ਰਸੂਲਾਂ ਦੇ ਕਰਤੱਬ 19
19
"ਅਫ਼ਸੀਆਂ ਦੀ ਅਰਤਿਮਿਸ ਵੱਡੀ ਹੈ!"
1ਇਉਂ ਹੋਇਆ ਕਿ ਜਾਂ ਅਪੁੱਲੋਸ ਕੁਰਿੰਥੁਸ ਵਿੱਚ ਸੀ ਤਾਂ ਪੌਲੁਸ ਉੱਪਰਲੇ ਇਲਾਕਿਆਂ ਵਿੱਚੋਂ ਦੀ ਲੰਘ ਕੇ ਅਫ਼ਸੁਸ ਨੂੰ ਆਇਆ 2ਅਤੇ ਕਈ ਚੇਲਿਆਂ ਨੂੰ ਲੱਭ ਕੇ ਉਨ੍ਹਾਂ ਨੂੰ ਆਖਿਆ, ਜਾਂ ਤੁਸਾਂ ਨਿਹਚਾ ਕੀਤੀ ਤਾਂ ਕੀ ਤੁਹਾਨੂੰ ਪਵਿੱਤ੍ਰ ਆਤਮਾ ਮਿਲਿਆ? ਉਨ੍ਹਾਂ ਉਸ ਨੂੰ ਕਿਹਾ, ਅਸਾਂ ਤਾਂ ਇਹ ਸੁਣਿਆ ਭੀ ਨਹੀਂ ਭਈ ਪਵਿੱਤ੍ਰ ਆਤਮਾ ਹੈਗਾ ਹੈ 3ਓਨ ਆਖਿਆ, ਫੇਰ ਤੁਸਾਂ ਕਾਹ ਦਾ ਬਪਤਿਸਮਾ ਲਿਆ? ਓਹ ਬੋਲੇ, ਯੂਹੰਨਾ ਦਾ ਬਪਤਿਸਮਾ 4ਉਪਰੰਤ ਪੌਲੁਸ ਨੇ ਕਿਹਾ, ਯੂਹੰਨਾ ਤੋਬਾ ਦਾ ਬਪਤਿਸਮਾ ਦਿੰਦਾ ਅਤੇ ਲੋਕਾਂ ਨੂੰ ਇਹ ਆਖਦਾ ਸੀ ਭਈ ਤੁਸੀਂ ਉਸ ਉੱਤੇ ਜੋ ਮੇਰੇ ਪਿੱਛੇ ਆਉਣ ਵਾਲਾ ਹੈ ਅਰਥਾਤ ਯਿਸੂ ਉੱਤੇ ਨਿਹਚਾ ਕਰੋ 5ਇਹ ਸੁਣ ਕੇ ਉਨ੍ਹਾਂ ਨੇ ਪ੍ਰਭੁ ਯਿਸੂ ਦੇ ਨਾਮ ਵਿੱਚ ਬਪਤਿਸਮਾ ਲਿਆ 6ਅਤੇ ਜਾਂ ਪੌਲੁਸ ਨੇ ਉਨ੍ਹਾਂ ਉੱਤੇ ਹੱਥ ਧਰੇ ਤਾਂ ਪਵਿੱਤ੍ਰ ਆਤਮਾ ਉਨ੍ਹਾਂ ਤੇ ਉਤਰਿਆ ਅਰ ਓਹ ਬੋਲੀਆਂ ਬੋਲਣ ਅਤੇ ਅਗੰਮ ਵਾਕ ਕਰਨ ਲੱਗੇ 7ਓਹ ਸਭ ਬਾਰਾਂਕੁ ਪੁਰਖ ਸਨ।।
8ਫੇਰ ਪੌਲੁਸ ਸਮਾਜ ਵਿੱਚ ਜਾ ਕੇ ਪਰਮੇਸ਼ੁਰ ਦੇ ਰਾਜ ਦੇ ਵਿਖੇ ਬਚਨ ਸੁਣਾਉਂਦਿਆ ਅਤੇ ਲੋਕਾਂ ਨੂੰ ਸਮਝਾਉਂਦਿਆਂ ਹੋਇਆ ਤਿੰਨ ਮਹੀਨੇ ਬੇਧੜਕ ਬੋਲਦਾ ਰਿਹਾ 9ਪਰ ਜਾਂ ਕਿੰਨਿਆ ਨੇ ਕਠੋਰ ਹੋ ਕੇ ਨਾ ਮੰਨਿਆ ਅਤੇ ਲੋਕਾਂ ਦੇ ਅੱਗੇ ਉਸ ਪੰਥ ਨੂੰ ਬੁਰਾ ਕਹਿਣ ਲੱਗੇ ਤਾਂ ਉਸ ਨੇ ਓਹਨਾਂ ਕੋਲੋਂ ਅੱਡ ਹੋ ਕੇ ਚੇਲਿਆਂ ਨੂੰ ਅਲੱਗ ਕੀਤਾ ਅਤੇ ਤੁਰੰਨੁਸ ਦੀ ਪਾਠਸ਼ਾਲਾ ਵਿੱਚ ਰੋਜ ਬਚਨ ਸੁਣਾਉਂਦਾ ਸੀ 10ਇਹ ਦੋ ਵਰਿਹਾਂ ਤੀਕ ਹੁੰਦਾ ਰਿਹਾ ਐਥੋਂ ਤੋੜੀ ਜੋ ਅਸਿਯਾ ਦੇ ਵਾਸੀ ਕੀ ਯਹੂਦੀ ਕੀ ਯੂਨਾਨੀ ਸਭਨਾਂ ਨੇ ਪ੍ਰਭੁ ਦਾ ਬਚਨ ਸੁਣਿਆ 11ਪਰਮੇਸ਼ੁਰ ਪੌਲੁਸ ਦੇ ਹੱਥੋਂ ਅਨੋਖੀਆਂ ਕਰਾਮਾਤਾਂ ਵਿਖਾਲਦਾ ਸੀ 12ਐਥੋਂ ਤੀਕ ਜੋ ਰੁਮਾਲ ਅਰ ਪਟਕੇ ਉਹ ਦੇ ਸਰੀਰ ਨੂੰ ਛੁਆ ਕੇ ਰੋਗੀਆਂ ਉੱਤੇ ਪਾਉਂਦੇ ਸਨ ਅਤੇ ਉਨ੍ਹਾਂ ਦੇ ਰੋਗ ਜਾਂਦੇ ਰਹਿੰਦੇ ਅਰ ਦੁਸ਼ਟ ਆਤਮੇ ਨਿੱਕਲ ਜਾਂਦੇ ਸਨ 13ਤਦੋਂ ਯਹੂਦੀਆਂ ਵਿੱਚੋਂ ਕਈ ਆਦਮੀਆਂ ਨੇ ਜੋ ਇੱਧਰ ਉੱਧਰ ਫਿਰਿਦਿਆਂ ਹੋਇਆ ਝਾੜ ਫੂੰਕ ਕਰਦੇ ਹੁੰਦੇ ਸਨ ਇਹ ਦਿਲੇਰੀ ਕੀਤੀ ਕਿ ਜਿਨ੍ਹਾਂ ਨੂੰ ਦੁਸ਼ਟ ਆਤਮੇ ਚਿੰਬੜੇ ਹੋਏ ਸਨ ਉਨ੍ਹਾਂ ਉੱਤੇ ਪ੍ਰਭੁ ਯਿਸੂ ਦੇ ਨਾਮ ਲੈ ਕੇ ਕਹਿਣ ਲੱਗੇ ਭਈ ਮੈਂ ਤੁਹਾਨੂੰ ਯਿਸੂ ਦੇ ਨਾਮ ਦੀ ਸੌਂਹ ਦਿੰਦਾ ਹਾਂ ਜਿਹ ਦੀ ਪੌਲੁਸ ਮਨਾਦੀ ਕਰਦਾ ਹੈ 14ਅਤੇ ਸਕੇਵਾ ਨਾਮੇ ਕਿਸੇ ਯਹੂਦੀ ਪਰਧਾਨ ਜਾਜਕ ਦੇ ਸੱਤ ਪੁੱਤ੍ਰ ਸਨ ਜਿਹੜੇ ਇਹੋ ਕਰਦੇ ਸਨ 15ਪਰ ਦੁਸ਼ਟ ਆਤਮਾ ਨੇ ਓਹਨਾਂ ਨੂੰ ਉੱਤਰ ਦਿੱਤਾ ਭਈ ਯਿਸੂ ਨੂੰ ਮੈਂ ਸਿਆਣਦਾ ਹਾਂ ਅਤੇ ਪੌਲੁਸ ਨੂੰ ਮੈਂ ਜਾਣਦਾ ਹਾਂ ਪਰ ਤੁਸੀਂ ਕੌਣ ਹੋ? 16ਅਤੇ ਉਹ ਮਨੁੱਖ ਜਿਹ ਨੂੰ ਦੁਸ਼ਟ ਆਤਮਾ ਚਿੰਬੜਿਆ ਹੋਇਆ ਸੀ ਟੁੱਟ ਕੇ ਓਹਨਾਂ ਉੱਤੇ ਆਣ ਪਿਆ ਅਤੇ ਦੋਹਾਂ ਨੂੰ ਵੱਸ ਵਿੱਚ ਲਿਆ ਕੇ ਓਹਨਾਂ ਤੇ ਐਡੀ ਸਖਤੀ ਕੀਤੀ ਜੋ ਓਹ ਨੰਗੇ ਅਤੇ ਘਾਇਲ ਹੋ ਕੇ ਉਸ ਘਰ ਵਿੱਚੋਂ ਭੱਜ ਨਿੱਕਲੇ 17ਇਹ ਗੱਲ ਸਭ ਯਹੂਦੀਆਂ ਅਰ ਯੂਨਾਨੀਆਂ ਉੱਤੇ ਜਿਹੜੇ ਅਫ਼ਸੁਸ ਵਿੱਚ ਰਹਿੰਦੇ ਸਨ ਉਜਾਗਰ ਹੋ ਗਈ ਅਤੇ ਓਹ ਸਭ ਡਰ ਗਏ ਅਤੇ ਪ੍ਰਭੁ ਯਿਸੂ ਦੇ ਨਾਮ ਦੀ ਵਡਿਆਈ ਹੋਈ 18ਜਿਨ੍ਹਾਂ ਨਿਹਚਾ ਕੀਤੀ ਸੀ ਉਨ੍ਹਾਂ ਵਿੱਚੋਂ ਬਹੁਤ ਸਾਰਿਆਂ ਨੇ ਆਣ ਕੇ ਆਪਣਿਆਂ ਕੰਮਾਂ ਨੂੰ ਮੰਨ ਲਿਆ ਅਤੇ ਦੱਸ ਦਿੱਤਾ 19ਅਰ ਬਹੁਤੇ ਉਨ੍ਹਾਂ ਵਿੱਚੋਂ ਵੀ ਜਿਹੜਾ ਜਾਦੂ ਕਰਦੇ ਸਨ ਆਪਣੀਆਂ ਪੋਥੀਆਂ ਇਕੱਠੀਆਂ ਕਰ ਕੇ ਲਿਆਏ ਅਤੇ ਸਭਨਾਂ ਦੇ ਸਾਹਮਣੇ ਫੂਕ ਸੁੱਟੀਆਂ ਅਤੇ ਜਾਂ ਓਹਨਾਂ ਦੇ ਮੁੱਲ ਦਾ ਜੋੜ ਕੀਤਾ ਤਾਂ ਪੰਜਾਹ ਹਜ਼ਾਰ ਰੁਪਿਆ ਹੋਇਆ! 20ਇਸੇ ਤਰਾਂ ਪ੍ਰਭੁ ਦਾ ਬਚਨ ਵਧਿਆ ਅਤੇ ਪਰਬਲ ਹੋਇਆ।।
21ਜਾਂ ਏਹ ਗੱਲਾਂ ਹੋ ਚੁੱਕੀਆਂ ਤਾਂ ਪੌਲੁਸ ਨੇ ਮਨ ਵਿੱਚ ਦਾਯਾ ਕੀਤਾ ਜੋ ਮਕਦੂਨਿਯਾ ਅਰ ਅਖਾਯਾ ਦੇ ਵਿੱਚੋਂ ਦੀ ਲੰਘ ਕੇ ਯਰੂਸ਼ਲਮ ਨੂੰ ਜਾਵੇ ਅਤੇ ਕਿਹਾ ਕਿ ਜਾਂ ਮੈਂ ਉੱਥੇ ਹੋ ਆਵਾਂ ਤਾਂ ਮੈਨੂੰ ਰੋਮ ਭੀ ਵੇਖਣਾ ਚਾਹੀਦਾ ਹੈ 22ਸੋ ਉਨ੍ਹਾਂ ਵਿੱਚੋਂ ਜਿਹੜੇ ਉਹ ਦੀ ਟਹਿਲ ਕਰਦੇ ਸਨ ਦੋ ਜਣੇ ਅਰਥਾਤ ਤਿਮੋਥਿਉਸ ਅਤੇ ਇਰਸਤੁਸ ਨੂੰ ਮਕਦੂਨਿਯਾ ਵਿੱਚ ਭੇਜ ਕੇ ਉਹ ਆਪ ਅਸਿਯਾ ਵਿੱਚ ਕੁਝ ਚਿਰ ਅਟਕਿਆ।।
23ਉਸ ਸਮੇਂ ਇਸ ਪੰਥ ਦੇ ਵਿਖੇ ਵੱਡਾ ਪਸਾਦ ਉੱਠਿਆ 24ਕਿਉਂਕਿ ਜੋ ਦੇਮੇਤ੍ਰਿਯੁਸ ਨਾਮੇ ਇੱਕ ਸੁਨਿਆਰ ਅਰਤਿਮਿਸ ਦੇ ਰੁਪਹਿਲੇ ਮੰਦਰ ਬਣਵਾ ਕੇ ਕਾਰੀਗਰਾਂ ਨੂੰ ਬਹੁਤ ਕੰਮ ਦੁਆਉਂਦਾ ਸੀ 25ਉਸ ਨੇ ਉਨ੍ਹਾਂ ਨੂੰ ਅਤੇ ਉਸ ਕਿਰਤ ਦੇ ਹੋਰ ਕਾਰੀਗਰਾਂ ਨੂੰ ਇਕੱਠਿਆਂ ਕਰ ਕੇ ਕਿਹਾ, ਹੇ ਮਨੁੱਖੋ ਤੁਸੀਂ ਜਾਣਦੇ ਹੋ ਭਈ ਇਸੇ ਕੰਮ ਤੋਂ ਸਾਨੂੰ ਧਨ ਪ੍ਰਾਪਤ ਹੁੰਦਾ ਹੈ 26ਅਰ ਤੁਸੀਂ ਤਾਂ ਵੇਖਦੇ ਅਰ ਸੁਣਦੇ ਹੋ ਜੋ ਇਸ ਪੌਲੁਸ ਨੇ ਇਹ ਕਹਿ ਕੇ ਭਈ ਜਿਹੜੇ ਹੱਥਾਂ ਨਾਲ ਬਣਾਏ ਹੋਏ ਹਨ, ਓਹ ਦਿਓਤੇ ਨਹੀਂ ਹੁੰਦੇ, ਨਿਰਾ ਅਫ਼ਸੁਸ ਵਿੱਚ ਹੀ ਨਹੀਂ ਸਗੋਂ ਸਾਰੇਕੁ ਅਸਿਯਾ ਵਿੱਚ ਬਹੁਤ ਸਾਰਿਆਂ ਲੋਕਾਂ ਨੂੰ ਸਮਝਾ ਸਮਝੂ ਕੇ ਬਹਿਕਾ ਦਿੱਤਾ ਹੈ 27ਸੋ ਨਿਰਾ ਇਹੋ ਸੰਸਾ ਨਹੀਂ ਜੋ ਸਾਡੀ ਕਿਰਤ ਮਾਤ ਪੈ ਜਾਵੇ ਸਗੋਂ ਇਹ ਭੀ ਕਿ ਮਹਾਂ ਦੇਵੀ ਅਰਤਿਮਿਸ ਦਾ ਮੰਦਰ ਰੁਲ ਜਾਵੇ ਅਰ ਜਿਹ ਨੂੰ ਸਰਬੱਤ ਅਸਿਯਾ ਸਗੋਂ ਦੁਨੀਆਂ ਪੂਜਦੀ ਹੈ ਉਹ ਦੀ ਮਹਿਮਾ ਜਾਂਦੀ ਰਹੇ 28ਇਹ ਗੱਲ ਸੁਣ ਕੇ ਓਹ ਕ੍ਰੋਧ ਨਾਲ ਭਰ ਗਏ ਅਤੇ ਉੱਚੀ ਉੱਚੀ ਬੋਲੇ ਭਈ ਅਫ਼ਸੀਆਂ ਦੀ ਅਰਤਿਮਿਸ ਵੱਡੀ ਹੈ! 29ਤਾਂ ਸਾਰੇ ਸ਼ਹਿਰ ਵਿੱਚ ਹੁੱਲੜ ਪੈ ਗਿਆ ਅਤੇ ਓਹ ਇੱਕ ਮਨ ਹੋ ਕੇ ਗਾਯੁਸ ਅਤੇ ਅਰਿਸਤਰਖੁਸ ਨੂੰ ਜਿਹੜੇ ਮਕਦੂਨਿਯਾ ਦੇ ਵਾਸੀ ਅਤੇ ਸਫ਼ਰ ਵਿੱਚ ਪੌਲੁਸ ਦੇ ਸਾਥੀ ਸਨ ਆਪਣੇ ਨਾਲ ਖਿੱਚ ਕੇ ਤਮਾਸ਼ੇ ਘਰ ਵਿੱਚ ਟੁੱਟ ਪਏ 30ਜਾਂ ਪੌਲੁਸ ਨੇ ਲੋਕਾਂ ਵਿੱਚ ਅੰਦਰ ਜਾਣ ਦੀ ਦਲੀਲ ਕੀਤੀ ਤਾਂ ਚੇਲਿਆਂ ਨੇ ਉਹ ਨੂੰ ਜਾਣ ਨਾ ਦਿੱਤਾ 31ਅਰ ਅਸਿਯਾ ਦੇ ਸਰਦਾਰਾਂ ਵਿੱਚੋਂ ਵੀ ਕਈਆਂ ਨੇ ਜੋ ਉਹ ਦੇ ਮਿਤ੍ਰ ਸਨ ਮਿੰਨਤ ਨਾਲ ਉਹ ਦੇ ਕੋਲ ਕਹਾ ਭੇਜਿਆ ਭਈ ਤਮਾਸ਼ੇ ਘਰ ਵਿੱਚ ਨਾ ਵੜਨਾ! 32ਉਪਰੰਤ ਡੰਡ ਪਾ ਕੇ ਕੋਈ ਕੁਝ ਆਖਦਾ ਸੀ ਅਤੇ ਕੋਈ ਕੁਝ ਇਸ ਲਈ ਕਿ ਜਮਾਤ ਘਬਰਾ ਰਹੀ ਸੀ ਅਰ ਬਹੁਤਿਆਂ ਨੂੰ ਪਤਾ ਨਾ ਲੱਗਾ ਭਈ ਅਸੀਂ ਕਾਹ ਦੇ ਲਈ ਇਕੱਠੇ ਹੋਏ ਹਾਂ 33ਓਹਨਾਂ ਨੇ ਸਿਕੰਦਰ ਨੂੰ ਜਿਹ ਨੂੰ ਯਹੂਦੀ ਅਗਾਹਾਂ ਧੱਕਦੇ ਸਨ ਭੀੜ ਵਿੱਚੋਂ ਸਾਹਮਣੇ ਕਰ ਦਿੱਤਾ ਅਤੇ ਸਿਕੰਦਰ ਨੇ ਹੱਥ ਨਾਲ ਸੈਨਤ ਕਰ ਕੇ ਲੋਕਾਂ ਦੇ ਅੱਗੇ ਉਜ਼ਰ ਕਰਨਾ ਚਾਹਿਆ 34ਪਰ ਜਾਂ ਉਨ੍ਹਾਂ ਜਾਣਿਆ ਭਈ ਇਹ ਯਹੂਦੀ ਹੈ ਤਾਂ ਸੱਭੋ ਇੱਕ ਅਵਾਜ਼ ਨਾਲ ਦੋਕੁ ਘੰਟਿਆਂ ਤੀਕੁਰ ਉੱਚੀ ਉੱਚੀ ਬੋਲਦੇ ਰਹੇ ਭਈ "ਅਫ਼ਸੀਆਂ ਦੀ ਅਰਤਿਮਿਸ ਵੱਡੀ ਹੈ!" 35ਤਾਂ ਸ਼ਹਿਰ ਦੇ ਮੁਹੱਰਰ ਨੇ ਭੀੜ ਨੂੰ ਠੰਡੀ ਕਰ ਕੇ ਆਖਿਆ, ਹੇ ਅਫ਼ਸੀ ਮਰਦੋ, ਉਹ ਕਿਹੜਾ ਮਨੁੱਖ ਹੈ ਜੋ ਨਹੀਂ ਜਾਣਦਾ ਭਈ ਅਫ਼ਸੀਆਂ ਦਾ ਸ਼ਹਿਰ ਮਹਾਂ ਅਰਿਤਿਮਸ ਦਾ ਅਤੇ ਅਕਾਸ਼ ਦੀ ਵੱਲੋਂ ਗਿਰੀ ਹੋਈ ਮੂਰਤ ਦਾ ਸੇਵਕ ਹੈ! 36ਸੋ ਜਾਂ ਇਨ੍ਹਾਂ ਗੱਲਾਂ ਦਾ ਖੰਡਣ ਨਹੀਂ ਹੋ ਸੱਕਦਾ ਤੁਹਾਨੂੰ ਚਾਹੀਦਾ ਹੈ ਭਈ ਚੁੱਪ ਰਹੋ ਅਤੇ ਬਿਨ ਸੋਚੇ ਕੁਝ ਨਾ ਕਰੋ 37ਕਿਉਂ ਜੋ ਤੁਸੀਂ ਇਨ੍ਹਾਂ ਮਨੁੱਖਾਂ ਨੂੰ ਐੱਥੇ ਲਿਆਏ ਹੋ ਜੋ ਨਾ ਤਾਂ ਮੰਦਰ ਦੇ ਚੋਰ ਹਨ ਅਤੇ ਨਾ ਸਾਡੀ ਦੇਵੀ ਦੀ ਨਿੰਦਿਆ ਕਰਨ ਵਾਲੇ ਹਨ 38ਸੋ ਜੇ ਦੇਮੇਤ੍ਰਿਯੁਸ ਅਰ ਉਹ ਦੇ ਨਾਲ ਦੇ ਕਾਰੀਗਰਾਂ ਦਾ ਕਿਸੇ ਉੱਤੇ ਕੁਝ ਦਾਵਾ ਹੋਵੇ ਤਾਂ ਕਚਹਿਰੀਆਂ ਲੱਗੀਆਂ ਹਨ ਅਤੇ ਡਿਪਟੀ ਵੀ ਹਨ, ਓਹ ਇਕ ਦੂਜੇ ਤੇ ਨਾਲਸ਼ ਕਰਨ 39ਪਰ ਜੇ ਤੁਸੀਂ ਕੋਈ ਹੋਰ ਗੱਲ ਪੁੱਛਦੇ ਹੋ ਤਾਂ ਕਨੂਨੀ ਮਜਲਸ ਵਿੱਚ ਨਿਬੇੜਾ ਕੀਤਾ ਜਾਊ 40ਕਿਉਂਕਿ ਅੱਜ ਦੇ ਪਸਾਦ ਦੇ ਕਾਰਨ ਸਾਨੂੰ ਡਰ ਹੈ ਭਈ ਕਿਧਰੇ ਸਾਡੇ ਉੱਤੇ ਨਾਲਸ਼ ਨਾ ਹੋਵੇ ਇੱਸੇ ਲਈ ਜੋ ਇਹ ਦਾ ਕੋਈ ਕਾਰਨ ਨਹੀਂ ਹੈ ਅਰ ਇਹ ਦੇ ਵਿਖੇ ਭੀੜ ਦੇ ਹੋਣ ਦਾ ਕੋਈ ਉਜ਼ਰ ਸਾਥੋਂ ਨਹੀਂ ਕੀਤਾ ਜਾਊ! 41ਅਤੇ ਉਸ ਨੇ ਇਉਂ ਕਹਿ ਕੇ ਜਮਾਤ ਨੂੰ ਵਿਦਿਆ ਕੀਤਾ।।
Currently Selected:
ਰਸੂਲਾਂ ਦੇ ਕਰਤੱਬ 19: PUNOVBSI
Highlight
Share
Copy
![None](/_next/image?url=https%3A%2F%2Fimageproxy.youversionapi.com%2F58%2Fhttps%3A%2F%2Fweb-assets.youversion.com%2Fapp-icons%2Fen.png&w=128&q=75)
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.