ਰਸੂਲਾਂ ਦੇ ਕਰਤੱਬ 18
18
ਕੁਰਿੰਥੁਸ ਤੇ ਅਫ਼ਸੁਸ ਦੇ ਕਈ ਪਰਚਾਰਕ
1ਇਹ ਤੇ ਪਿੱਛੋਂ ਪੌਲੁਸ ਅਥੇਨੈ ਤੋਂ ਤੁਰ ਕੇ ਕੁਰਿੰਥੁਸ ਵਿੱਚ ਆਇਆ 2ਅਰ ਉੱਥੇ ਅਕੂਲਾ ਨਾਉਂ ਦਾ ਇੱਕ ਯਹੂਦੀ ਉਹ ਨੂੰ ਮਿਲਿਆ ਜਿਹ ਦੀ ਜੰਮਣ ਭੂਮੀ ਪੁੰਤੁਸ ਸੀ ਅਤੇ ਥੋੜੇ ਚਿਰ ਦਾ ਆਪਣੀ ਤੀਵੀਂ ਪ੍ਰਿਸਕਿੱਲਾ ਸਣੇ ਇਤਾਲਿਯਾ ਤੋਂ ਆਇਆ ਹੋਇਆ ਸੀ ਕਿਉਂ ਜੋ ਕਲੌਦਿਯੁਸ ਨੇ ਹੁਕਮ ਦਿੱਤਾ ਸੀ ਭਈ ਸਾਰੇ ਯਹੂਦੀ ਰੋਮ ਤੋਂ ਨਿੱਕਲ ਜਾਣ, ਸੋ ਉਹ ਉਨ੍ਹਾਂ ਦੇ ਕੋਲ ਗਿਆ 3ਅਤੇ ਇਸ ਲਈ ਜੋ ਓਹ ਇੱਕੋ ਕਿਰਤ ਕਰਮ ਵਾਲੇ ਸਨ ਉਨ੍ਹਾਂ ਦੇ ਸੰਗ ਰਿਹਾ ਅਤੇ ਓਹ ਕੰਮ ਕਰਨ ਲੱਗੇ ਕਿਉਂ ਜੋ ਕਿਰਤ ਵਿੱਚ ਓਹ ਤੰਬੂ ਬਣਾਉਣ ਵਾਲੇ ਸਨ 4ਅਤੇ ਉਹ ਹਰ ਸਬਤ ਨੂੰ ਸਮਾਜ ਵਿੱਚ ਗਿਆਨ ਗੋਸ਼ਟ ਕਰਦਾ ਅਤੇ ਯਹੂਦਿਆਂ ਤੇ ਯੂਨਾਨੀਆਂ ਨੂੰ ਮਨਾਉਂਦਾ ਸੀ।।
5ਪਰ ਜਦ ਸੀਲਾਸ ਅਤੇ ਤਿਮੋਥਿਉਸ ਮਕਦੂਨਿਯਾ ਤੋਂ ਆਏ ਤਦ ਪੌਲੁਸ ਬਚਨ ਸੁਣਾਉਣ ਵਿੱਚ ਰੁੱਝ ਕੇ ਯਹੂਦੀਆਂ ਦੇ ਅੱਗੇ ਸਾਖੀ ਦੇ ਰਿਹਾ ਸੀ ਜੋ ਯਿਸੂ ਉਹੋ ਮਸੀਹ ਹੈ 6ਜਾਂ ਓਹ ਸਾਹਮਣਾ ਕਰਨ ਅਤੇ ਕੁਫ਼ਰ ਬਕਣ ਲੱਗੇ ਤਾਂ ਉਸ ਨੇ ਆਪਣੇ ਲੀੜੇ ਝਾੜ ਕੇ ਉਨ੍ਹਾਂ ਨੂੰ ਆਖਿਆ, ਤੁਹਾਡਾ ਖੂਨ ਤੁਹਾਡੇ ਸਿਰ! ਮੈਂ ਬੇਦੋਸ਼ ਹਾਂ ! ਏਦੋਂ ਅੱਗੇ ਮੈਂ ਪਰਾਈਆਂ ਕੌਮਾਂ ਵੱਲ ਜਾਵਾਂਗਾ 7ਉਹ ਉੱਥੋਂ ਤੁਰ ਕੇ ਤੀਤੁਸ ਯੂਸਤੁਸ ਨਾਮੇ ਪਰਮੇਸ਼ੁਰ ਦੇ ਇੱਕ ਭਗਤ ਦੇ ਘਰ ਗਿਆ ਜਿਹ ਦਾ ਘਰ ਸਮਾਜ ਮੰਦਰ ਦੇ ਨਾਲ ਲੱਗਦਾ ਸੀ 8ਅਤੇ ਸਮਾਜ ਦੇ ਸਰਦਾਰ ਕਰਿਸਪੁਸ ਨੇ ਆਪਣੇ ਸਾਰੇ ਘਰਾਣੇ ਸਣੇ ਪ੍ਰਭੁ ਦੀ ਪਰਤੀਤ ਕੀਤੀ ਅਤੇ ਕੁਰਿੰਥੀਆਂ ਵਿੱਚੋਂ ਬੇਥੇਰੇ ਲੋਕਾਂ ਨੇ ਸੁਣ ਕੇ ਨਿਹਚਾ ਕੀਤੀ ਅਤੇ ਬਪਤਿਸਮਾ ਲਿਆ 9ਤਾਂ ਪ੍ਰਭੁ ਨੇ ਰਾਤ ਦੇ ਵੇਲੇ ਪੌਲੁਸ ਨੂੰ ਦਰਸ਼ਣ ਦੇ ਕੇ ਕਿਹਾ, ਨਾ ਡਰ ਸਗੋਂ ਬੋਲੀ ਜਾਹ ਅਤੇ ਚੁੱਪ ਨਾ ਰਹੁ 10ਇਸ ਲਈ ਜੋ ਮੈਂ ਤੇਰੇ ਨਾਲ ਹਾਂ ਅਤੇ ਕੋਈ ਤੈਨੂੰ ਦੁਖ ਦੇਣ ਲਈ ਤੇਰੇ ਉੱਤੇ ਹੱਲਾ ਨਾ ਕਰੇਗਾ ਕਿਉਂ ਜੋ ਇਸ ਸ਼ਹਿਰ ਵਿੱਚ ਮੇਰੇ ਬਹੁਤ ਸਾਰੇ ਲੋਕ ਹਨ 11ਸੋ ਉਹ ਡੂਢ ਬਰਸ ਉੱਥੇ ਰਹਿ ਕੇ ਉਨ੍ਹਾਂ ਦੇ ਵਿੱਚ ਪਰਮੇਸ਼ੁਰ ਦਾ ਬਚਨ ਸਿਖਾਉਂਦਾ ਰਿਹਾ।। 12ਪਰ ਜਦ ਗਾਲੀਓ ਅਖਾਯਾ ਦਾ ਡਿਪਟੀ ਸੀ ਤਾਂ ਯਹੂਦੀ ਮਿਲ ਕੇ ਪੌਲੁਸ ਉੱਤੇ ਚੜ੍ਹ ਆਏ ਅਤੇ ਉਹ ਨੂੰ ਅਦਾਲਤ ਵਿੱਚ ਲੈ ਜਾਕੇ ਬੋਲੇ 13ਇਹ ਮਨੁੱਖ ਲੋਕਾਂ ਨੂੰ ਸ਼ਰਾ ਤੋਂ ਉਲਟਾ ਪਰਮੇਸ਼ੁਰ ਦੀ ਬੰਦਗੀ ਕਰਨ ਨੂੰ ਉਭਾਰਦਾ ਹੈ 14ਪਰ ਜਾਂ ਪੌਲੁਸ ਮੂੰਹ ਖੋਲ੍ਹਣ ਲੱਗਾ ਤਾਂ ਗਾਲੀਓ ਨੇ ਯਹੂਦੀਆਂ ਨੂੰ ਆਖਿਆ, ਹੇ ਯਹੂਦੀਓ ਜੇ ਕੁਝ ਜ਼ੁਲਮ ਯਾ ਸਖਤ ਬਦਮਾਸ਼ੀ ਦੀ ਗੱਲ ਹੁੰਦੀ ਤਾਂ ਜੋਗ ਸੀ ਜੋ ਮੈਂ ਤੁਹਾਡੀ ਸੁਣਦਾ 15ਪਰ ਜੇ ਏਹ ਝਗੜੇ ਸ਼ਬਦਾਂ ਅਤੇ ਨਾਵਾਂ ਅਤੇ ਤੁਹਾਡੀ ਆਪਣੀ ਸ਼ਰਾ ਵਿਖੇ ਹਨ ਤਾਂ ਤੁਸੀਂ ਹੀ ਜਾਣੋ, ਮੈਂ ਨਹੀਂ ਚਾਹੁੰਦਾ ਜੋ ਇਨ੍ਹਾਂ ਗੱਲਾਂ ਦਾ ਮੁਨਸਫ਼ ਹੋਵਾਂ 16ਤਾਂ ਉਸ ਨੇ ਉਨ੍ਹਾਂ ਨੂੰ ਅਦਾਲਤੋਂ ਬਾਹਰ ਕੱਢ ਦਿੱਤਾ 17ਤਾਂ ਉਨ੍ਹਾਂ ਸਭਨਾਂ ਨੇ ਸਮਾਜ ਦੇ ਸਰਦਾਰ ਸੋਸਥਨੇਸ ਨੂੰ ਫੜ ਕੇ ਅਦਾਲਤ ਦੇ ਸਾਹਮਣੇ ਮਾਰਿਆ ਪਰ ਗਾਲੀਓ ਨੇ ਇਨ੍ਹਾਂ ਗੱਲਾਂ ਵੱਲ ਕੁਝ ਧਿਆਨ ਨਾ ਕੀਤਾ।।
18ਪੌਲੁਸ ਹੋਰ ਵੀ ਬਹੁਤ ਦਿਨ ਉੱਥੇ ਠਹਿਰ ਕੇ ਫੇਰ ਭਾਈਆਂ ਕੋਲੋਂ ਵਿਦਿਆ ਹੋਇਆ ਅਤੇ ਕੰਖਰਿਯਾ ਵਿੱਚ ਸਿਰ ਮੂਨਾ ਕੇ, ਕਿਉਂ ਜੋ ਉਹ ਨੇ ਮੰਨਤ ਮੰਨੀ ਸੀ, ਪ੍ਰਿਸਕਿੱਲਾ ਅਤੇ ਅਕੂਲਾ ਦੇ ਸੰਗ ਜਹਾਜ਼ ਤੇ ਸੁਰਿਯਾ ਦੀ ਵੱਲ ਨੂੰ ਚੱਲਿਆ ਗਿਆ 19ਅਤੇ ਅਫ਼ਸੁਸ ਵਿੱਚ ਪਹੁੰਚ ਕੇ ਉਨ੍ਹਾਂ ਨੂੰ ਉੱਥੇ ਹੀ ਛੱਡਿਆ ਪਰ ਆਪ ਸਮਾਜ ਵਿੱਚ ਜਾ ਕੇ ਯਹੂਦੀਆਂ ਦੇ ਨਾਲ ਗਿਆਨ ਗੋਸ਼ਟ ਕੀਤੀ 20ਤਾਂ ਉਨ੍ਹਾਂ ਨੇ ਉਹ ਦੇ ਅੱਗੇ ਬੇਨਤੀ ਕੀਤੀ ਭਈ ਉਹ ਕੁਝ ਦਿਨ ਹੋਰ ਰਹੇ ਪਰ ਉਹ ਨੇ ਨਾ ਮੰਨਿਆ 21ਪਰੰਤੂ ਇਹ ਕਹਿ ਕੇ ਭਈ ਪਰਮੇਸ਼ੁਰ ਚਾਹੇ ਤਾਂ ਮੈਂ ਤੁਹਾਡੇ ਕੋਲ ਫੇਰ ਆਵਾਂਗਾ ਉਹ ਉਨ੍ਹਾਂ ਕੋਲੋਂ ਵਿਦਿਆ ਹੋਇਆ ਅਤੇ ਜਹਾਜ਼ ਤੇ ਚੜ੍ਹ ਕੇ ਅਫ਼ਸੁਸ ਤੋਂ ਚੱਲਿਆ ਗਿਆ 22ਉਹ ਕੈਸਰਿਯਾ ਵਿੱਚ ਉਤਰਿਆ ਅਰ ਜਾਂ ਉਹ ਨੇ ਜਾ ਕੇ ਕਲੀਸਿਯਾ ਦੀ ਸੁਖ ਸਾਂਦ ਪੁੱਛੀ ਤਾਂ ਅੰਤਾਕਿਯਾ ਵਿੱਚ ਆਇਆ 23ਅਰ ਉੱਥੇ ਕੁਝ ਚਿਰ ਰਹਿ ਕੇ ਉਹ ਚੱਲਿਆ ਗਿਆ ਅਤੇ ਗਲਾਤਿਯਾ ਅਤੇ ਫ਼ਰੁਗਿਆ ਦੇ ਦੇਸ ਵਿੱਚ ਥਾਂ ਥਾਂ ਫਿਰ ਕੇ ਸਾਰਿਆਂ ਚੇਲਿਆਂ ਨੂੰ ਤਕੜਾ ਕਰਦਾ ਗਿਆ।।
24ਅਪੁੱਲੋਸ ਨਾਮੇ ਇੱਕ ਯਹੂਦੀ ਜਿਹ ਦੀ ਜੰਮਣ ਭੂਮੀ ਸਿੰਕਦਰਿਯਾ ਸੀ ਅਰ ਜੋ ਸੁਆਰਾ ਬੋਲਣ ਵਾਲਾ ਅਤੇ ਲਿਖਤਾਂ ਵਿੱਚ ਵੱਡਾ ਸੁਚੇਤ ਸੀ ਅਫ਼ਸੁਸ ਵਿੱਚ ਆਇਆ 25ਇਹ ਨੇ ਪ੍ਰਭੁ ਦੇ ਰਾਹ ਦੀ ਸਿੱਖਿਆ ਪਾਈ ਸੀ ਅਤੇ ਮਨ ਵਿੱਚ ਸਰਗਰਮ ਹੋ ਕੇ ਯਿਸੂ ਦੀਆਂ ਗੱਲਾਂ ਜਤਨ ਨਾਲ ਸੁਣਾਉਂਦਾ ਅਤੇ ਸਿਖਾਲਦਾ ਸੀ ਪਰ ਨਿਰਾ ਯੂਹੰਨਾ ਦਾ ਬਪਤਿਸਮਾ ਜਾਣਦਾ ਸੀ 26ਉਹ ਸਮਾਜ ਵਿੱਚ ਬੇਧੜਕ ਬੋਲਣ ਲੱਗਾ ਪਰ ਜਾਂ ਪ੍ਰਿਸਕਿੱਲਾ ਅਤੇ ਅਕੂਲਾ ਨੇ ਉਹ ਦੀ ਸੁਣੀ ਤਾਂ ਉਸ ਨੂੰ ਆਪਣੇ ਨਾਲ ਰਲਾ ਕੇ ਉਸ ਨੂੰ ਪਰਮੇਸ਼ੁਰ ਦਾ ਰਾਹ ਹੋਰ ਵੀ ਠੀਕ ਤਰਾਂ ਦੱਸਿਆ 27ਜਦ ਉਸ ਨੇ ਅਖਾਯਾ ਨੂੰ ਜਾਣ ਦੀ ਦਲੀਲ ਕੀਤੀ ਤਦ ਭਾਈਆਂ ਨੇ ਉਸ ਨੂੰ ਦਿਲਾਸਾ ਦਿੱਤਾ ਅਤੇ ਚੇਲਿਆਂ ਨੂੰ ਲਿਖ ਭੇਜਿਆ ਭਈ ਉਸ ਦਾ ਆਦਰ ਭਾਉ ਕਰਨ । ਸੋ ਉਸ ਨੇ ਉੱਥੇ ਪਹੁੰਚ ਕੇ ਉਨ੍ਹਾਂ ਦੀ ਵੱਡੀ ਸਹਾਇਤਾ ਕੀਤੀ ਜਿਨ੍ਹਾਂ ਕਿਰਪਾ ਦੇ ਕਾਰਨ ਨਿਹਚਾ ਕੀਤੀ ਸੀ 28ਕਿਉਂ ਜੋ ਉਸ ਨੇ ਲਿਖਤਾਂ ਤੋਂ ਪ੍ਰਮਾਣ ਦੇ ਦੇ ਕੇ ਜੋ ਯਿਸੂ ਉੱਹੋ ਮਸੀਹ ਹੈ ਵੱਡੀ ਤਕੜਾਈ ਨਾਲ ਸਭਨਾਂ ਦੇ ਸਾਹਮਣੇ ਯਹੂਦੀਆਂ ਦਾ ਮੂੰਹ ਬੰਦ ਕਰ ਦਿੱਤਾ।।
Currently Selected:
ਰਸੂਲਾਂ ਦੇ ਕਰਤੱਬ 18: PUNOVBSI
Highlight
Share
Copy
![None](/_next/image?url=https%3A%2F%2Fimageproxy.youversionapi.com%2F58%2Fhttps%3A%2F%2Fweb-assets.youversion.com%2Fapp-icons%2Fen.png&w=128&q=75)
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.