ਰਸੂਲਾਂ ਦੇ ਕਰਤੱਬ 20
20
ਪੌਲੁਸ ਦੇ ਸਫ਼ਰ ਅਤੇ ਅਫ਼ਸੁਸ ਦੇ ਬਜ਼ੁਰਗ
1ਜਾਂ ਰੌਲਾ ਹਟ ਗਿਆ ਤਾਂ ਪੌਲੁਸ ਨੇ ਚੇਲਿਆਂ ਨੂੰ ਸੱਦ ਕੇ ਦਿਲਾਸਾ ਦਿੱਤਾ ਅਤੇ ਓਹਨਾਂ ਕੋਲੋਂ ਵਿਦਿਆ ਹੋ ਕੇ ਮਕਦੂਨਿਯਾ ਵਿੱਚ ਜਾਣ ਨੂੰ ਤੁਰ ਪਿਆ 2ਅਤੇ ਉਨ੍ਹਾਂ ਇਲਾਕਿਆਂ ਵਿੱਚੋਂ ਦੀ ਲੰਘਦਾ ਹੋਇਆ ਉਨ੍ਹਾਂ ਨੂੰ ਬਹੁਤੀਆਂ ਗੱਲਾਂ ਨਾਲ ਦਿਲਾਸਾ ਦੇ ਕੇ ਯੂਨਾਨ ਵਿੱਚ ਆਇਆ 3ਉੱਥੇ ਤਿੰਨ ਮਹੀਨੇ ਕੱਟ ਕੇ ਜਦੋਂ ਉਹ ਜਹਾਜ਼ ਉੱਤੇ ਸੁਰਿਯਾ ਵੱਲ ਜਾਣ ਨੂੰ ਤਿਆਰ ਹੋਇਆ ਤਦੋ ਯਹੂਦੀ ਉਹ ਦੀ ਘਾਤ ਵਿੱਚ ਲੱਗੇ, ਇਸ ਲਈ ਉਹ ਨੇ ਮਕਦੂਨਿਯਾ ਦੇ ਰਾਹ ਹੋ ਕੇ ਮੁੜਨ ਦੀ ਦਲੀਲ ਕੀਤੀ 4ਅਤੇ ਪੁੱਰਸ ਦਾ ਪੁੱਤ੍ਰ ਸੋਪਤਰੁਸ ਜਿਹੜਾ ਬਰਿਯਾ ਦਾ ਸੀ ਅਤੇ ਥੱਸਲੁਨੀਕਿਆਂ ਵਿੱਚੋਂ ਅਰਿਸਤਰਖੁਸ ਅਤੇ ਸਿਕੁੰਦੁਸ ਅਤੇ ਦਰਬੇ ਦਾ ਗਾਯੁਸ ਅਤੇ ਤਿਮੋਥਿਉਸ ਅਰ ਅਸਿਯਾ ਦੇ ਤੁਖਿਕੁਸ ਅਰ ਤ੍ਰੋਫ਼ਿਮੁਸ, ਏਹ ਉਹ ਦੇ ਨਾਲ ਅਸਿਯਾ ਤੀਕੁਰ ਗਏ 5ਪਰ ਏਹੋ ਅਗਾਹਾਂ ਜਾ ਕੇ ਤ੍ਰੋਆਸ ਵਿੱਚ ਸਾਨੂੰ ਉਡੀਕਦੇ ਸਨ 6ਅਤੇ ਪਤੀਰੀ ਰੋਟੀ ਦੇ ਦਿਨਾਂ ਦੇ ਪਿੱਛੋਂ ਅਸੀਂ ਫ਼ਿਲਿੱਪੈ ਤੋਂ ਜਹਾਜ਼ ਉੱਤੇ ਚੜ੍ਹੇ ਅਤੇ ਪੰਜਵੇਂ ਦਿਨ ਤ੍ਰੋਆਸ ਵਿੱਚ ਉਨ੍ਹਾਂ ਦੇ ਕੋਲ ਪਹੁੰਚੇ ਅਰ ਸੱਤ ਦਿਨ ਉੱਥੇ ਟਿਕੇ।।
7ਹਫਤੇ ਦੇ ਪਹਿਲੇ ਦਿਨ ਜਾਂ ਅਸੀਂ ਰੋਟੀ ਤੋਂੜਨ ਲਈ ਇਕੱਠੇ ਹੋਏ ਤਾਂ ਪੌਲੁਸ ਨੇ ਜੋ ਅਗਲੇ ਭਲਕ ਤੁਰ ਜਾਣ ਨੂੰ ਤਿਆਰ ਸੀ ਉਨ੍ਹਾਂ ਨੂੰ ਬਚਨ ਸੁਣਾਇਆ ਅਤੇ ਉਹ ਅੱਧੀ ਰਾਤ ਤਾਈਂ ਉਪਦੇਸ਼ ਕਰਦਾ ਰਿਹਾ 8ਚੁਬਾਰੇ ਵਿੱਚ ਜਿੱਥੇ ਅਸੀਂ ਇਕੱਠੇ ਹੋਏ ਸਾਂ ਬਹੁਤ ਸਾਰੇ ਦੀਵੇ ਬਲਦੇ ਸਨ 9ਅਤੇ ਯੂਤਖੁਸ ਨਾਮੇ ਇੱਕ ਜੁਆਨ ਤਾਕੀ ਵਿੱਚ ਬੈਠਾ ਗਾੜੀ ਨੀਂਦ ਨਾਲ ਉਂਘਲਾਇਆ ਹੋਇਆ ਸੀ ਅਰ ਜਿਉਂ ਪੌਲੁਸ ਬਹਤੁ ਚਿਰ ਤੀਕੁਰ ਬਚਨ ਕਰਦਾ ਰਿਹਾ ਤਾਂ ਉਹ ਨੀਂਦਰ ਦੇ ਮਾਰ ਉਂਘਲਾਇਆ ਹੋਇਆ ਤਿਮੰਜਲੇ ਤੋਂ ਹੇਠਾਂ ਡਿੱਗ ਪਿਆ ਅਤੇ ਮੁਰਦੇ ਨੂੰ ਚੁੱਕਿਆ ਗਿਆ 10ਪਰ ਪੌਲੁਸ ਨੇ ਉਤਰ ਕੇ ਉਹ ਨੂੰ ਜੱਫੇ ਵਿੱਚ ਲਿਆ ਅਤੇ ਗਲ ਨਾਲ ਲਾ ਕੇ ਆਖਣ ਲੱਗਾ ਭਈ ਤੁਸੀਂ ਰੌਲਾ ਨਾ ਪਾਓ ਜੋ ਉਹ ਦੀ ਜਾਨ ਉਸ ਵਿੱਚ ਹੈ 11ਫੇਰ ਉਹ ਉੱਪਰ ਆਇਆ ਅਤੇ ਰੋਟੀ ਤੋਂੜ ਕੇ ਖਾਧੀ ਅਰ ਐੱਨਾ ਚਿਰ ਗੱਲਾਂ ਕਰਦਾ ਰਿਹਾ ਜੋ ਦਿਨ ਚੜ੍ਹ ਗਿਆ ਤਦ ਉਹ ਤੁਰ ਪਿਆ 12ਅਤੇ ਓਹ ਉਸ ਮੁੰਡੇ ਨੂੰ ਜੀਉਂਦਾ ਲਿਆਏ ਅਰ ਬਹੁਤ ਸ਼ਾਂਤ ਹੋਏ ।।
13ਪਰ ਅਸੀਂ ਅਗਾਹਾਂ ਤੁਰ ਕੇ ਜਹਾਜ਼ ਉੱਤੇ ਚੜ੍ਹੇ ਅਤੇ ਅੱਸੁਸ ਦੀ ਵੱਲ ਚੱਲੇ ਜਿੱਥੇ ਅਸਾਂ ਪੌਲੁਸ ਨੂੰ ਨਾਲ ਚੜ੍ਹਾ ਲੈਣਾ ਸੀ ਕਿਉਂ ਜੋ ਉਹ ਆਪ ਪੈਦਲ ਜਾਣ ਦੀ ਦਲੀਲ ਕਰ ਕੇ ਏਵੇਂ ਹੀ ਹੁਕਮ ਦੇ ਗਿਆ ਸੀ 14ਜਾਂ ਉਹ ਅੱਸੁਸ ਵਿੱਚ ਸਾਨੂੰ ਆ ਮਿਲਿਆ ਤਾਂ ਅਸੀਂ ਉਹ ਨੂੰ ਚੜ੍ਹਾ ਕੇ ਮਿਤੁਲੇਨੇ ਨੂੰ ਆਏ 15ਅਰ ਉੱਥੋਂ ਜਹਾਜ਼ ਖੋਲ੍ਹ ਕੇ ਦੂਜੇ ਦਿਨ ਖੀਉਸ ਦੇ ਬਰਾਬਰ ਪਹੁੰਚੇ ਅਤੇ ਉਸਦੇ ਦੂਏ ਦਿਨ ਸਾਮੁਸ ਵਿੱਚ ਜਾ ਲੱਗੇ । ਫੇਰ ਅਗਲੇ ਭਲਕ ਮਿਲੇਤੁਸ ਨੂੰ ਆਏ 16ਕਿਉਂਕਿ ਪੌਲੁਸ ਨੇ ਇਹ ਠਾਣਿਆ ਸੀ ਜੋ ਅਫ਼ਸੁਸ ਤੋਂ ਲੰਘ ਜਾਵਾਂ ਭਈ ਅਸਿਯਾ ਵਿੱਚ ਮੈਨੂੰ ਕਿਤੇ ਚਿਰ ਨਾ ਲੱਗੇ ਕਿਉਂ ਜੋ ਉਹ ਛੇਤੀ ਕਰਦਾ ਸੀ ਕਿ ਜੇ ਹੋ ਸੱਕੇ ਤਾਂ ਪੰਤੇਕੁਸਤ ਦਾ ਦਿਨ ਯਰੂਸ਼ਲਮ ਵਿੱਚ ਕੱਟਾਂ।। 17ਉਸ ਨੇ ਮਿਲੇਤੁਸ ਤੋਂ ਅਫ਼ਸੁਸ ਦੀ ਵੱਲ ਸੁਨੇਹਾ ਭੇਜ ਕੇ ਕਲੀਸਿਯਾ ਦੇ ਬਜ਼ੁਰਗਾਂ ਨੂੰ ਸਦਵਾਇਆ 18ਅਤੇ ਜਾਂ ਓਹ ਉਸ ਦੇ ਕੋਲ ਆਏ ਤਾਂ ਉਨ੍ਹਾਂ ਨੂੰ ਆਖਿਆ, ਤੁਸੀਂ ਜਾਣਦੇ ਹੋ ਜੋ ਮੈਂ ਪਹਿਲੇ ਦਿਨ ਤੋਂ ਜਾਂ ਅਸਿਯਾ ਵਿੱਚ ਆਇਆ ਤਾਂ ਨਿੱਤ ਤੁਹਾਡੇ ਨਾਲ ਕਿਸ ਤਰਾਂ ਰਿਹਾ 19ਕਿ ਮੈਂ ਬਹੁਤ ਅਧੀਨਗੀ ਨਾਲ ਹੰਝੂ ਵਹਾ ਵਹਾ ਕੇ ਉਨ੍ਹਾਂ ਪਰਤਾਵਿਆਂ ਵਿੱਚ ਜੋ ਯਹੂਦੀਆਂ ਦੇ ਘਾਤ ਲਾਉਣ ਤੋਂ ਮੇਰੇ ਉੱਤੇ ਆਣ ਪਏ ਪ੍ਰਭੁ ਦੀ ਸੇਵਾ ਕਰਦਾ ਸਾਂ 20ਮੈਂ ਤੁਹਾਡੇ ਭਲੇ ਦੀ ਕੋਈ ਗੱਲ ਦੱਸਣ ਵਿੱਚ ਕੁਝ ਫਰਕ ਨਹੀਂ ਕੀਤਾ ਸਗੋਂ ਤੁਹਾਨੂੰ ਖੁਲ੍ਹ ਕੇ ਅਤੇ ਘਰ ਘਰ ਉਪਦੇਸ਼ ਦਿੱਤਾ 21ਅਤੇ ਮੈਂ ਯਹੂਦੀਆਂ ਅਤੇ ਯੂਨਾਨੀਆਂ ਦੇ ਸਾਹਮਣੇ ਸਾਖੀ ਦਿੱਤੀ ਕਿ ਪਰਮੇਸ਼ੁਰ ਦੇ ਅੱਗੇ ਤੋਬਾ ਕਰੋ ਅਰ ਸਾਡੇ ਪ੍ਰਭੁ ਯਿਸੂ ਮਸੀਹ ਉੱਤੇ ਨਿਹਚਾ ਕਰੋ 22ਹੁਣ ਵੇਖੋ ਮੈਂ ਆਤਮਾ ਦਾ ਬੱਧਾ ਹੋਇਆ ਯਰੂਸ਼ਲਮ ਨੂੰ ਜਾਂਦਾ ਹਾਂ ਅਤੇ ਮੈਂ ਨਹੀਂ ਜਾਣਦਾ ਜੋ ਉੱਥੇ ਮੇਰੇ ਉੱਤੇ ਕੀ ਬੀਤੇਗਾ 23ਪਰ ਐੱਨਾ ਜਾਣਦਾ ਹਾਂ ਭਈ ਪਵਿੱਤ੍ਰ ਆਤਮਾ ਹਰੇਕ ਨਗਰ ਵਿੱਚ ਮੈਨੂੰ ਇਹ ਕਹਿ ਕੇ ਸਾਖੀ ਦਿੰਦਾ ਹੈ ਜੋ ਬੰਧਨ ਅਤੇ ਬਿਪਤਾ ਤੇਰੇ ਲਈ ਤਿਆਰ ਹਨ 24ਪਰੰਤੂ ਮੈਂ ਆਪਣੇ ਲਈ ਆਪਣੀ ਜਾਨ ਨੂੰ ਕਿਸੇ ਤਰਾਂ ਪਿਆਰੀ ਨਹੀਂ ਸਮਝਦਾ ਹਾਂ ਤਾਂ ਜੋ ਮੈਂ ਆਪਣੀ ਦੌੜ ਨੂੰ ਅਤੇ ਉਸ ਟਹਿਲ ਨੂੰ ਪੂਰੀ ਕਰਾਂ ਜਿਹੜੀ ਮੈਂ ਪਰਮੇਸ਼ੁਰ ਦੀ ਕਿਰਪਾ ਦੀ ਖੁਸ਼ ਖਬਰੀ ਉੱਤੇ ਸਾਖੀ ਹੋਣ ਲਈ ਪ੍ਰਭੁ ਯਿਸੂ ਤੋਂ ਪਾਈ ਸੀ 25ਅਤੇ ਹੁਣ ਵੇਖੋ ਮੈਂ ਜਾਣਦਾ ਹਾਂ ਜੋ ਤੁਸੀਂ ਸਭ ਜਿਨ੍ਹਾਂ ਵਿੱਚ ਮੈਂ ਰਾਜ ਦਾ ਪਰਚਾਰ ਕਰਦਾ ਫਿਰਿਆ ਮੇਰਾ ਮੂੰਹ ਫੇਰ ਕਦੇ ਨਾ ਵੇਖੋਗੇ 26ਇਸ ਲਈ ਮੈਂ ਅੱਜ ਦੇ ਦਿਨ ਤੁਹਾਡੇ ਅੱਗੇ ਸਾਖੀ ਦਿੰਦਾ ਹਾਂ ਭਈ ਮੈਂ ਸਭਨਾਂ ਦੇ ਲਹੂ ਤੋਂ ਬੇਦੋਸ਼ ਹਾਂ 27ਕਿਉਂ ਜੋ ਮੈਂ ਤੁਹਾਨੂੰ ਪਰਮੇਸ਼ੁਰ ਦੀ ਸਾਰੀ ਮੱਤ ਦੱਸਣ ਤੋਂ ਨਹੀਂ ਝਕਿਆ 28ਤੁਸੀਂ ਆਪਣੀ, ਨਾਲੇ ਉਸ ਸਾਰੇ ਇੱਜੜ ਦੀ ਖਬਰਦਾਰੀ ਕਰੋ ਜਿਹ ਦੇ ਉੱਤੇ ਪਵਿੱਤ੍ਰ ਆਤਮਾ ਨੇ ਤੁਹਾਨੂੰ ਨਿਗਾਹਬਾਨ ਠਹਿਰਾਇਆ ਹੈ ਜੋ ਪਰਮੇਸ਼ੁਰ ਦੀ ਕਲੀਸਿਯਾ ਦੀ ਚਰਵਾਹੀ ਕਰੋ ਜਿਹ ਨੂੰ ਉਸ ਨੇ ਆਪਣੇ ਹੀ ਲਹੂ ਨਾਲ ਮੁੱਲ ਲਿਆ ਹੈ 29ਮੈਂ ਜਾਣਦਾ ਹਾਂ ਜੋ ਮੇਰੇ ਜਾਣ ਦੇ ਪਿੱਛੋਂ ਬੁਰੇ ਬੁਰੇ ਬਘਿਆੜ ਤੁਹਾਡੇ ਵਿੱਚ ਆ ਵੜਨਗੇ ਜੋ ਇੱਜੜ ਨੂੰ ਨਾ ਛੱਡਣਗੇ 30ਅਤੇ ਤੁਹਾਡੇ ਆਪਣੇ ਹੀ ਵਿੱਚੋਂ ਕਈ ਪੁਰਸ਼ ਖੜੇ ਹੋਣਗੇ ਜਿਹੜੇ ਉਲਟੀਆਂ ਗੱਲਾਂ ਕਰਨਗੇ ਭਈ ਚੇਲਿਆਂ ਨੂੰ ਆਪਣੀ ਵੱਲ ਖਿੱਚ ਲੈ ਜਾਣ 31ਇਸ ਕਰਕੇ ਜਾਗਦੇ ਰਹੋ ਅਤੇ ਯਾਦ ਰੱਖੋ ਜੋ ਮੈਂ ਤਿੰਨਾਂ ਵਰਿਹਾਂ ਤੀਕੁਰ ਰਾਤ ਦਿਨ ਰੋ ਰੋ ਕੇ ਹਰੇਕ ਨੂੰ ਚਿਤਾਉਣ ਤੋਂ ਨਹੀਂ ਟਲਿਆ 32ਹੁਣ ਮੈਂ ਤੁਹਾਨੂੰ ਪਰਮੇਸ਼ੁਰ ਅਰ ਉਸ ਦੀ ਕਿਰਪਾ ਦੇ ਬਚਨ ਦੇ ਸੁਪੁਰਦ ਕਰਦਾ ਹਾਂ ਜਿਹੜਾ ਤੁਹਾਨੂੰ ਸਿੱਧ ਬਣਾ ਸੱਕਦਾ ਅਤੇ ਤੁਹਾਨੂੰ ਸਰਬੱਤ ਪਵਿੱਤ੍ਰ ਕੀਤਿਆਂ ਹੋਇਆਂ ਵਿੱਚ ਅਧਿਕਾਰ ਦੇ ਸੱਕਦਾ ਹੈ 33ਮੈਂ ਕਿਸੇ ਦੀ ਚਾਂਦੀ ਯਾ ਸੋਨੇ ਯਾ ਬਸਤ੍ਰ ਦਾ ਲੋਭ ਨਹੀਂ ਕੀਤਾ 34ਤੁਸੀਂ ਆਪ ਜਾਣਦੋ ਹੋ ਕਿ ਭਈ ਮੇਰੇ ਇਨ੍ਹਾਂ ਹੀ ਹੱਥਾਂ ਨੇ ਮੇਰੀਆਂ ਅਤੇ ਮੇਰੇ ਸਾਥੀਆਂ ਦੀਆਂ ਲੋੜਾਂ ਪੂਰੀਆਂ ਕੀਤੀਆਂ 35ਮੈਂ ਤੁਹਾਨੂੰ ਸਭਨਾਂ ਗੱਲਾਂ ਵਿੱਚ ਇਹ ਕਰ ਵਿਖਾਲਿਆ ਭਈ ਤੁਹਾਨੂੰ ਚਾਹੀਦਾ ਹੈ ਕਿ ਓਸੇ ਤਰਾਂ ਮਿਹਨਤ ਕਰ ਕੇ ਨਤਾਣਿਆਂ ਦੀ ਸਹਾਇਤਾ ਕਰੋ ਅਤੇ ਪ੍ਰਭੁ ਯਿਸੂ ਦੇ ਬਚਨ ਚੇਤੇ ਰੱਖੋ ਜੋ ਉਹ ਨੇ ਆਪ ਫ਼ਰਮਾਇਆ ਸੀ ਭਈ ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।।
36ਉਸ ਨੇ ਇਉਂ ਕਹਿ ਕੇ ਗੋਡੇ ਟੇਕੇ ਅਰ ਉਨ੍ਹਾਂ ਸਭਨਾਂ ਦੇ ਨਾਲ ਪ੍ਰਾਰਥਨਾ ਕੀਤੀ 37ਓਹ ਸੱਭੋ ਬਹੁਤ ਰੁੰਨੇ ਅਤੇ ਪੌਲੁਸ ਦੇ ਗਲ ਮਿਲ ਮਿਲ ਕੇ ਉਹ ਨੂੰ ਚੁੰਮਿਆ 38ਅਰ ਨਿੱਜ ਕਰਕੇ ਏਸ ਗੱਲ ਉੱਤੇ ਬਹੁਤ ਉਦਾਸ ਹੋਏ ਜਿਹੜੀ ਉਹ ਨੇ ਆਖੀ ਸੀ ਭਈ ਤੁਸੀਂ ਮੇਰਾ ਮੂੰਹ ਫੇਰ ਕਦੇ ਨਾ ਵੇਖੋਗੇ, ਅਤੇ ਉਨ੍ਹਾਂ ਜਹਾਜ਼ ਤਾਈਂ ਉਹ ਨੂੰ ਪੁਚਾ ਦਿੱਤਾ ।।
Currently Selected:
ਰਸੂਲਾਂ ਦੇ ਕਰਤੱਬ 20: PUNOVBSI
Highlight
Share
Copy

Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.