਿ ਯਹੋਵਾਹ ਨੇ ਯਾਕੂਬ ਦਾ ਨਿਸਤਾਰਾ
ਕੀਤਾ ਹੈ,
ਅਤੇ ਇਸਰਾਏਲ ਵਿੱਚ ਆਪਣੀ ਸੁੰਦਰਤਾ ਪਰਗਟ
ਕਰੇਗਾ।।
24ਯਹੋਵਾਹ ਤੇਰਾ ਛੁਡਾਉਣ ਵਾਲਾ,
ਤੇਰਾ ਕੁੱਖ ਤੋਂ ਸਾਜਣਹਾਰ ਇਉਂ ਆਖਦਾ ਹੈ,
ਮੈਂ ਯਹੋਵਾਹ ਸਾਰੀਆਂ ਚੀਜ਼ਾਂ ਦਾ ਕਰਤਾ ਹਾਂ,
ਮੈਂ ਇਕੱਲਾ ਅਕਾਸ਼ਾਂ ਦਾ ਤਾਣਨ ਵਾਲਾ ਹਾਂ,
ਅਤੇ ਮੈ ਆਪ ਹੀ#44:24 ਅਥਵਾ, ਕੌਣ ਮੇਰੇ ਨਾਲ ਸੀ ? ਤਾਂ ਧਰਤੀ ਦਾ ਵਿਛਾਉਣ
ਵਾਲਾ ਹਾਂ।
25ਮੈਂ ਗੱਪੀਆਂ ਦੇ ਨਿਸ਼ਾਨ ਵਿਅਰਥ ਕਰਦਾ ਹਾਂ,
ਅਤੇ ਢਾਲ ਪਾਉਣ ਵਾਲਿਆਂ ਨੂੰ ਉੱਲੂ ਬਣਾਉਂਦਾ
ਹਾਂ,
ਮੈਂ ਸਿਆਣਿਆਂ ਨੂੰ ਪਿੱਛੇ ਹਟਾਉਂਦਾ,
ਅਤੇ ਓਹਨਾਂ ਦਾ ਗਿਆਨ ਬੇਵਕੂਫੀ ਬਣਾਉਂਦਾ
ਹਾਂ।
26ਮੈਂ ਆਪਣੇ ਦਾਸ ਦੇ ਬਚਨ ਕਾਇਮ ਰੱਖਦਾ,
ਅਤੇ ਆਪਣੇ ਦੂਤਾਂ ਦੀ ਸਲਾਹ ਪੂਰੀ ਕਰਦਾ ਹਾਂ,
ਮੈਂ ਜੋ ਯਰੂਸ਼ਲਮ ਦੇ ਵਿੱਖੇ ਆਖਦਾ ਹਾਂ,
ਉਹ ਆਬਾਦ ਹੋ ਜਾਵੇਗਾ,
ਅਤੇ ਯਹੂਦਾਹ ਦੇ ਸ਼ਹਿਰਾਂ ਦੇ ਵਿਖੇ,
ਓਹ ਉਸਾਰੇ ਜਾਣਗੇ ਅਰ ਮੈਂ ਉਨ੍ਹਾਂ ਦੇ ਖੋਲਿਆਂ ਨੂੰ
ਖੜਾ ਕਰਾਂਗਾ, -
27ਮੈਂ ਜੋ ਸਾਗਰ ਨੂੰ ਆਖਦਾ ਹਾਂ, ਸੁੱਕ ਜਾਹ!
ਅਤੇ ਮੈਂ ਤੇਰੀਆਂ ਨਦੀਆਂ ਨੂੰ ਵੀ ਸੁਕਾ ਦਿਆਂਗਾ।
28ਮੈਂ ਜੋ ਖੋਰੁਸ ਵਿਖੇ ਆਖਦਾ ਹਾਂ, ਉਹ ਮੇਰਾ ਅਯਾਲੀ
ਹੈ,
ਅਤੇ ਉਹ ਮੇਰੀ ਸਾਰੀ ਇੱਛਿਆ ਪੂਰੀ ਕਰੇਗਾ,
ਭਈ ਉਹ ਯਰੂਸ਼ਲਮ ਦੇ ਵਿਖੇ ਆਖੇ, ਉਹ
ਉਸਾਰਿਆ ਜਾਵੇਗਾ,
ਅਤੇ ਹੈਕਲ ਦੀ ਨੀਂਹ ਰੱਖੀ ਜਾਵੇਗੀ।।

Highlight

Share

Copy

None

Want to have your highlights saved across all your devices? Sign up or sign in