YouVersion Logo
Search Icon

ਕੂਚ 2

2
ਮੂਸਾ ਦਾ ਜਨਮ
1ਲੇਵੀ ਦੇ ਘਰਾਣੇ ਦੇ ਇੱਕ ਮਨੁੱਖ ਨੇ ਜਾਕੇ ਇੱਕ ਲੇਵੀ ਦੀ ਧੀ ਨੂੰ ਵਿਆਹ ਲਿਆ 2ਅਤੇ ਉਹ ਤੀਵੀਂ ਗਰਭਵੰਤੀ ਹੋਈ ਅਰ ਪੁੱਤ੍ਰ ਜਣੀ। ਜਾਂ ਉਸ ਨੇ ਵੇਖਿਆ ਕਿ ਉਹ ਸੋਹਣਾ ਹੈ ਤਾਂ ਉਸ ਨੂੰ ਤਿੰਨ ਮਹੀਨੇ ਲੁਕਾ ਛੱਡਿਆ 3ਜਾਂ ਅੱਗੇ ਨੂੰ ਲੁਕਾ ਨਾ ਸੱਕੀ ਤਾਂ ਉਸ ਨੇ ਕਾਨਿਆਂ ਦਾ ਇੱਕ ਟੋਕਰਾ ਲੈ ਕੇ ਉਸ ਨੂੰ ਚੀਕਣੀ ਮਿੱਟੀ ਅਤੇ ਰਾਲ ਦੇ ਨਾਲ ਲਿੱਪਿਆ ਅਰ ਬਾਲ ਨੂੰ ਉਸ ਦੇ ਵਿੱਚ ਪਾਕੇ ਦਰਿਆ ਦੇ ਕੰਢੇ ਪਿਲਛੀ ਵਿੱਚ ਰੱਖ ਦਿੱਤਾ 4ਅਤੇ ਉਸ ਦੀ ਭੈਣ ਦੂਰ ਖੜੀ ਸੀ ਤਾਂ ਜਾਣੇ ਭਈ ਉਸ ਨਾਲ ਕੀ ਬੀਤਦੀ ਹੈ 5ਫ਼ਿਰਊਨ ਦੀ ਧੀ ਅਸ਼ਨਾਨ ਕਰਨ ਲਈ ਦਰਿਆ ਉੱਤੇ ਉੱਤਰੀ ਅਰ ਤਾਂ ਉਸ ਦੀਆਂ ਸਹੇਲੀਆਂ ਦਰਿਆ ਦੇ ਕੰਢੇ ਕੰਢੇ ਫਿਰਦੀਆਂ ਸਨ ਤਾਂ ਉਸ ਨੇ ਪਿਲਛੀ ਵਿੱਚ ਟੋਕਰਾ ਵੇਖਿਆ। ਉਸ ਆਪਣੀ ਟਹਿਲਣ ਨੂੰ ਉਸ ਦੇ ਲਿਆਉਣ ਨੂੰ ਘੱਲਿਆ 6ਜਾਂ ਉਸ ਨੇ ਉਸ ਨੂੰ ਖੋਲ੍ਹਿਆ ਤਾਂ ਉਸ ਨੇ ਬਾਲ ਨੂੰ ਡਿੱਠਾ ਅਤੇ ਵੇਖੋ ਉਹ ਮੁੰਡਾ ਰੋ ਰਿਹਾ ਸੀ। ਉਸ ਨੂੰ ਉਸ ਉੱਤੇ ਤਰਸ ਆਇਆ ਅਰ ਉਸ ਨੇ ਆਖਿਆ ਕਿ ਏਹ ਇਬਰਾਨੀਆਂ ਦੇ ਬਾਲਾਂ ਵਿੱਚੋਂ ਹੈ 7ਤਾਂ ਉਸ ਦੀ ਭੈਣ ਨੇ ਫ਼ਿਰਊਨ ਦੀ ਧੀ ਨੂੰ ਆਖਿਆ, ਮੈਂ ਜਾਕੇ ਇਬਰਾਨਣਾਂ ਵਿੱਚੋਂ ਕਿਸੇ ਚੁੰਘਾਵੀ ਨੂੰ ਤੁਹਾਡੇ ਕੋਲ ਲਿਆਵਾਂ ਤਾਂ ਜੋ ਉਹ ਤੁਹਾਡੇ ਲਈ ਏਸ ਬਾਲ ਨੂੰ ਦੁੱਧ ਚੁੰਘਾਇਆ ਕਰੇ? 8ਤਾਂ ਫ਼ਿਰਊਨ ਦੀ ਧੀ ਨੇ ਆਖਿਆ, ਜਾਹ। ਉਹ ਛੋਕਰੀ ਜਾਕੇ ਬਾਲ ਦੀ ਮਾਂ ਨੂੰ ਸੱਦ ਲਿਆਈ 9ਤਾਂ ਫ਼ਿਰਊਨ ਦੀ ਧੀ ਨੇ ਉਸ ਨੂੰ ਆਖਿਆ, ਏਸ ਬਾਲ ਨੂੰ ਲੈ ਅਰ ਮੇਰੇ ਲਈ ਦੁੱਧ ਚੁੰਘਾ। ਮੈਂ ਤੈਨੂੰ ਮਜਦੂਰੀ ਦੇਵਾਂਗੀ। ਤਾਂ ਉਸ ਤੀਵੀਂ ਨੇ ਬਾਲ ਨੂੰ ਲੈ ਕੇ ਦੁੱਧ ਚੁੰਘਾਇਆ 10ਜਾਂ ਬਾਲ ਵੱਡਾ ਹੋ ਗਿਆ ਤਾਂ ਉਹ ਉਸ ਨੂੰ ਫ਼ਿਰਊਨ ਦੀ ਧੀ ਕੋਲ ਆਈ। ਉਹ ਉਸ ਦਾ ਪੁੱਤ੍ਰ ਠਹਿਰਿਆ ਅਤੇ ਉਸ ਨੇ ਇਹ ਕਹਿ ਕੇ ਉਹ ਦਾ ਨਾਮ ਮੂਸਾ ਰੱਖਿਆ ਭਈ ਮੈਂ ਏਸ ਨੂੰ ਪਾਣੀ ਵਿੱਚੋਂ ਕੱਢਿਆ ਹੈ।। 11ਫੇਰ ਐਉਂ ਹੋਇਆ ਕਿ ਉਨ੍ਹਾਂ ਦਿਨਾਂ ਵਿੱਚ ਜਾਂ ਮੂਸਾ ਵੱਡਾ ਹੋਇਆ ਤਾਂ ਉਸ ਆਪਣੇ ਭਰਾਵਾਂ ਕੋਲ ਬਾਹਰ ਜਾਕੇ ਉਨ੍ਹਾਂ ਦੇ ਭਾਰਾਂ ਨੂੰ ਡਿੱਠਾ ਅਰ ਉਸ ਨੇ ਇੱਕ ਮਿਸਰੀ ਨੂੰ ਵੇਖਿਆ ਜੋ ਉਸ ਦੇ ਭਰਾਵਾਂ ਵਿੱਚੋਂ ਇੱਕ ਇਬਰਾਨੀ ਨੂੰ ਮਾਰ ਰਿਹਾ ਸੀ 12ਉਸ ਨੇ ਐਧਰ ਓਧਰ ਝਾਤੀ ਮਾਰੀ ਅਤੇ ਜਾਂ ਵੇਖਿਆ ਭਈ ਕੋਈ ਨਹੀਂ ਹੈ ਤਾਂ ਉਸ ਨੇ ਉਸ ਮਿਸਰੀ ਨੂੰ ਮਾਰ ਸੁੱਟਿਆ ਅਤੇ ਰੇਤ ਵਿੱਚ ਲੁੱਕਾ ਦਿੱਤਾ 13ਜਾਂ ਦੂਜੇ ਦਿਨ ਬਾਹਰ ਗਿਆ ਤਾਂ ਵੇਖੋ ਦੋ ਇਬਰਾਨੀ ਆਪੋ ਵਿੱਚ ਲੜ ਰਹੇ ਸਨ ਤਾਂ ਉਸ ਨੇ ਝੂਠੇ ਨੂੰ ਆਖਿਆ, ਤੂੰ ਆਪਣੇ ਸਾਥੀ ਨੂੰ ਕਿਉਂ ਮਾਰਦਾ ਹੈਂ? 14ਤਾਂ ਉਸ ਨੇ ਆਖਿਆ, ਤੈਨੂੰ ਕਿਸ ਨੇ ਸਾਡੇ ਉੱਤੇ ਸਰਦਾਰ ਅਤੇ ਨਿਆਈ ਬਣਾ ਦਿੱਤਾ? ਭਲਾ, ਤੂੰ ਏਹ ਸੋਚਦਾ ਹੈਂ ਕਿ ਜਿਵੇਂ ਤੈਂ ਉਸ ਮਿਸਰੀ ਨੂੰ ਮਾਰ ਸੁੱਟਿਆ ਤਿਵੇਂ ਮੈਨੂੰ ਵੀ ਮਾਰ ਸੁੱਟੇਂਗਾ? ਤਾਂ ਮੂਸਾ ਡਰ ਗਿਆ ਅਤੇ ਆਖਿਆ, ਏਹ ਗੱਲ ਜਰੂਰ ਖੁਲ੍ਹ ਗਈ ਹੈ 15ਜਾਂ ਫ਼ਿਰਊਨ ਨੇ ਏਹ ਗੱਲ ਸੁਣੀ ਤਾਂ ਮੂਸਾ ਨੂੰ ਜਾਨੋਂ ਮਾਰਨ ਦਾ ਜਤਨ ਕੀਤਾ ਪਰ ਮੂਸਾ ਫ਼ਿਰਊਨ ਦੇ ਅੱਗੋਂ ਭੱਜ ਕੇ ਮਿਦਯਾਨ ਦੇ ਦੇਸ ਜਾ ਟਿਕਿਆ ਅਤੇ ਇੱਕ ਖੂਹ ਦੇ ਕੋਲ ਬੈਠ ਗਿਆ।।
16ਮਿਦਯਾਨ ਦੇ ਪੁਜਾਰੀ ਦੀਆਂ ਸੱਤ ਧੀਆਂ ਸਨ। ਉਨ੍ਹਾਂ ਆਕੇ ਪਾਣੀ ਕੱਢਿਆ ਅਤੇ ਆਪਣੇ ਪਿਤਾ ਦੇ ਇੱਜੜ ਨੂੰ ਪਿਲਾਉਣ ਲਈ ਚੁਬੱਚਿਆਂ ਨੂੰ ਭਰ ਲਿਆ 17ਤਾਂ ਅਯਾਲੀਆਂ ਨੇ ਆਣ ਕੇ ਉਨ੍ਹਾਂ ਨੂੰ ਧੱਕੇ ਨਾਲ ਹਟਾ ਦਿੱਤਾ ਪਰ ਮੂਸਾ ਨੇ ਉੱਠ ਕੇ ਉਨ੍ਹਾਂ ਨੂੰ ਬਚਾਇਆ ਅਤੇ ਉਨ੍ਹਾਂ ਦੇ ਇੱਜੜ ਨੂੰ ਪਿਲਾਇਆ 18ਜਾਂ ਓਹ ਆਪਣੇ ਪਿਤਾ ਰਊਏਲ ਕੋਲ ਆਈਆਂ ਤਾਂ ਉਸ ਨੇ ਪੁੱਛਿਆ, ਤੁਸੀਂ ਅੱਜ ਕਿਵੇਂ ਛੇਤੀ ਮੁੜ ਆਈਆਂ ਹੋ? 19ਉਨ੍ਹਾਂ ਨੇ ਆਖਿਆ, ਇੱਕ ਮਿਸਰੀ ਨੇ ਸਾਡੇ ਅਯਾਲੀਆਂ ਦੇ ਹੱਥੋਂ ਛੁਡਾਇਆ ਨਾਲੇ ਸਾਡੇ ਲਈ ਪਾਣੀ ਕੱਢ ਕੱਢ ਕੇ ਇੱਜੜ ਨੂੰ ਪਿਲਾਇਆ 20ਤਾਂ ਉਸ ਨੇ ਆਪਣੀਆਂ ਧੀਆਂ ਨੂੰ ਆਖਿਆ, ਉਹ ਮਨੁੱਖ ਕਿੱਥੇ ਹੈ? ਤੁਸੀਂ ਉਸ ਨੂੰ ਕਿਉਂ ਛੱਡ ਆਈਆਂ ਹੋ? ਉਸ ਨੂੰ ਸੱਦੋ ਜੋ ਉਹ ਰੋਟੀ ਖਾਵੇ 21ਤਾਂ ਮੂਸਾ ਉਸ ਮਨੁੱਖ ਕੋਲ ਰਹਿਣ ਲਈ ਰਾਜੀ ਹੋ ਗਿਆ ਅਰ ਉਸ ਆਪਣੀ ਧੀ ਸਿੱਪੋਰਾ ਮੂਸਾ ਨੂੰ ਵਿਆਹ ਦਿੱਤੀ 22ਅਤੇ ਉਹ ਪੁੱਤ੍ਰ ਜਣੀ ਤਾਂ ਉਸ ਨੇ ਉਸ ਦਾ ਨਾਉਂ ਗੇਰਸ਼ੋਮ ਰੱਖਿਆ ਕਿਉ ਜੋ ਉਸ ਨੇ ਆਖਿਆ, ਮੈਂ ਪਰਦੇਸ ਵਿੱਚ ਪਰਦੇਸੀ ਹੋਇਆ ਹਾਂ।।
23ਤਾਂ ਐਉਂ ਹੋਇਆ ਕਿ ਬਹੁਤ ਦਿਨਾਂ ਦੇ ਪਿੱਛੋਂ ਮਿਸਰ ਦਾ ਰਾਜਾ ਮਰ ਗਿਆ ਅਰ ਇਸਰਾਏਲੀਆਂ ਨੇ ਗੁਲਾਮੀ ਦੇ ਕਾਰਨ ਹੌਕੇ ਲਏ ਅਤੇ ਧਾਹਾਂ ਮਾਰ ਮਾਰ ਕੇ ਰੇਏ ਅਤੇ ਇਨ੍ਹਾਂ ਦੀ ਦੁਹਾਈ ਜੋ ਗੁਲਾਮੀ ਦੇ ਕਾਰਨ ਸੀ ਪਰਮੇਸ਼ੁਰ ਤੀਕ ਅੱਪੜੀ 24ਤਾਂ ਪਰਮੇਸ਼ੁਰ ਨੇ ਉਨ੍ਹਾਂ ਦੀ ਹੂੰਗ ਸੁਣੀ ਅਤੇ ਪਰਮੇਸ਼ੁਰ ਨੇ ਆਪਣੇ ਨੇਮ ਨੂੰ ਜਿਹੜਾ ਅਬਰਾਹਾਮ, ਇਸਹਾਕ ਅਤੇ ਯਾਕੂਬ ਦੇ ਨਾਲ ਸੀ ਚੇਤੇ ਕੀਤਾ 25ਤਾਂ ਪਰਮੇਸ਼ੁਰ ਨੇ ਇਸਰਾਏਲੀਆਂ ਵੱਲ ਨਿਗਾਹ ਕੀਤੀ ਅਤੇ ਪਰਮੇਸ਼ੁਰ ਨੇ ਉਨ੍ਹਾਂ ਦੀ ਖਬਰ ਲਈ।।

Currently Selected:

ਕੂਚ 2: PUNOVBSI

Highlight

Share

Copy

None

Want to have your highlights saved across all your devices? Sign up or sign in