ਉਤਪਤ 41
41
ਯੂਸੁਫ਼ ਦੀ ਉੱਚ ਪਦਵੀ
1ਤਾਂ ਐਉਂ ਹੋਇਆ ਕਿ ਪੂਰੇ ਦੋ ਵਰਿਹਾਂ ਦੇ ਅੰਤ ਵਿੱਚ ਫ਼ਿਰਊਨ ਨੇ ਸੁਫਨਾ ਡਿੱਠਾ ਤਾਂ ਵੇਖੋ ਉਹ ਦਰਿਆ ਕੋਲ ਖਲੋਤਾ ਸੀ 2ਅਰ ਵੇਖੋ ਦਰਿਆ ਵਿੱਚੋਂ ਸੱਤ ਗਾਈਆਂ ਜਿਹੜੀਆਂ ਸੋਹਣੀਆਂ ਅਤੇ ਸਰੀਰ ਦੀਆਂ ਮੋਟੀਆਂ ਸਨ ਨਿੱਕਲੀਆਂ ਅਰ ਛੰਭ ਵਿੱਚ ਚੁਗਣ ਲੱਗ ਪਈਆਂ 3ਤਾਂ ਵੇਖੋ ਉਨ੍ਹਾਂ ਦੇ ਮਗਰੋਂ ਸੱਤ ਗਾਈਆਂ ਹੋਰ ਜਿਹੜੀਆਂ ਕੁਸੋਹਣੀਆਂ ਅਤੇ ਸਰੀਰ ਵਿੱਚ ਲਿੱਸੀਆਂ ਸਨ ਦਰਿਆ ਵਿੱਚੋਂ ਨਿੱਕਲੀਆਂ ਅਰ ਦਰਿਆ ਦੇ ਪੱਤਣ ਉੱਤੇ ਉਨ੍ਹਾਂ ਗਾਈਆਂ ਕੋਲ ਖਲੋ ਗਈਆਂ 4ਤਾਂ ਕੁਸੋਹਣੀਆਂ ਅਰ ਲਿੱਸੀਆਂ ਗਾਈਆਂ ਨੇ ਉਨ੍ਹਾਂ ਸੱਤਾਂ ਸੋਹਣੀਆਂ ਅਰ ਮੋਟੀਆਂ ਗਾਈਆਂ ਨੂੰ ਨਿਗਲ ਲਿਆ ਤਾਂ ਫ਼ਿਰਊਨ ਜਾਗ ਉੱਠਿਆ 5ਉਹ ਫੇਰ ਸੌਂ ਗਿਆ ਅਰ ਦੂਜੀ ਵਾਰ ਸੁਫਨਾ ਡਿੱਠਾ ਅਰ ਵੇਖੋ ਮੋਟੇ ਅਰ ਚੰਗੇ ਸੱਤ ਸਿੱਟੇ ਇੱਕ ਨਾੜ ਵਿੱਚੋਂ ਨਿੱਕਲੇ 6ਅਤੇ ਵੇਖੋ ਉਸ ਦੇ ਮਗਰੋਂ ਸੱਤ ਸਿੱਟੇ ਪਤਲੇ ਅਰ ਪੁਰੇ ਦੀ ਹਵਾ ਦੇ ਝੁਲਸੇ ਹੋਏ ਫੁੱਟ ਪਏ 7ਅਤੇ ਓਹ ਪਤਲੇ ਸਿੱਟੇ ਉਨ੍ਹਾਂ ਸੱਤਾਂ ਮੋਟਿਆਂ ਅਰ ਭਰਿਆਂ ਹੋਇਆਂ ਨੂੰ ਨਿਗਲ ਗਏ ਤਾਂ ਫ਼ਿਰਊਨ ਜਾਗ ਉੱਠਿਆ ਅਤੇ ਵੇਖੋ ਏਹ ਸੁਫਨਾ ਸੀ 8ਤਾਂ ਐਉਂ ਹੋਇਆ ਕਿ ਸਵੇਰੇ ਹੀ ਉਸ ਦਾ ਆਤਮਾ ਘਾਬਰ ਗਿਆ ਤਾਂ ਉਸ ਨੇ ਮਿਸਰ ਦੇ ਸਾਰੇ ਜਾਦੂਗਰ ਅਰ ਸਾਰੇ ਸਿਆਣੇ ਸੱਦ ਘੱਲੇ ਤਾਂ ਫ਼ਿਰਊਨ ਨੇ ਉਨ੍ਹਾਂ ਨੂੰ ਆਪਣਾ ਸੁਫਨਾ ਦੱਸਿਆ ਪਰ ਕੋਈ ਵੀ ਫ਼ਿਰਊਨ ਨੂੰ ਉਨ੍ਹਾਂ ਦਾ ਅਰਥ ਨਾ ਦੱਸ ਸੱਕਿਆ 9ਤਾਂ ਸਾਕੀਆਂ ਦੇ ਸਰਦਾਰ ਨੇ ਫ਼ਿਰਊਨ ਨਾਲ ਏਹ ਗੱਲ ਕੀਤੀ ਕਿ ਅੱਜ ਮੈਂ ਆਪਣੇ ਪਾਪ ਨੂੰ ਚੇਤੇ ਕਰਦਾ ਹਾਂ 10ਫ਼ਿਰਊਨ ਆਪਣੇ ਦਾਸਾਂ ਉੱਤੇ ਗੁੱਸੇ ਹੋਇਆ ਅਤੇ ਮੈਨੂੰ ਅਰ ਸਰਦਾਰ ਰਸੋਈਏ ਨੂੰ ਜਲਾਦਾਂ ਦੇ ਸਰਦਾਰ ਦੇ ਘਰ ਵਿੱਚ ਕੈਦ ਕੀਤਾ-ਮੈਨੂੰ ਅਰ ਸਰਦਾਰ ਰਸੋਈਏ ਨੂੰ ਵੀ 11ਤਾਂ ਅਸਾਂ ਦੋਹਾਂ ਨੇ, ਮੈਂ ਅਰ ਉਹ ਨੇ ਇੱਕੋ ਰਾਤ ਸੁਫ਼ਨੇ ਵੇਖੇ। ਹਰ ਇੱਕ ਨੇ ਆਪੋ ਆਪਣੇ ਸੁਫ਼ਨੇ ਦੇ ਅਰਥ ਅਨੁਸਾਰ ਵੇਖਿਆ 12ਜਲਾਦਾਂ ਦੇ ਸਰਦਾਰ ਦਾ ਗੁਲਾਮ ਇੱਕ ਇਬਰਾਨੀ ਜੁਆਣ ਉੱਥੇ ਸਾਡੇ ਨਾਲ ਸੀ ਅਤੇ ਅਸਾਂ ਉਸ ਨੂੰ ਦੱਸਿਆ ਤਾਂ ਉਸ ਨੇ ਸਾਡੇ ਸੁਫਨਿਆਂ ਦਾ ਅਰਥ ਇੱਕ ਇੱਕ ਦੇ ਸੁਫ਼ਨੇ ਦੇ ਅਰਥ ਅਨੁਸਾਰ ਦੱਸਿਆ 13ਤਾਂ ਐਉਂ ਹੋਇਆ ਕਿ ਜਿਵੇਂ ਉਸ ਨੇ ਸਾਨੂੰ ਉਸ ਦਾ ਅਰਥ ਦੱਸਿਆ ਤਿਵੇਂ ਹੀ ਹੋਇਆ। ਉਹ ਨੇ ਮੈਨੂੰ ਤਾਂ ਮੇਰੇ ਹੁੱਦੇ ਉੱਤੇ ਬਿਠਾਇਆ ਪਰ ਉਸ ਨੂੰ ਫਾਂਸੀ ਦਿੱਤੀ 14ਤਾਂ ਫ਼ਿਰਊਨ ਨੇ ਯੂਸੁਫ਼ ਨੂੰ ਸੱਦ ਘੱਲਿਆ ਅਤੇ ਉਨ੍ਹਾਂ ਛੇਤੀ ਨਾਲ ਯੂਸੁਫ਼ ਨੂੰ ਭੋਰੇ ਵਿੱਚੋਂ ਕੱਢਿਆ ਅਤੇ ਉਹ ਹਜਾਮਤ ਕਰ ਕੇ ਤੇ ਬਸਤ੍ਰ ਬਦਲ ਕੇ ਫ਼ਿਰਊਨ ਦੇ ਕੋਲ ਅੰਦਰ ਆਇਆ 15ਤਾਂ ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, ਕਿ ਮੈਂ ਇੱਕ ਸੁਫਨਾ ਡਿੱਠਾ ਅਤੇ ਉਸ ਦਾ ਅਰਥ ਦੱਸਣ ਵਾਲਾ ਕੋਈ ਨਹੀਂ। ਮੈਂ ਤੇਰੇ ਵਿਖੇ ਏਹ ਸੁਣਿਆ ਤੂੰ ਸੁਫਨਾ ਸੁਣ ਕੇ ਉਸ ਦਾ ਅਰਥ ਕਰ ਸੱਕਦਾ ਹੈਂ 16ਤਾਂ ਯੂਸੁਫ਼ ਨੇ ਫ਼ਿਰਊਨ ਨੂੰ ਉੱਤ੍ਰ ਦਿੱਤਾ ਕਿ ਏਹ ਮੇਰੀ ਸ਼ਕਤੀ ਨਹੀਂ। ਪਰਮੇਸ਼ੁਰ ਹੀ ਫ਼ਿਰਊਨ ਨੂੰ ਸ਼ਾਂਤੀ ਦਾ ਉੱਤ੍ਰ ਦੇਵੇਗਾ 17ਅੱਗੋਂ ਫ਼ਿਰਊਨ ਯੂਸੁਫ਼ ਨੂੰ ਬੋਲਿਆ ਵੇਖੋ ਮੈਂ ਆਪਣੇ ਸੁਫ਼ਨੇ ਵਿੱਚ ਦਰਿਆ ਦੇ ਕੰਢੇ ਉੱਤੇ ਖੜਾ ਸੀ 18ਤਾਂ ਵੇਖੋ ਦਰਿਆ ਵਿੱਚੋਂ ਸੱਤ ਗਾਈਆਂ ਜਿਹੜੀਆਂ ਮੋਟੀਆਂ ਅਰ ਸੋਹਣੀਆਂ ਸਨ ਨਿੱਕਲੀਆਂ ਅਰ ਓਹ ਛੰਭ ਵਿੱਚ ਚੁਗਣ ਲੱਗ ਪਈਆਂ 19ਤਾਂ ਵੇਖੋ ਉਨ੍ਹਾਂ ਦੇ ਮਗਰੋਂ ਹੋਰ ਸੱਤ ਗਾਈਆਂ ਮਾੜੀਆਂ ਅਰ ਰੂਪ ਵਿੱਚ ਅੱਤ ਕੁਸੋਹਣੀਆਂ ਅਰ ਲਿੱਸੀਆਂ ਨਿੱਕਲ ਆਈਆਂ। ਅਜੇਹਿਆਂ ਕੁਸੋਹਣੀਆਂ ਮੈਂ ਮਿਸਰ ਦੇ ਸਾਰੇ ਦੇਸ ਵਿੱਚ ਕਦੀ ਨਹੀਂ ਵੇਖੀਆਂ 20ਤਾਂ ਓਹ ਲਿੱਸੀਆਂ ਅਰ ਕੁਸੋਹਣੀਆਂ ਗਾਈਆਂ ਪਹਿਲੀਆਂ ਸੱਤਾਂ ਮੋਟੀਆਂ ਗਾਈਆਂ ਨੂੰ ਖਾ ਗਈਆਂ 21ਓਹ ਉਨ੍ਹਾਂ ਦੇ ਅੰਦਰ ਗਈਆਂ ਪਰ ਮਲੂਮ ਨਾ ਹੋਇਆ ਭਈ ਓਹ ਉਨ੍ਹਾਂ ਦੇ ਅੰਦਰ ਗਈਆਂ ਵੀ ਹਨ ਸਗੋਂ ਓਹ ਅੱਗੇ ਵਰਗੀਆਂ ਹੀ ਕੁਸੋਹਣੀਆਂ ਰਹੀਆਂ । ਤਦ ਮੈਂ ਜਾਗ ਉੱਠਿਆ 22ਫੇਰ ਮੈਂ ਆਪਣੇ ਸੁਫ਼ਨੇ ਵਿੱਚ ਡਿੱਠਾ ਅਤੇ ਵੇਖੋ ਇੱਕ ਨਾੜ ਵਿੱਚੋਂ ਭਰੇ ਹੋਏ ਸੱਤ ਚੰਗੇ ਸਿੱਟੇ ਨਿੱਕਲੇ 23ਅਤੇ ਵੇਖੋ ਸੱਤ ਸਿੱਟੇ ਕੁਮਲਾਏ ਹੋਏ ਅਤੇ ਪਤਲੇ ਅਰ ਪੁਰੇ ਦੀ ਹਵਾ ਨਾਲ ਝੁਲਸੇ ਹੋਏ ਉਨ੍ਹਾਂ ਦੇ ਪਿੱਛੋਂ ਫੁੱਟ ਪਏ 24ਤਾਂ ਉਨ੍ਹਾਂ ਪਤਲਿਆਂ ਸਿੱਟਿਆਂ ਨੇ ਚੰਗੀਆਂ ਸੱਤਾਂ ਸਿੱਟਿਆਂ ਨੂੰ ਨਿਗਲ ਲਿਆ। ਮੈਂ ਏਹ ਜਾਦੂਗਰਾਂ ਨੂੰ ਆਖਿਆ ਪਰ ਕੋਈ ਮੈਨੂੰ ਦੱਸ ਨਾ ਸੱਕਿਆ।।
25ਯੂਸੁਫ਼ ਨੇ ਫ਼ਿਰਊਨ ਨੂੰ ਆਖਿਆ ਕਿ ਫ਼ਿਰਊਨ ਦਾ ਸੁਫਨਾ ਇੱਕੋ ਹੀ ਹੈ। ਪਰਮੇਸ਼ੁਰ ਜੋ ਕੁਝ ਕਰਨ ਵਾਲਾ ਹੈ ਉਹ ਫ਼ਿਰਊਨ ਨੂੰ ਦੱਸਿਆ ਹੈ 26ਏਹ ਸੱਤ ਚੰਗੀਆਂ ਗਾਈਆਂ ਸੱਤ ਵਰਹੇ ਹਨ ਅਤੇ ਏਹ ਸੱਤ ਚੰਗੇ ਸਿੱਟੇ ਵੀ ਸੱਤ ਵਰਹੇ ਹਨ। ਸੁਫਨਾ ਇੱਕੋ ਹੀ ਹੈ 27ਅਰ ਓਹ ਲਿੱਸੀਆਂ ਅਰ ਕੁਸੋਹਣੀਆਂ ਸੱਤ ਗਾਈਆਂ ਜਿਹੜੀਆਂ ਉਨ੍ਹਾਂ ਦੇ ਮਗਰੋਂ ਨਿੱਕਲੀਆਂ ਸੱਤ ਵਰਹੇ ਹਨ ਅਰ ਓਹ ਸੱਤ ਸਿੱਟੇ ਜਿਹੜੇ ਪਤਲੇ ਅਰ ਪੁਰੇ ਦੀ ਹਵਾ ਨਾਲ ਝੁਲਸੇ ਹੋਏ ਸਨ ਓਹ ਕਾਲ ਦੇ ਸੱਤ ਵਰਹੇ ਹੋਣਗੇ 28ਏਹ ਏਹੋ ਹੀ ਗੱਲ ਹੈ ਜਿਹੜੀ ਮੈਂ ਫ਼ਿਰਊਨ ਨਾਲ ਕੀਤੀ। ਪਰਮੇਸ਼ੁਰ ਜੋ ਕੁਝ ਕਰਨ ਨੂੰ ਹੈ ਸੋ ਉਸ ਫ਼ਿਰਊਨ ਨੂੰ ਵਿਖਾਲਿਆ ਹੈ 29ਵੇਖੋ ਸਾਰੇ ਮਿਸਰ ਦੇਸ ਵਿੱਚ ਸੱਤ ਵਰਹੇ ਵੱਡੇ ਸੁਕਾਲ ਦੇ ਆਉਣ ਵਾਲੇ ਹਨ 30ਪਰ ਉਨ੍ਹਾਂ ਦੇ ਮਗਰੋਂ ਸੱਤ ਵਰਹੇ ਕਾਲ ਦੇ ਚੜ੍ਹਨਗੇ ਅਤੇ ਮਿਸਰ ਦੇਸ ਦਾ ਸਾਰਾ ਸੁਕਾਲ ਭੁੱਲ ਜਾਵੇਗਾ ਅਤੇ ਉਹ ਕਾਲ ਏਸ ਦੇਸ ਨੂੰ ਮੁਕਾ ਦੇਵੇਗਾ 31ਅਰ ਉਸ ਸੁਕਾਲ ਦੇਸ ਵਿੱਚ ਉਸ ਆਉਣ ਵਾਲੇ ਕਾਲ ਦੇ ਕਾਰਨ ਮਲੂਮ ਨਾ ਹੋਵੇਗਾ ਕਿਉਂਜੋ ਉਹ ਬਹੁਤ ਹੀ ਭਾਰਾ ਹੋਵੇਗਾ 32ਫ਼ਿਰਊਨ ਨੂੰ ਸੁਫਨਾ ਦੋਹਰੀ ਵਾਰ ਏਸ ਲਈ ਵਿਖਾਇਆ ਗਿਆ ਹੈ ਭਈ ਏਹ ਗੱਲ ਪਰਮੇਸ਼ੁਰ ਵੱਲੋਂ ਪੱਕੀ ਹੈ ਅਰ ਪਰਮੇਸ਼ੁਰ ਏਸ ਨੂੰ ਛੇਤੀ ਪੂਰਾ ਕਰੇਗਾ 33ਹੁਣ ਫ਼ਿਰਊਨ ਇੱਕ ਸਿਆਣੇ ਅਰ ਬੁੱਧੀਮਾਨ ਮਨੁੱਖ ਨੂੰ ਲੱਭੇ ਅਰ ਉਸ ਨੂੰ ਮਿਸਰ ਦੇਸ ਉੱਤੇ ਠਹਿਰਾਵੇ 34ਫ਼ਿਰਊਨ ਐਉਂ ਕਰੇ ਕਿ ਏਸ ਦੇਸ ਉੱਤੇ ਮੁਹੱਸਲਾਂ ਨੂੰ ਮੁਕਰੱਰ ਕਰੇ ਸੋ ਉਹ ਪੰਜਵਾਂ ਹਿੱਸਾ ਮਿਸਰ ਦੀ ਧਰਤੀ ਦਾ ਇਨ੍ਹਾਂ ਸੁਕਾਲ ਦੇ ਸੱਤਾਂ ਵਰਿਹਾਂ ਵਿੱਚ ਲਿਆ ਕਰੇ 35ਅਤੇ ਓਹ ਇਨ੍ਹਾਂ ਆਉਣ ਵਾਲਿਆਂ ਚੰਗਿਆਂ ਵਰਿਹਾਂ ਦਾ ਸਾਰਾ ਅੰਨ ਇੱਕਠਾ ਕਰਨ ਅਰ ਫ਼ਿਰਊਨ ਦੇ ਹੱਥ ਹੇਠ ਨਗਰਾਂ ਵਿੱਚ ਅੰਨ ਦੇ ਢੇਰ ਲਾਉਣ ਅਰ ਉਸ ਦੀ ਰਾਖੀ ਕਰਨ 36ਤਾਂ ਓਹੋ ਅੰਨ ਸੱਤਾਂ ਵਰਿਹਾਂ ਦੇ ਕਾਲ ਲਈ ਜਿਹੜਾ ਮਿਸਰ ਦੇਸ ਵਿੱਚ ਪਵੇਗਾ ਜ਼ਖੀਰਾ ਹੋਵੇਗਾ ਤਾਂਜੋ ਏਹ ਦੇਸ ਕਾਲ ਦੇ ਕਾਰਨ ਨਾਸ ਨਾ ਹੋ ਜਾਵੇ।।
37ਤਾਂ ਏਹ ਗੱਲ ਫ਼ਿਰਊਨ ਦੀਆਂ ਅੱਖਾਂ ਵਿੱਚ ਅਰ ਉਸ ਦੇ ਟਹਿਲੂਆਂ ਦੀਆਂ ਅੱਖਾਂ ਵਿੱਚ ਚੰਗੀ ਲੱਗੀ 38ਸੋ ਫ਼ਿਰਊਨ ਨੇ ਆਪਣੇ ਟਹਿਲੂਆਂ ਨੂੰ ਆਖਿਆ, ਭਲਾ ਸਾਨੂੰ ਏਸ ਮਨੁੱਖ ਵਰਗਾ ਜਿਸ ਵਿੱਚ ਪਰਮੇਸ਼ੁਰ ਦਾ ਆਤਮਾ ਹੈ ਕੋਈ ਹੋਰ ਲੱਭੂਗਾ? 39ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, ਏਸ ਲਈ ਏਹ ਸਭ ਕੁਝ ਪਰਮੇਸ਼ੁਰ ਨੇ ਤੈਨੂੰ ਦੱਸਿਆ ਸੋ ਤੇਰੇ ਜਿਹਾ ਸਿਆਣਾ ਅਰ ਬੁੱਧੀਮਾਨ ਕੋਈ ਨਹੀਂ 40ਤੂੰ ਮੇਰੇ ਘਰ ਉੱਤੇ ਹੋਵੇਂਗਾ ਅਰ ਮੇਰੀ ਸਾਰੀ ਰਈਅਤ ਤੇਰੇ ਹੁਕਮ ਦੇ ਅਨੁਸਾਰ ਚੱਲੇਗੀ। ਕੇਵਲ ਰਾਜ ਗੱਦੀ ਵਿੱਚ ਮੈਂ ਤੈਥੋਂ ਵੱਡਾ ਹੋਵਾਂਗਾ 41ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, ਮੈਂ ਤੈਨੂੰ ਸਾਰੇ ਮਿਸਰ ਉੱਤੇ ਮੁਕਰੱਰ ਕੀਤਾ 42ਤਾਂ ਫ਼ਿਰਊਨ ਨੇ ਆਪਣੀ ਮੋਹਰ ਆਪਣੇ ਹੱਥੋਂ ਲਾਹ ਕੇ ਯੂਸੁਫ਼ ਦੇ ਹੱਥ ਵਿੱਚ ਪਾ ਦਿੱਤੀ ਅਰ ਉਸ ਨੂੰ ਕਤਾਨੀ ਬਸਤ੍ਰ ਪਵਾਏ ਅਰ ਸੋਨੇ ਦਾ ਕੰਠਾ ਉਸ ਦੇ ਗਲ ਵਿੱਚ ਪਾਇਆ 43ਅਰ ਉਸ ਨੇ ਉਸ ਨੂੰ ਆਪਣੇ ਤੋਂ ਦੂਜੇ ਦਰਜੇ ਦੇ ਰਥ ਵਿੱਚ ਬਿਠਾਇਆ ਅਤੇ ਉਨ੍ਹਾਂ ਨੇ ਉਸ ਅੱਗੇ ਡੌਂਡੀ ਪਿਟਾਈ ਕਿ “ਗੋਡੇ ਨਿਵਾਓ!” ਐਉਂ ਉਸ ਨੇ ਉਸ ਨੂੰ ਸਾਰੇ ਮਿਸਰ ਦੇਸ ਉੱਤੇ ਮੁਕੱਰਰ ਕੀਤਾ 44ਫ਼ਿਰਊਨ ਨੇ ਯੂਸੁਫ ਨੂੰ ਆਖਿਆ, ਮੈਂ ਫਿਰਊਨ ਹਾਂ ਅਰ ਤੇਰੇ ਬਿਨਾ ਮਿਸਰ ਦੇ ਸਾਰੇ ਦੇਸ ਵਿੱਚ ਕੋਈ ਮਨੁੱਖ ਆਪਣਾ ਹੱਥ ਪੈਰ ਨਹੀਂ ਹਿਲਾਵੇਗਾ 45ਫ਼ਿਰਊਨ ਨੇ ਯੂਸੁਫ਼ ਦਾ ਨਾਉਂ ਸਾਫਨਥ ਪਾਨੇਆਹ ਰੱਖਿਆ ਅਰ ਉਸ ਨੂੰ ਊਨ ਦੇ ਪੁਜਾਰੀ ਪੋਟੀ-ਫਰਾ ਦੀ ਧੀ ਆਸਨਥ ਵਿਆਹ ਦਿੱਤੀ ਅਤੇ ਯੂਸੁਫ਼ ਮਿਸਰ ਦੇਸ ਵਿੱਚ ਫਿਰਿਆ।।
46ਜਦ ਯੂਸੁਫ਼ ਮਿਸਰ ਦੇ ਰਾਜਾ ਫ਼ਿਰਊਨ ਦੇ ਸਨਮੁਖ ਖੜਾ ਹੋਇਆ ਤਾਂ ਤੀਹਾਂ ਵਰਿਹਾਂ ਦਾ ਸੀ ਅਰ ਯੂਸੁਫ਼ ਨੇ ਫ਼ਿਰਊਨ ਦੇ ਹਜੂਰੋਂ ਨਿੱਕਲ ਕੇ ਮਿਸਰ ਦੇ ਸਾਰੇ ਦੇਸ ਵਿੱਚ ਦੌਰਾ ਕੀਤਾ 47ਅਤੇ ਸੁਕਾਲ ਦੇ ਸੱਤਾਂ ਵਰਿਹਾਂ ਵਿੱਚ ਧਰਤੀ ਉੱਤੇ ਘਨੇਰੀ ਫ਼ਸਲ ਹੋਈ 48ਤਾਂ ਉਸ ਨੇ ਉਨ੍ਹਾਂ ਸੱਤਾਂ ਵਰਿਹਾਂ ਵਿੱਚ ਜੋ ਮਿਸਰ ਦੇਸ ਉੱਤੇ ਆਏ ਸਨ ਅੰਨ ਇਕੱਠਾ ਕੀਤਾ ਅਰ ਨਗਰਾਂ ਵਿੱਚ ਉਹ ਅੰਨ ਰੱਖਿਆ ਅਰ ਹਰ ਇੱਕ ਨਗਰ ਦੇ ਨੇੜੇ ਤੇੜੇ ਦੇ ਖੇਤਾਂ ਦਾ ਅੰਨ ਉਸੇ ਨਗਰ ਵਿੱਚ ਰੱਖਿਆ 49ਸੋ ਯੂਸੁਫ਼ ਨੇ ਢੇਰ ਸਾਰਾ ਅੰਨ ਸਮੁੰਦਰ ਦੀ ਰੇਤ ਵਾਂਙੁ ਜਮਾ ਕੀਤਾ ਅਤੇ ਉਹ ਏੱਨਾ ਵਧੀਕ ਸੀ ਕਿ ਉਨ੍ਹਾਂ ਨੇ ਲੇਖਾ ਕਰਨਾ ਛੱਡ ਦਿੱਤਾ ਕਿਉਂਜੋ ਉਹ ਲੇਖਿਉਂ ਬਾਹਰ ਸੀ ।।
50ਯੂਸੁਫ਼ ਦੇ ਦੋ ਪੁੱਤ੍ਰ ਕਾਲ ਦੇ ਸਮੇਂ ਤੋਂ ਪਹਿਲਾਂ ਜੰਮੇ ਜਿੰਨ੍ਹਾਂ ਨੂੰ ਊਨ ਦੇ ਪੁਜਾਰੀ ਪੋਟੀ-ਫ਼ਰਾ ਦੀ ਧੀ ਆਸਨਾਥ ਜਣੀ 51ਤਾਂ ਯੂਸੁਫ਼ ਨੇ ਪਲੋਠੇ ਦਾ ਨਾਉਂ ਮਨੱਸਹ ਰੱਖਿਆ ਕਿਉਂਜੋ ਉਸ ਨੇ ਆਖਿਆ ਕਿ ਮੈਥੋਂ ਪਰਮੇਸ਼ੁਰ ਨੇ ਮੇਰੇ ਕਸ਼ਟ ਅਰ ਮੇਰੇ ਪਿਤਾ ਦਾ ਘਰ ਭੁਲਾ ਦਿੱਤਾ 52ਦੂਜੇ ਦਾ ਨਾਉਂ ਇਹ ਕਹਿਕੇ ਇਫ਼ਰਾਈਮ ਰੱਖਿਆ ਕਿ ਪਰਮੇਸ਼ੁਰ ਨੇ ਮੈਨੂੰ ਮੇਰੇ ਦੁੱਖ ਦੇ ਦੇਸ ਵਿੱਚ ਫਲਦਾਰ ਬਣਾਇਆ।। 53ਸੁਕਾਲ ਦੇ ਸੱਤ ਵਰਹੇ ਜਿਹੜੇ ਮਿਸਰ ਦੇਸ ਉੱਤੇ ਆਏ ਮੁੱਕ ਗਏ 54ਜਾਂ ਕਾਲ ਦੇ ਸੱਤ ਵਰਹੇ ਆਉਣ ਲੱਗੇ ਜਿਵੇਂ ਯੂਸੁਫ਼ ਨੇ ਆਖਿਆ ਸੀ ਤਾਂ ਸਾਰਿਆਂ ਦੇਸਾਂ ਵਿੱਚ ਕਾਲ ਸੀ ਪਰ ਸਾਰੇ ਮਿਸਰ ਦੇਸ ਵਿੱਚ ਰੋਟੀ ਸੀ 55ਜਦ ਮਿਸਰ ਦਾ ਸਾਰਾ ਦੇਸ ਭੁੱਖਾ ਮਰਨ ਲੱਗਾ ਤਾਂ ਲੋਕ ਫ਼ਿਰਊਨ ਅੱਗੇ ਰੋਟੀ ਲਈ ਦੁਹਾਈ ਦੇਣ ਲੱਗੇ ਤਾਂ ਫ਼ਿਰਊਨ ਨੇ ਸਾਰੇ ਮਿਸਰੀਆਂ ਨੂੰ ਆਖਿਆ ਭਈ ਯੂਸੁਫ਼ ਕੋਲ ਜਾਓ ਅਰ ਜੋ ਕੁਝ ਉਹ ਆਖੇ ਸੋ ਕਰੋ 56ਸਾਰੀ ਧਰਤੀ ਉੱਤੇ ਕਾਲ ਸੀ ਤਾਂ ਯੂਸੁਫ਼ ਨੇ ਸਾਰੇ ਮੋਦੀਖਾਨੇ ਖੋਲ੍ਹ ਕੇ ਮਿਸਰੀਆਂ ਕੋਲ ਅੰਨ ਵੇਚਿਆ ਕਿਉਂਜੋ ਮਿਸਰ ਦੇਸ ਵਿੱਚ ਕਾਲ ਬਹੁਤ ਸਖ਼ਤ ਹੋ ਗਿਆ 57ਅਤੇ ਸਾਰਾ ਸੰਸਾਰ ਯੂਸੁਫ਼ ਦੇ ਕੋਲੋਂ ਅੰਨ ਵਿਹਾਜਣ ਮਿਸਰ ਵਿੱਚ ਆਉਣ ਲੱਗਾ ਕਿਉਂਜੋ ਸਾਰੀ ਪਿਰਥਵੀ ਉੱਤੇ ਕਾਲ ਬਹੁਤ ਸ਼ਖ਼ਤ ਸੀ।।
Currently Selected:
ਉਤਪਤ 41: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.