ਰਸੂਲਾਂ ਦੇ ਕਰਤੱਬ 15
15
ਯਰੂਸ਼ਲਮ ਦੀ ਕਾਨਫਰੰਸ
1ਕਈ ਆਦਮੀ ਯਹੂਦਿਯਾ ਤੋਂ ਆਣ ਕੇ ਭਾਈਆਂ ਨੂੰ ਸਿਖਾਲਣ ਲੱਗੇ ਕਿ ਜੇ ਮੂਸਾ ਦੀ ਰੀਤ ਦੇ ਅਨੁਸਾਰ ਤੁਹਾਡੀ ਸੁੰਨਤ ਨਾ ਕਰਾਈ ਜਾਵੇ ਤਾਂ ਤੁਹਾਡੀ ਮੁਕਤੀ ਨਹੀਂ ਹੋ ਸੱਕਦੀ 2ਸੋ ਜਾਂ ਪੌਲੁਸ ਅਤੇ ਬਰਨਬਾਸ ਦਾ ਉਨ੍ਹਾਂ ਨਾਲ ਝਗੜਾ ਅਤੇ ਵਾਦ ਬਹੁਤ ਹੋਇਆ ਤਾਂ ਇਹ ਗੱਲ ਠਹਿਰੀ ਜੋ ਪੌਲੁਸ ਅਤੇ ਬਰਨਬਾਸ ਅਤੇ ਕਈ ਹੋਰ ਮਨੁੱਖ ਉਨ੍ਹਾਂ ਵਿੱਚੋਂ ਇਸ ਗੱਲ ਦੇ ਸਹੀ ਕਰਨ ਨੂੰ ਰਸੂਲਾਂ ਅਤੇ ਬਜ਼ੁਰਗਾਂ ਦੇ ਕੋਲ ਯਰੂਸ਼ਲਮ ਨੂੰ ਜਾਣ 3ਜਾਂ ਓਹ ਕਲੀਸਿਯਾ ਵੱਲੋਂ ਕੁਝ ਦੂਰ ਪੁਚਾਏ ਗਏ ਤਾਂ ਫੈਨੀਕੇ ਅਤੇ ਸਾਮਰਿਯਾ ਦੇ ਵਿੱਚੋਂ ਦੀ ਲੰਘਦੇ ਹੋਏ ਪਰਾਈਆਂ ਕੌਮਾਂ ਦਿਆਂ ਲੋਕਾਂ ਦੇ ਮਨ ਫਿਰਨ ਦੀ ਖਬਰ ਦਿੰਦੇ ਗਏ ਅਤੇ ਸਭਨਾਂ ਭਾਈਆਂ ਨੂੰ ਬਹੁਤ ਖੁਸ਼ ਕੀਤਾ 4ਜਾਂ ਯਰੂਸ਼ਲਮ ਵਿੱਚ ਪਹੁੰਚੇ ਤਾਂ ਕਲੀਸਿਯਾ ਅਤੇ ਰਸੂਲਾਂ ਅਤੇ ਬਜ਼ੁਰਗਾਂ ਨੇ ਉਨ੍ਹਾਂ ਦਾ ਆਦਰ ਭਾਉ ਕੀਤਾ ਅਤੇ ਓਹਨਾਂ ਨੇ ਜੋ ਕੁਝ ਪਰਮੇਸ਼ੁਰ ਨੇ ਓਹਨਾਂ ਦੇ ਨਾਲ ਕੀਤਾ ਸੀ ਸੋ ਸੁਣਾ ਦਿੱਤਾ 5ਤਦ ਕਈਆਂ ਨੇ ਫ਼ਰੀਸੀਆਂ ਦੇ ਪੰਥ ਵਿੱਚੋਂ ਜਿਨ੍ਹਾਂ ਨਿਹਚਾ ਕੀਤੀ ਉੱਠ ਕੇ ਕਿਹਾ ਭਈ ਉਨ੍ਹਾਂ ਦੀ ਸੁੰਨਤ ਕਰਨੀ ਅਤੇ ਮੂਸਾ ਦੀ ਸ਼ਰਾ ਨੂੰ ਮੰਨਣ ਦਾ ਹੁਕਮ ਦੇਣਾ ਚੀਹਦਾ ਹੈ।।
6ਤਾਂ ਰਸੂਲ ਅਤੇ ਬਜ਼ੁਰਗ ਇਕੱਠੇ ਹੋਏ ਭਈ ਏਸ ਗੱਲ ਨੂੰ ਸੋਚਣ 7ਅਰ ਜਾਂ ਬਹੁਤ ਵਾਦ ਹੋਇਆ ਤਾਂ ਪਤਰਸ ਨੇ ਉੱਠ ਕੇ ਉਨ੍ਹਾਂ ਨੂੰ ਆਖਿਆ, - ਹੇ ਭਾਈਓ, ਤੁਸੀਂ ਜਾਣਦੇ ਹੋ ਜੋ ਪਹਿਲੇ ਦਿਨਾਂ ਤੋਂ ਪਰਮੇਸ਼ੁਰ ਨੇ ਤੁਹਾਡੇ ਵਿੱਚੋਂ ਮੈਨੂੰ ਚੁਣਿਆ ਜੋ ਪਰਾਈਆਂ ਕੌਮਾਂ ਮੇਰੀ ਜ਼ਬਾਨੀ ਖੁਸ਼ ਖਬਰੀ ਦਾ ਬਚਨ ਸੁਣਨ ਅਤੇ ਨਿਹਚਾ ਕਰਨ 8ਅਤੇ ਪਰਮੇਸ਼ੁਰ ਨੇ ਜੋ ਅੰਤਰਜਾਮੀ ਹੈ ਜਿਹਾ ਸਾਨੂੰ ਤਿਹਾ ਹੀ ਉਨ੍ਹਾਂ ਨੂੰ ਭੀ ਪਵਿਤ੍ਰ ਆਤਮਾ ਦੇ ਕੇ ਉਨ੍ਹਾਂ ਉੱਤੇ ਸਾਖੀ ਦਿੱਤੀ 9ਅਤੇ ਨਿਹਚਾ ਨਾਲ ਉਨ੍ਹਾਂ ਦੇ ਮਨ ਸ਼ੁੱਧ ਕਰ ਕੇ ਸਾਡੇ ਅਤੇ ਉਨ੍ਹਾਂ ਦੇ ਵਿੱਚ ਕੁਝ ਭਿੰਨ ਭੇਦ ਨਾ ਰੱਖਿਆ 10ਸੋ ਹੁਣ ਕਿਉਂ ਤੁਸੀਂ ਪਰਮੇਸ਼ੁਰ ਨੂੰ ਪਰਤਾਉਂਦੇ ਹੋ ਕਿ ਚੇਲਿਆਂ ਦੀ ਧੌਣ ਤੇ ਜੂਲਾ ਰੱਖੋ ਜਿਹ ਨੂੰ ਨਾ ਸਾਡੇ ਪਿਉ ਦਾਦੇ, ਨਾ ਅਸੀਂ ਚੁੱਕ ਸੱਕੇ? 11ਪਰ ਸਾਨੂੰ ਪਰਤੀਤ ਹੈ ਕਿ ਅਸੀਂ ਪ੍ਰਭੁ ਯਿਸੂ ਦੀ ਕਿਰਪਾ ਨਾਲ ਬਚਾਏ ਜਾਵਾਂਗੇ ਜਿਸ ਤਰਾਂ ਕਿ ਓਹ ਭੀ।।
12ਤਾਂ ਸਾਰੀ ਸਭਾ ਚੁੱਪ ਰਹੀ ਅਤੇ ਓਹ ਬਰਨਬਾਸ ਅਰ ਪੌਲੁਸ ਤੋਂ ਇਹ ਵਾਰਤਾ ਸੁਣਨ ਲੱਗੇ ਜੋ ਪਰਮੇਸ਼ੁਰ ਨੇ ਕਿਹੋ ਕਿਹੇ ਨਿਸ਼ਾਨ ਅਤੇ ਅਚੰਭੇ ਓਹਨਾਂ ਦੇ ਹੱਥੀਂ ਪਰਾਈਆਂ ਕੌਮਾਂ ਵਿੱਚ ਵਿਖਾਲੇ 13ਅਰ ਜਾਂ ਓਹ ਚੁੱਪ ਹੋਏ ਤਾਂ ਯਾਕੂਬ ਅੱਗੋਂ ਕਹਿਣ ਲੱਗਾ, - ਹੇ ਭਾਈਓ, ਮੇਰੀ ਸੁਣੋ 14ਸ਼ਮਊਨ ਨੇ ਦੱਸਿਆ ਹੈ ਭਈ ਕਿਸ ਪਰਕਾਰ ਪਰਮੇਸ਼ੁਰ ਨੇ ਪਹਿਲਾਂ ਪਰਾਈਆਂ ਕੌਮਾਂ ਉੱਤੇ ਨਿਗਾਹ ਕੀਤੀ ਤਾਂ ਜੋ ਓਹਨਾਂ ਵਿੱਚੋਂ ਇੱਕ ਪਰਜਾ ਆਪਣੇ ਨਾਮ ਦੇ ਲਈ ਚੁਣੇ 15ਅਤੇ ਨਬੀਆਂ ਦੇ ਬਚਨ ਏਸ ਨਾਲ ਮਿਲਦੇ ਹਨ ਜਿਵੇਂ ਲਿਖਿਆ ਹੈ, #ਆਮੋਸ 9:11,12 -
16ਇਹ ਦੇ ਪਿੱਛੋਂ ਮੈਂ ਮੁੜ ਆਵਾਂਗਾ,
ਅਤੇ ਦਾਊਦ ਦੇ ਡਿੱਗੇ ਹੋਏ ਡੇਰੇ ਨੂੰ ਬਣਾਵਾਂਗਾ,
ਅਤੇ ਉਹ ਦੇ ਖੋਲੇ ਨੂੰ ਫੇਰ ਬਣਾ ਕੇ ਖੜਾ ਕਰਾਂਗਾ,
17ਤਾਂ ਜੋ ਬਾਕੀ ਦੇ ਆਦਮੀ ਅਰਥਾਤ ਸਾਰੀਆਂ
ਪਰਾਈਆਂ ਕੌਮਾਂ
ਜੋ ਮੇਰੇ ਨਾਮ ਦੇ ਸਦਾਉਂਦੇ ਹਨ ਪ੍ਰਭੁ ਨੂੰ
ਭਾਲਣ।
18ਪ੍ਰਭੁ ਜਿਹੜਾ ਮੁੱਢੋਂ ਏਹ ਗੱਲਾਂ ਪਰਗਟ ਕਰਦਾ
ਹੈ ਇਉਂ ਆਖਦਾ ਹੈ।।
19ਸੋ ਮੇਰੀ ਸਲਾਹ ਏਹ ਹੈ ਕਿ ਪਰਾਈਆਂ ਕੌਮਾਂ ਵਿੱਚੋਂ ਜਿਹੜੇ ਪਰਮੇਸ਼ੁਰ ਦੀ ਵੱਲ ਮੁੜਦੇ ਹਨ ਅਸੀਂ ਓਹਨਾਂ ਨੂੰ ਔਖਿਆਂ ਨਾ ਕਰੀਏ 20ਸਗੋਂ ਓਹਨਾਂ ਨੂੰ ਲਿਖ ਭੇਜੀਏ ਭਈ ਮੂਰਤਾਂ ਦੀਆਂ ਪਲੀਤਗੀਆਂ ਅਤੇ ਹਰਾਮਕਾਰੀ ਅਤੇ ਗਲ ਘੁੱਟੇ ਹੋਏ ਦੇ ਮਾਸ ਅਤੇ ਲਹੂ ਤੋਂ ਬਚੇ ਰਹਿਣ 21ਕਿਉਂ ਜੋ ਅਗਲੇ ਸਮਿਆਂ ਤੋਂ ਹਰ ਨਗਰ ਵਿੱਚ ਮੂਸਾ ਦੇ ਪਰਚਾਰਕ ਹੁੰਦੇ ਆਏ ਅਤੇ ਹਰ ਸਬਤ ਦੇ ਦਿਨ ਸਮਾਜਾਂ ਵਿੱਚ ਉਹ ਦੀ ਪੋਥੀ ਪੜ੍ਹੀ ਜਾਂਦੀ ਹੈ।।
22ਤਦ ਰਸੂਲਾਂ ਅਤੇ ਬਜ਼ੁਰਗਾਂ ਨੇ ਸਾਰੀ ਕਲੀਸਿਯਾ ਸਣੇ ਚੰਗਾ ਜਾਣਿਆ ਕਿ ਆਪਣੇ ਵਿੱਚੋਂ ਮਨੁੱਖ ਚੁਣ ਕੇ ਪੌਲੁਸ ਅਤੇ ਬਰਨਬਾਸ ਦੇ ਨਾਲ ਅੰਤਾਕਿਯਾ ਨੂੰ ਘੱਲਣ ਅਰਥਾਤ ਯਹੂਦਾ ਨੂੰ ਜਿਹੜਾ ਬਰਸੱਬਾਸ ਕਹਾਉਂਦਾ ਅਤੇ ਸੀਲਾਸ ਨੂੰ ਜਿਹੜੇ ਭਾਈਆਂ ਵਿੱਚ ਮੁਰਹੈਲ ਸਨ 23ਅਰ ਉਨ੍ਹਾਂ ਦੇ ਹੱਥ ਇਹ ਲਿਖ ਘੱਲਿਆ ਭਈ ਉਨ੍ਹਾਂ ਭਾਈਆਂ ਨੂੰ ਜਿਹੜੇ ਪਰਾਈਆਂ ਕੌਮਾਂ ਵਿੱਚੋਂ ਹੋ ਕੇ ਅੰਤਾਕਿਯਾ ਅਤੇ ਸੁਰਿਯਾ ਅਤੇ ਕਲਿਕਿਯਾ ਵਿੱਚ ਰਹਿੰਦੇ ਹਨ ਰਸੂਲਾਂ ਅਤੇ ਬਜ਼ੁਰਗਾਂ ਭਾਈਆਂ ਦਾ ਪਰਨਾਮ 24ਜਾਂ ਅਸਾਂ ਸੁਣਿਆ ਜੋ ਕਈ ਸਾਡੇ ਵਿੱਚੋਂ ਨਿੱਕਲੇ ਜਿਨ੍ਹਾਂ ਤੁਹਾਡੇ ਮਨਾਂ ਨੂੰ ਵਿਗਾੜ ਕੇ ਤੁਹਾਨੂੰ ਗੱਲਾਂ ਨਾਲ ਘਬਰਾ ਦਿੱਤਾ ਪਰ ਅਸਾਂ ਉਨ੍ਹਾਂ ਨੂੰ ਕੋਈ ਹੁਕਮ ਨਹੀਂ ਦਿੱਤਾ 25ਤਾਂ ਅਸਾਂ ਇੱਕ ਮਨ ਹੋ ਕੇ ਚੰਗਾ ਜਾਣਿਆ ਜੋ ਕਈਕੁ ਪੁਰਸ਼ ਚੁਣ ਕੇ ਆਪਣੇ ਪਿਆਰੇ ਬਰਨਬਾਸ ਅਤੇ ਪੌਲੁਸ ਦੇ ਨਾਲ 26ਜੋ ਅਜੇਹੇ ਮਨੁੱਖ ਹਨ ਕਿ ਜਿਨ੍ਹਾਂ ਆਪਣੇ ਪ੍ਰਾਣ ਸਾਡੇ ਪ੍ਰਭੁ ਯਿਸੂ ਮਸੀਹ ਦੇ ਨਾਮ ਦੇ ਬਦਲੇ ਜੋਖੋਂ ਵਿੱਚ ਪਾ ਦਿੱਤੇ, ਤੁਹਾਡੇ ਕੋਲ ਘੱਲੀਏ 27ਸੋ ਅਸਾਂ ਯਹੂਦਾਹ ਅਤੇ ਸੀਲਾਸ ਨੂੰ ਭੇਜਿਆ ਹੈ ਜੋ ਆਪ ਏਹ ਗੱਲਾਂ ਜਬਾਨੀ ਭੀ ਦੱਸਣਗੇ 28ਕਿਉਂਕਿ ਪਵਿੱਤ੍ਰ ਆਤਮਾ ਨੇ ਅਤੇ ਅਸਾਂ ਚੰਗਾ ਜਾਣਿਆ ਜੋ ਇਨ੍ਹਾਂ ਜਰੂਰੀ ਗੱਲਾਂ ਤੋਂ ਬਿਨਾ ਤੁਹਾਡੇ ਉੱਤੇ ਹੋਰ ਕੁਝ ਭਾਰ ਨਾ ਪਾਈਏ 29ਕਿ ਤੁਸੀਂ ਮੂਰਤਾਂ ਦਿਆਂ ਚੜ੍ਹਾਵਿਆਂ ਅਤੇ ਲਹੂ ਅਤੇ ਗਲ ਘੁੱਟਿਆਂ ਹੋਇਆਂ ਦੇ ਮਾਸ ਅਤੇ ਹਰਾਮਕਾਰੀ ਤੋਂ ਬਚੇ ਰਹੋ। ਜੇ ਤੁਸੀਂ ਇਨ੍ਹਾਂ ਗੱਲਾਂ ਤੋਂ ਆਪ ਨੂੰ ਬਚਾ ਰੱਖੋ ਤਾਂ ਤੁਹਾਡਾ ਭਲਾ ਹੋਵੇਗਾ। ਤੁਹਾਡੀ ਕਲਿਆਣ ਹੋਵੇ।।
30ਫੇਰ ਓਹ ਵਿਦਿਆ ਹੋ ਕੇ ਅੰਤਾਕਿਯਾ ਨੂੰ ਆਏ ਅਰ ਸੰਗਤ ਨੂੰ ਇਕੱਠੀ ਕਰ ਕੇ ਚਿੱਠੀ ਦਿੱਤੀ 31ਓਹ ਪੜ੍ਹ ਕੇ ਏਸ ਤਸੱਲੀ ਦੀ ਗੱਲੋਂ ਬਹੁਤ ਅਨੰਦ ਹੋਏ 32ਤਾਂ ਯਹੂਦਾ ਅਰ ਸੀਲਾਸ ਨੇ ਜੋ ਆਪ ਭੀ ਨਬੀ ਸਨ ਭਾਈਆਂ ਨੂੰ ਬਹੁਤ ਸਾਰੀਆਂ ਗੱਲਾਂ ਨਾਲ ਉਪਦੇਸ਼ ਦੇ ਕੇ ਤਕੜੇ ਕੀਤਾ 33-34ਅਤੇ ਓਹ ਕਿੰਨਾਕੁ ਚਿਰ ਰਹਿ ਕੇ ਆਪਣੇ ਭੇਜਣ ਵਾਲਿਆਂ ਦੇ ਕੋਲ ਜਾਣ ਨੂੰ ਭਾਈਆਂ ਕੋਲੋਂ ਸੁੱਖ ਸਾਂਦ ਨਾਲ ਵਿਦਿਆ ਹੋਏ 35ਪਰ ਪੌਲੁਸ ਅਤੇ ਬਰਨਬਾਸ ਅੰਤਾਕਿਯਾ ਵਿੱਚ ਰਹਿ ਕੇ ਹੋਰ ਬਹੁਤਿਆਂ ਦੇ ਨਾਲ ਪ੍ਰਭੁ ਦਾ ਬਚਨ ਸਿਖਾਲਦੇ ਅਤੇ ਉਹ ਦੀ ਖੁਸ਼ ਖਬਰੀ ਸੁਣਾਉਂਦੇ ਸਨ।।
36ਕਈ ਦਿਨ ਪਿਛੋਂ ਪੌਲੁਸ ਨੇ ਬਰਨਬਾਸ ਨੂੰ ਆਖਿਆ ਕਿ ਆਓ ਹਰੇਕ ਨਗਰ ਵਿੱਚ ਜਿੱਥੇ ਅਸਾਂ ਪਰਮੇਸ਼ੁਰ ਦਾ ਬਚਨ ਸੁਣਾਇਆ ਸੀ ਫੇਰ ਜਾ ਕੇ ਭਾਈਆਂ ਦੀ ਖਬਰ ਲਈਏ ਭਈ ਉਨ੍ਹਾਂ ਦਾ ਕੀ ਹਾਲ ਹੈ 37ਅਤੇ ਬਰਨਬਾਸ ਦੀ ਇਹ ਸਲਾਹ ਹੋਈ ਜੋ ਅਸੀਂ ਯੂਹੰਨਾ ਨੂੰ ਵੀ ਜਿਹੜਾ ਮਰਕੁਸ ਸਦਾਉਂਦਾ ਹੈ ਨਾਲ ਲੈ ਚੱਲੀਏ 38ਪਰ ਪੌਲੁਸ ਨੇ ਚੰਗਾ ਨਾ ਜਾਣਿਆ ਕਿ ਉਹ ਨੂੰ ਨਾਲ ਲੈ ਚੱਲੇ ਜਿਹੜਾ ਪਮਫ਼ੁਲਿਯਾ ਤੋਂ ਉਨ੍ਹਾਂ ਕੋਲੋਂ ਅੱਡ ਹੋਇਆ ਅਤੇ ਉਨ੍ਹਾਂ ਦੇ ਨਾਲ ਕੰਮ ਨੂੰ ਨਾ ਗਿਆ ਸੀ 39ਤਦ ਉਨ੍ਹਾਂ ਵਿੱਚ ਐੱਨਾ ਵਿਗਾੜ ਹੋਇਆ ਜੋ ਇੱਕ ਦੂਜੇ ਤੋਂ ਵੱਖ ਹੋ ਗਏ ਅਤੇ ਬਰਨਬਾਸ ਮਰਕੁਸ ਨੂੰ ਨਾਲ ਲੈ ਕੇ ਜਹਾਜ਼ ਉੱਤੇ ਚੜ੍ਹਿਆ ਅਤੇ ਕੁਪਰੁਸ ਨੂੰ ਚੱਲਿਆ ਗਿਆ 40ਪਰ ਪੌਲੁਸ ਨੇ ਸੀਲਾਸ ਨੂੰ ਚੁਣਿਆ ਅਤੇ ਜਾਂ ਭਾਈਆਂ ਕੋਲੋਂ ਪਰਮੇਸ਼ੁਰ ਦੀ ਕਿਰਪਾ ਨੂੰ ਸੌਂਪਿਆ ਗਿਆ ਤਾਂ ਉਹ ਤੁਰ ਪਿਆ 41ਅਰ ਸੁਰਿਯਾ ਅਤੇ ਕਿਲਿਕਿਯਾ ਵਿੱਚ ਫਿਰਦਿਆਂ ਹੋਇਆਂ ਉਸ ਨੇ ਕਲੀਸਿਯਾ ਨੂੰ ਤਕੜੇ ਕੀਤਾ।।
Currently Selected:
ਰਸੂਲਾਂ ਦੇ ਕਰਤੱਬ 15: PUNOVBSI
Highlight
Share
Copy

Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.