YouVersion Logo
Search Icon

ਰਸੂਲਾਂ ਦੇ ਕਰਤੱਬ 14

14
ਲੁਸਤ੍ਰਾ ਵਿੱਚ ਪੌਲੁਸ ਦਾ ਪਥਰਾਉ ਕੀਤਾ ਜਾਣਾ
1ਇਕੋਨਿਯੁਮ ਵਿੱਚ ਇਉਂ ਹੋਇਆ ਕਿ ਓਹ ਯਹੂਦੀਆਂ ਦੀ ਸਮਾਜ ਵਿੱਚ ਗਏ ਅਰ ਅਜਿਹਾ ਬਚਨ ਕੀਤਾ ਜੋ ਯਹੂਦੀਆਂ ਅਤੇ ਯੂਨਾਨੀਆਂ ਵਿੱਚੋਂ ਬਾਹਲੇ ਲੋਕਾਂ ਨੇ ਨਿਹਚਾ ਕੀਤੀ 2ਪਰ ਉਨ੍ਹਾਂ ਯਹੂਦੀਆਂ ਨੇ ਜਿਨ੍ਹਾਂ ਨਾ ਮੰਨਿਆ ਪਰਾਈਆਂ ਕੌਮਾਂ ਦਿਆਂ ਲੋਕਾਂ ਦੇ ਮਨਾਂ ਨੂੰ ਉਭਾਰ ਕੇ ਭਾਈਆਂ ਦੀ ਵੱਲੋਂ ਬੁਰਾ ਕਰ ਦਿੱਤਾ 3ਸੋ ਓਹ ਬਹੁਤ ਦਿਨ ਉੱਥੇ ਠਹਿਰੇ ਅਤੇ ਪ੍ਰਭੁ ਦੇ ਆਸਰੇ ਬੇਧੜਕ ਉਪਦੇਸ਼ ਕਰਦੇ ਰਹੇ ਅਰ ਉਹ ਉਨ੍ਹਾਂ ਦੇ ਹੱਥੀਂ ਨਿਸ਼ਾਨ ਅਤੇ ਅਚਰਜ ਕੰਮ ਵਿਖਾਲ ਕੇ ਆਪਣੀ ਕਿਰਪਾ ਦੇ ਬਚਨ ਉੱਤੇ ਸਾਖੀ ਦਿੰਦਾ ਰਿਹਾ 4ਪਰ ਨਗਰ ਦੇ ਲੋਕਾਂ ਵਿੱਚ ਫੁੱਟ ਪੈ ਗਈ ਅਤੇ ਕਈ ਯਹੂਦੀਆਂ ਦੀ ਵੱਲ ਅਤੇ ਕਈ ਰਸੂਲਾਂ ਦੀ ਵੱਲ ਹੋ ਗਏ 5ਜਾਂ ਪਰਾਈਆਂ ਕੌਮਾਂ ਦਿਆਂ ਲੋਕਾਂ ਅਤੇ ਯਹੂਦੀਆਂ ਨੇ ਆਪਣੇ ਸਰਦਾਰਾਂ ਸਣੇ ਉਨ੍ਹਾਂ ਦੀ ਪਤ ਲਾਹੁਣ ਅਤੇ ਪਥਰਾਓ ਕਰਨ ਨੂੰ ਹੱਲਾ ਕੀਤਾ 6ਤਾਂ ਓਹ ਇਸ ਮਲੂਮ ਕਰ ਕੇ ਲੁਕਾਉਨਿਯਾ ਨਗਰ ਲੁਸਤ੍ਰਾ ਅਰ ਦਰਬੇ ਅਤੇ ਉਨ੍ਹਾਂ ਦੇ ਲਾਂਭ ਛਾਂਭ ਦੇ ਇਲਾਕੇ ਵਿੱਚ ਭੱਜ ਗਏ 7ਅਰ ਉੱਥੇ ਖੁਸ਼ ਖਬਰੀ ਸੁਣਾਉਂਦੇ ਰਹੇ।।
8ਲੁਸਤ੍ਰਾ ਵਿੱਚ ਇੱਕ ਮਨੁੱਖ ਪੈਰਾਂ ਤੋਂ ਨਿਰਬਲ ਬੈਠਾ ਸੀ ਜਿਹੜਾ ਜਮਾਂਦਰੂ ਲੰਙਾ ਸੀ ਅਰ ਕਦੇ ਨਹੀਂ ਸੀ ਤੁਰਿਆ 9ਉਸ ਨੇ ਪੌਲੁਸ ਨੂੰ ਗੱਲਾਂ ਕਰਦਾ ਸੁਣਿਆ ਅਤੇ ਇਸ ਨੇ ਉਹ ਦੀ ਵੱਲ ਧਿਆਨ ਕਰ ਕੇ ਜਾਂ ਵੇਖਿਆ ਭਈ ਇਹ ਦੇ ਵਿੱਚ ਚੰਗਾ ਹੋਣ ਦੀ ਨਿਹਚਾ ਹੈ 10ਤਾਂ ਉੱਚੀ ਦੇ ਕੇ ਬੋਲਿਆ ਕਿ ਆਪਣੇ ਪੈਰਾਂ ਉੱਤੇ ਸਿੱਧਾ ਖੜਾ ਹੋ! ਤਾਂ ਉਹ ਉੱਛਲ ਕੇ ਤੁਰਨ ਲੱਗ ਪਿਆ 11ਜਦ ਓਹਨਾਂ ਲੋਕਾਂ ਨੇ ਜੋ ਕੁਝ ਪੌਲੁਸ ਨੇ ਕੀਤਾ ਸੀ ਵੇਖਿਆ ਤਦ ਓਹ ਲੁਕਾਉਨਿਯਾ ਦੀ ਬੋਲੀ ਵਿੱਚ ਉੱਚੀ ਅਵਾਜ਼ ਨਾਲ ਆਖਣ ਲੱਗੇ ਭਈ ਦਿਓਤੇ ਮਾਨਸ ਰੂਪ ਧਾਰ ਕੇ ਸਾਡੇ ਕੋਲ ਉੱਤਰੇ ਹਨ! 12ਅਤੇ ਉਨ੍ਹਾਂ ਨੇ ਬਰਨਬਾਸ ਦਾ ਨਾਉਂ ਦਿਔਸ ਅਤੇ ਪੌਲੁਸ ਦਾ ਨਾਉਂ ਹਰਮੇਸ ਰੱਖਿਆ ਇਸ ਲਈ ਜੋ ਇਹ ਬਚਨ ਕਰਨ ਵਿੱਚ ਆਗੂ ਸੀ 13ਦਿਔਸ ਦਾ ਮੰਦਰ ਨਗਰ ਦੇ ਸਾਹਮਣੇ ਸੀ ਅਤੇ ਉਹ ਦਾ ਪੁਜਾਰੀ ਬਲਦ ਅਤੇ ਫੁੱਲਾਂ ਦੇ ਹਾਰ ਫਾਟਕਾਂ ਕੋਲ ਲਿਆ ਕੇ ਚਾਹੁੰਦਾ ਸੀ ਜੋ ਲੋਕਾਂ ਦੇ ਨਾਲ ਮਿਲ ਕੇ ਬਲੀਦਾਨ ਕਰੇ 14ਪਰ ਜਾਂ ਬਰਨਬਾਸ ਅਰ ਪੌਲੁਸ ਰਸੂਲਾਂ ਨੇ ਇਹ ਸੁਣਿਆ ਤਾਂ ਆਪਣੇ ਲੀੜੇ ਪਾੜੇ ਅਤੇ ਲੋਕਾਂ ਦੇ ਵਿੱਚ ਬਾਹਰ ਨੂੰ ਦੌੜੇ 15ਅਤੇ ਪੁਕਾਰ ਕੇ ਕਹਿਣ ਲੱਗੇ ਕਿ ਹੇ ਪੁਰਖੋ, ਤੁਸੀਂ ਇਹ ਕਾਹਨੂੰ ਕਰਦੇ ਹੋ? ਅਸੀਂ ਭੀ ਤੁਹਾਡੇ ਵਾਂਙੁ ਦੁਖ ਸੁਖ ਭੋਗਣ ਵਾਲੇ ਮਨੁੱਖ ਹਾਂ ਅਤੇ ਤੁਹਾਨੂੰ ਇਹ ਖੁਸ਼ ਖਬਰੀ ਦਾ ਉਪਦੇਸ਼ ਦਿੰਦੇ ਹਾਂ ਭਈ ਇਨ੍ਹਾਂ ਵਿਰਥੀਆਂ ਗੱਲਾਂ ਤੋਂ ਲਾਂਭੇ ਹੋ ਕੇ ਜੀਉਂਦੇ ਪਰਮੇਸ਼ੁਰ ਦੀ ਵੱਲ ਮੁੜੋ ਜਿਹ ਨੇ ਅਕਾਸ਼ ਅਤੇ ਧਰਤੀ ਅਤੇ ਸਮੁੰਦਰ ਅਤੇ ਸੱਭੋ ਕੁਝ ਜੋ ਉਨ੍ਹਾਂ ਦੇ ਵਿੱਚ ਹੈ ਬਣਾਇਆ 16ਉਸ ਨੇ ਅਗਲਿਆਂ ਸਮਿਆਂ ਵਿੱਚ ਸਾਰੀਆਂ ਕੌਮਾਂ ਨੂੰ ਆਪੋ ਆਪਣੇ ਰਾਹ ਉੱਤੇ ਚੱਲਣ ਦਿੱਤਾ 17ਤਾਂ ਭੀ ਉਹ ਨੇ ਆਪ ਨੂੰ ਬਿਨਾ ਸਾਖੀ ਨਾ ਰੱਖਿਆ ਇਸ ਲਈ ਜੋ ਉਹ ਨੇ ਭਲਾ ਕੀਤਾ ਅਰ ਅਕਾਸ਼ ਤੋਂ ਵਰਖਾ ਅਤੇ ਫਲ ਦੇਣ ਵਾਲੀਆਂ ਰੁੱਤਾਂ ਤੁਹਾਨੂੰ ਦੇ ਕੇ ਤੁਹਾਡਿਆਂ ਮਨਾ ਨੂੰ ਅਹਾਰ ਅਤੇ ਅਨੰਦ ਨਾਲ ਭਰਪੂਰ ਕੀਤਾ 18ਏਹ ਗੱਲਾਂ ਕਹਿ ਕਿ ਉਨ੍ਹਾਂ ਨੇ ਮਸਾਂ ਮਸਾਂ ਲੋਕਾਂ ਨੂੰ ਹਟਾਇਆ ਜੋ ਉਨ੍ਹਾਂ ਦੇ ਅੱਗੇ ਬਲੀਦਾਨ ਨਾ ਕਰਨ।।
19ਪਰੰਤੂ ਕਈ ਯਹੂਦੀ ਅੰਤਾਕਿਯਾ ਅਰ ਇਕੁਨਿਯੁਮ ਤੋਂ ਉੱਥੇ ਆਏ ਅਤੇ ਲੋਕਾਂ ਨੂੰ ਉਭਾਰ ਕੇ ਪੌਲੁਸ ਨੂੰ ਪਥਰਾਓ ਕੀਤਾ ਅਤੇ ਇਹ ਸਮਝ ਕੇ ਭਈ ਉਹ ਮਰ ਗਿਆ ਹੈ ਉਹ ਨੂੰ ਘਸੀਟ ਕੇ ਨਗਰੋਂ ਬਾਹਰ ਲੈ ਗਏ 20ਪਰ ਜਾਂ ਚੇਲੇ ਉਹ ਦੇ ਚੁਫੇਰੇ ਇਕੱਠੇ ਹੋਏ ਤਾਂ ਉਹ ਉੱਠ ਕੇ ਨਗਰ ਵਿੱਚ ਆਇਆ ਅਤੇ ਅਗਲੇ ਭਲਕ ਬਰਨਬਾਸ ਦੇ ਨਾਲ ਦਰਬੇ ਨੂੰ ਚੱਲਿਆ ਗਿਆ 21ਅਰ ਜਾਂ ਉਸ ਨਗਰ ਵਿੱਚ ਖੁਸ਼ ਖਬਰੀ ਸੁਣਾ ਚੁੱਕੇ ਅਤੇ ਬਹੁਤ ਸਾਰਿਆਂ ਨੂੰ ਚੇਲੇ ਕਰ ਚੁੱਕੇ ਤਾਂ ਲੁਸਤ੍ਰਾ ਅਤੇ ਇਕੁਨਿਯੁਮ ਅਤੇ ਅੰਤਾਕਿਯਾ ਨੂੰ ਮੁੜੇ 22ਅਰ ਚੇਲਿਆਂ ਦੇ ਮਨਾਂ ਨੂੰ ਤਕੜੇ ਕਰਦੇ ਅਰ ਇਹ ਉਪਦੇਸ਼ ਦਿੰਦੇ ਸਨ ਕਿ ਨਿਹਚਾ ਵਿੱਚ ਬਣੇ ਰਹੋ ਅਤੇ ਕਿਹਾ ਭਈ ਅਸੀਂ ਬਹੁਤ ਬਿਪਤਾ ਸਹਿ ਕੇ ਪਰਮੇਸ਼ੁਰ ਦੇ ਰਾਜ ਵਿੱਚ ਵੜਨਾ ਹੈ 23ਜਾਂ ਉਨ੍ਹਾਂ ਨੇ ਹਰੇਕ ਕਲੀਸਿਯਾ ਵਿੱਚ ਉਨ੍ਹਾਂ ਦੇ ਲਈ ਬਜ਼ੁਰਗ ਠਹਿਰਾਏ ਅਤੇ ਵਰਤ ਨਾਲ ਪ੍ਰਾਰਥਨਾ ਕੀਤੀ ਤਾਂ ਓਹਨਾਂ ਨੂੰ ਪ੍ਰਭੁ ਦੇ ਹੱਥ ਸੌਂਪ ਦਿੱਤਾ ਜਿਹ ਦੇ ਉੱਤੇ ਓਹਨਾਂ ਨਿਹਚਾ ਕੀਤੀ ਸੀ 24ਤਾਂ ਓਹ ਪਿਸਿਦਿਯਾ ਵਿੱਚੋਂ ਦੀ ਲੰਘ ਕੇ ਪੰਫ਼ੁਲਿਯਾ ਵਿੱਚ ਆਏ 25ਅਤੇ ਪਰਗਾ ਵਿੱਚ ਬਚਨ ਸੁਣਾ ਕੇ ਅੱਤਲਿਯਾ ਨੂੰ ਜਾ ਉੱਤਰੇ 26ਉੱਥੋਂ ਜਹਾਜ਼ ਤੇ ਚੜ੍ਹ ਕੇ ਅੰਤਾਕਿਯਾ ਨੂੰ ਚੱਲੇ ਜਿੱਥੋਂ ਓਹ ਉਸ ਕੰਮ ਦੇ ਲਈ ਜੋ ਉਨ੍ਹਾਂ ਨੇ ਹੁਣ ਪੂਰਾ ਕੀਤਾ ਪਰਮੇਸ਼ੁਰ ਦੀ ਕਿਰਪਾ ਉੱਤੇ ਸੌਂਪੇ ਗਏ ਸਨ 27ਜਾਂ ਪਹੁੰਚੇ ਤਾਂ ਕਲੀਸਿਯਾ ਨੂੰ ਇਕੱਠੀ ਕਰ ਕੇ ਖਬਰ ਦਿੱਤੀ ਜੋ ਪਰਮੇਸ਼ੁਰ ਨੇ ਸਾਡੇ ਨਾਲ ਕੀ ਕੀਤਾ ਅਤੇ ਇਹ ਕਿ ਉਹ ਨੇ ਪਰਾਈਆਂ ਕੌਮਾਂ ਦੇ ਲਈ ਨਿਹਚਾ ਦਾ ਦਰਵੱਜਾ ਖੋਲ੍ਹਿਆ 28ਤਾਂ ਓਹ ਚੇਲਿਆਂ ਦੇ ਨਾਲ ਬਹੁਤ ਚਿਰ ਠਹਿਰੇ।।

Highlight

Share

Copy

None

Want to have your highlights saved across all your devices? Sign up or sign in