ਰਸੂਲਾਂ ਦੇ ਕਰਤੱਬ 13
13
ਪੌਲੁਸ ਅਤੇ ਬਰਨਬਾਸ ਦਾ ਪਹਿਲਾ ਸਫ਼ਰ
1ਅੰਤਾਕਿਯਾ ਦੀ ਕਲੀਸਿਯਾ ਵਿੱਚ ਕਈ ਨਬੀ ਅਤੇ ਉਪਦੇਸ਼ਕ ਸਨ ਅਰਥਾਤ ਬਰਨਬਾਸ ਅਰ ਸ਼ਿਮਓਨ ਜੋ ਨੀਗਰ ਕਹਾਉਂਦਾ ਹੈ ਅਰ ਲੂਕਿਯੁਸ ਕੁਰੈਨੇ ਦਾ ਇੱਕ ਮਨੁੱਖ ਅਤੇ ਮਨਏਨ ਜਿਹੜਾ ਰਾਜਾ ਹੇਰੋਦੇਸ ਦੇ ਨਾਲ ਪਲਿਆ ਸੀ ਅਤੇ ਸੌਲੁਸ 2ਜਾਂ ਇਹ ਪ੍ਰਭੁ ਦੀ ਉਪਾਸਨਾ ਕਰਦੇ ਅਤੇ ਵਰਤ ਰੱਖਦੇ ਸਨ ਤਾਂ ਪਵਿੱਤ੍ਰ ਆਤਮਾ ਨੇ ਕਿਹਾ ਕਿ ਮੇਰੇ ਲਈ ਬਰਨਬਾਸ ਅਤੇ ਸੌਲੁਸ ਨੂੰ ਉਸ ਕੰਮ ਦੇ ਲਈ ਵੱਖਰਾ ਕਰੋ ਜਿਹ ਦੇ ਲਈ ਮੈਂ ਉਨ੍ਹਾਂ ਨੂੰ ਬੁਲਾਇਆ ਹੈ 3ਤਦ ਉਨ੍ਹਾਂ ਵਰਤ ਰੱਖ ਕੇ ਅਤੇ ਪ੍ਰਾਰਥਨਾ ਕਰ ਕੇ ਉਨ੍ਹਾਂ ਉੱਤੇ ਹੱਥ ਧਰੇ ਅਤੇ ਉਨ੍ਹਾਂ ਨੂੰ ਵਿਦਿਆ ਕੀਤਾ।।
4ਸੋ ਉਹ ਪਵਿੱਤ੍ਰ ਆਤਮਾ ਦੇ ਘੱਲੇ ਹੋਏ ਸਿਲੂਕਿਯਾ ਨੂੰ ਆਏ ਅਰ ਉੱਥੋਂ ਜਹਾਜ਼ ਤੇ ਚੜ੍ਹ ਕੇ ਕੁਪਰੁਸ ਨੂੰ ਗਏ 5ਅਤੇ ਉਨ੍ਹਾਂ ਨੇ ਸਲਮੀਸ ਵਿੱਚ ਪਹੁੰਚ ਕੇ ਯਹੂਦੀਆਂ ਦੀਆਂ ਸਮਾਜਾਂ ਵਿੱਚ ਪਰਮੇਸ਼ੁਰ ਦਾ ਬਚਨ ਸੁਣਾਇਆ ਅਤੇ ਯੂਹੰਨਾ ਉਨ੍ਹਾਂ ਦਾ ਸੇਵਕ ਨਾਲ ਸੀ 6ਜਾਂ ਓਹ ਉਸ ਸਾਰੇ ਟਾਪੂ ਵਿੱਚ ਫਿਰਦੇ ਫਿਰਦੇ ਪਾਫ਼ੁਸ ਤਾਈਂ ਆਏ ਤਾਂ ਉਨ੍ਹਾਂ ਨੂੰ ਬਰਯੇਸੂਸ ਨਾਉਂ ਦਾ ਇੱਕ ਆਦਮੀ ਮਿਲਿਆ ਜਿਹੜਾ ਜਾਦੂਗਰ, ਝੂਠਾ ਨਬੀ ਅਤੇ ਕੌਮ ਦਾ ਯਹੂਦੀ ਸੀ 7ਉਹ ਸਰਗੀਉਸ ਪੌਲੁਸ ਡਿਪਟੀ ਦੇ ਨਾਲ ਸੀ ਜਿਹੜਾ ਬੁੱਧਵਾਨ ਮਨੁੱਖ ਸੀ। ਇਸ ਨੇ ਬਰਨਬਾਸ ਅਤੇ ਸੌਲੁਸ ਨੂੰ ਆਪਣੇ ਕੋਲ ਸੱਦ ਕੇ ਪਰਮੇਸ਼ੁਰ ਦਾ ਬਚਨ ਸੁਣਨਾ ਚਾਹਿਆ 8ਇਲਮਾਸ ਜਾਦੂਗਰ ਨੇ (ਕਿ ਉਹ ਦੇ ਨਾਉਂ ਦਾ ਇਹੋ ਅਰਥ ਹੈ) ਡਿਪਟੀ ਨੂੰ ਉਸ ਮਤ ਤੋਂ ਫੇਰਨ ਦਾ ਦਾਯਾ ਕਰ ਕੇ ਉਨ੍ਹਾਂ ਦਾ ਸਾਹਮਣਾ ਕੀਤਾ 9ਪਰ ਸੌਲੁਸ ਨੇ ਜਿਹ ਨੂੰ ਪੌਲੁਸ ਵੀ ਆਖੀਦਾ ਹੈ ਪਵਿੱਤ੍ਰ ਆਤਮਾ ਨਾਲ ਭਰਪੂਰ ਹੋ ਕੇ ਉਹ ਦੀ ਵੱਲ ਧਿਆਨ ਕੀਤਾ 10ਅਤੇ ਆਖਿਆ ਕਿ ਓਏ ਤੂੰ ਜੋ ਸਭ ਤਰਾਂ ਦੇ ਛਲ ਅਤੇ ਬੁਰਿਆਈ ਨਾਲ ਭਰਿਆ ਹੋਇਆ ਹੈਂ ਸ਼ਤਾਨ ਦੇ ਬੱਚੇ ਅਤੇ ਸਾਰੇ ਧਰਮ ਦੇ ਵੈਰੀ! ਕੀ ਤੂੰ ਪ੍ਰਭੁ ਦੇ ਸਿੱਧੇ ਰਾਹਾਂ ਨੂੰ ਵਿੰਗੇ ਕਰਨੋਂ ਨਹੀਂ ਟਲੇਂਗਾ? 11ਹੁਣ ਵੇਖ, ਪ੍ਰਭੁ ਦਾ ਹੱਥ ਤੇਰੇ ਉੱਤੇ ਹੈ ਅਤੇ ਤੂੰ ਅੰਨ੍ਹਾ ਹੋ ਜਾਏਂਗਾ ਅਤੇ ਕੁਛ ਚਿਰ ਤੀਕੁਰ ਸੂਰਜ ਨੂੰ ਨਾ ਵੇਖੇਂਗਾ! ਅਤੇ ਓਵੇਂ ਉਹ ਦੇ ਉੱਤੇ ਧੁੰਦ ਅਰ ਅਨ੍ਹੇਰਾ ਛਾ ਗਿਆ। ਤਾਂ ਉਹ ਟੋਲਦਾ ਫਿਰਿਆ ਭਈ ਕੋਈ ਹੱਥ ਫੜ ਕੇ ਮੈਨੂੰ ਲੈ ਚੱਲੇ 12ਤਦ ਡਿਪਟੀ ਨੇ ਜਾਂ ਇਹ ਵਾਰਤਾ ਵੇਖੀ ਤਾਂ ਪ੍ਰਭੁ ਦੀ ਸਿੱਖਿਆ ਤੋਂ ਹੈਰਾਨ ਹੋ ਕੇ ਨਿਹਚਾ ਕੀਤਾ।। 13ਤਾਂ ਪੌਲੁਸ ਅਰ ਉਹ ਦੇ ਸਾਥੀ ਪਾਫ਼ੁਸ ਤੋਂ ਜਹਾਜ਼ ਤੇ ਚੜ੍ਹ ਕੇ ਪਮਫ਼ੁਲਿਆ ਦੇ ਪਰਗਾ ਵਿੱਚ ਆਏ ਅਤੇ ਯੂਹੰਨਾ ਉਨ੍ਹਾਂ ਤੋਂ ਅੱਡ ਹੋ ਕੇ ਯਰੂਸ਼ਲਮ ਨੂੰ ਮੁੜ ਗਿਆ 14ਪਰ ਓਹ ਪਰਗਾ ਤੋਂ ਲੰਘ ਕੇ ਪਿਸਿਦਿਯਾ ਦੇ ਅੰਤਾਕਿਯਾ ਵਿੱਚ ਅੱਪੜੇ ਅਰ ਸਬਤ ਦੇ ਦਿਨ ਸਮਾਜ ਵਿੱਚ ਜਾ ਬੈਠੇ 15ਅਤੇ ਤੁਰੇਤ ਅਰ ਨਬੀਆਂ ਦੇ ਪੜ੍ਹਨ ਤੋਂ ਪਿੱਛੋਂ ਸਮਾਜ ਦੇ ਸਰਦਾਰਾਂ ਨੇ ਓਹਨਾਂ ਨੂੰ ਕਹਾ ਭੇਜਿਆ ਕਿ ਹੇ ਭਾਈਓ, ਜੇ ਲੋਕਾਂ ਦੇ ਲਈ ਕੋਈ ਉਪਦੇਸ਼ ਦਾ ਬਚਨ ਤੁਹਾਡੇ ਕੋਲ ਹੋਵੇ ਤਾਂ ਸੁਣਾਓ 16ਤਦ ਪੌਲੁਸ ਖੜਾ ਹੋ ਗਿਆ ਅਤੇ ਹੱਥ ਨਾਲ ਸੈਨਤ ਕਰ ਕੇ ਕਿਹਾ, ਹੇ ਇਸਰਾਏਲੀਓ ਅਤੇ ਪਰਮੇਸ਼ੁਰ ਦਾ ਭੌ ਕਰਨ ਵਾਲਿਓ, ਸੁਣੋ 17ਇਸਰਾਏਲ ਦੀ ਇਸ ਕੌਮ ਦੇ ਪਰਮੇਸ਼ੁਰ ਨੇ ਸਾਡੇ ਪਿਉ ਦਾਦਿਆਂ ਨੂੰ ਚੁਣਿਆ ਅਤੇ ਇਸ ਕੌਮ ਨੂੰ ਜਦ ਮਿਸਰ ਦੇਸ ਵਿੱਚ ਪਰਦੇਸੀ ਸੀ ਵਧਾਇਆ ਅਤੇ ਭੁਜਾ ਦੇ ਬਲ ਨਾਲ ਉਨ੍ਹਾਂ ਨੂੰ ਉਸ ਵਿੱਚੋਂ ਕੱਢ ਲਿਆਂਦਾ 18ਅਤੇ ਚਾਹਲੀਆਂਕੁ ਵਰਿਹਾਂ ਤੀਕੁਰ ਉਜਾੜ ਵਿੱਚ ਉਨ੍ਹਾਂ ਦੀ ਝਾਲ ਝੱਲੀ 19ਅਰ ਕਨਾਨ ਦੇਸ ਵਿੱਚ ਸੱਤਾਂ ਕੌਮਾਂ ਦਾ ਨਾਸ ਕਰ ਕੇ ਉਨ੍ਹਾਂ ਦੇ ਦੇਸ ਨੂੰ ਕੋਈ ਸਾਢੇ ਚਾਰਕੁ ਸੌ ਵਰਿਹਾਂ ਤੀਕੁਰ ਉਨ੍ਹਾਂ ਦਾ ਵਿਰਸਾ ਕਰ ਦਿੱਤਾ 20ਉਹ ਦੇ ਮਗਰੋਂ ਉਸ ਨੇ ਸਮੂਏਲ ਨਬੀ ਤੀਕ ਉਨ੍ਹਾਂ ਨੂੰ ਨਿਆਈ ਦਿੱਤੇ 21ਏਹ ਦੇ ਮਗਰੋਂ ਉਨ੍ਹਾਂ ਨੇ ਪਾਤਸ਼ਾਹ ਮੰਗਿਆ ਤਾਂ ਪਰਮੇਸ਼ੁਰ ਨੇ ਇੱਕ ਮਨੁੱਖ ਬਿਨਯਾਮੀਨ ਦੇ ਗੋਤ ਵਿੱਚ ਕੀਸ਼ ਦੇ ਪੁੱਤ੍ਰ ਸ਼ਾਊਲ ਨੂੰ ਚਾਹਲੀਆਂ ਵਰਿਹਾਂ ਤੀਕੁਰ ਉਨ੍ਹਾਂ ਨੂੰ ਦਿੱਤਾ 22ਫੇਰ ਉਹ ਨੂੰ ਹਟਾ ਕੇ ਦਾਊਦ ਨੂੰ ਖੜਾ ਕੀਤਾ ਭਈ ਉਨ੍ਹਾਂ ਦਾ ਪਾਤਸ਼ਾਹ ਹੋਵੇ ਜਿਹ ਦੇ ਹੱਕ ਵਿੱਚ ਉਹ ਨੇ ਸਾਖੀ ਦੇ ਕੇ ਆਖਿਆ ਭਈ ਮੈਂ ਯੱਸੀ ਦੇ ਪੁੱਤ੍ਰ ਦਾਊਦ ਨੂੰ ਆਪਣੇ ਮਨ ਭਾਉਂਦਾ ਇੱਕ ਮਨੁੱਖ ਲੱਭਿਆ, ਉਹੋ ਮੇਰੀ ਸਾਰੀ ਮਰਜ਼ੀ ਪੂਰੀ ਕਰੇਗਾ 23ਓਸੇ ਦੀ ਅੰਸ ਤੋਂ ਪਰਮੇਸ਼ੁਰ ਨੇ ਆਪਣੇ ਕਰਾਰ ਮੂਜਬ ਇਸਰਾਏਲ ਦੇ ਕੋਲ ਇੱਕ ਮੁਕਤੀ ਦਾਤਾ ਯਿਸੂ ਨੂੰ ਲਿਆਂਦਾ 24ਜਿਹ ਦੇ ਆਉਣ ਤੋਂ ਪਹਿਲਾਂ ਯੂਹੰਨਾ ਨੇ ਇਸਰਾਏਲ ਦੇ ਸਰਬੱਤ ਲੋਕਾਂ ਦੇ ਅੱਗੇ ਤੋਬਾ ਦੇ ਬਪਤਿਸਮਾ ਦਾ ਪਰਚਾਰ ਕੀਤਾ 25ਜਾਂ ਯੂਹੰਨਾ ਆਪਣੀ ਦੌੜ ਪੂਰੀ ਕਰ ਰਿਹਾ ਸੀ ਤਾਂ ਉਹ ਨੇ ਆਖਿਆ ਕਿ ਤੁਸੀਂ ਮੈਨੂੰ ਕੀ ਸਮਝਦੇ ਹੋ? ਮੈਂ ਉਹ ਨਹੀਂ ਹਾਂ ਪਰ ਵੇਖੋ ਮੇਰੇ ਪਿੱਛੇ ਇੱਕ ਆਉਂਦਾ ਹੈ ਜਿਹ ਦੇ ਪੈਰਾਂ ਦੀ ਜੁੱਤੀ ਮੈਂ ਖੋਲ੍ਹਣ ਦੇ ਜੋਗ ਨਹੀਂ 26ਹੇ ਭਾਈਓ, ਅਬਰਾਹਾਮ ਦੀ ਅੰਸ ਦੇ ਪੁੱਤ੍ਰੋ ਅਤੇ ਤੁਹਾਡੇ ਵਿੱਚ ਜਿਹੜੇ ਪਰਮੇਸ਼ੁਰ ਦਾ ਭੈ ਕਰਦੇ ਹੋ ਸਾਡੇ ਕੋਲ ਇਸ ਮੁਕਤੀ ਦਾ ਬਚਨ ਭੇਜਿਆ ਹੋਇਆ ਹੈ 27ਕਿਉਂ ਜੋ ਯਰੂਸ਼ਲਮ ਦੇ ਰਹਿਣ ਵਾਲਿਆਂ ਅਤੇ ਉਨ੍ਹਾਂ ਦੇ ਸਰਦਾਰਾਂ ਨੇ ਉਹ ਨੂੰ ਅਤੇ ਨਬੀਆਂ ਦੇ ਬਚਨਾਂ ਨੂੰ ਜੋ ਹਰ ਸਬਤ ਦੇ ਦਿਨ ਪੜ੍ਹੇ ਜਾਂਦੇ ਹਨ ਨਾ ਜਾਣ ਕੇ ਉਹ ਨੂੰ ਡੰਨ ਦੇ ਜੋਗ ਠਹਿਰਾਉਣ ਨਾਲ ਉਨ੍ਹਾਂ ਨੂੰ ਪੂਰਿਆਂ ਕੀਤਾ 28ਭਾਵੇਂ ਉਨ੍ਹਾਂ ਨੇ ਉਹ ਦੇ ਵਿੱਚ ਕਤਲ ਦੇ ਲਾਇਕ ਕੋਈ ਦੋਸ਼ ਨਹੀਂ ਵੇਖਿਆ ਤਾਂ ਵੀ ਪਿਲਾਤੁਸ ਦੇ ਅੱਗੇ ਅਰਜ਼ ਕੀਤੀ ਜੋ ਉਹ ਜਾਨੋਂ ਮਾਰਿਆ ਜਾਵੇ 29ਅਤੇ ਜਾਂ ਸਭ ਕੁਝ ਜੋ ਉਹ ਦੇ ਹੱਕ ਵਿੱਚ ਲਿਖਿਆ ਹੋਇਆ ਸੀ ਪੂਰਾ ਕਰ ਚੁੱਕੇ ਤਾਂ ਉਹ ਨੂੰ ਰੁੱਖ ਉੱਤੋਂ ਲਾਹ ਕੇ ਕਬਰ ਵਿੱਚ ਰੱਖਿਆ 30ਪਰੰਤੂ ਪਰਮੇਸ਼ੁਰ ਨੇ ਉਹ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ 31ਅਤੇ ਉਹ ਬਹੁਤ ਦਿਨਾਂ ਤੀਕ ਉਨ੍ਹਾਂ ਲੋਕਾਂ ਨੂੰ ਵਿਖਾਈ ਦਿੰਦਾ ਰਿਹਾ ਜਿਹੜੇ ਗਲੀਲ ਤੋਂ ਯਰੂਸ਼ਲਮ ਨੂੰ ਉਹ ਦੇ ਨਾਲ ਆਏ ਸਨ ਅਤੇ ਹੁਣ ਲੋਕਾਂ ਦੇ ਅੱਗੇ ਉਹ ਦੇ ਉੱਤੇ ਸਾਖੀ ਦੇਣ ਵਾਲੇ ਹਨ 32ਅਸੀਂ ਤੁਹਾਨੂੰ ਉਸ ਬਚਨ ਦੀ ਖੁਸ਼ ਖਬਰੀ ਸੁਣਾਉਂਦੇ ਹਾਂ ਜਿਹੜਾ ਸਾਡੇ ਪਿਉ ਦਾਦਿਆਂ ਨਾਲ ਕੀਤਾ ਗਿਆ ਸੀ 33ਭਈ ਪਰਮੇਸ਼ੁਰ ਨੇ ਯਿਸੂ ਨੂੰ ਉਠਾਲ ਕੇ ਸਾਡੀ ਉਲਾਦ ਦੇ ਲਈ ਓਸੇ ਬਚਨ ਨੂੰ ਪੂਰਾ ਕੀਤਾ ਹੈ ਜਿਵੇਂ ਦੂਜੇ ਜ਼ਬੂਰ ਵਿੱਚ ਲਿਖਿਆ ਹੋਇਆ ਹੈ ਕਿ ਤੂੰ ਮੇਰਾ ਪੁੱਤ੍ਰ ਹੈਂ, ਅੱਜ ਤੂੰ ਮੈਥੋਂ ਜੰਮਿਆ 34ਇਹ ਦੇ ਵਿਖੇ ਜੋ ਉਸ ਨੇ ਉਹ ਨੂੰ ਮੁਰਦਿਆਂ ਵਿੱਚੋਂ ਉਠਾਲਿਆ ਭਈ ਉਹ ਫੇਰ ਸੜਨ ਦੀ ਵੱਲ ਕਦੇ ਨਾ ਮੁੜੇ ਉਹ ਨੇ ਇਉਂ ਆਖਿਆ ਹੈ ਜੋ ਮੈਂ ਦਾਊਦ ਦੇ ਪਵਿੱਤ੍ਰ ਅਤੇ ਅਟੱਲ ਪਦਾਰਥ ਤੁਹਾਨੂੰ ਦਿਆਂਗਾ 35ਏਸ ਲਈ ਉਹ ਕਿਸੇ ਹੋਰ ਜ਼ਬੂਰ ਵਿੱਚ ਵੀ ਆਖਦਾ ਹੈ ਭਈ ਤੂੰ ਆਪਣੇ ਪਵਿੱਤ੍ਰ ਪੁਰਖ ਨੂੰ ਸੜਨ ਨਾ ਦੇਵੇਂਗਾ 36ਦਾਊਦ ਤਾਂ ਆਪਣੇ ਸਮੇਂ ਵਿੱਚ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰ ਕੇ ਸੌਂ ਗਿਆ ਅਤੇ ਆਪਣੇ ਪਿਉ ਦਾਦਿਆਂ ਵਿੱਚ ਜਾ ਮਿਲਿਆ ਅਤੇ ਸੜ ਗਿਆ 37ਪਰ ਇਹ ਜਿਹ ਨੂੰ ਪਰਮੇਸ਼ੁਰ ਨੇ ਜਿਵਾਲਿਆ ਨਾ ਸੜਿਆ 38ਸੋ ਹੇ ਭਾਈਓ, ਇਹ ਜਾਣੋ ਕਿ ਓਸੇ ਦੇ ਵਸੀਲੇ ਨਾਲ ਤੁਹਾਨੂੰ ਪਾਪਾਂ ਦੀ ਮਾਫ਼ੀ ਦੀ ਖਬਰ ਦਿੱਤੀ ਜਾਂਦੀ ਹੈ 39ਅਤੇ ਉਸੇ ਦੇ ਰਾਹੀਂ ਹਰੇਕ ਜਿਹੜਾ ਨਿਹਚਾ ਕਰਦਾ ਹੈ ਉਨ੍ਹਾਂ ਸਭਨਾਂ ਗੱਲਾਂ ਤੋਂ ਬੇਗੁਨਾਹ ਠਹਿਰਾਇਆ ਜਾਂਦਾ ਹੈ ਜਿਨ੍ਹਾਂ ਤੋਂ ਤੁਸੀਂ ਮੂਸਾ ਦੀ ਸ਼ਰਾ ਨਾਲ ਬੇਗੁਨਾਹ ਨਾ ਠਹਿਰ ਸਕੇ 40ਸੋ ਤੁਸੀਂ ਚੌਕਸ ਰਹੋ ਕਿਤੇ ਐਉਂ ਨਾ ਹੋਵੇ ਕਿ ਉਹ ਜੋ ਨਬੀਆਂ ਵਿੱਚ ਕਿਹਾ ਗਿਆ ਹੈ ਸੋ ਤੁਹਾਡੇ ਉੱਤੇ ਆ ਪਵੇ ਕਿ –
41ਹੇ ਤੁੱਛ ਜਾਣਨ ਵਾਲਿਓ ਵੇਖੋ,
ਅਤੇ ਅਚਰਜ ਮੰਨੋ, ਅਰ ਨਸ਼ਟ ਹੋ ਜਾਓ!
ਕਿਉਂ ਜੋ ਮੈਂ ਤੁਹਾਡੇ ਦਿਨਾਂ ਵਿੱਚ ਇੱਕ ਕਾਰਜ
ਕਰਦਾ ਹਾਂ,
ਅਜਿਹਾ ਕਾਰਜ ਕਿ ਭਾਵੇਂ ਕੋਈ ਤੁਹਾਨੂੰ ਦੱਸੇ,
ਪਰ ਤੁਸੀਂ ਕਦੀ ਉਹ ਨੂੰ ਸਤ ਨਾ ਮੰਨੋਗੇ।।
42ਜਾਂ ਓਹ ਬਾਹਰ ਨਿੱਕਲ ਰਹੇ ਸਨ ਤਾਂ ਓਹ ਬੇਨਤੀ ਕਰਨ ਲੱਗੇ ਭਈ ਅਗਲੇ ਸਬਤ ਦੇ ਦਿਨ ਏਹੋ ਗੱਲਾਂ ਸਾਨੂੰ ਸੁਣਾਈਆਂ ਜਾਣ 43ਜਾਂ ਸਭਾ ਉੱਠ ਗਈ ਤਾਂ ਬਹੁਤ ਸਾਰੇ ਯਹੂਦੀ ਅਤੇ ਯਹੂਦੀ-ਮੁਰੀਦਾਂ ਵਿੱਚੋਂ ਭਗਤ ਪੌਲੁਸ ਅਤੇ ਬਰਨਬਾਸ ਦੇ ਮਗਰ ਲੱਗ ਤੁਰੇ। ਉਨ੍ਹਾਂ ਨੇ ਓਹਨਾਂ ਨਾਲ ਗੱਲਾਂ ਕਰ ਕੇ ਓਹਨਾਂ ਨੂੰ ਸਮਝਾ ਦਿੱਤਾ ਭਈ ਪਰਮੇਸ਼ੁਰ ਦੀ ਕਿਰਪਾ ਵਿੱਚ ਬਣੇ ਰਹੋ।। 44ਅਗਲੇ ਸਬਤ ਦੇ ਦਿਨ ਕਰੀਬ ਸਾਰਾ ਨਗਰ ਪਰਮੇਸ਼ੁਰ ਦਾ ਬਚਨ ਸੁਣਨ ਨੂੰ ਇਕੱਠਾ ਹੋਇਆ 45ਪਰ ਯਹੂਦੀ ਐਡੀ ਭੀੜ ਵੇਖ ਕੇ ਖਾਰ ਨਾਲ ਭਰ ਗਏ ਅਤੇ ਪੌਲੁਸ ਦੀਆਂ ਗੱਲਾਂ ਦੇ ਵਿਰੁੱਧ ਬੋਲਣ ਅਰ ਕੁਫ਼ਰ ਬਕਣ ਡਹਿ ਪਏ 46ਤਦ ਪੌਲੁਸ ਅਤੇ ਬਰਨਬਾਸ ਬੇਧੜਕ ਹੋ ਕੇ ਬੋਲੇ ਕਿ ਜਰੂਰ ਸੀ ਜੋ ਪਰਮੇਸ਼ੁਰ ਦਾ ਬਚਨ ਪਹਿਲਾਂ ਤੁਹਾਨੂੰ ਸੁਣਾਇਆ ਜਾਂਦਾ ਪਰ ਜਿਸ ਕਰਕੇ ਤੁਸੀਂ ਉਹ ਨੂੰ ਆਪਣੇ ਕੋਲੋਂ ਰੱਦ ਕਰਦੇ ਅਤੇ ਆਪ ਨੂੰ ਸਦੀਪਕ ਜੀਉਣ ਦੇ ਜੋਗ ਨਹੀਂ ਸਮਝਦੇ ਹੋ ਤਾਂ ਵੇਖੋ ਅਸੀਂ ਪਰਾਈਆਂ ਕੌਮਾਂ ਵੱਲ ਮੁੜਦੇ ਹਾਂ 47ਕਿਉਂ ਜੋ ਪ੍ਰਭੁ ਨੇ ਸਾਨੂੰ ਇਉਂ ਹੁਕਮ ਦਿੱਤਾ ਹੈ –
ਮੈਂ ਤੈਨੂੰ ਪਰਾਈਆਂ ਕੌਮਾਂ ਦੇ ਲਈ ਜੋਤ
ਠਹਿਰਾਇਆ ਹੈ,
ਭਈ ਤੂੰ ਧਰਤੀ ਦੇ ਬੰਨੇ ਤੀਕੁਰ ਮੁਕਤੀ ਦਾ
ਕਾਰਨ ਹੋਵੇਂ।।
48ਤਾਂ ਪਰਾਈਆਂ ਕੌਮਾਂ ਦੇ ਲੋਕ ਏਹ ਗੱਲਾਂ ਸੁਣ ਕੇ ਅਨੰਦ ਹੋਏ ਅਤੇ ਪਰਮੇਸ਼ੁਰ ਦੇ ਬਚਨ ਦੀ ਵਡਿਆਈ ਕਰਨ ਲੱਗੇ ਅਤੇ ਜਿੰਨੇ ਸਦੀਪਕ ਜੀਉਣ ਲਈ ਠਹਿਰਾਏ ਗਏ ਸਨ ਉਨ੍ਹਾਂ ਨਿਹਚਾ ਕੀਤੀ 49ਅਰ ਉਸ ਸਾਰੇ ਦੇਸ ਵਿੱਚ ਪ੍ਰਭੁ ਦਾ ਬਚਨ ਫੈਲਦਾ ਗਿਆ 50ਪਰ ਯਹੂਦੀਆਂ ਨੇ ਭਗਤਣਾਂ ਪਤਵੰਤੀਆਂ ਇਸਤ੍ਰੀਆਂ ਅਤੇ ਨਗਰ ਦੇ ਵੱਡੇ ਆਦਮੀਆਂ ਨੂੰ ਉਭਾਰਿਆ ਅਰ ਪੌਲੁਸ ਅਤੇ ਬਰਨਬਾਸ ਉੱਤੇ ਦੰਗਾ ਮਚਾਇਆ ਅਤੇ ਉਨ੍ਹਾਂ ਨੂੰ ਆਪਣੀ ਹੱਦੋਂ ਬਾਹਰ ਕੱਢ ਦਿੱਤਾ 51ਪਰ ਓਹ ਉਨ੍ਹਾਂ ਉੱਤੇ ਆਪਣਿਆਂ ਪੈਰਾਂ ਦੀ ਧੂੜ ਝਾੜ ਕੇ ਇਕੋਨਿਯੁਮ ਵਿੱਚ ਆਏ 52ਅਤੇ ਚੇਲੇ ਅਨੰਦ ਅਰ ਪਵਿੱਤ੍ਰ ਆਤਮਾ ਨਾਲ ਭਰੇ ਰਹਿੰਦੇ ਸਨ।।
Currently Selected:
ਰਸੂਲਾਂ ਦੇ ਕਰਤੱਬ 13: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.