YouVersion Logo
Search Icon

ਕੂਚ 12

12
ਪਸਾਹ ਦਾ ਪਰਬ
1ਯਹੋਵਾਹ ਨੇ ਮਿਸਰ ਦੇਸ ਵਿੱਚ ਮੂਸਾ ਅਤੇ ਹਾਰੂਨ ਨੂੰ ਆਖਿਆ ਕਿ 2ਏਹ ਮਹੀਨਾ ਤੁਹਾਡੇ ਮਹੀਨਿਆਂ ਦਾ ਅਰੰਭ ਹੋਵੇਗਾ ਅਰ ਏਹ ਤੁਹਾਡੇ ਵਰਹੇ ਦੇ ਮਹੀਨਿਆਂ ਵਿੱਚ ਪਹਿਲਾ ਹੈ 3ਇਸਰਾਏਲ ਦੀ ਸਾਰੀ ਮੰਡਲੀ ਨੂੰ ਏਹ ਬੋਲੋ ਕਿ ਏਸ ਮਹੀਨੇ ਦੀ ਦਸਵੀਂ ਨੂੰ ਇੱਕ ਇੱਕ ਜਣਾ ਆਪੋ ਆਪਣੇ ਪਿਤ੍ਰਾਂ ਦੇ ਘਰਾਣੇ ਅਨੁਸਾਰ ਹਰ ਘਰ ਪਿੱਛੇ ਇੱਕ ਇੱਕ ਲੇਲਾ ਲਵੇ 4ਅਰ ਜੇਕਰ ਕੋਈ ਟੱਬਰ ਇੱਕ ਲੇਲੇ ਲਈ ਛੋਟਾ ਹੋਵੇ ਤਾਂ ਉਹ ਅਤੇ ਉਸ ਦਾ ਗਵਾਂਢੀ ਜਿਹੜਾ ਉਸ ਦੇ ਘਰ ਕੋਲ ਰਹਿੰਦਾ ਹੈ ਪਰਾਣੀਆਂ ਦੇ ਲੇਖੇ ਦੇ ਅਨੁਸਾਰ ਲਵੇ ਅਰ ਤੁਸੀਂ ਇੱਕ ਮਨੁੱਖ ਦੇ ਖਾਣ ਦੇ ਅਨੁਸਾਰ ਲੇਲੇ ਦਾ ਲੇਖਾ ਠਹਿਰਾਇਓ 5ਤੁਹਾਡਾ ਲੇਲਾ ਬੱਜ ਤੋਂ ਰਹਿਤ ਅਰ ਇੱਕ ਵਰਹੇ ਦਾ ਨਰ ਹੋਵੇ। ਤੁਸੀਂ ਭੇਡਾਂ ਯਾ ਬਕਰੀਆਂ ਤੋਂ ਲਿਓ 6ਅਤੇ ਤੁਸੀਂ ਉਸ ਨੂੰ ਏਸ ਮਹੀਨੇ ਦੀ ਚੋਧਵੀਂ ਤੀਕ ਰੱਖ ਛੱਡਣਾ ਅਰ ਇਸਰਾਏਲ ਦੀ ਮੰਡਲੀ ਦੀ ਸਾਰੀ ਸਭਾ ਸ਼ਾਮ ਨੂੰ ਉਸ ਨੂੰ ਕੱਟੇ 7ਅਰ ਓਹ ਉਸ ਦੇ ਲਹੂ ਵਿੱਚੋਂ ਲੈਕੇ ਉਨ੍ਹਾਂ ਘਰਾਂ ਦੇ ਜਿੱਥੇ ਓਹ ਖਾਣਗੇ ਦੋਹੀਂ ਬਾਹੀਂ ਅਤੇ ਸੇਰੂ ਉੱਤੇ ਲਾਉਣ 8ਫੇਰ ਓਹ ਸ਼ਾਮ ਨੂੰ ਉਸੇ ਰਾਤ ਅੱਗ ਨਾਲ ਭੁੰਨ ਕੇ ਪਤੀਰੀ ਰੋਟੀ ਨਾਲ ਖਾਣ ਨਾਲੇ ਕੌੜੀ ਭਾਜੀ ਨਾਲ ਖਾਣ 9ਉਸ ਵਿੱਚੋਂ ਕੱਚਾ ਅਥਵਾ ਪਾਣੀ ਵਿੱਚ ਰਿੰਨ੍ਹਿਆ ਹੋਇਆ ਕਦੀ ਨਾ ਖਾਓ ਸਗੋਂ ਅੱਗ ਨਾਲ ਭੁੰਨਿਆਂ ਹੋਇਆ ਸਿਰੀ ਅਤੇ ਪੈਰਾਂ ਅਤੇ ਆਂਦਰਾਂ ਸਣੇ 10ਅਰ ਤੁਸੀਂ ਸਵੇਰ ਤੀਕ ਉਹ ਦੇ ਵਿੱਚੋਂ ਬਚਾ ਕੇ ਨਾ ਰੱਖਿਓ ਪਰ ਜੇ ਉਸ ਤੋਂ ਸਵੇਰ ਤੀਕ ਕੁਝ ਬਚ ਰਹੇ ਤਾਂ ਉਸ ਨੂੰ ਅੱਗ ਵਿੱਚ ਸਾੜ ਦਿਓ 11ਅਤੇ ਤੁਸਾਂ ਉਸ ਨੂੰ ਐਉਂ ਖਾਣਾ, ਆਪਣੇ ਲੱਕ ਬੰਨ੍ਹ ਕੇ ਅਤੇ ਆਪਣੀ ਜੁੱਤੀ ਪੈਰੀਂ ਪਾ ਕੇ ਅਤੇ ਆਪਣੀ ਲਾਠੀ ਆਪਣੇ ਹੱਥ ਵਿੱਚ ਲੈ ਕੇ ਉਸ ਨੂੰ ਛੇਤੀ ਛੇਤੀ ਖਾਣਾ, ਕਿਉਂਕਿ ਏਹ ਯਹੋਵਾਹ ਦਾ ਪਸਾਹ#12:11 ਮੂਲ ਵਿੱਚ ਉੱਤੋਂ ਦੀ ਯਾ ਪਾਸਿਓਂ ਦੀ ਲੰਘਣਾ । ਹੈ 12ਮੈਂ ਉਸ ਰਾਤ ਮਿਸਰ ਦੇਸ ਦੇ ਵਿੱਚ ਦੀ ਲੰਘਾਂਗਾ ਅਰ ਮਿਸਰ ਦੇਸ ਦੇ ਪਲੋਠੇ ਭਾਂਵੇ ਮਨੁੱਖ ਦਾ ਭਾਵੇਂ ਡੰਗਰ ਦਾ ਮਾਰ ਸੁੱਟਾਂਗਾ ਅਰ ਮਿਸਰ ਦੇ ਸਾਰੇ ਦੇਵਤਿਆਂ ਦਾ ਨਿਆਉਂ ਕਰਾਂਗਾ। ਮੈਂ ਯਹੋਵਾਹ ਹਾਂ 13ਅਰ ਉਹ ਲਹੂ ਤੁਹਾਡੇ ਲਈ ਘਰਾਂ ਉੱਤੇ ਜਿੱਥੇ ਤੁਸੀਂ ਹੋਵੋਗੇ ਨਿਸ਼ਾਨ ਹੋਵੇਗਾ ਅਤੇ ਜਦ ਮੈਂ ਲਹੂ ਨੂੰ ਵੇਖਾਂਗਾ ਮੈਂ ਤੁਹਾਡੇ ਉੱਤੋਂ ਦੀ ਲੰਘ ਜਾਵਾਂਗਾ ਅਰ ਤੁਹਾਡੇ ਉੱਤੇ ਕੋਈ ਬਵਾ ਜਦ ਮੈਂ ਮਿਸਰ ਦੇਸ ਨੂੰ ਮਾਰਾਂਗਾ ਨਾ ਪਵੇਗੀ ਜਿਹੜੀ ਤੁਹਾਡਾ ਨਾਸ ਕਰੇ 14ਅਰ ਏਹ ਦਿਨ ਤੁਹਾਡੇ ਲਈ ਇੱਕ ਯਾਦਗਾਰ ਹੋਵੇਗਾ ਅਰ ਤੁਸੀਂ ਏਹ ਦਿਨ ਯਹੋਵਾਹ ਲਈ ਪਰਬ ਕਰਕੇ ਮਨਾਇਓ ਅਤੇ ਆਪਣੀਆਂ ਪੀੜ੍ਹੀਆਂ ਵਿੱਚ ਏਸ ਨੂੰ ਸਦੀਪਕ ਬਿਧੀ ਦਾ ਪਰਬ ਮਨਾਇਓ।।
15ਤੁਸੀਂ ਸੱਤ ਦਿਨ ਤੀਕ ਪਤੀਰੀ ਰੋਟੀ ਖਾਓ। ਪਹਿਲੇ ਹੀ ਦਿਨ ਖ਼ਮੀਰ ਆਪਣਿਆਂ ਘਰਾਂ ਤੋਂ ਬਾਹਰ ਕੱਢ ਦੇਣਾ ਕਿਉਂ ਕਿ ਜਿਹੜਾ ਪਹਿਲੇ ਦਿਨ ਤੋਂ ਸੱਤਵੇਂ ਦਿਨ ਤੀਕ ਕਦੀ ਖ਼ਮੀਰੀ ਰੋਟੀ ਖਾਵੇਗਾ ਉਹ ਪਰਾਣੀ ਇਸਰਾਏਲ ਵਿੱਚੋਂ ਛੇਕਿਆ ਜਾਵੇਗਾ 16ਅਰ ਪਹਿਲੇ ਦਿਨ ਤੁਹਾਡੀ ਪਵਿੱਤ੍ਰ ਸਭਾ ਹੋਵੇਗੀ ਅਤੇ ਸੱਤਵੇਂ ਦਿਨ ਵੀ ਤੁਹਾਡੀ ਪਵਿੱਤ੍ਰ ਸਭਾ ਹੋਵੇਗੀ ਇਨ੍ਹਾਂ ਵਿੱਚ ਕੋਈ ਕੰਮ ਨਾ ਕੀਤਾ ਜਾਵੇ ਨਿਰਾ ਉਹੋ ਜਿਹੜਾ ਹਰ ਇੱਕ ਪਰਾਣੀ ਦੇ ਖਾਣ ਲਈ ਹੋਵੇ, ਤੁਸੀਂ ਓੱਨਾ ਹੀ ਕਰਿਓ 17ਅਤੇ ਤੁਸੀਂ ਏਹ ਪਤੀਰੀ ਰੋਟੀ ਦਾ ਪਰਬ ਮਨਾਇਆ ਕਰੋ ਕਿਉਂ ਕਿ ਏਸੇ ਹੀ ਦਿਨ ਮੈਂ ਤੁਹਾਡੀਆਂ ਸੈਨਾਂ ਨੂੰ ਮਿਸਰ ਦੇਸ ਤੋਂ ਬਾਹਰ ਕੱਢਿਆ ਸੀ ਏਸ ਕਰਕੇ ਤੁਸੀਂ ਏਹ ਦਿਨ ਆਪਣੀਆਂ ਪੀੜ੍ਹੀਆਂ ਤੀਕ ਸਦਾ ਦੀ ਬਿਧੀ ਲਈ ਮਨਾਇਆ ਕਰੋ 18ਪਹਿਲੇ ਮਹਿਨੇ ਦੀ ਚੌਧਵੀਂ ਦੀ ਸ਼ਾਮਾਂ ਤੋਂ ਇੱਕੀ ਤਰੀਕ ਦੀ ਸ਼ਾਮ ਤੀਕ ਤੁਸੀਂ ਪਤੀਰੀ ਰੋਟੀ ਖਾਓ 19ਸੱਤਾਂ ਦਿਨਾਂ ਤੀਕ ਤੁਹਾਡਿਆਂ ਘਰਾਂ ਵਿੱਚ ਖ਼ਮੀਰ ਨਾ ਲੱਭੇ ਕਿਉਂ ਕਿ ਜਿਹੜਾ ਖ਼ਮੀਰੀ ਚੀਜ ਖਾਵੇਗਾ ਉਹ ਪਰਾਣੀ ਇਸਰਾਏਲ ਦੀ ਮੰਡਲੀ ਵਿੱਚੋ ਛੇਕਿਆ ਜਾਵੇਗਾ ਭਾਵੇਂ ਓਪਰਾ ਹੋਵੇ ਭਾਵੇਂ ਦੇਸ ਵਿੱਚ ਜੰਮਿਆ ਹੋਇਆ 20ਤੁਸੀਂ ਕੋਈ ਖ਼ਮੀਰੀ ਵਸਤ ਨਾ ਖਾਓ ਅਰ ਤੁਸੀਂ ਆਪਣਿਆਂ ਸਾਰਿਆਂ ਟਿਕਾਣਿਆਂ ਵਿੱਚ ਪਤੀਰੀ ਰੋਟੀ ਖਾਇਓ।।
21ਤਾਂ ਮੂਸਾ ਨੇ ਇਸਰਾਏਲ ਦੇ ਸਾਰੇ ਬਜ਼ੁਰਗਾਂ ਨੂੰ ਬੁਲਵਾ ਕੇ ਆਖਿਆ, ਆਪੋ ਆਪਣੇ ਟੱਬਰ ਅਨੁਸਾਰ ਲੇਲਿਆਂ ਨੂੰ ਕੱਢ ਲਵੋ ਅਰ ਪਸਾਹ ਲਈ ਕੱਟੋ 22ਤੁਸੀਂ ਇੱਕ ਜ਼ੂਫੇ ਦੀ ਗੁੱਛੀ ਲੈਕੇ ਉਸ ਨੂੰ ਲਹੂ ਵਿੱਚ ਜਿਹੜਾ ਭਾਂਡੇ ਵਿੱਚ ਹੈ ਡਬੋ ਕੇ ਸੇਰੂ ਅਰ ਬੂਹੇ ਦੀਆਂ ਦੋਹਾਂ ਬਾਹੀਆਂ ਉੱਤੇ ਉਸ ਲਹੂ ਨੂੰ ਜਿਹੜਾ ਭਾਂਡੇ ਵਿੱਚ ਹੈ ਲਾਓ ਅਤੇ ਤੁਹਾਡੇ ਵਿੱਚੋਂ ਕੋਈ ਸਵੇਰ ਤੀਕ ਆਪਣੇ ਘਰ ਦੇ ਬੂਹੇ ਤੋਂ ਬਾਹਰ ਨਾ ਜਾਵੇ 23ਕਿਉਂਕਿ ਯਹੋਵਾਹ ਮਿਸਰੀਆਂ ਦੇ ਮਾਰਨ ਲਈ ਲੰਘੇਗਾ ਅਰ ਜਦ ਉਹ ਸੇਰੂ ਅਤੇ ਦੋਹਾਂ ਬਾਹੀਆਂ ਉੱਤੇ ਲਹੂ ਨੂੰ ਵੇਖੇਗਾ ਤਾਂ ਯਹੋਵਾਹ ਉਸ ਬੂਹੇ ਤੋਂ ਪਾਸਾ ਦੇਕੇ ਲੰਘ ਜਾਵੇਗਾ ਅਰ ਨਾਸ ਕਰਨ ਵਾਲੇ ਨੂੰ ਤੁਹਾਡੇ ਮਾਰਨ ਲਈ ਤੁਹਾਡਿਆਂ ਘਰਾਂ ਵਿੱਚ ਨਾ ਆਉਣ ਦੇਵੇਗਾ 24ਤੁਸੀਂ ਆਪਣੇ ਅਰ ਆਪਣੇ ਪੁੱਤ੍ਰਾਂ ਲਈ ਏਸ ਗੱਲ ਨੂੰ ਸਦਾ ਦੀ ਬਿਧੀ ਮਨਾਇਆ ਕਰੋ 25ਅਰ ਐਉਂ ਹੋਵੇ ਕਿ ਜਦ ਤੁਸੀਂ ਉਸ ਦੇਸ ਵਿੱਚ ਵੜੋ ਜਿਹੜਾ ਯਹੋਵਾਹ ਆਪਣੇ ਕੀਤੇ ਹੋਏ ਬਚਨ ਦੇ ਅਨੁਸਾਰ ਤੁਹਾਨੂੰ ਦੇਵੇਗਾ ਤਾਂ ਤੁਸੀਂ ਏਸ ਰੀਤੀ ਨੂੰ ਮਨਾਇਆ ਕਰਿਓ 26ਅਰ ਅਜੇਹਾ ਹੋਵੇਗਾ ਕਿ ਜਾਂ ਤੁਹਾਡੇ ਪੁੱਤ੍ਰ ਤੁਹਾਨੂੰ ਪੁੱਛਣ ਕਿ ਤੁਹਾਡਾ ਏਸ ਰੀਤੀ ਤੋਂ ਕੀ ਮਤਲਬ ਹੈ? 27ਤਾਂ ਤੁਸੀਂ ਆਖਿਓ ਕਿ ਏਹ ਯਹੋਵਾਹ ਦੀ ਪਸਾਹ ਦਾ ਬਲੀਦਾਨ ਹੈ ਜੋ ਮਿਸਰ ਵਿੱਚ ਇਸਰਾਏਲੀਆਂ ਦੇ ਘਰਾਂ ਦੇ ਉੱਤੋਂ ਦੀ ਲੰਘਿਆ ਜਦ ਉਸ ਨੇ ਮਿਸਰੀਆਂ ਨੂੰ ਮਾਰਿਆ ਪਰ ਸਾਡੇ ਘਰਾਂ ਨੂੰ ਬਚਾਇਆ। ਤਾਂ ਪਰਜਾ ਨੇ ਸੀਸ ਨਿਵਾ ਕੇ ਮੱਥਾ ਟੇਕਿਆ 28ਫੇਰ ਇਸਰਾਏਲੀਆਂ ਨੇ ਜਾ ਕੇ ਓਵੇਂ ਹੀ ਕੀਤਾ। ਜਿਵੇਂ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਹੁਕਮ ਦਿੱਤਾ ਸੀ ਤਿਵੇਂ ਹੀ ਕੀਤਾ।।
29ਤਾਂ ਅੱਧੀ ਰਾਤ ਨੂੰ ਐਉਂ ਹੋਇਆ ਕਿ ਯਹੋਵਾਹ ਨੇ ਮਿਸਰ ਦੇਸ ਦੇ ਹਰ ਇੱਕ ਪਲੋਠੇ ਨੂੰ ਫ਼ਿਰਊਨ ਦੇ ਪਲੋਠੇ ਤੋਂ ਲੈਕੇ ਜਿਹੜਾ ਉਹ ਦੇ ਸਿੰਘਾਸਣ ਉੱਤੇ ਬੈਠਣ ਵਾਲਾ ਸੀ ਉਸ ਬੰਧੂਏ ਦੇ ਪਲੋਠੇ ਤੀਕ ਜਿਹੜਾ ਭੋਰੇ ਵਿੱਚ ਸੀ ਨਾਲੇ ਡੰਗਰ ਦੇ ਹਰ ਇੱਕ ਪਲੋਠੇ ਨੂੰ ਮਾਰ ਸੁੱਟਿਆ 30ਤਾਂ ਫ਼ਿਰਊਨ ਉਸ ਰਾਤ ਨੂੰ ਉੱਠਿਆ ਨਾਲੇ ਉਸ ਦੇ ਸਾਰੇ ਟਹਿਲੂਏ ਅਰ ਸਾਰੇ ਮਿਸਰੀ ਅਤੇ ਮਿਸਰ ਵਿੱਚ ਵੱਡਾ ਸਿਆਪਾ ਹੋਇਆ ਕਿਉਂ ਕਿ ਕੋਈ ਘਰ ਨਹੀਂ ਸੀ ਜਿੱਥੇ ਕੋਈ ਮਰਿਆ ਨਾ ਹੋਵੇ 31ਤਾਂ ਉਸ ਨੇ ਮੂਸਾ ਅਤੇ ਹਾਰੂਨ ਨੂੰ ਰਾਤੀਂ ਬੁਲਵਾ ਕੇ ਆਖਿਆ, ਉੱਠੋ ਅਰ ਮੇਰੇ ਲੋਕਾਂ ਵਿੱਚੋਂ ਨਿੱਕਲ ਜਾਓ ਤੁਸੀਂ ਵੀ ਅਰ ਇਸਰਾਏਲੀ ਵੀ ਅਰ ਜਾ ਕੇ ਆਪਣੀ ਗੱਲ ਦੇ ਅਨੁਸਾਰ ਯਹੋਵਾਹ ਦੀ ਉਪਾਸਨਾ ਕਰੋ 32ਆਪਣੇ ਇੱਜੜ ਵੀ ਅਤੇ ਆਪਣੇ ਵੱਗ ਵੀ ਲੈ ਜਾਓ ਜਿਵੇਂ ਤੁਸੀਂ ਬੋਲੇ ਸੀ ਅਤੇ ਚਲੇ ਜਾਓ, ਨਾਲੇ ਮੈਨੂੰ ਵੀ ਅਸੀਸ ਦੇਣੀ 33ਅਰ ਉਨ੍ਹਾਂ ਲੋਕਾਂ ਉੱਤੇ ਮਿਸਰੀ ਕੱਸ ਪਾਉਣ ਲੱਗੇ ਕਿ ਓਹ ਉਨ੍ਹਾਂ ਨੂੰ ਉਸ ਦੇਸ ਵਿੱਚੋਂ ਛੇਤੀ ਕੱਢ ਲੈਣ ਕਿਉਂ ਕਿ ਉਨ੍ਹਾਂ ਨੇ ਆਖਿਆ, ਅਸੀਂ ਸਾਰੇ ਮਰ ਗਏ! 34ਉਨ੍ਹਾਂ ਲੋਕਾਂ ਨੇ ਗੁੰਨ੍ਹਿਆਂ ਹੋਇਆ ਆਟਾ ਖ਼ਮੀਰ ਹੋਣ ਤੋਂ ਪਹਿਲਾਂ ਹੀ ਪਰਾਤੜਿਆਂ ਸਣੇ ਆਪਣਿਆਂ ਲੀੜਿਆਂ ਵਿੱਚ ਬੰਨ੍ਹ ਕੇ ਆਪਣੇ ਮੋਢਿਆਂ ਉੱਤੇ ਚੁੱਕ ਲਿਆ 35ਅਰ ਇਸਰਾਏਲੀਆਂ ਨੇ ਮੂਸਾ ਦੇ ਬੋਲਣ ਦੇ ਅਨੁਸਾਰ ਕੀਤਾ ਅਰ ਮਿਸਰੀਆਂ ਤੋਂ ਚਾਂਦੀ ਦੇ ਗਹਿਣੇ ਅਤੇ ਸੋਨੇ ਦੇ ਗਹਿਣੇ ਅਤੇ ਲੀੜੇ ਉਨ੍ਹਾਂ ਨੇ ਮੰਗ ਲਏ 36ਯਹੋਵਾਹ ਨੇ ਉਨ੍ਹਾਂ ਲੋਕਾਂ ਨੂੰ ਮਿਸਰੀਆਂ ਦੀ ਨਿਗਾਹ ਵਿੱਚ ਆਦਰ ਮਾਨ ਦਿੱਤਾ ਸੋ ਉਨ੍ਹਾਂ ਨੇ ਜੋ ਮੰਗਿਆ ਉਨ੍ਹਾਂ ਨੇ ਦੇ ਦਿੱਤਾ। ਐਉਂ ਉਨ੍ਹਾਂ ਨੇ ਮਿਸਰੀਆਂ ਨੂੰ ਲੁੱਟ ਲਿਆ।।
37ਇਸਰਾਏਲੀਆਂ ਨੇ ਰਾਮਸੇਸ ਤੋਂ ਸੁੱਕੋਥ ਵੱਲ ਕੂਚ ਕੀਤਾ ਅਤੇ ਨਿਆਣਿਆਂ ਤੋਂ ਬਿਨਾ ਛੇਕੁ ਲੱਖ ਮਨੁੱਖ ਪਾ ਪਿਆਦੇ ਸਨ 38ਉਨ੍ਹਾਂ ਦੇ ਨਾਲ ਮਿਲੀ ਜੁਲੀ ਭੀੜ ਵੀ ਗਈ ਨਾਲੇ ਇੱਜੜ ਅਰ ਚੌਣੇ ਅਰਥਾਤ ਢੇਰ ਸਾਰੇ ਪਸੂ ਸਨ 39ਅਤੇ ਉਨ੍ਹਾਂ ਨੇ ਗੁੰਨ੍ਹੇ ਹੋਏ ਆਟੇ ਦੀਆਂ ਜਿਹੜਾ ਮਿਸਰ ਤੋਂ ਲਿਆਏ ਸਨ ਪਤੀਰੀਆਂ ਰੋਟੀਆਂ ਪਕਾਈਆਂ ਕਿਉਂ ਜੋ ਉਹ ਏਸ ਲਈ ਖ਼ਮੀਰ ਨਹੀਂ ਹੋਇਆ ਸੀ ਭਈ ਓਹ ਮਿਸਰੋਂ ਧੱਕੇ ਗਏ ਸਨ ਅਰ ਉੱਥੇ ਠਹਿਰ ਨਾ ਸੱਕੇ ਨਾ ਆਪਣੇ ਲਈ ਰੋਟੀ ਬਣਾ ਸੱਕੇ 40ਇਸਰਾਏਲੀਆਂ ਦੇ ਮਿਸਰ ਵਿੱਚ ਵਸੇਬੇ ਦਾ ਸਮਾਂ ਚਾਰ ਸੌ ਤੀਹ ਵਰਹੇ ਸੀ 41ਚਾਰ ਸੌ ਤੀਹ ਵਰਿਹਾਂ ਦੇ ਅੰਤ ਵਿੱਚ ਐਉਂ ਹੋਇਆ ਕਿ ਉਸੇ ਦਿਨ ਯਹੋਵਾਹ ਦੀਆਂ ਸਾਰੀਆਂ ਸੈਨਾਂ ਮਿਸਰ ਦੇਸ ਤੋਂ ਨਿੱਕਲ ਗਈਆਂ 42ਉਨ੍ਹਾਂ ਨੂੰ ਮਿਸਰ ਦੇਸ ਤੋਂ ਕੱਢਣ ਦੇ ਕਾਰਨ ਏਹ ਇੱਕ ਰਾਤ ਹੈ ਜਿਹੜੀ ਯਹੋਵਾਹ ਲਈ ਮਨਾਉਣ ਵਾਲੀ ਹੈ। ਇਹੋ ਯਹੋਵਾਹ ਦੀ ਉਹ ਰਾਤ ਹੈ ਜਿਹੜੀ ਸਾਰੇ ਇਸਰਾਏਲੀਆਂ ਦੀਆਂ ਕੁੱਲ ਪੀੜ੍ਹੀਆਂ ਤੀਕ ਮਨਾਉਣ ਵਾਲੀ ਹੈ।।
43ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ, ਏਹ ਪਸਾਹ ਦੀ ਬਿਧੀ ਹੈ। ਕੋਈ ਓਪਰਾ ਉਸ ਵਿੱਚੋਂ ਨਾ ਖਾਵੇ 44ਪਰ ਮਨੁੱਖ ਦਾ ਹਰ ਟਹਿਲੂਆ ਚਾਂਦੀ ਨਾਲ ਮੁਲ ਲਿਆ ਹੋਇਆ ਜਦ ਉਸ ਦੀ ਸੁੰਨਤ ਕਰ ਦਿੱਤੀ ਹੋਵੇ ਤਦ ਉਹ ਉਸ ਵਿੱਚੋਂ ਖਾਵੇ 45ਪਰਦੇਸੀ ਅਤੇ ਮਜੂਰ ਉਸ ਵਿੱਚੋ ਨਾ ਖਾਣ 46ਇੱਕੋ ਹੀ ਘਰ ਵਿੱਚ ਉਹ ਖਾਧਾ ਜਾਵੇ। ਤੁਸੀਂ ਉਸ ਘਰ ਤੋਂ ਬਾਹਰ ਮਾਸ ਵਿੱਚੋਂ ਕੁਝ ਨਾ ਲੈ ਜਾਇਓ, ਨਾ ਉਸ ਦੀ ਕੋਈ ਹੱਡੀ ਤੋੜਿਓ 47ਇਸਰਾਏਲ ਦੀ ਸਾਰੀ ਮੰਡਲੀ ਉਸ ਨੂੰ ਮਨਾਇਆ ਕਰੇ 48ਜਦ ਤੁਹਾਡੇ ਨਾਲ ਕੋਈ ਓਪਰਾ ਟਿਕਿਆ ਹੋਇਆ ਹੋਵੇ ਅਤੇ ਉਹ ਯਹੋਵਾਹ ਲਈ ਪਸਾਹ ਕਰਨੀ ਚਾਹੇ ਤਦ ਉਸ ਦੇ ਹਰ ਇੱਕ ਨਰ ਦੀ ਸੁੰਨਤ ਕੀਤੀ ਜਾਵੇ ਫੇਰ ਉਹ ਨੇੜੇ ਆਕੇ ਉਹ ਨੂੰ ਮਨਾਵੇ ਅਤੇ ਐਉਂ ਉਹ ਦੇਸ ਦੇ ਜੰਮੇ ਹੋਏ ਵਾਂਙੁ ਹੋਵੇਗਾ ਪਰ ਅਣ ਸੁੰਨਤਾ ਨਰ ਉਸ ਵਿੱਚੋਂ ਨਾ ਖਾਵੇ 49ਦੇਸੀ ਅਤੇ ਪਰਦੇਸੀ ਲਈ ਜਿਹੜਾ ਤੁਹਾਡੇ ਵਿੱਚ ਵੱਸਦਾ ਹੈ ਇੱਕੋ ਹੀ ਬਿਵਸਥਾ ਹੋਵੇਗੀ 50ਤਾਂ ਸਾਰੇ ਇਸਰਾਏਲੀਆਂ ਨੇ ਓਵੇਂ ਹੀ ਕੀਤਾ। ਜਿਵੇਂ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਹੁਕਮ ਦਿੱਤਾ ਸੀ ਉਨ੍ਹਾਂ ਨੇ ਤਿਵੇਂ ਹੀ ਕੀਤਾ 51ਅਤੇ ਉਸੇ ਦਿਨ ਐਉਂ ਹੋਇਆ ਕਿ ਯਹੋਵਾਹ ਇਸਰਾਏਲੀਆਂ ਦੇ ਦਲਾਂ ਦੇ ਦਲ ਮਿਸਰ ਦੇਸ ਤੋਂ ਕੱਢ ਲਿਆਇਆ।।

Currently Selected:

ਕੂਚ 12: PUNOVBSI

Highlight

Share

Copy

None

Want to have your highlights saved across all your devices? Sign up or sign in