ਰਸੂਲਾਂ ਦੇ ਕਰਤੱਬ 10
10
ਪਰਾਈਆਂ ਕੌਮਾਂ ਉੱਤੇ ਪਵਿੱਤ੍ਰ ਆਤਮਾ ਦਾ ਉਤਰਨਾ
1ਕੈਸਰਿਯਾ ਵਿੱਚ ਕੁਰਨੇਲਿਯੁਸ ਕਰਕੇ ਇੱਕ ਮਨੁੱਖ ਸੀ ਜਿਹੜਾ ਇਤਾਲਿਯਾਨੀ ਨਾਮੇ ਇੱਕ ਪਲਟਣ ਦਾ ਸੂਬੇਦਾਰ ਸੀ 2ਉਹ ਧਰਮੀ ਲੋਕ ਅਤੇ ਆਪਣੇ ਸਾਰੇ ਟੱਬਰ ਸਣੇ ਪਰਮੇਸ਼ੁਰ ਦਾ ਭੌ ਕਰਨ ਵਾਲਾ ਸੀ ਅਤੇ ਲੋਕਾਂ ਨੂੰ ਬਹੁਤ ਦਾਨ ਦਿੰਦਾ ਅਤੇ ਨਿੱਤ ਪਰਮੇਸ਼ੁਰ ਅੱਗੇ ਬੇਨਤੀ ਕਰਦਾ ਸੀ 3ਉਹ ਨੇ ਦਿਨ ਦੇ ਤੀਏਕ ਪਹਿਰ ਦਰਸ਼ਣ ਪਾ ਕੇ ਸਾਫ਼ ਵੇਖਿਆ ਭਈ ਪਰਮੇਸ਼ੁਰ ਦਾ ਇੱਕ ਦੂਤ ਉਹ ਦੇ ਕੋਲ ਅੰਦਰ ਆਇਆ ਅਤੇ ਉਹ ਨੂੰ ਆਖਿਆ, ਹੇ ਕੁਰਨੇਲਿਯੁਸ ! 4ਉਹ ਨੇ ਉਸ ਦੀ ਵੱਲ ਧਿਆਨ ਕਰ ਕੇ ਵੇਖਿਆ ਅਤੇ ਡਰ ਕੇ ਕਿਹਾ, ਪ੍ਰਭੁ ਜੀ, ਕੀ ਹੈ? ਉਸ ਨੇ ਉਹ ਨੂੰ ਆਖਿਆ, ਤੇਰੀਆਂ ਪ੍ਰਾਰਥਨਾਂ ਅਤੇ ਤੇਰੇ ਦਾਨ ਯਾਦਗੀਰੀ ਦੇ ਲਈ ਪਰਮੇਸ਼ੁਰ ਦੇ ਹਜ਼ੂਰ ਪਹੁੰਚੇ 5ਅਤੇ ਹੁਣ ਯਾੱਪਾ ਨੂੰ ਮਨੁੱਖ ਭੇਜ ਕੇ ਉਸ ਸ਼ਮਊਨ ਨੂੰ ਜਿਹੜਾ ਪਤਰਸ ਸੱਦੀਦਾ ਹੈ ਬੁਲਵਾ ਲੈ 6ਉਹ ਕਿਸੇ ਸ਼ਮਊਨ ਖਟੀਕ ਦੇ ਉਤਰਿਆ ਹੋਇਆ ਹੈ ਜਿਹ ਦਾ ਘਰ ਸਮੁੰਦਰ ਦੇ ਕੰਢੇ ਹੈ 7ਅਰ ਜਾਂ ਉਹ ਦੂਤ ਜਿਹ ਨੇ ਉਸ ਨਾਲ ਗੱਲਾਂ ਕੀਤੀਆਂ ਸਨ ਚੱਲਿਆ ਗਿਆ ਤਾਂ ਉਹ ਨੇ ਆਪਣੇ ਟਹਿਲੂਆਂ ਵਿੱਚੋਂ ਦੋ ਜਣੇ ਅਤੇ ਉਨ੍ਹਾਂ ਵਿੱਚੋਂ ਜਿਹੜੇ ਨਿੱਤ ਉਹ ਦੇ ਕੋਲ ਰਹਿੰਦੇ ਸਨ ਇੱਕ ਧਰਮੀ ਸਿਪਾਹੀ ਨੂੰ ਸੱਦਿਆ 8ਅਤੇ ਸਭ ਗੱਲਾਂ ਉਨ੍ਹਾਂ ਨੂੰ ਸੁਣਾ ਕੇ ਯਾੱਪਾ ਨੂੰ ਘੱਲਿਆ।।
9ਦੂਜੇ ਦਿਨ ਜਾਂ ਓਹ ਰਾਹ ਵਿੱਚ ਚੱਲੇ ਜਾਂਦੇ ਸਨ ਅਤੇ ਨਗਰ ਦੇ ਨੇੜੇ ਜਾ ਢੁੱਕੇ ਤਾਂ ਪਤਰਸ ਦੁਪਹਿਰ ਕੁ ਵੇਲੇ ਕੋਠੇ ਉੱਤੇ ਪ੍ਰਾਰਥਨਾ ਕਰਨ ਗਿਆ 10ਅਤੇ ਉਹ ਨੂੰ ਭੁੱਖ ਲੱਗੀ ਅਰ ਉਹ ਨੇ ਚਾਹਿਆ ਭਈ ਕੁਝ ਖਾਵੇ ਪਰ ਜਾਂ ਓਹ ਤਿਆਰ ਕਰ ਰਹੇ ਸਨ ਉਹ ਬੇਸੁਧ ਹੋ ਗਿਆ 11ਅਤੇ ਕੀ ਵੇਖਦਾ ਹੈ ਕਿ ਅਕਾਸ਼ ਖੁਲ਼੍ਹਾ ਹੈ ਅਤੇ ਇੱਕ ਚੀਜ਼ ਵੱਡੀ ਚਾਦਰ ਦੇ ਸਮਾਨ ਚੌਹੁੰ ਪੱਲਿਆਂ ਤੋਂ ਧਰਤੀ ਦੀ ਵੱਲ ਲਮਕਾਈ ਹੋਈ ਹੇਠਾਂ ਉਤੱਰਦੀ ਹੈ 12ਉਸ ਵਿੱਚ ਸਭ ਤਰਾਂ ਦੇ ਚੁਪਾਏ ਅਰ ਧਰਤੀ ਦੇ ਘਿੱਸਰਨ ਵਾਲੇ ਜੀਉ ਜੰਤੂ ਅਤੇ ਅਕਾਸ਼ ਦੇ ਪੰਛੀ ਸਨ 13ਅਤੇ ਉਹ ਨੂੰ ਇੱਕ ਅਵਾਜ਼ ਆਈ ਕਿ ਹੇ ਪਤਰਸ ਉੱਠ ਅਤੇ ਕੱਟ ਕੇ ਖਾਹ! 14ਪਰ ਪਤਰਸ ਨੇ ਆਖਿਆ, ਨਾ ਪ੍ਰਭੁ ਜੀ ਐਉਂ ਨਹੀਂ ਹੋਣਾ ਕਿਉਂ ਜੋ ਮੈਂ ਕੋਈ ਅਸ਼ੁੱਧ ਯਾ ਭ੍ਰਿਸ਼ਟ ਚੀਜ਼ ਕਦੇ ਨਹੀਂ ਖਾਧੀ 15ਫੇਰ ਦੂਈ ਵਾਰ ਉਹ ਨੂੰ ਅਵਾਜ਼ ਆਈ ਕਿ ਜੋ ਕੁਝ ਪਰਮੇਸ਼ੁਰ ਨੇ ਸ਼ੁੱਧ ਕੀਤਾ ਉਹ ਨੂੰ ਤੂੰ ਅਸ਼ੁੱਧ ਨਾ ਕਹੁ 16ਇਹ ਤਿੰਨ ਵਾਰੀ ਹੋਇਆ ਅਰ ਝੱਟ ਉਹ ਚੀਜ਼ ਅਕਾਸ਼ ਉੱਤੇ ਚੁੱਕੀ ਗਈ।। 17ਜਾਂ ਪਤਰਸ ਆਪਣੇ ਮਨ ਵਿੱਚ ਚਿੰਤਾ ਕਰ ਰਿਹਾ ਸੀ ਭਈ ਇਹ ਦਰਸ਼ਣ ਜਿਹੜਾ ਮੈਂ ਵੇਖਿਆ ਹੈ ਸੋ ਕੀ ਹੋਊ? ਤਾਂ ਵੇਖੋ ਓਹ ਮਨੁੱਖ ਜਿਹੜੇ ਕੁਰਨੇਲਿਯੁਸ ਦੇ ਭੇਜੇ ਹੋਏ ਸਨ ਸ਼ਮਊਨ ਦਾ ਘਰ ਪੁੱਛਦੇ ਪੁੱਛਦੇ ਡੇਉੜ੍ਹੀ ਤੇ ਆਣ ਖੜੋਤੇ 18ਅਤੇ ਹਾਕ ਮਾਰ ਕੇ ਪੁੱਛਿਆ ਭਈ ਸ਼ਮਊਨ ਜਿਹ ਨੂੰ ਪਤਰਸ ਕਰਕੇ ਆਖੀਦਾ ਹੈ ਏਥੇ ਹੀ ਉਤਰਿਆ ਹੋਇਆ ਹੈ? 19ਜਾਂ ਪਤਰਸ ਉਸ ਦਰਸ਼ਣ ਦੀ ਸੋਚ ਵਿੱਚ ਪਿਆ ਹੋਇਆ ਸੀ ਤਾਂ ਆਤਮਾ ਨੇ ਉਹ ਨੂੰ ਆਖਿਆ, ਵੇਖ ਤਿੰਨ ਮਨੁੱਖ ਤੈਨੂੰ ਭਾਲਦੇ ਹਨ 20ਪਰ ਤੂੰ ਉੱਠ ਅਤੇ ਹੇਠਾਂ ਜਾਹ ਅਰ ਨਿਸੰਗ ਉਨ੍ਹਾਂ ਦੇ ਨਾਲ ਤੁਰ ਪਓ ਕਿਉਂ ਜੋ ਉਨ੍ਹਾਂ ਨੂੰ ਮੈਂ ਭੇਜਿਆ ਹੈ 21ਤਦ ਪਤਰਸ ਨੇ ਉਨ੍ਹਾਂ ਮਨੁੱਖਾਂ ਕੋਲ ਉਤਰ ਕੇ ਕਿਹਾ ਕਿ ਵੇਖੋ, ਜਿਹ ਨੂੰ ਤੁਸੀਂ ਭਾਲਦੇ ਹੋ ਸੋ ਮੈਂ ਹੀ ਹਾਂ। ਤੁਸੀਂ ਕਾਹ ਦੇ ਲਈ ਆਏ ਹੋ? 22ਓਹ ਬੋਲੇ, ਕੁਰਨੇਲਿਯੁਸ ਸੂਬੇਦਾਰ ਜੋ ਧਰਮੀ ਪੁਰਖ ਅਤੇ ਪਰਮੇਸ਼ੁਰ ਦਾ ਭੌ ਕਰਨ ਵਾਲਾ ਅਰ ਯਹੂਦੀਆਂ ਦੀ ਸਾਰੀ ਕੌਮ ਵਿੱਚ ਨੇਕਨਾਮ ਹੈ ਉਹ ਨੂੰ ਇੱਕ ਪਵਿੱਤ੍ਰ ਦੂਤ ਨੇ ਹੁਕਮ ਦਿੱਤਾ ਭਈ ਤੁਹਾਨੂੰ ਆਪਣੇ ਘਰ ਬੁਲਾਵੇ ਅਤੇ ਤੁਹਾਡੇ ਕੋਲੋਂ ਗੱਲਾਂ ਸੁਣੇ 23ਤਦ ਉਸ ਨੇ ਉਨ੍ਹਾਂ ਨੂੰ ਅੰਦਰ ਸੱਦ ਕੇ ਆਦਰ ਭਾਉ ਕੀਤਾ।।
ਦੂਜੇ ਦਿਨ ਉਹ ਉੱਠ ਕੇ ਉਨ੍ਹਾਂ ਦੇ ਨਾਲ ਗਿਆ ਅਤੇ ਕਈ ਭਾਈ ਯਾੱਪਾ ਦੇ ਰਹਿਣ ਵਾਲੇ ਉਹ ਦੇ ਨਾਲ ਹੋ ਤੁਰੇ 24ਅਗਲੇ ਭਲਕ ਓਹ ਕੈਸਰਿਯਾ ਵਿੱਚ ਪਹੁੰਚੇ ਅਤੇ ਕੁਰਨੇਲਿਯੁਸ ਆਪਣੇ ਸਾਕਾਂ ਅਰ ਪਿਆਰੇ ਮਿੱਤ੍ਰਾਂ ਨੂੰ ਇਕੱਠੇ ਕਰ ਕੇ ਓਹਨਾਂ ਦਾ ਰਾਹ ਵੇਖ ਰਿਹਾ ਸੀ 25ਜਾਂ ਪਤਰਸ ਅੰਦਰ ਜਾਣ ਲੱਗਾ ਤਾਂ ਐਉਂ ਹੋਇਆ ਕਿ ਕੁਰਨੇਲਿਯੁਸ ਉਹ ਨੂੰ ਆ ਮਿਲਿਆ ਅਤੇ ਉਹ ਦੇ ਪੈਰੀਂ ਪੈ ਕੇ ਮੱਥਾ ਟੇਕਿਆ 26ਪਰ ਪਤਰਸ ਨੇ ਉਸ ਨੂੰ ਉੱਠਾ ਕੇ ਆਖਿਆ, ਉੱਠ ਖਲੋ, ਮੈਂ ਆਪ ਭੀ ਤਾਂ ਮਨੁੱਖ ਹੀ ਹਾਂ 27ਅਰ ਉਸ ਨਾਲ ਗੱਲਾਂ ਬਾਤਾਂ ਕਰਦਾ ਅੰਦਰ ਗਿਆ ਅਤੇ ਬਹੁਤ ਸਾਰੇ ਲੋਕ ਇਕੱਠੇ ਹੋਏ ਵੇਖੇ 28ਤਾਂ ਉਹ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਆਪ ਜਾਣਦੇ ਹੋ ਜੋ ਯਹੂਦੀ ਆਦਮੀ ਨੂੰ ਕਿਸੇ ਪਰਾਈ ਕੌਮ ਵਾਲੇ ਨਾਲ ਮੇਲ ਮਿਲਾਪ ਰੱਖਣਾ ਯਾ ਉਹ ਦੇ ਘਰ ਜਾਣਾ ਮਨਾ ਹੈ ਪਰੰਤੂ ਪਰਮੇਸ਼ੁਰ ਨੇ ਮੇਰੇ ਉੱਤੇ ਪਰਗਟ ਕੀਤਾ ਹੈ ਭਈ ਮੈਂ ਕਿਸੇ ਮਨੁੱਖ ਨੂੰ ਅਸ਼ੁੱਧ ਯਾ ਭਰਿਸ਼ਟ ਨਾ ਕਹਾਂ 29ਇਸ ਲਈ ਮੈਂ ਜਾਂ ਸੱਦਿਆ ਗਿਆ ਤਾਂ ਇਹ ਦੇ ਵਿਰੁੱਧ ਕੁਝ ਨਾ ਕਹਿ ਕੇ ਚਲਿਆ ਆਇਆ। ਸੋ ਮੈਂ ਇਹ ਪੁੱਛਣਾ ਹਾਂ ਭਈ ਤੁਸਾਂ ਮੈਨੂੰ ਕਾਹ ਦੇ ਲਈ ਬੁਲਾਇਆ ਹੈ ? 30ਕੁਰਨੇਲਿਯੁਸ ਨੇ ਕਿਹਾ ਕਿ ਚਾਰ ਦਿਨ ਹੋਏ ਮੈਂ ਇਸੇ ਵੇਲੇ ਤੀਕੁਰ ਆਪਣੇ ਘਰ ਵਿੱਚ ਤੀਜੇ ਪਹਿਰ ਦੀ ਪ੍ਰਾਰਥਨਾ ਕਰ ਰਿਹਾ ਸਾਂ ਅਤੇ ਵੇਖੋ, ਇੱਕ ਪੁਰਖ ਭੜਕੀਲੇ ਬਸਤਰ ਪਹਿਨੀ ਮੇਰੇ ਸਾਹਮਣੇ ਖੜਾ ਸੀ 31ਅਤੇ ਕਹਿੰਦਾ ਸੀ, ਹੇ ਕੁਰਨੇਲਿਯੁਸ ਤੇਰੀ ਪ੍ਰਾਰਥਨਾ ਸੁਣੀ ਗਈ ਅਤੇ ਤੇਰੇ ਦਾਨ ਪਰਮੇਸ਼ੁਰ ਦੀ ਦਰਗਾਹੇ ਯਾਦ ਹੋਏ 32ਇਸ ਲਈ ਯਾੱਪਾ ਵੱਲ ਮਨੁੱਖ ਭੇਜ ਅਤੇ ਸ਼ਮਊਨ ਨੂੰ ਜਿਹੜਾ ਪਤਰਸ ਕਹਾਉਂਦਾ ਹੈ ਬੁਲਵਾ ਲੈ । ਉਹ ਸਮੁੰਦਰ ਦੇ ਕੰਢੇ ਸ਼ਮਊਨ ਖਟੀਕ ਦੇ ਘਰ ਉਤਰਿਆ ਹੋਇਆ ਹੈ 33ਉਪਰੰਤ ਮੈਂ ਓਸੇ ਵੇਲੇ ਮਨੁੱਖ ਤੇਰੇ ਕੋਲ ਘੱਲੇ ਅਤੇ ਤੈਂ ਚੰਗਾ ਕੀਤਾ ਜੋ ਏਥੇ ਆਇਆ। ਸੋ ਹੁਣ ਅਸੀਂ ਸੱਭੇ ਪਰਮੇਸ਼ੁਰ ਦੇ ਅੱਗੇ ਹਾਜ਼ਰ ਹਾਂ ਭਈ ਜੋ ਕੁਝ ਪ੍ਰਭੁ ਨੇ ਤੈਨੂੰ ਹੁਕਮ ਕਿਤਾ ਹੈ ਸੋ ਸੁਣੀਏ।।
34ਤਦ ਪਤਰਸ ਨੇ ਮੂੰਹ ਖੋਲ੍ਹ ਕੇ ਆਖਿਆ, ਮੈਂ ਸੱਚ ਮੁੱਚ ਜਾਣ ਲਿਆ ਜੋ ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ 35ਸਗੋਂ ਹਰੇਕ ਕੌਮ ਵਿੱਚੋਂ ਜੋ ਕੋਈ ਉਸ ਤੋਂ ਡਰਦਾ ਅਤੇ ਧਰਮ ਦੇ ਕੰਮ ਕਰਦਾ ਹੈ ਸੋ ਉਹ ਨੂੰ ਭਾਉਂਦਾ ਹੈ 36ਜਿਹੜਾ ਬਚਨ ਉਸ ਨੇ ਇਸਰਾਏਲ ਦੇ ਵੰਸ ਦੇ ਕੋਲ ਘੱਲਿਆ ਜਦ ਯਿਸੂ ਮਸੀਹ ਦੇ ਵਸੀਲੇ ਤੋਂ ਜੋ ਸਭਨਾਂ ਦਾ ਪ੍ਰਭੁ ਹੈ ਸੁਲਾਹ ਦੀ ਖੁਸ਼ ਖਬਰੀ ਸੁਣਾਈ 37ਉਸ ਗੱਲ ਨੂੰ ਤੁਸੀਂ ਆਪ ਜਾਣਦੇ ਹੋ ਜਿਹੜੀ ਉਸ ਬਪਤਿਸਮਾ ਦੇ ਮਗਰੋਂ ਜਿਹ ਦਾ ਯੂਹੰਨਾ ਨੇ ਪਰਚਾਰ ਕੀਤਾ ਸੀ ਗਲੀਲ ਤੋਂ ਸਾਰੇ ਯਹੂਦਿਯਾ ਵਿੱਚ ਫੈਲ ਗਈ 38ਅਰਥਾਤ ਯਿਸੂ ਨਾਸਰੀ ਭਈ ਪਰਮੇਸ਼ੁਰ ਨੇ ਕਿਸ ਬਿਧ ਨਾਲ ਉਹ ਨੂੰ ਪਵਿੱਤ੍ਰ ਆਤਮਾ ਅਤੇ ਸਮਰੱਥਾ ਨਾਲ ਮਸਹ ਕੀਤਾ ਜੋ ਉਹ ਭਲਾ ਕਰਦਾ ਅਤੇ ਸਭਨਾਂ ਨੂੰ ਜੋ ਸ਼ਤਾਨ ਦੇ ਕਾਬੂ ਕੀਤੇ ਹੋਏ ਸਨ ਚੰਗਾ ਕਰਦਾ ਫਿਰਿਆ ਕਿਉਂ ਜੋ ਪਰਮੇਸ਼ੁਰ ਉਹ ਦੇ ਨਾਲ ਸੀ 39ਅਸੀਂ ਉਨ੍ਹਾਂ ਸਭਨਾਂ ਕੰਮਾਂ ਦੇ ਗਵਾਹ ਹਾਂ ਜਿਹੜੇ ਉਹ ਨੇ ਯਹੂਦੀਆਂ ਦੇ ਦੇਸ ਅਤੇ ਯਰੂਸ਼ਲਮ ਵਿੱਚ ਕੀਤੇ ਅਤੇ ਉਨ੍ਹਾਂ ਨੇ ਉਹ ਨੂੰ ਰੁੱਖ ਉੱਤੇ ਲਮਕਾ ਕੇ ਮਾਰ ਸੁੱਟਿਆ 40ਉਹ ਨੂੰ ਪਰਮੇਸ਼ੁਰ ਨੇ ਤੀਜੇ ਦਿਨ ਜਿਵਾਲਿਆ ਅਤੇ ਉਹ ਨੂੰ ਪਰਗਟ ਹੋਣ ਦਿੱਤਾ 41ਸਭਨਾਂ ਲੋਕਾਂ ਉੱਤੇ ਨਹੀਂ ਪਰ ਉਨ੍ਹਾਂ ਗਵਾਹਾਂ ਉੱਤੇ ਜਿਹੜੇ ਅੱਗਿਓਂ ਹੀ ਪਰਮੇਸ਼ੁਰ ਦੇ ਚੁਣੇ ਹੋਏ ਸਨ ਅਰਥਾਤ ਸਾਡੇ ਉੱਤੇ ਜਿਨ੍ਹਾਂ ਉਹ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਪਿੱਛੋਂ ਉਹ ਦੇ ਨਾਲ ਖਾਧਾ ਪੀਤਾ 42ਅਤੇ ਉਹ ਨੇ ਸਾਨੂੰ ਆਗਿਆ ਦਿੱਤੀ ਭਈ ਲੋਕਾਂ ਦੇ ਅੱਗੇ ਪਰਚਾਰ ਕਰੋ ਅਤੇ ਸਾਖੀ ਦਿਓ ਜੋ ਇਹ ਉਹੋ ਹੈ ਜਿਹੜਾ ਪਰਮੇਸ਼ੁਰ ਦੀ ਵੱਲੋਂ ਠਹਿਰਾਇਆ ਹੋਇਆ ਹੈ ਭਈ ਜੀਉਂਦਿਆਂ ਅਤੇ ਮੋਇਆਂ ਦਾ ਨਿਆਉਂ ਕਰਨ ਵਾਲਾ ਹੋਵੇ 43ਉਹ ਦੇ ਉੱਤੇ ਸਭ ਨਬੀ ਸਾਖੀ ਦਿੰਦੇ ਹਨ ਕਿ ਜੋ ਕੋਈ ਉਹ ਦੇ ਉੱਤੇ ਨਿਹਚਾ ਕਰੇ ਸੋ ਉਹ ਦੇ ਨਾਮ ਕਰਕੇ ਪਾਪਾਂ ਦੀ ਮਾਫ਼ੀ ਪਾਵੇਗਾ।।
44ਪਤਰਸ ਏਹ ਗੱਲਾਂ ਕਰਦਾ ਹੀ ਸੀ ਕਿ ਪਵਿੱਤ੍ਰ ਆਤਮਾ ਬਚਨ ਦੇ ਸਭਨਾਂ ਸੁਣਨ ਵਾਲਿਆਂ ਤੇ ਉਤਰਿਆ 45ਅਰ ਸੁੰਨਤ ਕੀਤੇ ਹੋਏ ਨਿਹਚਾਵਾਨ ਜਿੰਨੇ ਪਤਰਸ ਦੇ ਨਾਲ ਆਏ ਸਨ ਸਭ ਦੰਗ ਹੋ ਗਏ ਜੋ ਪਰਾਈਆਂ ਕੌਮਾਂ ਦੇ ਲੋਕਾਂ ਉੱਤੇ ਵੀ ਪਵਿੱਤ੍ਰ ਆਤਮਾ ਦੀ ਦਾਤ ਵਹਾਈ ਗਈ 46ਕਿਉਂ ਜੋ ਉਨ੍ਹਾਂ ਨੇ ਓਹਨਾਂ ਨੂੰ ਬੋਲੀਆਂ ਬੋਲਦੇ ਅਤੇ ਪਰਮੇਸ਼ੁਰ ਦੀ ਵਡਿਆਈ ਕਰਦੇ ਸੁਣਿਆ । ਤਦ ਪਤਰਸ ਨੇ ਅੱਗੋ ਆਖਿਆ 47ਕੀ ਕੋਈ ਪਾਣੀ ਨੂੰ ਰੋਕ ਸੱਕਦਾ ਹੈ ਕਿ ਏਹਨਾਂ ਲੋਕਾਂ ਨੂੰ ਜਿਨ੍ਹਾਂ ਸਾਡੇ ਵਾਂਙੁ ਪਵਿੱਤ੍ਰ ਆਤਮਾ ਪਾਇਆ ਹੈ ਬਪਤਿਸਮਾ ਨਾ ਦਿੱਤਾ ਜਾਵੇ? 48ਅਤੇ ਉਹ ਨੇ ਹੁਕਮ ਕੀਤਾ ਕਿ ਓਹਨਾਂ ਨੂੰ ਯਿਸੂ ਮਸੀਹ ਦੇ ਨਾਮ ਉੱਤੇ ਬਪਤਿਸਮਾ ਦਿੱਤਾ ਜਾਵੇ । ਫੇਰ ਓਹਨਾਂ ਉਸ ਦੀ ਮਿਨੰਤ ਕੀਤੀ ਭਈ ਉਹ ਕੁਝ ਦਿਨ ਉੱਥੇ ਰਹੇ।।
Currently Selected:
ਰਸੂਲਾਂ ਦੇ ਕਰਤੱਬ 10: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.