YouVersion Logo
Search Icon

ਕੂਚ 13

13
ਪਲੋਠਿਆਂ ਦਾ ਸੰਕਲਪ
1ਯਹੋਵਾਹ ਮੂਸਾ ਨਾਲ ਬੋਲਿਆ ਕਿ 2ਸਾਰੇ ਪਲੋਠੇ ਜਿਹੜੇ ਇਸਰਾਏਲੀਆਂ ਵਿੱਚ ਕੁੱਖ ਨੂੰ ਖੋਲ੍ਹਦੇ ਹਨ ਮੇਰੇ ਲਈ ਪਵਿੱਤ੍ਰ ਹੋਣ ਭਾਵੇਂ ਆਦਮੀ ਦੇ ਭਾਵੇਂ ਡੰਗਰ ਦੇ ਓਹ ਮੇਰੇ ਹਨ 3ਤਾਂ ਮੂਸਾ ਨੇ ਪਰਜਾ ਨੂੰ ਆਖਿਆ, ਤੁਸੀਂ ਏਹ ਦਿਨ ਚੇਤੇ ਰੱਖੋ ਜਿਸ ਵਿੱਚ ਤੁਸੀਂ ਮਿਸਰ ਤੋਂ ਗੁਲਾਮੀ ਦੇ ਘਰ ਤੋਂ ਬਾਹਰ ਆਏ ਕਿਉਂ ਕਿ ਯਹੋਵਾਹ ਤੁਹਾਨੂੰ ਹੱਥ ਦੇ ਬਲ ਨਾਲ ਉੱਥੋਂ ਕੱਢ ਲਿਆਇਆ। ਖ਼ਮੀਰੀ ਰੋਟੀ ਨਾ ਖਾਧੀ ਜਾਵੇ। 4ਤੁਸੀਂ ਅਬੀਬ ਦੇ ਮਹੀਨੇ ਅੱਜ ਦੇ ਦਿਨ ਬਾਹਰ ਨਿੱਕਲ ਆਏ ਹੋ 5ਅਤੇ ਐਉਂ ਹੋਵੇਗਾ ਕਿ ਜਦ ਯਹੋਵਾਹ ਤੁਹਾਨੂੰ ਕਨਾਨੀਆਂ ਹਿੱਤੀਆਂ ਅਮੋਰੀਆਂ ਹਿੱਵੀਆਂ ਅਰ ਯਬੂਸੀਆਂ ਦੇ ਦੇਸ ਵਿੱਚ ਜੇਹੜਾ ਤੁਹਾਡੇ ਪਿਉ ਦਾਦਿਆਂ ਨਾਲ ਸੌਂਹ ਖਾਕੇ ਤੁਹਾਨੂੰ ਦੇਣ ਲਈ ਆਖਿਆ ਸੀ ਅਤੇ ਜਿਹਦੇ ਵਿੱਚ ਦੁੱਧ ਅਤੇ ਸ਼ਹਿਤ ਵਗਦਾ ਹੈ ਲਿਆਵੇਗਾ ਤਾਂ ਤੁਸੀਂ ਏਸ ਮਹੀਨੇ ਵਿੱਚ ਏਹ ਉਪਾਸਨਾ ਕਰਿਓ 6ਸੱਤਾਂ ਦਿਨਾਂ ਤੀਕ ਪਤੀਰੀ ਰੋਟੀ ਖਾਣੀ ਅਤੇ ਸੱਤਵੇਂ ਦਿਨ ਯਹੋਵਾਹ ਦਾ ਪਰਬ ਹੈ 7ਪਤੀਰੀ ਰੋਟੀ ਸੱਤਾਂ ਦਿਨਾਂ ਤੀਕ ਖਾਧੀ ਜਾਵੇ ਅਤੇ ਕੋਈ ਖ਼ਮੀਰ ਤੁਹਾਡੇ ਕੋਲ ਨਾ ਵੇਖਿਆ ਜਾਵੇ ਨਾ ਖ਼ਮੀਰ ਤੁਹਾਡੀਆਂ ਸਾਰੀਆਂ ਹੱਦਾਂ ਵਿੱਚ ਵੇਖਿਆ ਜਾਵੇ 8ਤੁਸੀਂ ਉਸ ਦਿਨ ਆਪਣੇ ਪੁੱਤ੍ਰਾਂ ਨੂੰ ਏਹ ਦੱਸੋ ਭਈ ਕਾਰਨ ਏਹ ਹੈ ਕਿ ਯਹੋਵਾਹ ਨੇ ਸਾਨੂੰ ਮਿਸਰ ਤੋਂ ਕੱਢਿਆ 9ਏਹ ਤੁਹਾਡੇ ਹੱਥਾਂ ਉੱਤੇ ਨਿਸ਼ਾਨ ਅਤੇ ਤੁਹਾਡੇ ਨੇਤ੍ਰਾਂ ਦੇ ਵਿੱਚ ਯਾਦਗਾਰੀ ਲਈ ਹੋਵੇਗਾ ਤਾਂ ਜੋ ਯਹੋਵਾਹ ਦੀ ਬਿਵਸਥਾ ਤੁਹਾਡੇ ਮੂੰਹ ਵਿੱਚ ਰਹੇ ਕਿਉਂ ਕਿ ਯਹੋਵਾਹ ਨੇ ਤਕੜੇ ਹੱਥ ਨਾਲ ਤੁਹਾਨੂੰ ਮਿਸਰੋਂ ਕੱਢਿਆ 10ਤੁਸੀਂ ਏਸ ਬਿਧੀ ਨੂੰ ਠਹਿਰਾਏ ਹੋਏ ਸਮੇਂ ਉੱਤੇ ਵਰਹੇ ਦੇ ਵਰਹੇ ਮਨਾਇਆ ਕਰੋ।।
11ਤਾਂ ਐਉਂ ਹੋਵੇਗਾ ਕਿ ਜਦ ਯਹੋਵਾਹ ਤੁਹਾਨੂੰ ਕਨਾਨ ਦੇਸ ਵਿੱਚ ਲਿਆਵੇ ਜਿਵੇਂ ਉਸ ਨੇ ਤੁਹਾਡੇ ਨਾਲ ਅਤੇ ਤੁਹਾਡੇ ਪਿਉ ਦਾਦਿਆਂ ਨਾਲ ਸੌਂਹ ਖਾਧੀ ਹੈ ਅਤੇ ਉਹ ਤੁਹਾਨੂੰ ਇਹ ਦੇਵੇ 12ਤਾਂ ਹਰ ਇੱਕ ਕੁੱਖ ਦਾ ਖੋਲ੍ਹਣ ਵਾਲਾ ਯਹੋਵਾਹ ਲਈ ਵੱਖਰਾ ਰੱਖੋ ਨਾਲੇ ਡੰਗਰਾਂ ਵਿੱਚੋਂ ਹਰ ਪਲੋਠਾ ਬੱਚਾ ਜਿਹੜਾ ਤੁਹਾਡਾ ਹੋਵੇ। ਨਰ ਯਹੋਵਾਹ ਦੇ ਹੋਣਗੇ 13ਹਰ ਖੋਤੇ ਦੇ ਪਲੋਠੇ ਨੂੰ ਲੇਲੇ ਨਾਲ ਛੁਡਾ ਲਵੋ ਪਰ ਜੇਕਰ ਨਾ ਛੁਡਾਉਣਾ ਹੋਵੇ ਤਾਂ ਉਸ ਦੀ ਧੌਣ ਤੋੜ ਸੁੱਟੋ ਅਰ ਆਪਣੇ ਪੁੱਤ੍ਰਾਂ ਵਿੱਚੋਂ ਆਦਮੀ ਦੇ ਹਰ ਪਲੋਠੇ ਨੂੰ ਛੁਡਾ ਲਵੋ 14ਐਉਂ ਹੋਵੇਗਾ ਕਿ ਜਦ ਅੱਗੇ ਨੂੰ ਤੁਹਾਡੇ ਪੁੱਤ੍ਰ ਤੁਹਾਥੋਂ ਪੁੱਛਣ ਕਿ ਏਹ ਕੀ ਹੈ? ਤਾਂ ਤੁਸੀਂ ਉਨ੍ਹਾਂ ਨੂੰ ਆਖੋ ਕਿ ਯਹੋਵਾਹ ਨੇ ਸਾਨੂੰ ਮਿਸਰ ਤੋਂ ਗੁਲਾਮੀ ਦੇ ਘਰ ਤੋਂ ਹੱਥ ਦੇ ਬਲ ਨਾਲ ਕੱਢਿਆ ਸੀ 15ਫੇਰ ਐਉਂ ਹੋਇਆ ਕਿ ਜਾਂ ਫ਼ਿਰਊਨ ਨੇ ਸਾਡਾ ਬਾਹਰ ਜਾਣਾ ਔਖਾ ਕਰ ਦਿੱਤਾ ਤਾਂ ਯਹੋਵਾਹ ਨੇ ਮਿਸਰ ਦੇਸ ਦੇ ਸਾਰੇ ਪਲੋਠਿਆਂ ਨੂੰ ਮਾਰ ਸੁੱਟਿਆ ਆਦਮੀ ਦੇ ਪਲੋਠੇ ਤੋਂ ਲੈਕੇ ਡੰਗਰ ਦੇ ਪਲੋਠੇ ਤੀਕ। ਏਸ ਲਈ ਅਸੀਂ ਯਹੋਵਾਹ ਨੂੰ ਨਰਾਂ ਵਿੱਚੋਂ ਹਰ ਇੱਕ ਕੁੱਖ ਦਾ ਖੋਲ੍ਹਣ ਵਾਲਾ ਬਲੀ ਦਿੰਦੇ ਹਾਂ ਅਰ ਆਪਣੇ ਪੁੱਤ੍ਰਾਂ ਵਿੱਚੋਂ ਹਰ ਪਲੋਠੇ ਨੂੰ ਛੁਡਾ ਲੈਂਦੇ ਹਾਂ 16ਏਹ ਤੁਹਾਡਿਆਂ ਹੱਥਾਂ ਵਿੱਚ ਇੱਕ ਨਿਸ਼ਾਨ ਅਤੇ ਤੁਹਾਡੇ ਨੇਤ੍ਰਾਂ ਦੇ ਵਿਚਕਾਰ ਇੱਕ ਤਵੀਤ ਜਿਹਾ ਹੋਵੇਗਾ ਕਿਉਂ ਕਿ ਯਹੋਵਾਹ ਸਾਨੂੰ ਹੱਥ ਦੇ ਬਲ ਨਾਲ ਮਿਸਰ ਤੋਂ ਕੱਢ ਲਿਆਇਆ 17ਤਾਂ ਐਉਂ ਹੋਇਆ ਕਿ ਜਾਂ ਫ਼ਿਰਊਨ ਨੇ ਲੋਕਾਂ ਨੂੰ ਜਾਣ ਦਿੱਤਾ ਤਾਂ ਪਰਮੇਸ਼ੁਰ ਉਨ੍ਹਾਂ ਨੂੰ ਫਲਿਸਤੀਆਂ ਦੇ ਦੇਸ ਦੇ ਰਾਹ ਨਾ ਲੈ ਗਿਆ ਭਾਵੇਂ ਉਹ ਨੇੜੇ ਸੀ ਕਿਉਂ ਜੋ ਪਰਮੇਸ਼ੁਰ ਨੇ ਆਖਿਆ, ਸ਼ਾਇਤ ਲੋਕ ਜੰਗ ਨੂੰ ਵੇਖ ਕੇ ਪਛਤਾਉਣ ਅਰ ਮਿਸਰ ਨੂੰ ਮੁੜ ਜਾਣ 18ਸਗੋਂ ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨੂੰ ਭੁਆ ਕੇ ਲਾਲ ਸਮੁੰਦਰ ਦੀ ਉਜਾੜ ਦੀ ਰਾਹ ਪਾ ਦਿੱਤਾ ਅਰ ਇਸਰਾਏਲੀ ਸ਼ਸਤ੍ਰ ਬੰਨ੍ਹ ਕੇ ਮਿਸਰ ਦੇਸ ਤੋਂ ਚੱਲੇ ਆਏ 19ਮੂਸਾ ਨੇ ਯੂਸੁਫ਼ ਦੀਆਂ ਹੱਡੀਆਂ ਆਪਣੇ ਨਾਲ ਲੈ ਲਈਆਂ ਕਿਉਂ ਜੋ ਉਸ ਨੇ ਇਸਰਾਏਲੀਆਂ ਕੋਲੋਂ ਸੌਂਹ ਲੈਕੇ ਤਕੀਦ ਕੀਤੀ ਸੀ ਭਈ ਪਰਮੇਸ਼ੁਰ ਤੁਹਾਨੂੰ ਜਰੂਰ ਚੇਤੇ ਕਰੇਗਾ ਅਤੇ ਤੁਸੀਂ ਮੇਰੀਆਂ ਹੱਡੀਆਂ ਨੂੰ ਐਥੋਂ ਆਪਣੇ ਨਾਲ ਲੈ ਜਾਇਓ 20ਫੇਰ ਉਨ੍ਹਾਂ ਨੇ ਸੁੱਕੋਥ ਤੋਂ ਕੂਚ ਕਰ ਕੇ ਉਜਾੜ ਦੇ ਕੰਢੇ ਏਥਾਮ ਵਿੱਚ ਡੇਰਾ ਕੀਤਾ 21ਯਹੋਵਾਹ ਉਨ੍ਹਾਂ ਨੂੰ ਰਾਹ ਦੱਸਣ ਲਈ ਦਿਨ ਨੂੰ ਬੱਦਲ ਦੇ ਥੰਮ੍ਹ ਵਿੱਚ ਅਤੇ ਰਾਤੀਂ ਉਨ੍ਹਾਂ ਨੂੰ ਚਾਨਣਾ ਦੇਣ ਲਈ ਅੱਗ ਦੇ ਥੰਮ੍ਹ ਵਿੱਚ ਉਨ੍ਹਾਂ ਦੇ ਅੱਗੇ ਅੱਗੇ ਤੁਰਦਾ ਸੀ ਤਾਂ ਜੋ ਦਿਨ ਅਤੇ ਰਾਤ ਨੂੰ ਚੱਲਦੇ ਜਾਣ 22ਬੱਦਲ ਦਾ ਥੰਮ੍ਹ ਦਿਨ ਨੂੰ ਅਤੇ ਅੱਗ ਦਾ ਥੰਮ੍ਹ ਰਾਤ ਨੂੰ ਉਨ੍ਹਾਂ ਲੋਕਾਂ ਦੇ ਅੱਗੋਂ ਕਦੀ ਨਾ ਹਟਿਆ।।

Currently Selected:

ਕੂਚ 13: PUNOVBSI

Highlight

Share

Copy

None

Want to have your highlights saved across all your devices? Sign up or sign in