YouVersion Logo
Search Icon

ਉਤਪਤ 49

49
ਯਾਕੂਬ ਦੇ ਅਗੰਮ ਵਾਕ ਆਪਣੇ ਪੁੱਤ੍ਰਾਂ ਵਿੱਖੇ
1ਯਾਕੂਬ ਨੇ ਆਪਣੇ ਪੁੱਤ੍ਰਾਂ ਨੂੰ ਸੱਦ ਕੇ ਆਖਿਆ, ਇਕੱਠੇ ਹੋ ਜਾਓ ਤਾਂਜੋ ਮੈਂ ਤੁਹਾਨੂੰ ਦੱਸਾਂ ਜੋ ਤੁਹਾਡੇ ਉੱਤੇ ਆਉਣ ਵਾਲਿਆਂ ਦਿਨਾਂ ਵਿੱਚ ਬੀਤੇਗਾ।।
2ਯਾਕੂਬ ਦੇ ਪੁੱਤ੍ਰੋ ਇਕੱਠੇ ਹੋ ਜਾਓ, ਸੁਣੋ,
ਅਤੇ ਆਪਣੇ ਪਿਤਾ ਇਸਰਾਏਲ ਦੀ ਸੁਣੋ।
3ਰਊਬੇਨ ਤੂੰ ਮੇਰਾ ਪਲੋਠਾ ਪੁੱਤ੍ਰ ਹੈਂ ਮੇਰਾ ਬਲ ਤੇ
ਮੇਰੀ ਸ਼ਕਤੀ ਦਾ ਮੁੱਢ ਹੈਂ।
ਤੂੰ ਪਤ ਵਿੱਚ ਉੱਤਮ ਤੇ ਜੋਰ ਵਿੱਚ ਵੀ ਉੱਤਮ ਹੈ।
4ਤੇਰਾ ਜਲ ਵਾਂਙੁ ਉਬਾਲਾ ਹੈ ਪਰ ਤੂੰ ਉੱਚੀ
ਪਦਵੀ ਨਾ ਪਾਵੇਂਗਾ
ਕਿਉਂਜੋ ਤੂੰ ਆਪਣੇ ਪਿਤਾ ਦੇ ਮੰਜੇ ਉੱਤੇ ਚੜ
ਗਿਆ।
ਤਦ ਤੂੰ ਉਹ ਨੂੰ ਭਰਿਸ਼ਟ ਕੀਤਾ। ਉਹ ਮੇਰੀ ਛੇਜ
ਉੱਤੇ ਚੜ ਗਿਆ।।
5ਸ਼ਿਮਓਨ ਅਤੇ ਲੇਵੀ ਸੱਕੇ ਭਰਾ ਹਨ।
ਉਨ੍ਹਾਂ ਦੀਆਂ ਤੇਗਾਂ ਜੁਲਮ ਦੇ ਸਸ਼ਤ੍ਰ ਹਨ।
6ਹੇ ਮੇਰੀ ਜਿੰਦ ਉਨ੍ਹਾਂ ਦੀ ਸੰਗਤ ਵਿੱਚ ਨਾ ਜਾਹ ।
ਹੇ ਮੇਰੀ ਪਤ ਉਨ੍ਹਾਂ ਦੀ ਸਭਾ ਵਿੱਚ ਨਾ ਰਲ,
ਕਿਉਂਜੋ ਉਹਾਂ ਨੇ ਆਪਣੇ ਕ੍ਰੋਧ ਵਿੱਚ ਮਨੁੱਖਾਂ ਨੂੰ
ਵੱਢ ਛੱਡਿਆ
ਅਤੇ ਆਪਣੇ ਢੀਠਪੁਣੇ ਵਿੱਚ ਢੱਗੇ ਦੀਆਂ
ਸੜਾਂ ਵੱਢ ਦਿੱਤੀਆਂ ।
7ਉਨ੍ਹਾਂ ਦਾ ਕ੍ਰੋਧ ਸਰਾਪਿਆ ਜਾਵੇ ਕਿਉਂਜੋ ਉਹ
ਤੁੰਦ ਸੀ
ਨਾਲੇ ਉਨ੍ਹਾਂ ਦਾ ਰੋਹ ਕਿਉਂਜੋ ਉਹ ਕਠੋਰ ਸੀ ।
ਤਾਂ ਮੈਂ ਉਨ੍ਹਾਂ ਨੂੰ ਯਾਕੂਬ ਵਿੱਚ ਵੰਡ ਛੱਡਾਂਗਾ
ਅਤੇ ਉਨ੍ਹਾਂ ਨੂੰ ਇਸਰਾਏਲ ਵਿੱਚ ਖਿੰਡਾ
ਦਿਆਂਗਾ ।।
8ਹੇ ਯਹੂਦਾਹ ਤੇਰੇ ਭਰਾ ਤੈਨੂੰ ਸਲਾਹੁਣਗੇ,
ਤੇਰਾ ਹੱਥ ਤੇਰੇ ਵੈਰੀਆਂ ਦੀ ਧੌਣ ਉੱਤੇ ਹੋਵੇਗਾ ।
ਤੇਰੇ ਪਿਤਾ ਦੇ ਪੁੱਤ੍ਰ ਤੇਰੇ ਅੱਗੇ ਨਿਉਣਗੇ।
9ਯਹੂਦਾਹ ਸਿੰਘ ਦਾ ਬੱਚਾ ਹੈ ।
ਮੇਰੇ ਪੁੱਤ ਤੂੰ ਸ਼ਿਕਾਰ ਮਾਰ ਕੇ ਉਤਾਹਾਂ ਆਇਆ।
ਉਹ ਸਿੰਘ ਵਾਂਙੁ ਸਗੋਂ ਸਿੰਘਣੀ ਵਾਂਙੁ ਨਿਵਿਆ
ਤੇ ਛੈਹ ਗਿਆ।
ਕੌਣ ਉਹ ਨੂੰ ਛੇੜੇਗਾ?
10ਯਹੂਦਾਹ ਤੋਂ ਰਾਜ ਡੰਡਾ ਚਲਿਆ ਨਾ ਜਾਵੇਗਾ
ਨਾ ਉਸ, ਦੇ ਪੈਰਾਂ ਦੇ ਵਿੱਚੋਂ ਹਾਕਮ ਦਾ ਸੋਟਾ
ਜਦ ਤੀਕ ਸ਼ਾਂਤੀ ਦਾਤਾ#49:10 ਇਬਰ, - ਸ਼ੀਲੋਹ । ਨਾ ਆਵੇ।
ਅਤੇ ਲੋਕਾਂ ਦੀ ਆਗਿਆਕਾਰੀ ਉਸੇ ਦੀ
ਹੋਵੇਗੀ।
11ਉਹ ਆਪਣਾ ਖੋਤਾ ਦਾਖ ਦੀ ਬੇਲ ਨਾਲ
ਅਤੇ ਆਪਣੀ ਖੋਤੀ ਦਾ ਬੱਚਾ ਦਾਖ ਦੇ ਉੱਤਮ
ਬੂਟੇ ਨਾਲ ਬੰਨ੍ਹੇਗਾ।
ਉਸ ਨੇ ਆਪਣੇ ਬਸਤ੍ਰ ਮਧ ਵਿੱਚ
ਅਤੇ ਆਪਣਾ ਲੀੜਾ ਅੰਗੂਰਾਂ ਦੇ ਲਹੂ ਵਿੱਚ
ਧੋਤਾ ਹੈ।
12ਉਹ ਦੀਆਂ ਅੱਖਾਂ ਮਧ ਨਾਲੋਂ ਕਾਲੀਆਂ
ਅਤੇ ਉਹ ਦੇ ਦੰਦ ਦੁੱਧ ਨਾਲੋਂ ਚਿੱਟੇ ਹਨ।।
13ਜਬਲੂਨ ਸਮੁੰਦਰਾਂ ਦੇ ਘਾਟ ਉੱਤੇ ਵੱਸੇਗਾ
ਅਤੇ ਉਹ ਬੇੜਿਆਂ ਦਾ ਘਾਟ ਹੋਵੇਗਾ
ਤੇ ਉਸ ਦਾ ਬੰਨਾ ਸੀਦੋਨ ਤੀਕ ਹੋਵੇਗਾ।।
14ਯੱਸ਼ਾਕਾਰ ਤਕੜਾ ਖੋਤਾ ਹੈ
ਜਿਹੜਾ ਵਾੜਾਂ ਦੇ ਵਿਚਕਾਰ ਛੈਹ ਕੇ ਬਹਿੰਦਾ ਹੈ,
15ਅਤੇ ਉਸ ਨੇ ਇੱਕ ਵਿਸਰਾਮ ਦੀ ਥਾਂ ਡਿੱਠੀ ਕਿ
ਉਹ ਚੰਗੀ ਹੈ
ਅਤੇ ਉਹ ਦੇਸ ਕਿ ਉਹ ਸੁਹਾਓਣਾ ਹੈ।
ਤਾਂ ਉਸ ਨੇ ਆਪਣਾ ਮੋਢਾ ਭਾਰ ਚੁੱਕਣ ਨੂੰ
ਨਿਵਾਇਆ
ਅਤੇ ਉਹ ਇੱਕ ਬੇਗਾਰੀ ਬਣਿਆ।।
16ਦਾਨ ਇਸਰਾਏਲ ਦੇ ਗੋਤਾਂ ਵਿੱਚੋਂ ਇੱਕ ਵਾਂਙੁ
ਆਪਣੇ ਲੋਕਾਂ ਦਾ ਨਿਆਉਂ ਕਰੇਗਾ।
17ਦਾਨ ਮਾਰਗ ਉੱਤੇ ਸੱਪ
ਸਗੋਂ ਰਸਤੇ ਵਿੱਚ ਫਨੀਅਰ ਸੱਪ ਹੋਵੇਗਾ
ਜਿਹੜਾ ਘੋੜੇ ਦੇ ਸੁੰਮਾਂ ਨੂੰ ਡੰਗ ਮਾਰਦਾ ਹੈ
ਤਾਂ ਉਸ ਦਾ ਅਸਵਾਰ ਪਿੱਛੇ ਡਿੱਗ ਪੈਂਦਾ ਹੈ।।
18ਹੇ ਯਹੋਵਾਹ ਮੈਂ ਤੇਰੇ ਛੁਟਕਾਰੇ ਨੂੰ ਉਡੀਕਿਆ ਹੈ।
19ਗਾਦ ਨੂੰ ਧਾੜਵੀ ਧੱਕਣਗੇ
ਪਰ ਉਹ ਉਨ੍ਹਾਂ ਦੀ ਪਿੱਠ ਨੂੰ ਧੱਕੇਗਾ।।
20ਆਸੇਰ ਤੋਂ ਉਸਦੀ ਰੋਟੀ ਚਿੱਕਣੀ ਹੋਵੇਗੀ
ਅਤੇ ਉਹ ਪਾਤਸ਼ਾਹੀ ਪਰਸ਼ਾਦ ਦੇਵੇਗਾ।।
21ਨਫਤਾਲੀ ਛੁਟੇਲ ਹਰਨੀ ਹੈ
ਜਿਹੜੀ ਸੁੰਦਰ ਸ਼ਬਦ ਦਿੰਦੀ ਹੈ।।
22ਯੂਸੁਫ਼ ਇੱਕ ਫਲਦਾਇਕ ਡਾਲ ਹੈ,
ਇੱਕ ਫਲਦਾਇਕ ਡਾਲ ਸੋਤੇ ਉੱਤੇ
ਜਿਹ ਦੀਆਂ ਟਹਿਣੀਆਂ ਕੰਧ ਉੱਤੋਂ ਦੀ ਚੜ੍ਹ
ਜਾਦੀਆਂ ਹਨ।
23ਤੀਰ ਅੰਦਾਜਾਂ ਨੇ ਉਹ ਨੂੰ ਸਤਾਇਆ
ਅਤੇ ਤੀਰ ਚਲਾਏ ਤੇ ਉਹ ਦੇ ਨਾਲ ਵੈਰ
ਰੱਖਿਆ ।
24ਪਰ ਉਹ ਦਾ ਧਣੁਖ ਤਕੜਾ ਰਿਹਾ
ਅਤੇ ਉਸ ਦੀਆਂ ਬਾਹਾਂ ਤੇ ਹੱਥ ਬਲਵੰਤ ਹਨ
ਯਾਕੂਬ ਦੇ ਸ਼ਕਤੀਮਾਨ ਦੇ ਹੱਥੋਂ ।
ਉੱਥੋਂ ਹੀ ਅਯਾਲੀ ਅਰਥਾਤ ਇਸਰਾਏਲ ਦਾ
ਪੱਥਰ ਹੈ।
25ਤੇਰੇ ਪਿਤਾ ਦੇ ਪਰਮੇਸ਼ੁਰ ਤੋਂ ਜਿਹੜਾ ਤੇਰੀ
ਸਹਾਇਤਾ ਕਰੇਗਾ
ਅਤੇ ਸਰਬਸ਼ਕਤੀਮਾਨ ਤੋਂ ਜਿਹੜਾ ਤੈਨੂੰ ਬਰਕਤਾਂ
ਦੇਵੇਗਾ,
ਉੱਪਰੋਂ ਅਕਾਸ਼ ਦੀਆਂ ਬਰਕਤਾਂ,
ਹੇਠਾਂ ਪਈਆਂ ਹੋਈਆਂ ਡੂੰਘਿਆਂਈਆਂ ਦੀਆਂ
ਬਰਕਤਾਂ,
ਛਾਤੀਆਂ ਦੇ ਕੁੱਖ ਦੀਆਂ ਬਰਕਤਾਂ
26ਤੇਰੇ ਪਿਤਾ ਦੀਆਂ ਬਰਕਤਾਂ,
ਮੇਰੇ ਪਿਓ ਦਾਦਿਆਂ ਦੀਆਂ ਬਰਕਤਾਂ ਤੋਂ,
ਸਗੋਂ ਸਦੀਪਕ ਪਰਬਤਾਂ ਦੇ ਬੰਨਿਆ ਤੀਕ ਵਧ
ਗਈਆਂ।
ਓਹ ਯੂਸੁਫ਼ ਦੇ ਸਿਰ ਉੱਤੇ
ਸਗੋਂ ਉਹ ਦੀ ਖੋਪੜੀ ਉੱਤੇ ਹੋਣਗੀਆਂ
ਜਿਹੜਾ ਆਪਣੇ ਭਰਾਵਾਂ ਵਿੱਚੋਂ ਸੰਕਲਪ ਕੀਤਾ
ਗਿਆ।।
27ਬਿਨਯਾਮੀਨ ਪਾੜਨ ਵਾਲਾ ਬਘਿਆੜ ਹੈ।
ਸਵੇਰੇ ਉਹ ਸ਼ਿਕਾਰ ਖਾਵੇਗਾ
ਅਤੇ ਸੰਝ ਨੂੰ ਲੁੱਟ ਵੰਡੇਗਾ।।
28ਇਹ ਸਭ ਇਸਰਾਏਲ ਦੇ ਬਾਰਾਂ ਗੋਤ ਹਨ ਅਤੇ ਇਹ ਉਹ ਹੈ ਜਿਹੜਾ ਉਨ੍ਹਾਂ ਦਾ ਪਿਤਾ ਉਨ੍ਹਾਂ ਨੂੰ ਬੋਲਿਆ ਜਦ ਉਨ੍ਹਾਂ ਵਿੱਚੋਂ ਹਰ ਇੱਕ ਨੂੰ ਬਰਕਤ ਦਿੱਤੀ ਹਰ ਇੱਕ ਨੂੰ ਉਸਦੀ ਬਰਕਤ ਅਨੁਸਾਰ ਉਸ ਨੇ ਉਨ੍ਹਾਂ ਨੂੰ ਬਰਕਤ ਦਿੱਤੀ 29ਫੇਰ ਉਸ ਨੇ ਉਨ੍ਹਾਂ ਨੂੰ ਆਗਿਆ ਦੇ ਕੇ ਆਖਿਆ, ਮੈਂ ਆਪਣੇ ਲੋਕਾਂ ਨਾਲ ਰਲਨ ਜਾਂਦਾ ਹਾਂ. ਮੈਨੂੰ ਮੇਰੇ ਪਿਓ ਦਾਦਿਆਂ. ਨਾਲ ਉਸ ਗੁਫਾ ਵਿੱਚ ਜਿਹੜੀ ਅਫ਼ਰੋਨ ਹਿੱਤੀ ਦੀ ਪੈਲੀ ਵਿੱਚ ਹੈ ਦੱਬਿਓ 30ਅਰਥਾਤ ਉਸ ਗੁਫਾ ਵਿੱਚ ਜਿਹੜੀ ਮਕਫੀਲਾਹ ਦੀ ਪੈਲੀ ਵਿੱਚ ਮਮਰੇ ਦੇ ਅੱਗੇ ਕਨਾਨ ਦੇਸ ਵਿੱਚ ਹੈ ਜਿਹੜੀ ਪੈਲੀ ਅਬਰਾਹਾਮ ਨੇ ਅਫ਼ਰੋਨ ਹਿੱਤੀ ਤੋਂ ਕਬਰ ਦੀ ਮਿਲਖ ਲਈ ਮੁੱਲ ਲਈ ਸੀ।।
31ਉੱਥੇ ਉਨ੍ਹਾਂ ਨੇ ਅਬਰਾਹਾਮ ਨੂੰ ਅਤੇ ਉਹ ਦੀ ਪਤਨੀ ਸਾਰਾਹ ਨੂੰ ਦੱਬਿਆ ਅਤੇ ਉੱਥੇ ਉਨ੍ਹਾਂ ਨੇ ਇਸਹਾਕ ਅਰ ਉਹ ਦੀ ਪਤਨੀ ਰਿਬਕਾਹ ਨੂੰ ਦੱਬਿਆ ਅਤੇ ਉੱਥੇ ਮੈਂ ਲੇਆਹ ਨੂੰ ਦੱਬਿਆ 32ਮੈਂ ਉਸ ਪੈਲੀ ਅਤੇ ਉਸ ਗੁਫਾ ਨੂੰ ਜਿਹੜੀ ਉਸ ਦੇ ਵਿੱਚ ਹੈ ਹੇਤ ਦੇ ਪੁੱਤ੍ਰਾਂ ਤੋਂ ਮੁੱਲ ਲਿਆ 33ਜਾਂ ਯਾਕੂਬ ਆਪਣੇ ਪੁੱਤ੍ਰਾਂ ਨੂੰ ਆਗਿਆ ਦੇ ਚੁੱਕਿਆ ਤਾਂ ਉਸ ਨੇ ਆਪਣੇ ਪੈਰ ਮੰਜੇ ਉੱਤੇ ਇਕੱਠੇ ਕਰ ਲਏ ਅਤੇ ਆਪਣੇ ਪ੍ਰਾਣ ਛੱਡ ਕੇ ਆਪਣੇ ਲੋਕਾਂ ਵਿੱਚ ਜਾ ਰਲਿਆ।।

Currently Selected:

ਉਤਪਤ 49: PUNOVBSI

Highlight

Share

Copy

None

Want to have your highlights saved across all your devices? Sign up or sign in