YouVersion Logo
Search Icon

ਕੂਚ 14

14
ਲਾਲ ਸਮੁੰਦਰ ਵਿੱਚੋਂ ਲੰਘਣਾ
1ਯਹੋਵਾਹ ਮੂਸਾ ਨਾਲ ਬੋਲਿਆ, 2ਇਸਰਾਏਲੀਆਂ ਨੂੰ ਬੋਲ ਕਿ ਓਹ ਮੁੜ ਜਾਣ ਅਰ ਪੀ-ਹਹੀਰੋਥ ਦੇ ਸਾਹਮਣੇ ਮਿਗਦੋਲ ਅਰ ਸਮੁੰਦਰ ਦੇ ਵਿਚਕਾਰ ਬਆਲ-ਸਫ਼ੋਨ ਦੇ ਸਾਹਮਣੇ ਡੇਰਾ ਲਾਉਣ। ਉਸ ਦੇ ਸਾਹਮਣੇ ਸਮੁੰਦਰ ਦੇ ਕੋਲ ਡੇਰਾ ਲਾਓ 3ਫ਼ਿਰਊਨ ਇਸਰਾਏਲੀਆਂ ਲਈ ਆਖੇਗਾ ਕਿ ਓਹ ਧਰਤੀ ਵਿੱਚ ਫਸ ਗਏ ਹਨ ਅਰ ਉਜਾੜ ਨੇ ਉਨ੍ਹਾਂ ਨੂੰ ਅਟਕਾ ਲਿਆ ਹੈ 4ਮੈਂ ਫ਼ਿਰਊਨ ਦੇ ਮਨ ਨੂੰ ਕਠੋਰ ਹੋਣ ਦੇਵਾਂਗਾ ਅਰ ਉਹ ਉਨ੍ਹਾਂ ਦਾ ਪਿੱਛਾ ਕਰੇਗਾ ਅਤੇ ਮੈਂ ਫ਼ਿਰਊਨ ਅਤੇ ਉਸ ਦੀ ਸਾਰੀ ਫੌਜ ਤੋਂ ਆਦਰ ਪਾਵਾਂਗਾ ਤਾਂ ਜੋ ਮਿਸਰੀ ਜਾਣਨ ਕਿ ਮੈਂ ਯਹੋਵਾਹ ਹਾਂ। ਫੇਰ ਉਨ੍ਹਾਂ ਨੇ ਤਿਵੇਂ ਹੀ ਕੀਤਾ 5ਤਾਂ ਮਿਸਰ ਦੇ ਰਾਜੇ ਨੂੰ ਦੱਸਿਆ ਗਿਆ ਕਿ ਓਹ ਲੋਕ ਨੱਠ ਗਏ ਹਨ। ਤਾਂ ਫ਼ਿਰਊਨ ਅਰ ਉਸ ਦੇ ਟਹਿਲੂਆਂ ਦੇ ਮਨ ਉਨ੍ਹਾਂ ਲੋਕਾਂ ਵੱਲੋਂ ਫਿਰ ਗਏ ਅਤੇ ਉਨ੍ਹਾਂ ਨੇ ਆਖਿਆ, ਏਹ ਕੀ ਹੈ ਜੋ ਆਪਾਂ ਕੀਤਾ ਕਿ ਆਪਾਂ ਇਸਰਾਏਲ ਨੂੰ ਆਪਣੀ ਟਹਿਲ ਤੋਂ ਜਾਣ ਦਿੱਤਾ? 6ਤਾਂ ਉਸ ਨੇ ਆਪਣਾ ਰਥ ਜੁੜਾਇਆ ਅਰ ਆਪਣੀ ਰਈਅਤ ਨੂੰ ਨਾਲ ਲਿਆ 7ਨਾਲੇ ਉਸ ਨੇ ਛੇ ਸੌ ਚੁਗਵੇਂ ਰਥ ਅਰ ਮਿਸਰ ਦੇ ਬਾਕੀ ਰਥ ਭੀ ਲਏ ਅਤੇ ਸਾਰਿਆਂ ਉੱਤੇ ਅਫ਼ਸਰ ਬਹਾਏ 8ਅਰ ਯਹੋਵਾਹ ਨੇ ਮਿਸਰ ਦੇ ਰਾਜੇ ਫ਼ਿਰਊਨ ਦਾ ਮਨ ਕਠੋਰ ਹੋਣ ਦਿੱਤਾ ਅਤੇ ਉਸ ਨੇ ਇਸਰਾਏਲੀਆਂ ਦਾ ਪਿੱਛਾ ਕੀਤਾ ਪਰ ਇਸਰਾਏਲੀ ਜਬਰ ਦਸਤੀ ਨਾਲ ਨਿੱਕਲਦੇ ਜਾਂਦੇ ਸਨ 9ਅਰ ਮਿਸਰੀਆਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਫ਼ਿਰਊਨ ਦੇ ਸਾਰੇ ਘੋੜੇ ਅਰ ਰਥ ਅਰ ਉਸ ਦੇ ਘੋੜ ਚੜ੍ਹੇ ਅਰ ਉਸ ਦੀ ਫੌਜ ਉਨ੍ਹਾਂ ਦੇ ਤੰਬੂ ਲਾਉਂਦਿਆਂ ਤੇ ਸਮੁੰਦਰ ਦੇ ਕੋਲ ਅਰ ਪੀ-ਹਹੀਰੋਥ ਦੇ ਕੋਲ ਬਆਲ-ਸਫ਼ੋਨ ਦੇ ਸਾਹਮਣੇ ਜਾ ਟੱਕਰੀ।।
10ਜਦ ਫ਼ਿਰਊਨ ਨੇੜੇ ਆਇਆ ਤਾਂ ਇਸਰਾਏਲੀਆਂ ਨੇ ਆਪਣੀਆਂ ਅੱਖਾਂ ਚੁੱਕੀਆਂ ਅਤੇ ਵੇਖੋ ਮਿਸਰੀ ਉਨ੍ਹਾਂ ਦੇ ਪਿੱਛੇ ਪਿੱਛੇ ਆ ਰਹੇ ਸਨ ਤਾਂ ਓਹ ਬਹੁਤ ਹੀ ਡਰੇ ਅਰ ਇਸਰਾਏਲੀਆਂ ਨੇ ਯਹੋਵਾਹ ਦੇ ਅੱਗੇ ਤਰਲੇ ਕੀਤੇ 11ਉਪਰੰਤ ਉਨ੍ਹਾਂ ਨੇ ਮੂਸਾ ਨੂੰ ਆਖਿਆ, ਕੀ ਮਿਸਰ ਵਿੱਚ ਕਬਰਾਂ ਨਹੀਂ ਸਨ ਕਿ ਤੂੰ ਸਾਨੂੰ ਮਰਨ ਲਈ ਉਜਾੜ ਵਿੱਚ ਲਿਆਇਆ ਹੈਂ? ਏਹ ਤੈਂ ਸਾਡੇ ਨਾਲ ਕੀ ਕੀਤਾ ਜੋ ਸਾਨੂੰ ਮਿਸਰੋਂ ਕੱਢ ਲਿਆਇਆ ਹੈਂ? 12ਏਹ ਓਹੋ ਹੀ ਗੱਲ ਤਾਂ ਨਹੀਂ ਜਿਹੜੀ ਅਸਾਂ ਤੈਨੂੰ ਮਿਸਰ ਵਿੱਚ ਆਖੀ ਸੀ ਭਈ ਸਾਨੂੰ ਰਹਿਣ ਦੇਹ ਕਿ ਅਸੀਂ ਮਿਸਰੀਆਂ ਦੀ ਟਹਿਲ ਕਰੀਏ ਕਿਉਂ ਕਿ ਸਾਨੂੰ ਮਿਸਰੀਆਂ ਦੀ ਟਹਿਲ ਕਰਨੀ ਉਜਾੜ ਵਿੱਚ ਮਰਨ ਨਾਲੋਂ ਚੰਗੀ ਸੀ? 13ਤਾਂ ਮੂਸਾ ਨੇ ਪਰਜਾ ਨੂੰ ਆਖਿਆ, ਨਾ ਡਰੋ, ਖੜੇ ਰਹੋ ਅਰ ਯਹੋਵਾਹ ਦੇ ਬਚਾਉ ਨੂੰ ਵੇਖੋ ਜਿਹੜਾ ਅੱਜ ਦੇ ਦਿਨ ਤੁਹਾਡੇ ਲਈ ਕਰੇਗਾ ਕਿਉਂ ਕਿ ਜਿਹੜੇ ਮਿਸਰੀ ਤੁਸੀਂ ਅੱਜ ਵੇਖਦੇ ਹੋ ਫੇਰ ਸਦਾ ਤੀਕ ਕਦੀ ਨਾ ਵੇਖੋਗੇ 14ਯਹੋਵਾਹ ਤੁਹਾਡੇ ਲਈ ਜੰਗ ਕਰੇਗਾ ਪਰ ਤੁਸਾਂ ਚੁੱਪ ਹੀ ਰਹਿਣਾ।।
15ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, ਤੂੰ ਕਿਉਂ ਮੇਰੇ ਤਰਲੇ ਕਰਦਾ ਹੈਂ? ਇਸਰਾਏਲੀਆਂ ਨਾਲ ਗੱਲ ਕਰ ਕਿ ਓਹ ਅੱਗੇ ਤੁਰਨ 16ਤੂੰ ਆਪਣਾ ਢਾਂਗਾ ਚੁੱਕ ਅਰ ਆਪਣਾ ਹੱਥ ਸਮੁੰਦਰ ਉੱਤੇ ਲੰਮਾ ਕਰ ਅਰ ਉਸ ਨੂੰ ਦੋ ਭਾਗ ਕਰ ਦੇਹ ਭਈ ਇਸਰਾਏਲੀ ਸਮੁੰਦਰ ਦੇ ਵਿੱਚ ਦੀ ਸੁੱਕੀ ਥਾਂ ਥਾਣੀ ਲੰਘ ਜਾਣ 17ਵੇਖ ਮੈਂ ਮਿਸਰੀਆਂ ਦੇ ਮਨ ਕਠੋਰ ਹੋਣ ਦੇਵਾਂਗਾ ਅਰ ਓਹ ਉਨ੍ਹਾਂ ਦੇ ਪਿੱਛੇ ਜਾਣਗੇ ਅਰ ਮੈਂ ਫ਼ਿਰਊਨ ਅਰ ਉਸ ਦੀ ਸਾਰੀ ਫੌਜ ਅਰ ਰਥਾਂ ਅਰ ਘੋੜ ਚੜ੍ਹਿਆਂ ਤੋਂ ਆਦਰ ਪਾਵਾਂਗਾ 18ਜਦ ਮੈਂ ਫ਼ਿਰਊਨ ਉਸ ਦੇ ਰਥਾਂ ਅਰ ਉਸ ਦੇ ਘੋੜ ਚੜ੍ਹਿਆਂ ਤੋਂ ਆਦਰ ਪਾਵਾਂਗਾ ਤਦ ਮਿਸਰੀ ਜਾਣਨਗੇ ਕਿ ਮੈਂ ਯਹੋਵਾਹ ਹਾਂ 19ਅਰ ਪਰਮੇਸ਼ੁਰ ਦਾ ਦੂਤ ਜਿਹੜਾ ਇਸਰਾਏਲ ਦੇ ਡੇਰੇ ਦੇ ਅੱਗੇ ਤੁਰਿਆ ਜਾਂਦਾ ਸੀ ਮੁੜਿਆ ਅਤੇ ਉਨ੍ਹਾਂ ਦੇ ਪਿੱਛੇ ਚਲਿਆ ਗਿਆ ਅਰ ਬੱਦਲ ਦਾ ਥੰਮ੍ਹ ਉਨ੍ਹਾਂ ਦੇ ਅੱਗੋਂ ਮੁੜ ਕੇ ਪਿੱਛੇ ਆ ਖਲੋਤਾ 20ਉਹ ਮਿਸਰੀਆਂ ਦੇ ਡੇਰੇ ਅਰ ਇਸਰਾਏਲ ਦੇ ਡੇਰੇ ਦੇ ਵਿੱਚ ਆ ਗਿਆ ਅਤੇ ਬੱਦਲ ਅਰ ਅਨ੍ਹੇਰ ਤਾਂ ਸੀ ਪਰ ਉਸ ਨੇ ਰਾਤ ਨੂੰ ਚਾਨਣਾ ਕਰ ਦਿੱਤਾ ਅਤੇ ਓਹ ਸਾਰੀ ਰਾਤ ਇੱਕ ਦੂਜੇ ਦੇ ਨੇੜੇ ਨਾ ਆਏ।।
21ਤਾਂ ਮੂਸਾ ਨੇ ਆਪਣਾ ਹੱਥ ਸਮੁੰਦਰ ਉੱਤੇ ਲੰਮਾ ਕੀਤਾ ਅਰ ਯਹੋਵਾਹ ਨੇ ਤੇਜ ਪੁਰੇ ਦੀ ਹਵਾ ਸਾਰੀ ਰਾਤ ਵਗਾ ਕੇ ਸਮੁੰਦਰ ਨੂੰ ਪਿੱਛੇ ਹੱਟਾ ਦਿੱਤਾ ਅਤੇ ਸਮੁੰਦਰ ਨੂੰ ਸੁਕਾ ਦਿੱਤਾ ਅਰ ਪਾਣੀ ਦੇ ਦੋ ਭਾਗ ਹੋ ਗਏ 22ਇਸਰਾਏਲੀ ਸਮੁੰਦਰ ਦੇ ਵਿੱਚ ਦੀ ਖੁਸ਼ਕੀ ਉੱਤੋਂ ਦੀ ਆਏ ਅਰ ਉਨ੍ਹਾਂ ਦੇ ਸੱਜੇ ਖੱਬੇ ਪਾਣੀ ਕੰਧ ਵਾਂਙੁ ਸਨ 23ਮਿਸਰੀਆਂ ਨੇ ਪਿੱਛਾ ਕੀਤਾ ਅਰ ਉਨ੍ਹਾਂ ਦਾ ਪਿੱਛਾ ਕਰਦੇ ਹੋਏ ਫ਼ਿਰਊਨ ਦੇ ਸਾਰੇ ਘੋੜੇ ਅਰ ਉਸ ਦੇ ਰਥ ਅਰ ਘੋੜ ਚੜ੍ਹੇ ਸਮੁੰਦਰ ਦੇ ਵਿੱਚ ਆ ਗਏ 24ਤਾਂ ਐਉਂ ਹੋਇਆ ਕਿ ਸਵੇਰ ਦੇ ਪਹਿਰ ਯਹੋਵਾਹ ਨੇ ਮਿਸਰੀਆਂ ਦੇ ਡੇਰੇ ਨੂੰ ਅੱਗ ਅਰ ਬੱਦਲ ਦੇ ਥੰਮ੍ਹ ਦੇ ਵਿੱਚੋਂ ਦੀ ਡਿਠਾ ਅਤੇ ਮਿਸਰੀਆਂ ਦੇ ਡੇਰੇ ਨੂੰ ਗੜਬੜਾਹਟ ਵਿੱਚ ਪਾ ਦਿੱਤਾ 25ਅਰ ਉਨ੍ਹਾਂ ਦੇ ਰਥਾਂ ਦੇ ਪਹੀਏ ਲਾਹ ਸੁੱਟੇ ਕਿਉਂ ਜੋ ਓਹ ਭਾਰੀ ਚੱਲਦੇ ਸਨ। ਸੋ ਮਿਸਰੀਆਂ ਨੇ ਆਖਿਆ, ਅਸੀਂ ਇਸਰਾਏਲ ਦੇ ਅੱਗੋਂ ਨੱਠ ਚੱਲੀਏ ਕਿਉਂ ਕਿ ਯਹੋਵਾਹ ਉਨ੍ਹਾਂ ਲਈ ਮਿਸਰੀਆਂ ਦੇ ਵਿਰੁੱਧ ਲੜਦਾ ਹੈ।।
26ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, ਆਪਣਾ ਹੱਥ ਸਮੁੰਦਰ ਉੱਤੇ ਲੰਮਾ ਕਰ ਤਾਂ ਜੋ ਪਾਣੀ ਮਿਸਰੀਆਂ ਉੱਤੇ, ਉਨ੍ਹਾਂ ਦੇ ਰਥਾਂ ਉੱਤੇ ਅਰ ਉਨ੍ਹਾਂ ਦੇ ਘੋੜ ਚੜ੍ਹਿਆਂ ਉੱਤੇ ਮੁੜ ਆਉਣ 27ਮੂਸਾ ਨੇ ਆਪਣਾ ਹੱਥ ਸਮੁੰਦਰ ਉੱਤੇ ਲੰਮਾ ਕੀਤਾ ਅਰ ਪੌਹ ਫਟਣ ਵੇਲੇ ਸਮੁੰਦਰ ਆਪਣੇ ਪਹਿਲੇ ਬਲ ਨਾਲ ਮੁੜਿਆ ਅਤੇ ਮਿਸਰੀ ਉਸ ਦੀ ਵੱਲੋਂ ਨੱਠੇ ਪਰ ਯਹੋਵਾਹ ਨੇ ਮਿਸਰੀਆਂ ਨੂੰ ਸਮੁੰਦਰ ਦੇ ਵਿੱਚ ਛੰਡ ਸੁੱਟਿਆ 28ਉਪਰੰਤ ਪਾਣੀ ਮੁੜੇ ਅਰ ਉਨ੍ਹਾਂ ਨੇ ਰਥ ਅਤੇ ਘੋੜ ਚੜ੍ਹੇ ਅਤੇ ਫ਼ਿਰਊਨ ਦੀ ਸਾਰੀ ਫੌਜ ਜਿਹੜੀ ਉਨ੍ਹਾਂ ਦੇ ਮਗਰ ਸਮੁੰਦਰ ਵਿੱਚ ਆਈ ਸੀ ਢੱਕ ਲਈ ਅਰ ਉਨ੍ਹਾਂ ਵਿੱਚੋਂ ਇੱਕ ਵੀ ਨਾ ਬਚਿਆ 29ਪਰ ਇਸਰਾਏਲੀ ਖੁਸ਼ਕੀ ਉੱਤੋਂ ਸਮੁੰਦਰ ਦੇ ਵਿੱਚ ਦੀ ਚੱਲਦੇ ਗਏ ਅਰ ਪਾਣੀ ਉਨ੍ਹਾਂ ਦੇ ਸੱਜੇ ਖੱਬੇ ਕੰਧ ਵਾਂਙੁ ਸਨ 30ਸੋ ਉਸ ਦਿਨ ਯਹੋਵਾਹ ਨੇ ਇਸਰਾਏਲ ਨੂੰ ਮਿਸਰੀਆਂ ਦੇ ਹੱਥੋਂ ਐਉਂ ਬਚਾਇਆ ਅਤੇ ਇਸਰਾਏਲ ਨੇ ਮਿਸਰੀਆਂ ਦੇ ਮੁਰਦੇ ਸਮੁੰਦਰ ਦੇ ਕੰਢੇ ਉੱਤੇ ਵੇਖੇ 31ਐਉਂ ਇਸਰਾਏਲ ਨੇ ਉਹ ਵੱਡਾ ਕੰਮ ਵੇਖਿਆ ਜਿਹੜਾ ਯਹੋਵਾਹ ਨੇ ਮਿਸਰੀਆਂ ਦੇ ਵਿਰੁੱਧ ਕੀਤਾ ਸੀ ਤਾਂ ਲੋਕ ਯਹੋਵਾਹ ਕੋਲੋਂ ਡਰ ਗਏ ਅਰ ਉਨ੍ਹਾਂ ਨੇ ਯਹੋਵਾਹ ਉੱਤੇ ਅਤੇ ਉਸ ਦੇ ਦਾਸ ਮੂਸਾ ਉੱਤੇ ਪਰਤੀਤ ਕੀਤੀ।।

Currently Selected:

ਕੂਚ 14: PUNOVBSI

Highlight

Share

Copy

None

Want to have your highlights saved across all your devices? Sign up or sign in