ਉਤਪਤ 48
48
ਮਨੱਸ਼ਹ ਅਰ ਇਫ਼ਰਾਏਮ ਦੇ ਉੱਤੇ ਯਾਕੂਬ ਦੀਆਂ ਬਰਕਤਾਂ
1ਏਹਨਾਂ ਗੱਲਾਂ ਦੇ ਪਿੱਛੋਂ ਐਉਂ ਹੋਇਆ ਕਿ ਕਿਸੇ ਨੇ ਯੂਸੁਫ਼ ਨੂੰ ਆਖਿਆ, ਵੇਖੋ ਤੁਹਾਡਾ ਪਿਤਾ ਬੀਮਾਰ ਹੈ ਤਾਂ ਉਸ ਨੇ ਆਪਣੇ ਦੋਹਾਂ ਪੁੱਤ੍ਰਾਂ ਮਨੱਸ਼ਹ ਅਰ ਇਫ਼ਰਾਏਮ ਨੂੰ ਆਪਣੇ ਸੰਗ ਲਿਆ 2ਕਿਸੇ ਨੇ ਯਾਕੂਬ ਨੂੰ ਦੱਸਿਆ ਕਿ ਵੇਖੋ ਤੁਹਾਡਾ ਪੁੱਤ੍ਰ ਯੂਸੁਫ਼ ਤੁਹਾਡੇ ਕੋਲ ਆਉਂਦਾ ਹੈ ਤਾਂ ਇਸਰਾਏਲ ਆਪਣੇ ਤਾਈਂ ਤਕੜਾ ਕਰ ਕੇ ਆਪਣੇ ਮੰਜੇ ਉੱਤੇ ਬੈਠ ਗਿਆ 3ਯਾਕੂਬ ਨੇ ਯੂਸੁਫ਼ ਨੂੰ ਆਖਿਆ, ਸਰਬਸ਼ਕਤੀਮਾਨ ਪਰਮੇਸ਼ੁਰ ਨੇ ਮੈਨੂੰ ਕਨਾਨ ਦੇਸ ਵਿੱਚ ਲੂਜ਼ ਕੋਲ ਦਰਸ਼ਨ ਦਿੱਤਾ ਅਤੇ ਮੈਨੂੰ ਬਰਕਤ ਦਿੱਤੀ 4ਅਰ ਮੈਨੂੰ ਆਖਿਆ ਵੇਖ ਮੈਂ ਤੈਨੂੰ ਫਲਵੰਤ ਕਰਾਂਗਾ ਅਤੇ ਤੈਨੂੰ ਵਧਾਵਾਂਗਾ ਅਰ ਤੈਥੋਂ ਢੇਰ ਸਾਰੀਆਂ ਕੌਮਾਂ ਬਣਾਵਾਂਗਾ ਅਤੇ ਤੇਰੇ ਮਗਰੋਂ ਏਹ ਦੇਸ ਸਦਾ ਲਈ ਤੇਰੀ ਅੰਸ ਦੀ ਮਿਲਖ ਕਰਾਂਗਾ 5ਹੁਣ ਤੇਰੇ ਦੋ ਪੁੱਤ੍ਰ ਜਿਹੜੇ ਤੈਥੋਂ ਮਿਸਰ ਦੇਸ ਵਿੱਚ ਮੇਰੇ ਮਿਸਰ ਵਿੱਚ ਤੇਰੇ ਕੋਲ ਆਉਣ ਤੋਂ ਪਹਿਲਾਂ ਜੰਮੇ ਮੇਰੇ ਹਨ। ਰਊਬੇਨ ਅਰ ਸ਼ਿਮਓਨ ਵਾਂਙੁ ਇਫ਼ਰਾਏਮ ਅਰ ਮਨੱਸ਼ਹ ਮੇਰੇ ਹਨ 6ਅਤੇ ਉਨ੍ਹਾਂ ਦੇ ਪਿੱਛੋਂ ਜਿਹੜੀ ਅੰਸ ਤੈਥੋਂ ਜੰਮੇਗੀ ਉਹ ਤੇਰੀ ਹੋਵੇਗੀ ਉਹ ਆਪਣੀ ਮਿਲਖ ਵਿੱਚ ਆਪਣੇ ਭਰਾਵਾਂ ਦੇ ਨਾਉਂ ਤੋਂ ਪੁਕਾਰੀ ਜਾਵੇਗੀ 7ਮੈਂ ਜਦ ਪਦਨ ਤੋਂ ਆ ਰਿਹਾ ਸੀ ਤਾਂ ਰਸਤੇ ਵਿੱਚ ਜਾਂ ਅਫਰਾਤ ਥੋੜੀ ਦੂਰ ਰਹਿ ਗਿਆ ਕਨਾਨ ਦੇ ਦੇਸ ਵਿੱਚ ਰਾਖੇਲ ਮੇਰੇ ਕੋਲ ਮਰ ਗਈ ਅਰ ਮੈਂ ਉਸ ਨੂੰ ਉੱਥੇ ਹੀ ਅਫ਼ਰਾਤ ਦੇ ਰਸਤੇ ਵਿੱਚ ਦੱਬ ਦਿੱਤਾ 8ਏਹੋ ਹੀ ਬੈਤਲਹਮ ਹੈ। ਫੇਰ ਇਸਰਾਏਲ ਨੇ ਯੂਸੁਫ਼ ਦੇ ਪੁੱਤ੍ਰਾਂ ਨੂੰ ਵੇਖ ਕੇ ਆਖਿਆ, ਏਹ ਕੌਣ ਹਨ? 9ਯੂਸੁਫ਼ ਨੇ ਆਪਣੇ ਪਿਤਾ ਨੂੰ ਆਖਿਆ, ਏਹ ਮੇਰੇ ਪੁੱਤ੍ਰ ਹਨ ਜਿਹੜੇ ਪਰਮੇਸ਼ੁਰ ਨੇ ਮੈਨੂੰ ਇੱਥੇ ਦਿੱਤੇ। ਉਸ ਆਖਿਆ, ਉਨ੍ਹਾਂ ਨੂੰ ਮੇਰੇ ਕੋਲ ਲਿਆ ਤਾਂ ਮੈਂ ਉਨ੍ਹਾਂ ਨੂੰ ਬਰਕਤ ਦਿਆਂਗਾ 10ਪਰ ਇਸਰਾਏਲ ਦੀਆਂ ਅੱਖਾਂ ਬਿਰਧ ਹੋਣ ਦੇ ਕਾਰਨ ਧੁੰਧਲੀਆਂ ਹੋ ਗਈਆਂ ਸਨ ਜੋ ਉਹ ਵੇਖ ਨਾ ਸਕਿਆ ਅਤੇ ਉਹ ਉਨ੍ਹਾਂ ਨੂੰ ਉਸ ਦੇ ਕੋਲ ਲਿਆਇਆ ਤਾਂ ਉਸ ਨੇ ਉਨ੍ਹਾਂ ਨੂੰ ਚੁੰਮਿਆ ਅਤੇ ਉਨ੍ਹਾਂ ਨੂੰ ਗੱਲ ਲਾਇਆ 11ਅਰ ਇਸਰਾਏਲ ਨੇ ਯੂਸੁਫ਼ ਨੂੰ ਆਖਿਆ, ਮੈਨੂੰ ਤਾਂ ਤੇਰਾ ਮੂੰਹ ਵੇਖਣ ਦੀ ਆਸ਼ਾ ਨਹੀਂ ਸੀ ਪਰ ਵੇਖ ਤੇਰੀ ਅੰਸ ਵੀ ਪਰਮੇਸ਼ੁਰ ਨੇ ਮੈਨੂੰ ਵਿਖਾਲ ਦਿੱਤੀ ਹੈ 12ਤਾਂ ਯੂਸੁਫ਼ ਨੇ ਉਨ੍ਹਾਂ ਨੂੰ ਆਪਣੇ ਗੋਡਿਆਂ ਵਿੱਚੋਂ ਕੱਢਿਆ ਅਰ ਆਪਣਾ ਮੂੰਹ ਧਰਤੀ ਤੀਕ ਨਿਵਾਇਆ 13ਅਤੇ ਯੂਸੁਫ਼ ਨੇ ਉਨ੍ਹਾਂ ਦੋਹਾਂ ਨੂੰ ਲਿਆ। ਇਫ਼ਰਾਏਮ ਨੂੰ ਆਪਣੇ ਸੱਜੇ ਹੱਥ ਨਾਲ ਇਸਰਾਏਲ ਦੇ ਖੱਬੇ ਪਾਸੇ ਅਰ ਮਨੱਸ਼ਹ ਨੂੰ ਆਪਣੇ ਖੱਬੇ ਹੱਥ ਨਾਲ ਇਸਰਾਏਲ ਦੇ ਸੱਜੇ ਪਾਸੇ ਲਿਆਂਦਾ ਅਰ ਉਸਦੇ ਨੇੜੇ ਕੀਤਾ 14ਤਾਂ ਇਸਰਾਏਲ ਨੇ ਆਪਣਾ ਸੱਜਾ ਹੱਥ ਲੰਮਾ ਕਰਕੇ ਇਫ਼ਰਾਏਮ ਦੇ ਸਿਰ ਉੱਤੇ ਜਿਹੜਾ ਨਿੱਕਾ ਪੁੱਤ੍ਰ ਸੀ ਧਰਿਆ ਅਰ ਆਪਣਾ ਖੱਬਾ ਹੱਥ ਮਨੱਸ਼ਹ ਦੇ ਸਿਰ ਉੱਤੇ। ਉਸ ਜਾਣਬੁੱਝ ਕੇ ਆਪਣੇ ਹੱਥ ਐਉਂ ਧਰੇ ਕਿਉਂਜੋ ਮਨੱਸ਼ਹ ਪਲੌਠਾ ਸੀ 15ਅਰ ਉਸ ਨੇ ਯੂਸੁਫ਼ ਨੂੰ ਬਰਕਤ ਦੇ ਕੇ ਆਖਿਆ, ਪਰਮੇਸ਼ੁਰ ਜਿਸ ਦੇ ਸਨ ਮੁੱਖ ਮੇਰਾ ਪਿਤਾ ਅਬਰਾਹਾਮ ਅਰ ਇਸਹਾਕ ਚੱਲਦੇ ਰਹੇ ਅਰ ਉਹ ਪਰਮੇਸ਼ੁਰ ਜਿਸ ਨੇ ਜੀਵਨ ਭਰ ਅੱਜ ਦੇ ਦਿਨ ਤੀਕ ਮੇਰੀ ਪਾਲਣਾ ਕੀਤੀ 16ਉਹ ਦੂਤ ਜਿਹੜਾ ਸਾਰੀ ਬੁਰਿਆਈ ਤੋਂ ਮੇਰਾ ਛੁਡਾਉਣ ਵਾਲਾ ਹੈ ਸੋ ਇਨ੍ਹਾਂ ਮੁੰਡਿਆਂ ਨੂੰ ਬਰਕਤ ਦੇਵੇ ਅਰ ਉਨ੍ਹਾਂ ਨੂੰ ਮੇਰਾ ਨਾਉਂ ਅਰ ਮੇਰੇ ਪਿਤਾ ਅਬਰਾਹਾਮ ਅਰ ਇਸਹਾਕ ਦੇ ਨਾਉਂ ਤੋਂ ਬੁਲਾਇਆ ਜਾਵੇ ਅਰ ਉਹ ਧਰਤੀ ਉੱਤੇ ਇੱਕ ਵੱਡਾ ਦਲ ਬਣ ਜਾਣ 17ਜਾਂ ਯੂਸੁਫ਼ ਨੇ ਵੇਖਿਆ ਕਿ ਮੇਰੇ ਪਿਤਾ ਨੇ ਆਪਣਾ ਸੱਜਾ ਹੱਥ ਇਫ਼ਰਾਏਮ ਦੇ ਸਿਰ ਉੱਤੇ ਰੱਖਿਆ ਹੈ ਤਾਂ ਉਸ ਦੀ ਨਿਗਾਹ ਵਿੱਚ ਇਹ ਬੁਰਾ ਲੱਗਾ ਅਤੇ ਉਸ ਨੇ ਆਪਣੇ ਪਿਤਾ ਦਾ ਹੱਥ ਫੜ ਲਿਆ ਤਾਂ ਜੋ ਇਫ਼ਰਾਏਮ ਦੇ ਸਿਰ ਤੋਂ ਹਟਾ ਕੇ ਮਨੱਸ਼ਹ ਦੇ ਸਿਰ ਉੱਤੇ ਧਰੇ 18ਅਰ ਯੂਸੁਫ਼ ਨੇ ਆਪਣੇ ਪਿਤਾ ਨੂੰ ਆਖਿਆ ਪਿਤਾ ਜੀ ਐਉਂ ਨਹੀਂ ਕਿਉਂ ਜੋ ਉਹ ਪਲੌਠਾ ਹੈ ਆਪਣਾ ਸੱਜਾ ਹੱਥ ਉਸ ਦੇ ਸਿਰ ਉੱਤੇ ਧਰ 19ਪਰ ਉਸ ਦੇ ਪਿਤਾ ਨੇ ਇਨਕਾਰ ਕਰਕੇ ਆਖਿਆ, ਮੈਂ ਜਾਣਦਾ ਹਾਂ ਮੇਰੇ ਪੁੱਤ੍ਰ ਮੈਂ ਜਾਣਦਾ ਹਾਂ। ਏਸ ਤੋਂ ਵੀ ਇੱਕ ਕੌਮ ਹੋਵੇਗੀ ਅਰ ਏਹ ਵੀ ਵੱਡਾ ਹੋਵੇਗਾ ਪਰ ਉਸਦਾ ਨਿੱਕਾ ਭਰਾ ਇਸ ਨਾਲੋਂ ਵੱਡਾ ਹੋਵੇਗਾ ਅਰ ਉਸ ਦੀ ਅੰਸ ਤੋਂ ਢੇਰ ਸਾਰੀਆਂ ਕੌਮਾਂ ਹੋਣਗੀਆਂ 20ਅਤੇ ਉਸ ਨੇ ਓਸੇ ਦਿਨ ਉਨ੍ਹਾਂ ਨੂੰ ਬਰਕਤ ਦੇ ਆਖਿਆ ਕਿ ਇਸਰਾਏਲ ਤੇਰੇ ਦਵਾਰਾ ਐਉਂ ਆਖ ਕੇ ਬਰਕਤ ਦਿਆ ਕਰੇਗਾ ਕੀ ਪਰਮੇਸ਼ੁਰ ਤੈਨੂੰ ਇਫ਼ਰਾਏਮ ਅਰ ਮਨੱਸ਼ਹ ਵਰਗਾ ਰੱਖੇ ਸੋ ਉਸਨੇ ਇਫ਼ਰਾਏਮ ਨੂੰ ਮਨੱਸ਼ਹ ਨਾਲੋਂ ਅੱਗੇ ਰੱਖਿਆ 21ਅਤੇ ਇਸਰਾਏਲ ਨੇ ਯੂਸੁਫ਼ ਨੂੰ ਆਖਿਆ ਵੇਖੋ ਮੈਂ ਮਰਨ ਵਾਲਾ ਹਾਂ ਪਰ ਪਰਮੇਸ਼ੁਰ ਤੁਹਾਡੇ ਸੰਗ ਹੋਵੇਗਾ ਅਰ ਤੁਹਾਨੂੰ ਤੁਹਾਡੇ ਪਿਓ ਦਾਦਿਆਂ ਦੇ ਦੇਸ ਵਿੱਚ ਮੁੜ ਲੈ ਆਵੇਗਾ 22ਅਰ ਮੈਂ ਤੈਨੂੰ ਤੇਰੇ ਭਰਾਵਾਂ ਤੋਂ ਵੱਧ ਇੱਕ ਪਹਾੜੀ ਇਲਾਕਾ ਦਿੱਤਾ ਹੈ ਜਿਹੜਾ ਮੈਂ ਆਪਣੀ ਤੇਗ ਅਤੇ ਧਣੁੱਖ ਨਾਲ ਅਮੋਰੀਆਂ ਦੇ ਹੱਥੋਂ ਖੋਇਆ ਸੀ।।
Currently Selected:
ਉਤਪਤ 48: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.