YouVersion Logo
Search Icon

ਰਸੂਲਾਂ ਦੇ ਕਰਤੱਬ 11

11
ਅੰਤਾਕਿਯਾ ਦੀ ਕਲੀਸਿਯਾ
1ਰਸੂਲਾਂ ਅਰ ਭਾਈਆਂ ਨੇ ਜੋ ਯਹੂਦਿਯਾ ਵਿੱਚ ਸਨ ਸੁਣਿਆ ਕਿ ਪਰਾਈਆਂ ਕੌਮਾਂ ਦੇ ਲੋਕਾਂ ਨੇ ਵੀ ਪਰਮੇਸ਼ੁਰ ਦਾ ਬਚਨ ਮੰਨ ਲਿਆ ਹੈ 2ਅਤੇ ਜਾਂ ਪਤਰਸ ਯਰੂਸ਼ਲਮ ਵਿੱਚ ਆਇਆ ਤਾਂ ਓਹ ਜਿਹੜੇ ਸੁੰਨਤੀਆਂ ਵਿੱਚੋਂ ਸਨ 3ਉਹ ਦੇ ਨਾਲ ਇਹ ਕਹਿ ਕੇ ਝਗੜਨ ਲੱਗੇ ਭਈ ਤੈਂ ਬੇਸੁੰਨਤੀਆਂ ਕੋਲ ਜਾ ਕੇ ਉਨ੍ਹਾਂ ਨਾਲ ਖਾਧਾ! 4ਤਦ ਪਤਰਸ ਸ਼ੁਰੂ ਕਰ ਕੇ ਜਿਵੇਂ ਹੋਇਆ ਸੀ ਤਿਵੇਂ ਉਨ੍ਹਾਂ ਦੇ ਅੱਗੇ ਬਿਆਨ ਕਰ ਕੇ ਕਹਿਣ ਲੱਗਾ 5ਕਿ ਮੈਂ ਯਾੱਪਾ ਦੇ ਨਗਰ ਵਿੱਚ ਪ੍ਰਾਰਥਨਾ ਕਰਦਾ ਸਾਂ ਅਤੇ ਬੇਸੁਧੀ ਵਿੱਚ ਦਰਸ਼ਣ ਡਿੱਠਾ ਕਿ ਇੱਕ ਚੀਜ਼ ਵੱਡੀ ਚਾਦਰ ਦੇ ਸਮਾਨ ਚੌਹੁੰ ਪੱਲਿਆਂ ਤੋਂ ਅਕਾਸ਼ੋਂ ਲਮਕਾਈ ਹੋਈ ਉਤਰਦੀ ਮੇਰੇ ਤੀਕੁਰ ਆਈ 6ਜਾਂ ਮੈਂ ਉਹ ਦੀ ਵੱਲ ਧਿਆਨ ਕਰ ਕੇ ਸੋਚਿਆ ਤਾਂ ਧਰਤੀ ਦੇ ਚੁਪਾਏ ਅਤੇ ਜੰਗਲੀ ਜਨਾਉਰ ਅਤੇ ਘਿਸਰਨ ਵਾਲੇ ਜੀਉ ਜੰਤ ਅਤੇ ਅਕਾਸ਼ ਦੇ ਪੰਛੀ ਵੇਖੇ 7ਅਤੇ ਮੈਂ ਇੱਕ ਅਵਾਜ਼ ਭੀ ਸੁਣੀ ਜੋ ਮੈਨੂੰ ਆਖਦੀ ਹੈ, ਹੇ ਪਤਰਸ ਉੱਠ ਅਤੇ ਕੱਟ ਕੇ ਖਾਹ 8ਪਰ ਮੈਂ ਆਖਿਆ, ਨਾ ਪ੍ਰਭੁ ਜੀ ਐਉਂ ਨਹੀਂ ਹੋਣਾ ਕਿਉਂ ਜੋ ਕੋਈ ਅਸ਼ੁੱਧ ਯਾ ਭ੍ਰਿਸ਼ਟ ਚੀਜ਼ ਮੇਰੇ ਮੂੰਹ ਵਿੱਚ ਕਦੇ ਨਹੀਂ ਆਈ! 9ਅਤੇ ਦੂਜੀ ਵਾਰ ਅਵਾਜ਼ ਨੇ ਅਕਾਸ਼ੋਂ ਉੱਤਰ ਦਿੱਤਾ ਭਈ ਜੋ ਕੁਝ ਪਰਮੇਸ਼ੁਰ ਨੇ ਸ਼ੁੱਧ ਕੀਤਾ ਹੈ ਉਹ ਨੂੰ ਤੂੰ ਅਸ਼ੁੱਧ ਨਾ ਕਹੁ 10ਇਹ ਤਿੰਨ ਵਾਰੀ ਹੋਇਆ ਅਤੇ ਉਹ ਸਭ ਕੁਝ ਫੇਰ ਅਕਾਸ਼ ਵੱਲ ਖਿੱਚਿਆ ਗਿਆ 11ਅਰ ਵੇਖੋ ਕਿ ਓਸੇ ਵੇਲੇ ਘਰ ਦੇ ਅੱਗੇ ਜਿੱਥੇ ਅਸੀਂ ਸਾਂ ਤਿੰਨ ਮਨੁੱਖ ਆਣ ਖਲੋਤੇ ਜਿਹੜੇ ਕੈਸਰਿਆ ਤੋਂ ਮੇਰੇ ਕੋਲ ਘੱਲੇ ਹੋਏ ਸਨ 12ਅਰ ਆਤਮਾ ਨੇ ਮੈਨੂੰ ਕਿਹਾ ਭਈ ਤੂੰ ਉਨ੍ਹਾਂ ਦੇ ਨਾਲ ਚੱਲਿਆ ਜਾਹ ਅਤੇ ਕੁਝ ਭਿੰਨ ਭੇਦ ਨਾ ਰੱਖ ਅਤੇ ਏਹ ਛੇਓ ਭਾਈ ਵੀ ਮੇਰੇ ਨਾਲ ਤੁਰ ਪਏ ਅਤੇ ਅਸੀਂ ਉਹ ਮਨੁੱਖ ਦੇ ਘਰ ਜਾ ਵੜੇ 13ਤਦ ਉਸ ਨੇ ਸਾਨੂੰ ਦੱਸਿਆ ਭਈ ਕਿੱਕੁਰ ਉਸ ਨੇ ਆਪਣੇ ਘਰ ਵਿੱਚ ਦੂਤ ਨੂੰ ਖੜੇ ਵੇਖਿਆ ਜਿਨ ਆਖਿਆ ਕਿ ਯਾੱਪਾ ਵੱਲ ਮਨੁੱਖ ਭੇਜ ਕੇ ਸ਼ਮਊਨ ਨੂੰ ਜਿਹੜਾ ਪਤਰਸ ਕਹਾਉਂਦਾ ਹੈ ਬੁਲਵਾ 14ਉਹ ਤੈਨੂੰ ਅਜੇਹੀਆਂ ਗੱਲਾਂ ਸੁਣਾਵੇਗਾ ਜਿਨ੍ਹਾਂ ਤੋਂ ਤੂੰ ਅਤੇ ਤੇਰਾ ਸਾਰਾ ਘਰ ਬਚਾਏ ਜਾਓਗੇ 15ਅਤੇ ਜਾਂ ਮੈਂ ਗੱਲਾਂ ਕਰਨ ਲੱਗਾਂ ਤਾਂ ਪਵਿੱਤ੍ਰ ਆਤਮਾ ਉਨ੍ਹਾਂ ਤੇ ਉਤਰਿਆ ਜਿਸ ਤਰਾਂ ਪਹਿਲਾਂ ਸਾਡੇ ਉੱਤੇ ਉਤਰਿਆ ਸੀ 16ਤਦ ਮੈਨੂੰ ਪ੍ਰਭੁ ਦਾ ਬਚਨ ਚੇਤੇ ਆਇਆ ਕਿ ਕਿਸ ਤਰਾਂ ਉਹ ਨੇ ਆਖਿਆ ਸੀ ਭਈ ਯੂਹੰਨਾ ਨੇ ਤਾਂ ਪਾਣੀ ਨਾਲ ਬਪਤਿਸਮਾ ਦਿੱਤਾ ਪਰ ਤੁਹਾਨੂੰ ਪਵਿੱਤ੍ਰ ਆਤਮਾ ਨਾਲ ਬਪਤਿਸਮਾ ਦਿੱਤਾ ਜਾਵੇਗਾ 17ਇਸ ਲਈ ਜਦ ਪਰਮੇਸ਼ੁਰ ਨੇ ਉਨ੍ਹਾਂ ਨੂੰ ਉਹੋ ਜਹੀ ਦਾਤ ਦਿੱਤੀ ਜਹੀ ਸਾਨੂੰ ਭੀ ਜਦ ਅਸੀਂ ਪ੍ਰਭੁ ਯਿਸੂ ਮਸੀਹ ਉੱਤੇ ਨਿਹਚਾ ਕੀਤੀ ਤਾਂ ਫੇਰ ਮੈਂ ਕੌਣ ਸਾਂ ਜੋ ਪਰਮੇਸ਼ੁਰ ਨੂੰ ਰੋਕ ਸੱਕਦਾ? 18ਜਾਂ ਉਨ੍ਹਾਂ ਏਹ ਗੱਲਾਂ ਸੁਣੀਆਂ ਤਾਂ ਚੁੱਪ ਹੋ ਗਏ ਅਤੇ ਇਹ ਕਹਿ ਕੇ ਪਰਮੇਸ਼ੁਰ ਦੀ ਵਡਿਆਈ ਕੀਤੀ ਕਿ ਤਦ ਤਾਂ ਪਰਮੇਸ਼ੁਰ ਨੇ ਪਰਾਈਆਂ ਕੌਮਾਂ ਨੂੰ ਭੀ ਜੀਉਣ ਲਈ ਤੋਬਾ ਬਖ਼ਸ਼ੀ ਹੈ!।।
19ਉਪਰੰਤ ਓਹ ਲੋਕ ਜਿਹੜੇ ਉਸ ਬਿਪਤਾ ਤੋਂ ਜੋ ਇਸਤੀਫ਼ਾਨ ਦੇ ਕਾਰਨ ਹੋਈ ਸੀ ਛਿੰਨ ਭਿੰਨ ਹੋ ਗਏ ਸਨ ਓਹ ਫੈਨੀਕੇ ਅਤੇ ਕੁਪਰੁਸ ਅਤੇ ਅੰਤਾਕਿਯਾ ਤੀਕੁਰ ਫਿਰਦਿਆਂ ਹੋਇਆ ਯਹੂਦੀਆਂ ਤੋਂ ਬਿਨਾ ਹੋਰ ਕਿਸੇ ਨੂੰ ਬਚਨ ਨਹੀਂ ਸੁਣਾਉਂਦੇ 20ਪਰ ਉਨ੍ਹਾਂ ਵਿੱਚੋਂ ਕਈ ਕੁਪਰੁਸ ਅਰ ਕੁਰੇਨੇ ਦੇ ਮਨੁੱਖ ਸਨ ਜਿਨ੍ਹਾਂ ਅੰਤਾਕਿਯਾ ਵਿੱਚ ਆਣ ਕੇ ਪ੍ਰਭੁ ਯਿਸੂ ਦੀ ਖੁਸ਼ ਖਬਰੀ ਸੁਣਾਉਂਦੇ ਹੋਏ ਯੂਨਾਨੀਆਂ ਨਾਲ ਭੀ ਗੱਲਾਂ ਕੀਤੀਆਂ 21ਅਤੇ ਪ੍ਰਭੁ ਦਾ ਹੱਥ ਉਨ੍ਹਾਂ ਦੇ ਨਾਲ ਸੀ ਅਤੇ ਬਾਹਲੇ ਲੋਕ ਨਿਹਚਾ ਕਰ ਕੇ ਪ੍ਰਭੁ ਦੀ ਵੱਲ ਫਿਰੇ 22ਉਨ੍ਹਾਂ ਦੀ ਖਬਰ ਯਰੂਸ਼ਲਮ ਦੀ ਕਲੀਸਿਯਾ ਦੇ ਕੰਨਾਂ ਤੀਕੁ ਪਹੁੰਚੀ। ਤਾਂ ਉਨ੍ਹਾਂ ਨੇ ਬਰਨਬਾਸ ਨੂੰ ਅੰਤਾਕਿਯਾ ਤਾਈਂ ਘੱਲਿਆ 23ਸੋ ਜਾਂ ਉਹ ਉੱਥੇ ਪਹੁੰਚਿਆ ਅਤੇ ਪਰਮੇਸ਼ੁਰ ਦੀ ਕਿਰਪਾ ਵੇਖੀ ਤਾਂ ਅਨੰਦ ਹੋਇਆ ਅਰ ਉਨ੍ਹਾਂ ਸਭਨਾਂ ਨੂੰ ਉਪਦੇਸ਼ ਦਿੱਤਾ ਭਈ ਦਿਲ ਦੀ ਤਕੜਾਈ ਨਾਲ ਪ੍ਰਭੁ ਵੱਲ ਲੱਗੇ ਰਹੋ 24ਕਿਉਂਕਿ ਉਹ ਭਲਾ ਮਾਨਸ ਅਰ ਪਵਿੱਤ੍ਰ ਆਤਮਾ ਅਤੇ ਨਿਹਚਾ ਨਾਲ ਭਰਪੂਰ ਸੀ ਅਰ ਬਹੁਤ ਸਾਰੇ ਲੋਕ ਪ੍ਰਭੁ ਦੇ ਨਾਲ ਮਿਲ ਗਏ 25ਤਾਂ ਉਹ ਸੌਲੁਸ ਦੀ ਭਾਲ ਕਰਨ ਤਰਸੁਸ ਨੂੰ ਗਿਆ 26ਅਤੇ ਉਹ ਨੂੰ ਲੱਭ ਕੇ ਅੰਤਾਕਿਯਾ ਵਿੱਚ ਲਿਆਇਆ ਅਰ ਇਉਂ ਹੋਇਆ ਜੋ ਓਹ ਇੱਕ ਪੂਰਾ ਸਾਲ ਕਲੀਸਿਯਾ ਦੇ ਨਾਲ ਇੱਕਠੇ ਰਹੇ ਅਤੇ ਬਹੁਤ ਸਾਰੇ ਲੋਕਾਂ ਨੂੰ ਉਪਦੇਸ਼ ਕੀਤਾ ਅਤੇ ਪਹਿਲਾਂ ਅੰਤਾਕਿਯਾ ਵਿੱਚ ਚੇਲੇ ਮਸੀਹੀ ਅਖਵਾਏ।।
27ਉਨ੍ਹੀਂ ਦਿਨੀਂ ਕਈ ਨਬੀ ਯਰੂਸ਼ਲਮ ਤੋਂ ਅੰਤਾਕਿਯਾ ਵਿੱਚ ਆਏ 28ਇੱਕ ਨੇ ਉਨ੍ਹਾਂ ਵਿੱਚੋਂ ਜਿਹ ਦਾ ਨਾਮ ਆਗਬੁਸ ਸੀ ਉੱਠ ਕੇ ਆਤਮਾ ਦੇ ਰਾਹੀਂ ਇਹ ਪਤਾ ਦਿੱਤਾ ਜੋ ਸਾਰੀ ਦੁਨਿਆ ਵਿੱਚ ਵੱਡਾ ਕਾਲ ਪਏਗਾ ਜਿਹੜਾ ਕਲੌਦਿਯੁਸ ਦੇ ਸਮੇਂ ਵਿੱਚ ਪੈ ਗਿਆ 29ਅਤੇ ਚੇਲਿਆਂ ਵਿੱਚੋਂ ਹਰੇਕ ਨੇ ਆਪੋ ਆਪਣੀ ਪਹੁੰਚ ਦੇ ਅਨੁਸਾਰ ਉਨ੍ਹਾਂ ਭਾਈਆਂ ਦੀ ਮੱਦਤ ਲਈ ਜਿਹੜੇ ਯਹੂਦੀਆਂ ਵਿੱਚ ਰਹਿੰਦੇ ਸਨ ਕੁਝ ਘੱਲਣ ਦੀ ਦਲੀਲ ਕੀਤੀ 30ਸੋ ਉਨ੍ਹਾਂ ਨੇ ਏਵੇਂ ਹੀ ਕੀਤਾ ਅਤੇ ਬਰਨਬਾਸ ਅਰ ਸੌਲੁਸ ਦੇ ਹੱਥੀਂ ਬਜ਼ੁਰਗਾਂ ਦੇ ਕੋਲ ਉਹ ਘੱਲਿਆ।।

Highlight

Share

Copy

None

Want to have your highlights saved across all your devices? Sign up or sign in