ਕੂਚ 4
4
ਮੂਸਾ ਮਿਸਰ ਨੂੰ ਮੁੜਦਾ ਹੈ
1ਤਾਂ ਮੂਸਾ ਨੇ ਉੱਤ੍ਰ ਦਿੱਤਾ ਕਿ ਵੇਖ ਓਹ ਮੇਰੀ ਪਰਤੀਤ ਨਾ ਕਰਨਗੇ ਨਾ ਮੇਰੀ ਅਵਾਜ਼ ਸੁਣਨਗੇ ਸਗੋਂ ਓਹ ਆਖਣਗੇ ਯਹੋਵਾਹ ਨੇ ਤੈਨੂੰ ਦਰਸ਼ਣ ਨਹੀਂ ਦਿੱਤਾ 2ਤਾਂ ਯਹੋਵਾਹ ਨੇ ਉਸ ਨੂੰ ਆਖਿਆ, ਤੇਰੇ ਹੱਥ ਵਿੱਚ ਕੀ ਹੈ? ਉਸ ਆਖਿਆ, ਢਾਂਗਾ। ਤਾਂ ਉਸ ਨੇ ਆਖਿਆ, ਏਸ ਨੂੰ ਧਰਤੀ ਉੱਤੇ ਸੁੱਟ ਦੇਹ 3ਤਾਂ ਉਸ ਨੇ ਧਰਤੀ ਉੱਤੇ ਸੁੱਟ ਦਿੱਤਾ। ਉਹ ਸੱਪ ਬਣ ਗਿਆ ਅਤੇ ਮੂਸਾ ਉਸ ਦੇ ਅੱਗੋਂ ਭੱਜਾ 4ਯਹੋਵਾਹ ਨੇ ਮੂਸਾ ਨੂੰ ਆਖਿਆ, ਆਪਣਾ ਹੱਥ ਵਧਾ ਕੇ ਉਸ ਨੂੰ ਪੂਛੋਂ ਫੜ ਲੈ ਤਾਂ ਉਸ ਨੇ ਆਪਣਾ ਹੱਥ ਵਧਾ ਕੇ ਉਸ ਨੂੰ ਫੜ ਲਿਆ ਅਤੇ ਉਹ ਦੇ ਹੱਥ ਵਿੱਚ ਢਾਂਗਾ ਬਣ ਗਿਆ 5ਤਾਂ ਜੋ ਓਹ ਪਰਤੀਤ ਕਰਨ ਭਈ ਯਹੋਵਾਹ ਉਨ੍ਹਾਂ ਦੇ ਪਿਉ ਦਾਦਿਆਂ ਦੇ ਪਰਮੇਸ਼ੁਰ, ਅਬਰਾਹਾਮ ਦੇ ਪਰਮੇਸ਼ੁਰ ਅਰ ਇਸਹਾਕ ਦੇ ਪਰਮੇਸ਼ੁਰ, ਅਰ ਯਾਕੂਬ ਦੇ ਪਰਮੇਸ਼ੁਰ ਨੇ ਤੈਨੂੰ ਦਰਸ਼ਣ ਦਿੱਤਾ 6ਯਹੋਵਾਹ ਨੇ ਉਸ ਨੂੰ ਹੋਰ ਏਹ ਆਖਿਆ, ਹੁਣ ਤੂੰ ਆਪਣਾ ਹੱਥ ਆਪਣੀ ਹਿੱਕ ਉੱਤੇ ਰੱਖ ਤਾਂ ਉਸ ਆਪਣਾ ਹੱਥ ਆਪਣੀ ਹਿੱਕ ਉੱਤੇ ਰੱਖਿਆ। ਜਾਂ ਉਸ ਨੇ ਉਹ ਕੱਢਿਆ ਤਾਂ ਵੇਖੋ ਉਹ ਦਾ ਹੱਥ ਕੋੜ੍ਹ ਨਾਲ ਬਰਫ਼ ਵਰਗਾ ਹੋ ਗਿਆ ਸੀ 7ਸੋ ਉਸ ਆਖਿਆ, ਤੂੰ ਫੇਰ ਆਪਣਾ ਹੱਥ ਆਪਣੀ ਹਿੱਕ ਉੱਤੇ ਰੱਖ। ਉਸ ਨੇ ਆਪਣਾ ਹੱਥ ਆਪਣੀ ਹਿੱਕ ਉੱਤੇ ਫੇਰ ਰੱਖਿਆ ਤਾਂ ਜਦ ਬਾਹਰ ਕੱਢਿਆ ਵੇਖੋ ਉਹ ਉਸ ਦੇ ਬਾਕੀ ਸਰੀਰ ਵਰਗਾ ਹੋ ਗਿਆ 8ਫੇਰ ਐਉਂ ਹੋਵੇਗਾ ਭਈ ਜੇ ਓਹ ਤੇਰੀ ਪਰਤੀਤ ਨਾ ਕਰਨ ਨਾ ਹੀ ਪਹਿਲੇ ਨਿਸ਼ਾਨ ਦਾ ਮਤਲਬ ਮੰਨਣ ਤਾਂ ਓਹ ਦੂਜੇ ਨਿਸ਼ਾਨ ਦੇ ਮਤਲਬ ਉੱਤੇ ਪਰਤੀਤ ਕਰਨਗੇ 9ਅਤੇ ਐਉਂ ਹੋਵੇਗਾ ਭਈ ਜੇ ਕਰ ਓਹ ਇਨ੍ਹਾਂ ਦੋਹਾਂ ਨਿਸ਼ਾਨਾਂ ਉੱਤੇ ਵੀ ਪਰਤੀਤ ਨਾ ਕਰਨ ਨਾ ਤੇਰੀ ਅਵਾਜ਼ ਨੂੰ ਸੁਣਨ ਤਾਂ ਤੂੰ ਦਰਿਆ ਦਾ ਪਾਣੀ ਲੈਕੇ ਸੁੱਕੀ ਭੋਂ ਉੱਤੇ ਡੋਹਲੀਂ। ਉਹ ਪਾਣੀ ਜਿਹੜਾ ਤੂੰ ਦਰਿਆ ਤੋਂ ਲਵੇਂਗਾ ਉਹ ਉਸ ਭੋਂ ਉੱਤੇ ਲਹੂ ਹੋ ਜਾਵੇਗਾ।।
10ਜਦ ਮੂਸਾ ਨੇ ਯਹੋਵਾਹ ਨੂੰ ਆਖਿਆ, ਹੇ ਪ੍ਰਭੁ ਮੈਂ ਧੜੱਲੇ ਦਾਰ ਗੱਲਾਂ ਕਰਨ ਵਾਲਾ ਮਨੁੱਖ ਨਹੀਂ ਹਾਂ ਨਾ ਅੱਗੇ ਸਾਂ ਨਾ ਜਦ ਤੋਂ ਤੂੰ ਆਪਣੇ ਦਾਸ ਨਾਲ ਬੋਲਿਆ ਕਿਉਂ ਜੋ ਮੇਰੀ ਬੋਲੀ ਢਿੱਲੀ ਹੈ ਅਤੇ ਮੇਰੀ ਜੀਭ ਮੋਟੀ ਹੈ 11ਤਾਂ ਯਹੋਵਾਹ ਨੇ ਉਸ ਨੂੰ ਆਖਿਆ, ਆਦਮੀ ਦਾ ਮੂੰਹ ਕਿਸ ਬਣਾਇਆ ਅਤੇ ਕੌਣ ਗੁੰਗਾ ਯਾ ਬੋਲਾ ਯਾ ਸੁਜਾਖਾ ਯਾ ਅੰਨ੍ਹਾ ਬਣਾਉਂਦਾ ਹੈ? 12ਭਲਾ, ਮੈਂ ਯਹੋਵਾਹ ਹੀ ਨਹੀਂ? ਸੋ ਹੁਣ ਤੂੰ ਜਾਹ। ਮੈਂ ਤੇਰੇ ਮੂੰਹ ਦੇ ਨਾਲ ਹੋਵਾਂਗਾ ਅਤੇ ਜੋ ਕੁਝ ਤੈਂ ਬੋਲਣਾ ਹੈ ਸੋ ਮੈਂ ਤੈਨੂੰ ਸਿਖਾਵਾਂਗਾ 13ਤਾਂ ਉਸ ਆਖਿਆ, ਹੇ ਪ੍ਰਭੁ ਜਿਸ ਦੇ ਹੱਥ ਤੂੰ ਘੱਲਣਾ ਚਾਹੇਂ ਘੱਲ ਦੇਹ 14ਫਿਰ ਯਹੋਵਾਹ ਦਾ ਕਰੋਧ ਮੂਸਾ ਉੱਤੇ ਭੜਕਿਆ ਅਰ ਉਸ ਆਖਿਆ, ਕੀ ਹਾਰੂਨ ਲੇਵੀ ਤੇਰਾ ਭਰਾ ਨਹੀਂ? ਮੈਂ ਜਾਣਦਾ ਹਾਂ ਕਿ ਉਹ ਇੱਕ ਚੰਗਾ ਬੋਲਣ ਵਾਲਾ ਹੈ। ਨਾਲੇ ਵੇਖ ਉਹ ਤੇਰੇ ਮਿਲਨ ਨੂੰ ਨਿਕੱਲਿਆ ਆਉਂਦਾ ਹੈ ਅਤੇ ਤੈਨੂੰ ਵੇਖ ਕੇ ਆਪਣੇ ਮਨ ਵਿੱਚ ਅਨੰਦ ਹੋਵੇਗਾ 15ਤੂੰ ਉਸ ਦੇ ਨਾਲ ਬੋਲੇਂਗਾ ਅਤੇ ਉਸ ਦੇ ਮੂੰਹ ਵਿੱਚ ਗੱਲਾਂ ਪਾਵੇਂਗਾ ਅਤੇ ਮੈਂ ਤੇਰੇ ਮੂੰਹ ਨਾਲ ਅਤੇ ਉਹ ਦੇ ਮੂੰਹ ਨਾਲ ਹੋਵਾਂਗਾ ਅਤੇ ਜੋ ਤੁਸਾਂ ਕਰਨਾ ਹੈ ਮੈਂ ਤੁਹਾਨੂੰ ਸਿਖਾਵਾਂਗਾ 16ਉਹ ਤੇਰੀ ਵੱਲੋਂ ਪਰਜਾ ਨਾਲ ਬੋਲੇਗਾ ਅਤੇ ਐਉਂ ਹੋਵੇਗਾ ਕਿ ਉਹ ਤੇਰੇ ਲਈ ਮੂੰਹ ਜਿਹਾ ਹੋਵੇਗਾ ਅਰ ਤੂੰ ਉਸ ਲਈ ਪਰਮੇਸ਼ੁਰ ਜਿਹਾ ਹੋਵੇਂਗਾ 17ਤੂੰ ਏਹ ਢਾਂਗਾ ਆਪਣੇ ਹੱਥ ਵਿੱਚ ਲਈਂ ਜਿਹਦੇ ਨਾਲ ਤੂੰ ਉਨ੍ਹਾਂ ਨਿਸ਼ਾਨਾਂ ਨੂੰ ਵਿਖਾਵੇਂਗਾ।।
18ਮੂਸਾ ਆਪਣੇ ਸੌਹਰੇ ਯਿਥਰੋ ਵੱਲ ਮੁੜ ਗਿਆ ਅਰ ਉਸ ਨੂੰ ਆਖਿਆ, ਦਯਾ ਕਰ ਕੇ ਮੈਨੂੰ ਜਾਣ ਦਿਓ। ਮੈਨੂੰ ਮਿਸਰ ਵਿੱਚ ਆਪਣੇ ਭਰਾਵਾਂ ਕੋਲ ਮੁੜਨ ਦਿਓ ਤਾਂ ਜੋ ਮੈਂ ਵੇਖਾਂ ਭਈ ਓਹ ਅਜੇ ਤੀਕ ਜੀਉਂਦੇ ਹਨ ਤਾਂ ਯਿਥਰੋ ਨੇ ਮੂਸਾ ਨੂੰ ਆਖਿਆ, ਸੁਖ ਸਾਂਦ ਨਾਲ ਜਾਹ 19ਤਾਂ ਯਹੋਵਾਹ ਨੇ ਮਿਦਯਾਨ ਵਿੱਚ ਮੂਸਾ ਨੂੰ ਆਖਿਆ, ਜਾਹ ਅਰ ਮਿਸਰ ਨੂੰ ਮੁੜ ਕਿਉਂ ਜੋ ਤੇਰੀ ਜਾਨ ਦੇ ਲਾਗੂ ਮਰ ਗਏ ਹਨ 20ਮੂਸਾ ਨੇ ਆਪਣੀ ਪਤਨੀ ਅਰ ਆਪਣੇ ਪੁੱਤ੍ਰਾਂ ਨੂੰ ਲੈਕੇ ਖੋਤੇ ਉੱਤੇ ਅਸਵਾਰ ਕੀਤਾ ਅਰ ਉਹ ਮਿਸਰ ਦੇਸ ਨੂੰ ਮੁੜ ਪਿਆ ਅਤੇ ਮੂਸਾ ਪਰਮੇਸ਼ੁਰ ਦਾ ਢਾਂਗਾ ਆਪਣੇ ਹੱਥ ਵਿੱਚ ਲੈ ਗਿਆ 21ਯਹੋਵਾਹ ਨੇ ਮੂਸਾ ਨੂੰ ਆਖਿਆ, ਜਦ ਤੂੰ ਮਿਸਰ ਵੱਲ਼ ਮੁੜ ਜਾਵੇਂ ਤਾਂ ਵੇਖ ਤੂੰ ਸਾਰੇ ਅਚਰਜ ਕੰਮ ਜਿਹੜੇ ਮੈਂ ਤੇਰੇ ਹੱਥ ਵਿੱਚ ਰੱਖੇ ਹਨ ਫ਼ਿਰਊਨ ਦੇ ਸਨਮੁਖ ਕਰੀਂ ਪਰ ਮੈਂ ਉਸ ਦੇ ਮਨ ਨੂੰ ਕਠੋਰ ਹੋਣ ਦਿਆਂਗਾ ਅਰ ਉਹ ਪਰਜਾ ਨੂੰ ਜਾਣ ਨਾ ਦੇਵੇਗਾ 22ਤਾਂ ਤੂੰ ਫ਼ਿਰਊਨ ਨੂੰ ਆਖੀਂ, ਯਹੋਵਾਹ ਐਉਂ ਫਰਮਾਉਂਦਾ ਹੈ ਕਿ ਇਸਰਾਏਲ ਮੇਰਾ ਪਲੋਠਾ ਪੁੱਤ੍ਰ ਹੈ 23ਅਰ ਮੈਂ ਤੈਨੂੰ ਆਖਿਆ ਹੈ, ਮੇਰੇ ਪੁੱਤ੍ਰ ਨੂੰ ਜਾਣ ਦੇਹ ਤਾਂ ਜੋ ਉਹ ਮੇਰੀ ਬੰਦਗੀ ਕਰੇ ਅਰ ਤੈਂ ਉਸ ਦੇ ਜਾਣ ਦੇਣ ਤੋਂ ਇਨਕਾਰ ਕੀਤਾ ਹੈ। ਵੇਖ ਮੈਂ ਤੇਰੇ ਪੁੱਤ੍ਰ ਸਗੋਂ ਤੇਰੇ ਪਲੋਠੇ ਪੁੱਤ੍ਰ ਨੂੰ ਜਾਨੋਂ ਮਾਰ ਦਿਆਂਗਾ 24ਤਾਂ ਰਸਤੇ ਵਿੱਚ ਪੜਾਓ ਉੱਤੇ ਐਉਂ ਹੋਇਆ ਕਿ ਯਹੋਵਾਹ ਉਸ ਨੂੰ ਮਿਲਿਆ ਅਰ ਉਸ ਨੂੰ ਮਾਰਨਾ ਚਾਹਿਆ 25ਤਾਂ ਸਿੱਪੋਰਾਹ ਨੇ ਇੱਕ ਚਕ ਮਕ ਦੀ ਪੱਥਰੀ ਲੈ ਕੇ ਆਪਣੇ ਪੁੱਤ੍ਰ ਦੀ ਖੱਲੜੀ ਕੱਟ ਸੁੱਟੀ ਅਰ ਉਸ ਨੂੰ ਉਸ ਦੇ ਪੈਰਾਂ ਵਿੱਚ ਸੁੱਟ ਦਿੱਤਾ ਅਤੇ ਆਖਿਆ, ਤੂੰ ਸੱਚ ਮੁਚ ਮੇਰੇ ਲਈ ਇੱਕ ਖੂਨੀ ਪਤੀ ਹੈਂ 26ਸੋ ਉਸ ਨੇ ਉਹ ਨੂੰ ਛੱਡ ਦਿੱਤਾ। ਫਿਰ ਉਸ ਨੇ ਉਹ ਨੂੰ ਆਖਿਆ, ਸੁੰਨਤ ਦੇ ਕਾਰਨ ਤੂੰ ਖੂਨੀ ਪਤੀ ਹੋਇਆ ਹੈਂ।।
27ਫੇਰ ਯਹੋਵਾਹ ਨੇ ਹਾਰੂਨ ਨੂੰ ਆਖਿਆ, ਜਾਹ ਅਤੇ ਮੂਸਾ ਨੂੰ ਉਜਾੜ ਵਿੱਚ ਮਿਲ ਤਾਂ ਉਹ ਚੱਲਾ ਗਿਆ ਅਰ ਉਸ ਨੂੰ ਪਰਮੇਸ਼ੁਰ ਦੇ ਪਹਾੜ ਉੱਤੇ ਮਿਲਿਆ ਅਤੇ ਉਸ ਨੂੰ ਚੁੰਮਿਆ 28ਤਾਂ ਮੂਸਾ ਨੇ ਹਾਰੂਨ ਨੂੰ ਯਹੋਵਾਹ ਦੀਆਂ ਸਾਰੀਆਂ ਗੱਲਾਂ ਦੱਸੀਆਂ ਜਿਨ੍ਹਾਂ ਲਈ ਉਸ ਨੂੰ ਘੱਲਿਆ ਸੀ ਨਾਲੇ ਓਹ ਸਾਰੇ ਨਿਸ਼ਾਨ ਜਿਨ੍ਹਾਂ ਦਾ ਉਸ ਨੂੰ ਹੁਕਮ ਦਿੱਤਾ ਸੀ 29ਸੋ ਮੂਸਾ ਅਰ ਹਾਰੂਨ ਚੱਲੇ ਗਏ ਅਰ ਇਸਰਾਏਲੀਆਂ ਦੇ ਸਾਰੇ ਬਜ਼ੁਰਗਾਂ ਨੂੰ ਇਕੱਠੇ ਕੀਤਾ 30ਅਤੇ ਹਾਰੂਨ ਨੇ ਸਾਰੀਆਂ ਗੱਲਾਂ ਜਿਹੜੀਆਂ ਯਹੋਵਾਹ ਨੇ ਮੂਸਾ ਨਾਲ ਕੀਤੀਆਂ ਸਨ ਦੱਸੀਆਂ ਅਤੇ ਪਰਜਾ ਦੇ ਵੇਖਦਿਆਂ ਓਹ ਨਿਸ਼ਾਨ ਵਿਖਾਏ 31ਤਾਂ ਪਰਜਾ ਨੇ ਪਰਤੀਤ ਕੀਤੀ ਅਤੇ ਜਦ ਉਨ੍ਹਾਂ ਨੇ ਸੁਣਿਆ ਭਈ ਯਹੋਵਾਹ ਨੇ ਇਸਰਾਏਲੀਆਂ ਦੀ ਖ਼ਬਰ ਲੀਤੀ ਹੈ ਅਤੇ ਉਨ੍ਹਾਂ ਦਾ ਦੁਖ ਵੇਖਿਆ ਹੈ ਤਾਂ ਆਪਣੇ ਸੀਸ ਨਿਵਾ ਕੇ ਮੱਥਾ ਟੇਕਿਆ।।
Currently Selected:
ਕੂਚ 4: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.