YouVersion Logo
Search Icon

ਕੂਚ 3

3
ਮੂਸਾ ਦਾ ਬੁਲਾਵਾ
1ਮੂਸਾ ਆਪਣੇ ਸੌਹਰੇ ਯਿਥਰੋ ਮਿਦਯਾਨੀ ਪੁਜਾਰੀ ਦੇ ਇੱਜੜ ਨੂੰ ਚਾਰਦਾ ਸੀ। ਉਸ ਨੇ ਇੱਜੜ ਨੂੰ ਉਜਾੜ ਦੇ ਪਿਛਲੀ ਵੱਲ ਹੱਕ ਦਿੱਤਾ ਅਤੇ ਉਹ ਪਰਮੇਸ਼ੁਰ ਦੇ ਪਹਾੜ ਹੋਰੇਬ ਦੇ ਕੋਲ ਆਇਆ 2ਤਾਂ ਯਹੋਵਾਹ ਦੇ ਦੂਤ ਨੇ ਇੱਕ ਝਾੜੀ ਵਿੱਚੋ ਅੱਗ ਦੀ ਲਾਟ ਵਿੱਚ ਉਸ ਨੂੰ ਦਰਸ਼ਣ ਦਿੱਤਾ। ਜਾਂ ਉਸ ਨੇ ਡਿੱਠਾ ਤਾਂ ਵੇਖੋ ਉਹ ਝਾੜੀ ਅੱਗ ਵਿੱਚ ਬਲ ਰਹੀ ਸੀ ਪਰ ਝਾੜੀ ਭਸਮ ਨਹੀਂ ਹੁੰਦੀ ਸੀ 3ਤਾਂ ਮੂਸਾ ਨੇ ਆਖਿਆ, ਮੈਂ ਇੱਕ ਪਾਸੇ ਦੀ ਹੋਕੇ ਜਾਵਾਂਗਾ ਅਰ ਏਸ ਵੱਡੇ ਨਜ਼ਾਰੇ ਨੂੰ ਵੇਖਾਂਗਾ ਕਿ ਕਿਉਂ ਏਹ ਝਾੜੀ ਨਹੀਂ ਸੜਦੀ 4ਜਾਂ ਯਹੋਵਾਹ ਨੇ ਵੇਖਿਆ ਕਿ ਉਹ ਵੇਖਣ ਨੂੰ ਇੱਕ ਪਾਸੇ ਨੂੰ ਮੁੜਿਆ ਤਾਂ ਪਰਮੇਸ਼ੁਰ ਨੇ ਉਸ ਝਾੜੀ ਦੇ ਵਿੱਚੋਂ ਪੁਕਾਰ ਕੇ ਉਸ ਨੂੰ ਆਖਿਆ, ਹੇ ਮੂਸਾ, ਹੇ ਮੂਸਾ! ਤਾਂ ਉਸ ਆਖਿਆ, ਮੈਂ ਹਾਜ਼ਰ ਹਾਂ 5ਫੇਰ ਉਸ ਆਖਿਆ, ਐਧਰ ਨੇੜੇ ਨਾ ਆ। ਆਪਣੇ ਪੈਰਾਂ ਤੋਂ ਜੁੱਤੀ ਲਾਹ ਦੇਹ ਕਿਉਂ ਜੋ ਏਹ ਥਾਂ ਜਿੱਥੇ ਤੂੰ ਖੜਾ ਹੈਂ ਪਵਿਤ੍ਰ ਭੂਮੀ ਹੈ 6ਨਾਲੇ ਉਸ ਆਖਿਆ, ਮੈਂ ਤੇਰੇ ਪਿਤਾ ਦਾ ਪਰਮੇਸ਼ੁਰ ਹਾਂ, ਅਬਰਾਹਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ, ਤੇ ਯਾਕੂਬ ਦਾ ਪਰਮੇਸ਼ੁਰ ਹਾਂ। ਮੂਸਾ ਨੇ ਆਪਣਾ ਮੂੰਹ ਢੱਕ ਲਿਆ ਕਿਉਂ ਜੋ ਉਹ ਪਰਮੇਸ਼ੁਰ ਵੱਲ ਵੇਖਣ ਤੋਂ ਡਰਦਾ ਸੀ 7ਯਹੋਵਾਹ ਨੇ ਆਖਿਆ, ਮੈਂ ਆਪਣੀ ਪਰਜਾ ਦੀ ਮੁਸੀਬਤ ਨੂੰ ਜਿਹੜੀ ਮਿਸਰ ਵਿੱਚ ਹੈ ਸੱਚ ਮੁੱਚ ਵੇਖਿਆ ਹੈ ਅਰ ਉਨ੍ਹਾਂ ਦੀ ਦੁਹਾਈ ਜੋ ਉਨ੍ਹਾਂ ਤੋਂ ਬੇਗਾਰ ਕਰਾਉਣ ਵਾਲਿਆਂ ਦੇ ਕਾਰਨ ਹੈ ਸੁਣੀ ਕਿਉਂ ਜੋ ਮੈਂ ਉਨ੍ਹਾਂ ਦੇ ਦੁੱਖਾਂ ਨੂੰ ਜਾਣਦਾ ਹਾਂ 8ਅਤੇ ਮੈਂ ਉੱਤਰਿਆ ਹਾਂ ਤਾਂ ਜੋ ਉਨ੍ਹਾਂ ਨੂੰ ਮਿਸਰੀਆਂ ਦੇ ਹੱਥੋਂ ਛੁਡਾਵਾਂ ਅਤੇ ਉਸ ਧਰਤੀ ਵਿੱਚੋਂ ਕੱਢ ਕੇ ਅੱਛੀ ਅਤੇ ਮੋਕਲੀ ਧਰਤੀ ਵਿੱਚ ਜਿੱਥੇ ਦੁੱਧ ਅਰ ਸ਼ਹਿਤ ਵੱਗਦਾ ਹੈ ਅਰਥਾਤ ਕਨਾਨੀਆਂ, ਹਿੱਤੀਆਂ, ਅਮੋਰੀਆਂ, ਫਰਿਜ਼ੀਆਂ, ਹਿੱਵੀਆਂ ਅਰ ਯਬੂਸੀਆਂ ਦੀ ਥਾਂ ਵਿੱਚ ਉਤਾਹਾਂ ਲਿਆਵਾਂ 9ਸੋ ਹੁਣ ਵੇਖ ਇਸਰਾਏਲੀਆਂ ਦੀ ਦੁਹਾਈ ਮੇਰੇ ਤੀਕ ਅੱਪੜੀ ਅਤੇ ਮੈਂ ਉਸ ਅਨ੍ਹੇਰ ਨੂੰ ਵੀ ਜੋ ਮਿਸਰੀ ਉਨ੍ਹਾਂ ਉੱਤੇ ਕਰਦੇ ਹਨ ਡਿੱਠਾ ਹੈ 10ਹੁਣ ਤੂੰ ਆ। ਮੈਂ ਤੈਨੂੰ ਫ਼ਿਰਊਨ ਕੋਲ ਘੱਲਾਂਗਾ ਤਾਂ ਜੋ ਤੂੰ ਮੇਰੀ ਪਰਜਾ ਅਰਥਾਤ ਇਸਰਾਏਲੀਆਂ ਨੂੰ ਮਿਸਰ ਵਿੱਚੋਂ ਕੱਢ ਲਿਆਵੇਂ 11ਤਾਂ ਮੂਸਾ ਨੇ ਪਰਮੇਸ਼ੁਰ ਨੂੰ ਆਖਿਆ, ਮੈਂ ਕੌਣ ਹਾਂ ਜੋ ਫ਼ਿਰਊਨ ਕੋਲ ਜਾਵਾਂ ਅਤੇ ਇਸਰਾਏਲੀਆਂ ਨੂੰ ਮਿਸਰ ਤੋਂ ਕੱਢ ਲਿਆਵਾਂ? 12ਉਸ ਆਖਿਆ, ਮੈਂ ਤੇਰੇ ਨਾਲ ਹੋਵਾਂਗਾਈ ਅਤੇ ਤੇਰੇ ਲਈ ਏਹ ਪਤਾ ਹੋਵੇਗਾ ਕਿ ਮੈਂ ਤੈਨੂੰ ਘੱਲਿਆ ਭਈ ਜਦ ਤੂੰ ਏਸ ਪਰਜਾ ਨੂੰ ਮਿਸਰ ਤੋਂ ਕੱਢ ਲਿਆਵੇਗਾਂ ਤਾਂ ਤੁਸੀਂ ਏਸ ਪਹਾੜ ਉੱਤੇ ਪਰਮੇਸ਼ੁਰ ਦੀ ਉਪਾਸਨਾ ਕਰੋਗੇ।।
13ਫੇਰ ਮੂਸਾ ਨੇ ਪਰਮੇਸ਼ੁਰ ਨੂੰ ਆਖਿਆ, ਵੇਖ ਜਦ ਮੈਂ ਇਸਰਾਏਲੀਆਂ ਦੇ ਕੋਲ ਜਾਵਾਂ ਅਰ ਉਨ੍ਹਾਂ ਨੂੰ ਆਖਾਂ ਭਈ ਤੁਹਾਡੇ ਪਿਉ ਦਾਦਿਆਂ ਦੇ ਪਰਮੇਸ਼ੁਰ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਹੈ ਤਾਂ ਓਹ ਮੈਨੂੰ ਆਖਣਗੇ ਭਈ ਉਸ ਦਾ ਨਾਮ ਕੀ ਹੈ? ਤਾਂ ਮੈਂ ਉਨ੍ਹਾਂ ਨੂੰ ਕੀ ਦੱਸਾਂ? 14ਪਰਮੇਸ਼ੁਰ ਨੇ ਮੂਸਾ ਨੂੰ ਆਖਿਆ, “ਮੈਂ ਹਾਂ ਜੋ ਮੈਂ ਹਾਂ”#3:14 ਅਥਵਾ "ਮੈਂ ਹੋਵਾਂਗਾ ਜੋ ਮੈਂ ਹੋਵਾਂਗਾ" । ਅਤੇ ਤੂੰ ਇਸਰਾਏਲੀਆਂ ਨੂੰ ਐਉਂ ਆਖੀਂ ਕਿ “ਮੈਂ ਹਾਂ” ਨਾਮੀ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਹੈ 15ਪਰਮੇਸ਼ੁਰ ਨੇ ਮੂਸਾ ਨੂੰ ਹੋਰ ਇਹ ਆਖਿਆ, ਤੂੰ ਇਸਰਾਏਲੀਆਂ ਨੂੰ ਐਉਂ ਆਖੀਂ ਕਿ ਯਹੋਵਾਹ ਤੁਹਾਡੇ ਪਿਉ ਦਾਦਿਆਂ ਦੇ ਪਰਮੇਸ਼ੁਰ, ਅਬਰਾਹਾਮ ਦੇ ਪਰਮੇਸ਼ੁਰ, ਇਸਹਾਕ ਦੇ ਪਰਮੇਸ਼ੁਰ, ਅਰ ਯਾਕੂਬ ਦੇ ਪਰਮੇਸ਼ੁਰ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਹੈ। ਸਦੀਪ ਕਾਲ ਤੋਂ ਮੇਰਾ ਏਹੋ ਹੀ ਨਾਮ ਹੈ ਅਤੇ ਪੀੜ੍ਹੀਓਂ ਪੀੜ੍ਹੀ ਮੇਰੀ ਏਹੋ ਹੀ ਯਾਦਗਾਰੀ ਹੈ 16ਜਾਹ ਅਤੇ ਇਸਰਾਏਲ ਦੇ ਬਜ਼ੁਰਗਾਂ ਨੂੰ ਇਕੱਠੇ ਕਰ ਅਤੇ ਉਨ੍ਹਾਂ ਨੂੰ ਆਖ ਕਿ ਯਹੋਵਾਹ ਤੁਹਾਡੇ ਪਿਉ ਦਾਦਿਆਂ ਦੇ ਪਰਮੇਸ਼ੁਰ, ਅਬਰਾਹਾਮ, ਇਸਹਾਕ, ਯਾਕੂਬ ਦੇ ਪਰਮੇਸ਼ੁਰ ਐਉਂ ਆਖਦਿਆਂ ਮੈਨੂੰ ਦਰਸ਼ਣ ਦਿੱਤਾ ਕਿ ਮੈਂ ਜਰੂਰ ਤੁਹਾਡੀ ਖ਼ਬਰ ਲਈ ਅਤੇ ਜੋ ਕੁਝ ਮਿਸਰ ਵਿੱਚ ਤੁਹਾਡੇ ਉੱਤੇ ਬੀਤਿਆ ਹੈ ਡਿੱਠਾ 17ਮੈਂ ਆਖਿਆ ਹੈ ਕਿ ਮੈਂ ਤੁਹਾਨੂੰ ਮਿਸਰ ਦੇ ਦੁੱਖਾਂ ਤੋਂ ਕਨਾਨੀਆਂ, ਹਿੱਤੀਆਂ, ਅਮੋਰੀਆਂ, ਫਰਿੱਜੀਆਂ, ਹਿੱਵੀਆਂ ਅਰ ਯਬੂਸੀਆਂ ਦੇ ਦੇਸ ਵਿੱਚ ਅਰਥਾਤ ਅਜੇਹੇ ਦੇਸ ਵਿੱਚ ਜਿੱਥੇ ਦੁੱਧ ਅਤੇ ਸ਼ਹਿਤ ਵਗਦਾ ਹੈ ਉਤਾਹਾਂ ਲਿਆਵਾਂਗਾ 18ਓਹ ਤੇਰਾ ਬੋਲ ਸੁਣਨਗੇ ਅਤੇ ਤੂੰ ਅਰ ਇਸਰਾਏਲ ਦੇ ਬਜ਼ੁਰਗ ਮਿਸਰ ਦੇ ਰਾਜੇ ਦੇ ਕੋਲ ਜਾ ਕੇ ਉਸ ਨੂੰ ਆਖਿਓ ਕਿ ਯਹੋਵਾਹ ਇਬਰਾਨੀਆਂ ਦਾ ਪਰਮੇਸ਼ੁਰ ਸਾਨੂੰ ਮਿਲਿਆ ਹੈ। ਹੁਣ ਤੂੰ ਸਾਨੂੰ ਤਿੰਨਾਂ ਦਿਨਾਂ ਦੇ ਪੈਂਡੇ ਲਈ ਉਜਾੜ ਵਿੱਚ ਜਾਣ ਦੇਹ ਤਾਂ ਜੋ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਬਲੀਆਂ ਚੜ੍ਹਾਈਏ 19ਪਰ ਮੈਂ ਜਾਣਦਾ ਹਾਂ ਕਿ ਮਿਸਰ ਦਾ ਰਾਜਾ ਤੁਹਾਨੂੰ ਨਾ ਜਾਣ ਦੇਵੇਗਾ, ਹਾਂ, ਤਕੜੇ ਹੱਥੀਂ ਵੀ ਨਹੀਂ 20ਮੈਂ ਆਪਣਾ ਹੱਥ ਪਸਾਰਾਂਗਾ ਅਤੇ ਮਿਸਰ ਨੂੰ ਆਪਣਿਆਂ ਸਭ ਅਚਰਜ ਕੰਮਾਂ ਨਾਲ ਜੋ ਮੈਂ ਉਸ ਵਿੱਚ ਵਿਖਾਂਵਾਗਾ ਮਾਰਾਂਗਾ। ਉਸ ਦੇ ਪਿੱਛੋਂ ਉਹ ਤੁਹਾਨੂੰ ਜਾਣ ਦੇਵੇਗਾ 21ਅਤੇ ਮੈਂ ਇਸ ਪਰਜਾ ਲਈ ਮਿਸਰੀਆਂ ਦੀਆਂ ਅੱਖਾਂ ਵਿੱਚ ਦਯਾ ਪਾਵਾਂਗਾ ਅਤੇ ਐਉਂ ਹੋਵੇਗਾ ਕਿ ਜਾਂ ਤੁਸੀਂ ਜਾਓਗੇ ਤਾਂ ਖਾਲੀ ਹੱਥੀਂ ਨਾ ਜਾਓਗੇ 22ਸਗੋਂ ਇੱਕ ਇੱਕ ਤੀਵੀਂ ਆਪਣੀ ਗਵਾਂਢਣ ਤੋਂ ਅਰ ਉਸ ਤੋਂ ਜੋ ਉਸ ਦੇ ਘਰ ਵਿੱਚ ਰਹਿੰਦੀ ਹੈ ਚਾਂਦੀ ਦੇ ਗਹਿਣੇ ਅਰ ਸੋਨੇ ਦੇ ਗਹਿਣੇ ਅਰ ਬਸਤ੍ਰ ਮੰਗੇਗੀ ਅਤੇ ਤੁਸੀਂ ਆਪਣੇ ਪੁੱਤ੍ਰਾਂ ਅਤੇ ਧੀਆਂ ਦੇ ਪਾਓਗੇ ਅਰ ਮਿਸਰੀਆਂ ਨੂੰ ਲੁੱਟ ਲਓਗੇ।।

Currently Selected:

ਕੂਚ 3: PUNOVBSI

Highlight

Share

Copy

None

Want to have your highlights saved across all your devices? Sign up or sign in