ਉਤਪਤ 42
42
ਯੂਸੁਫ਼ ਦੇ ਭਰਾਵਾਂ ਦਾ ਮਿਸਰ ਵਿੱਚ ਆਉਣਾ
1ਜਾਂ ਯਾਕੂਬ ਨੇ ਵੇਖਿਆ ਕਿ ਮਿਸਰ ਵਿੱਚ ਅੰਨ ਹੈ ਤਾਂ ਯਾਕੂਬ ਨੇ ਆਪਣੇ ਪੁੱਤ੍ਰਾਂ ਨੂੰ ਆਖਿਆ, ਤੁਸੀਂ ਕਿਉਂ ਇੱਕ ਦੂਜੇ ਵੱਲ ਵੇਖਦੇ ਹੋ? 2ਨਾਲੇ ਉਸ ਨੇ ਆਖਿਆ,ਵੇਖੋ ਮੈਂ ਸੁਣਿਆ ਹੈ ਕਿ ਮਿਸਰ ਵਿੱਚ ਅੰਨ ਹੈ। ਤਾਂ ਉੱਥੇ ਉੱਤਰ ਜਾਓ ਅਰ ਤੁਸੀਂ ਉੱਥੋਂ ਸਾਡੇ ਲਈ ਅੰਨ ਵਿਹਾਜ ਕੇ ਲੈ ਆਓ ਤਾਂਜੋ ਅਸੀਂ ਜੀਉਂਦੇ ਰਹੀਏ ਅਰ ਮਰ ਨਾ ਜਾਈਏ 3ਸੋ ਯੂਸੁਫ਼ ਦੇ ਦਸੇ ਭਰਾ ਮਿਸਰ ਵਿੱਚ ਅੰਨ ਵਿਹਾਜਣ ਉੱਤਰ ਗਏ 4ਪਰ ਯੂਸੁਫ਼ ਦੇ ਭਰਾ ਬਿਨਯਾਮੀਨ ਨੂੰ ਯਾਕੂਬ ਨੇ ਉਹ ਦੇ ਭਰਾਵਾਂ ਦੇ ਸੰਗ ਨਾ ਘਲਿਆ ਕਿਉਂਜੋ ਉਸ ਨੇ ਆਖਿਆ ਕਿ ਕਿਤੇ ਉਸ ਉੱਤੇ ਬਿਪਤਾ ਨਾ ਪਵੇ 5ਤਾਂ ਇਸਰਾਏਲ ਦੇ ਪੁੱਤ੍ਰ ਅੰਨ ਵਿਹਾਜਣ ਲਈ ਹੋਰ ਆਉਣ ਵਾਲਿਆਂ ਦੇ ਸੰਗ ਆਏ ਕਿਉਂਜੋ ਕਨਾਨ ਦੇਸ ਵਿੱਚ ਕਾਲ ਸੀ।।
6ਯੂਸੁਫ਼ ਉਸ ਦੇਸ ਉੱਤੇ ਹਾਕਮ ਸੀ ਅਰ ਉਸ ਦੇਸ ਦੇ ਸਾਰੇ ਲੋਕਾਂ ਦੇ ਕੋਲ ਅੰਨ ਵੇਚਦਾ ਸੀ ਸੋ ਯੂਸੁਫ਼ ਦੇ ਭਰਾ ਆਏ ਅਰ ਧਰਤੀ ਵੱਲ ਮੂੰਹ ਕਰ ਕੇ ਉਸ ਦੇ ਅੱਗੇ ਝੁਕੇ 7ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਵੇਖਿਆ ਅਰ ਉਨ੍ਹਾਂ ਨੂੰ ਪਛਾਣ ਲਿਆ ਪਰ ਉਸ ਨੇ ਆਪਣੇ ਆਪ ਨੂੰ ਉਨ੍ਹਾਂ ਲਈ ਓਪਰਾ ਬਣਾਇਆ ਅਰ ਉਨ੍ਹਾਂ ਨੂੰ ਕਰੜਾਈ ਨਾਲ ਬੋਲਿਆ ਅਰ ਉਨ੍ਹਾਂ ਨੂੰ ਆਖਿਆ, ਤੁਸੀਂ ਕਿੱਥੋਂ ਆਏ ਹੋ? ਤਾਂ ਉਨ੍ਹਾਂ ਨੇ ਆਖਿਆ, ਕਨਾਨ ਦੇਸ ਤੋਂ ਅੰਨ ਵਿਹਾਜਣ 8ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਪਛਾਣ ਲਿਆ ਪਰ ਉਨ੍ਹਾਂ ਨੇ ਉਹ ਨੂੰ ਨਾ ਪਛਾਣਿਆ 9ਅਤੇ ਯੂਸੁਫ਼ ਨੂੰ ਓਹ ਸੁਫ਼ਨੇ ਜਿਹੜੇ ਉਸ ਨੇ ਉਨ੍ਹਾਂ ਦੇ ਵਿਖੇ ਵੇਖੇ ਸਨ ਚੇਤੇ ਆਏ ਅਰ ਉਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਖੋਜੀ ਹੋ ਅਰ ਦੇਸ ਦੀ ਦੁਰਦਿਸ਼ਾ ਵੇਖਣ ਆਏ ਹੋ 10ਉਨ੍ਹਾਂ ਨੇ ਉਸ ਨੂੰ ਆਖਿਆ, ਨਹੀਂ ਸਵਾਮੀ ਜੀ ਤੁਹਾਡੇ ਦਾਸ ਅੰਨ ਵਿਹਾਜਣ ਆਏ ਹਨ 11ਅਸੀਂ ਸਾਰੇ ਇੱਕ ਮਨੁੱਖ ਦੇ ਪੁੱਤ੍ਰ ਹਾਂ ਅਰ ਅਸੀਂ ਸੱਚੇ ਹਾਂ। ਅਸੀਂ ਤੁਹਾਡੇ ਦਾਸ ਖੋਜੀ ਨਹੀਂ ਹਾਂ 12ਪਰ ਉਸ ਨੇ ਉਨ੍ਹਾਂ ਨੂੰ ਆਖਿਆ,ਨਹੀਂ ਸਗੋਂ ਦੇਸ ਦੀ ਦੁਰਦਿਸ਼ਾ ਵੇਖਣ ਆਏ ਹੋ 13ਉਨ੍ਹਾਂ ਆਖਿਆ,ਅਸੀਂ ਤੁਹਾਡੇ ਦਾਸ ਬਾਰਾਂ ਭਰਾ ਹਾਂ ਅਤੇ ਕਨਾਨ ਦੇਸ ਦੇ ਇੱਕ ਹੀ ਮਨੁੱਖ ਦੇ ਪੁੱਤ੍ਰ ਹਾਂ ਅਤੇ ਵੇਖੋ ਸਭ ਤੋਂ ਛੋਟਾ ਅੱਜ ਦੇ ਦਿਨ ਸਾਡੇ ਪਿਤਾ ਦੇ ਕੋਲ ਹੈ ਅਰ ਇੱਕ ਹੈ ਨਹੀਂ 14ਤਾਂ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, ਏਹ ਓਹੋ ਤਾਂ ਗੱਲ ਹੈ ਜਿਹੜੀ ਮੈਂ ਤੁਹਾਡੇ ਨਾਲ ਕੀਤੀ ਕਿ ਤੁਸੀਂ ਖੋਜੀ ਹੋ 15ਏਸੇ ਤੋਂ ਤੁਸੀਂ ਪਰਖੇ ਜਾਓਗੇ ਫ਼ਿਰਊਨ ਦੀ ਜਾਨ ਦੀ ਸੌਂਹ ਜਦ ਤੀਕ ਤੁਹਾਡਾ ਨਿੱਕਾ ਭਰਾ ਇੱਥੇ ਨਹੀਂ ਆ ਜਾਂਦਾ ਤੁਸੀਂ ਐਥੋਂ ਨਿੱਕਲ ਨਾ ਸੱਕੋਗੇ 16ਆਪਣੇ ਵਿੱਚੋਂ ਇੱਕ ਨੂੰ ਘੱਲੋ ਅਰ ਉਹ ਤੁਹਾਡੇ ਭਰਾ ਨੂੰ ਲੈ ਆਵੇ ਪਰ ਤੁਸੀਂ ਏਥੇ ਕੈਦੀ ਹੋਕੇ ਰਹੋ ਤਾਂਜੋ ਤੁਹਾਡੀਆਂ ਗੱਲਾਂ ਪਰਖੀਆਂ ਜਾਣ ਕਿ ਤੁਹਾਡੇ ਵਿੱਚ ਸਚਿਆਈ ਹੈ ਪਰ ਜੇ ਨਹੀਂ ਤਾਂ ਫ਼ਿਰਊਨ ਦੀ ਜਾਨ ਦੀ ਸੌਂਹ ਤੁਸੀਂ ਜ਼ਰੂਰ ਖੋਜੀ ਹੋ 17ਉਸ ਉਨ੍ਹਾਂ ਨੂੰ ਤਿੰਨ ਦਿਨਾਂ ਤੀਕ ਇੱਕਠੇ ਕੈਦ ਵਿੱਚ ਬੰਦ ਰੱਖਿਆ 18ਤਾਂ ਤੀਜੇ ਦਿਨ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, ਐਉਂ ਕਰੋ ਤਾਂ ਜੀਓ ਕਿਉਂਜੋ ਮੈਂ ਪਰਮੇਸ਼ੁਰ ਤੋਂ ਡਰਦਾ ਹਾਂ 19ਜੇ ਤੁਸੀਂ ਸੱਚੇ ਹੋ ਤਾਂ ਤੁਹਾਡੇ ਭਰਾਵਾਂ ਵਿੱਚੋਂ ਇੱਕ ਉਸੇ ਕੈਦਖਾਨੇ ਵਿੱਚ ਰੱਖਿਆ ਜਾਵੇ ਅਰ ਤੁਸੀਂ ਕਾਲ ਲਈ ਆਪਣੇ ਘਰ ਅੰਨ ਲੈਕੇ ਚੱਲੇ ਜਾਓ 20ਆਪਣੇ ਨਿੱਕੇ ਭਰਾ ਨੂੰ ਮੇਰੇ ਕੋਲ ਲੈ ਆਉ ਤਾਂਜੋ ਤੁਹਾਡੀਆਂ ਗੱਲਾਂ ਪਰਖੀਆਂ ਜਾਣ ਅਰ ਤੁਸੀਂ ਨਾ ਮਰੋ ਤਾਂ ਉਨ੍ਹਾਂ ਨੇ ਉਵੇਂ ਹੀ ਕੀਤਾ 21ਤਾਂ ਉਨ੍ਹਾਂ ਭਰਾਵਾਂ ਨੇ ਇੱਕ ਦੂਜੇ ਨੂੰ ਆਖਿਆ, ਅਸੀਂ ਆਪਣੇ ਭਰਾ ਦੇ ਕਾਰਨ ਜਰੂਰ ਦੋਸ਼ੀ ਹਾਂ ਕਿਉਂਕਿ ਜਦ ਅਸਾਂ ਉਸ ਦੇ ਆਤਮਾ ਦੇ ਕਸ਼ਟ ਨੂੰ ਵੇਖਿਆ ਅਤੇ ਉਸ ਨੇ ਸਾਡੇ ਤਰਲੇ ਕੀਤੇ ਤਾਂ ਅਸਾਂ ਉਸ ਦੀ ਨਾ ਸੁਣੀ । ਏਸੇ ਕਰਕੇ ਏਹ ਬਿਪਤਾ ਸਾਡੇ ਉੱਤੇ ਆਈ ਹੈ 22ਤਦ ਰਊਬੇਨ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਕੀ ਮੈਂ ਤੁਹਾਨੂੰ ਨਹੀਂ ਸੀ ਆਖਦਾ ਕਿ ਤੁਸੀਂ ਏਸ ਮੁੰਡੇ ਨਾਲ ਪਾਪ ਨਾ ਕਰੋ? ਪਰ ਤੁਸੀਂ ਮੇਰੀ ਨਾ ਸੁਣੀ ਅਰ ਵੇਖੋ ਹੁਣ ਉਸ ਦੇ ਲਹੂ ਦੀ ਪੁੱਛ ਹੋਈ ਹੈ 23ਓਹ ਨਹੀਂ ਜਾਣਦੇ ਸਨ ਕਿ ਯੂਸੁਫ਼ ਸਮਝਦਾ ਹੈ ਕਿਉਂਜੋ ਉਨ੍ਹਾਂ ਦੇ ਵਿਚਕਾਰ ਇੱਕ ਤਰਜੁਮਾ ਕਰਨ ਵਾਲਾ ਸੀ 24ਓਹ ਉਨ੍ਹਾਂ ਤੋਂ ਇੱਕ ਪਾਸੋ ਹੋਕੇ ਰੋਇਆ ਫੇਰ ਉਨ੍ਹਾਂ ਕੋਲ ਮੁੜ ਆਣ ਕੇ ਉਨ੍ਹਾਂ ਨਾਲ ਗੱਲਾਂ ਕੀਤੀਆਂ ਅਰ ਉਨ੍ਹਾਂ ਵਿੱਚੋਂ ਸ਼ਿਮਓਨ ਨੂੰ ਲਿਆ ਅਰ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਉਸ ਨੂੰ ਬੰਨ੍ਹਿਆਂ 25ਫੇਰ ਯੂਸੁਫ਼ ਨੇ ਹੁਕਮ ਦਿੱਤਾ ਕਿ ਓਹ ਉਨ੍ਹਾਂ ਦੀਆਂ ਗੂਣਾਂ ਵਿੱਚ ਅੰਨ ਭਰ ਦੇਣ ਅਰ ਇੱਕ ਇੱਕ ਦੀ ਚਾਂਦੀ ਉਹ ਦੀ ਗੂਣ ਵਿੱਚ ਮੋੜ ਕੇ ਰੱਖ ਦੇਣ ਅਰ ਰਸਤੇ ਲਈ ਉਨ੍ਹਾਂ ਨੂੰ ਰਸਤ ਦੇਣ ਤਾਂ ਉਨ੍ਹਾਂ ਨਾਲ ਏਵੇਂ ਹੀ ਕੀਤਾ ਗਿਆ 26ਉਨ੍ਹਾਂ ਆਪਣੇ ਖੋਤਿਆਂ ਉੱਤੇ ਆਪਣਾ ਅੰਨ ਲੱਦ ਲਿਆ ਅਤੇ ਉੱਥੋਂ ਤੁਰ ਪਏ 27ਜਦ ਇੱਕ ਨੇ ਪੜਾਉ ਉੱਤੇ ਆਪਣੇ ਖੋਤੇ ਨੂੰ ਚਾਰਾ ਦੇਣ ਲਈ ਆਪਣੀ ਗੂਣ ਖੋਲ੍ਹੀ ਤਾਂ ਉਸ ਨੇ ਆਪਣੀ ਚਾਂਦੀ ਡਿੱਠੀ ਅਤੇ ਵੇਖੋ ਉਹ ਉਸ ਦੀ ਗੂਣ ਦੇ ਮੂੰਹ ਉੱਤੇ ਪਈ ਹੋਈ ਸੀ 28ਤਾਂ ਉਸ ਨੇ ਆਪਣੇ ਭਰਾਵਾਂ ਨੂੰ ਆਖਿਆ, ਮੇਰੀ ਚਾਂਦੀ ਮੋੜ ਦਿੱਤੀ ਗਈ ਹੈ ਅਰ ਵੇਖੋ ਉਹ ਮੇਰੀ ਗੂਣ ਵਿੱਚ ਹੀ ਹੈ। ਉਨ੍ਹਾਂ ਦੇ ਦਿਲ ਬੈਠ ਗਏ ਅਰ ਕੰਬਦੇ ਹੋਏ ਇੱਕ ਦੂਜੇ ਨੂੰ ਆਖਣ ਲੱਗੇ, ਏਹ ਕੀ ਹੈ ਜੋ ਪਰਮੇਸ਼ੁਰ ਨੇ ਸਾਡੇ ਨਾਲ ਕੀਤਾ? 29ਓਹ ਆਪਣੇ ਪਿਤਾ ਯਾਕੂਬ ਕੋਲ ਕਨਾਨ ਦੇਸ ਵਿੱਚ ਆਏ ਅਤੇ ਸਭ ਕੁਝ ਜੋ ਉਨ੍ਹਾਂ ਉੱਤੇ ਬੀਤਿਆ ਸੀ ਉਹ ਨੂੰ ਦੱਸਿਆ ਕਿ 30ਉਹ ਮਨੁੱਖ ਜਿਹੜਾ ਉਸ ਦੇਸ ਦਾ ਹਾਕਮ ਹੈ ਸਾਨੂੰ ਕਰੜਾਈ ਨਾਲ ਬੋਲਿਆ ਅਤੇ ਸਾਨੂੰ ਦੇਸ ਦਾ ਖੋਜੀ ਠਹਿਰਾਇਆ 31ਅਸਾਂ ਉਸ ਨੂੰ ਆਖਿਆ, ਅਸੀਂ ਸੱਚੇ ਹਾਂ ਅਰ ਖੋਜੀ ਨਹੀਂ ਹਾਂ 32ਅਸੀਂ ਬਾਰਾਂ ਭਰਾ ਆਪਣੇ ਪਿਤਾ ਦੇ ਪੁੱਤ੍ਰ ਹਾਂ। ਇੱਕ ਹੈ ਨਹੀਂ ਅਰ ਨਿੱਕਾ ਅੱਜ ਦੇ ਦਿਨ ਆਪਣੇ ਪਿਤਾ ਦੇ ਕੋਲ ਕਨਾਨ ਦੇਸ ਵਿੱਚ ਹੈ 33ਤਾਂ ਉਸ ਨੇ ਜਿਹੜਾ ਉਸ ਦੇਸ ਦਾ ਹਾਕਮ ਹੈ ਆਖਿਆ, ਮੈਂ ਏਸ ਤੋਂ ਜਾਣਾਂਗਾ ਕਿ ਤਸੀਂ ਸੱਚੇ ਹੋ ਭਈ ਆਪਣਾ ਇੱਕ ਭਰਾ ਮੇਰੇ ਕੋਲ ਛੱਡੋ ਅਰ ਆਪਣੇ ਘਰ ਵਾਸਤੇ ਕਾਲ ਲਈ ਅੰਨ ਲੈਕੇ ਚੱਲੇ ਜਾਓ 34ਅਰ ਆਪਣਾ ਨਿੱਕਾ ਭਰਾ ਮੇਰੇ ਕੋਲ ਲੈ ਆਓ ਤਾਂ ਮੈਂ ਜਾਣਾਂਗਾ ਕਿ ਤਸੀਂ ਖੋਜੀ ਨਹੀਂ ਹੋ ਸਗੋਂ ਤੁਸੀਂ ਸੱਚੇ ਹੋ। ਫੇਰ ਮੈਂ ਤੁਹਾਡੇ ਭਰਾ ਨੂੰ ਤੁਹਾਨੂੰ ਦੇ ਦਿਆਂਗਾ ਅਤੇ ਤੁਸੀਂ ਏਸ ਦੇਸ ਵਿੱਚ ਬੁਪਾਰ ਕਰਿਓ 35ਅਰ ਐਉਂ ਹੋਇਆ ਕਿ ਜਦ ਓਹ ਆਪਣੀਆਂ ਗੂਣਾਂ ਖਾਲੀ ਕਰ ਰਹੇ ਸਨ ਤਾਂ ਵੇਖੋ ਹਰ ਇੱਕ ਦੀ ਚਾਂਦੀ ਦੀ ਗੰਢ ਉਸ ਦੀ ਗੂਣ ਵਿੱਚ ਸੀ ਤਾਂ ਓਹ ਅਰ ਉਨ੍ਹਾਂ ਦਾ ਪਿਤਾ ਆਪਣੀਆਂ ਗੰਢਾਂ ਨੂੰ ਵੇਖ ਕੇ ਡਰ ਗਏ 36ਅਰ ਉਨ੍ਹਾਂ ਦੇ ਪਿਤਾ ਯਾਕੂਬ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਮੈਨੂੰ ਔਤ ਕੀਤਾ। ਯੂਸੁਫ਼ ਹੈ ਨਹੀਂ ਅਤੇ ਸ਼ਿਮਓਨ ਵੀ ਹੈ ਨਹੀਂ। ਬਿਨਯਾਮੀਨ ਨੂੰ ਤੁਸੀਂ ਲੈ ਜਾਓਗੇ। ਏਹ ਸਾਰੀਆਂ ਗੱਲਾਂ ਮੇਰੇ ਵਿਰੁੱਧ ਹੋਈਆਂ ਹਨ 37ਤਦ ਰਊਬੇਨ ਨੇ ਆਪਣੇ ਪਿਤਾ ਨੂੰ ਏਹ ਆਖਿਆ, ਜੇ ਮੈਂ ਉਸ ਨੂੰ ਤੇਰੇ ਕੋਲ ਨਾ ਲਿਆਵਾਂ ਤਾਂ ਮੇਰੇ ਦੋਹਾਂ ਪੁੱਤ੍ਰਾਂ ਨੂੰ ਮਾਰ ਛੱਡੀਂ। ਉਹ ਨੂੰ ਮੇਰੇ ਹੱਥ ਵਿੱਚ ਦੇ ਦੇਹ ਅਤੇ ਮੈਂ ਉਹ ਨੂੰ ਤੇਰੇ ਕੋਲ ਮੋੜ ਲਿਆਵਾਂਗਾ 38ਪਰ ਉਸ ਆਖਿਆ, ਮੇਰਾ ਪੁੱਤ੍ਰ ਤੁਹਾਡੇ ਨਾਲ ਨਹੀਂ ਜਾਵੇਗਾ ਕਿਉਂਜੋ ਉਸ ਦਾ ਭਰਾ ਮਰ ਗਿਆ ਅਰ ਉਹ ਇਕੱਲਾ ਰਹਿ ਗਿਆ ਹੈ। ਜੇ ਉਹ ਦੇ ਉੱਤੇ ਕੋਈ ਬਲਾ ਰਸਤੇ ਵਿੱਚ ਜਿੱਥੋਂ ਦੀ ਤੁਸੀਂ ਜਾਂਦੇ ਹੋ ਆ ਪਵੇ ਤਾਂ ਤੁਸੀਂ ਮੇਰੇ ਧੌਲਿਆਂ ਨੂੰ ਗਮ ਨਾਲ ਪਤਾਲ ਵਿੱਚ ਉਤਾਰੋਗੇ।।
Currently Selected:
ਉਤਪਤ 42: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.