YouVersion Logo
Search Icon

ਰਸੂਲਾਂ ਦੇ ਕਰਤੱਬ 9

9
ਸੌਲੁਸ ਦਾ ਮਸੀਹੀ ਹੋਣਾ । ਤਬਿਥਾ ਦਾ ਜਿਵਾਉਣਾ
1ਪਰ ਸੌਲੁਸ ਅਜੇ ਪ੍ਰਭੁ ਤੇ ਚੇਲਿਆਂ ਦੇ ਦਬਕਾਉਣ ਅਤੇ ਕਤਲ ਕਰਨ ਤੇ ਦਮ ਮਾਰਦਾ ਹੋਇਆ ਸਰਦਾਰ ਜਾਜਕ ਦੇ ਕੋਲ ਗਿਆ 2ਅਤੇ ਉਸ ਕੋਲੋਂ ਦੰਮਿਸਕ ਦੀਆਂ ਸਮਾਜਾਂ ਦੇ ਨਾਉਂ ਇਸ ਪਰਕਾਰ ਦੀਆਂ ਚਿੱਠੀਆਂ ਮੰਗੀਆਂ ਭਈ ਜੋ ਇਸ ਪੰਥ ਦੇ ਮੈਨੂੰ ਮਿਲਣ ਭਾਵੇਂ ਮਨੁੱਖ ਭਾਵੇਂ ਤੀਵੀਂ ਤਾਂ ਓਹਨਾਂ ਨੂੰ ਬੱਧੇ ਹੋਏ ਯਰੂਸ਼ਲਮ ਵਿੱਚ ਲਿਆਵਾਂ 3ਜਾਂ ਉਹ ਚੱਲਿਆ ਜਾਂਦਾ ਸੀ ਤਾਂ ਐਉਂ ਹੋਇਆ ਜੋ ਉਹ ਦੰਮਿਸਕ ਦੇ ਨੇੜੇ ਆ ਢੁੱਕਿਆ ਅਤੇ ਅਚਾਣਕ ਅਕਾਸ਼ੋਂ ਇੱਕ ਜੋਤ ਉਹ ਉਹ ਦੇ ਚੁਫੇਰੇ ਚਮਕੀ 4ਤਾਂ ਉਹ ਭੂਞੇਂ ਡਿੱਗ ਪਿਆ ਅਤੇ ਇੱਕ ਅਵਾਜ਼ ਸੁਣੀ ਜੋ ਉਹ ਨੂੰ ਕਹਿੰਦੀ ਸੀ, ਹੇ ਸੌਲੁਸ, ਹੇ ਸੌਲੁਸ ! ਤੂੰ ਮੈਨੂੰ ਕਿਉਂ ਸਤਾਉਂਦਾ ਹੈਂ? 5ਉਹ ਨੇ ਆਖਿਆ, ਪ੍ਰਭੁ ਜੀ, ਤੂੰ ਕੌਣ ਹੈਂ? ਉਸ ਨੇ ਕਿਹਾ, ਮੈਂ ਯਿਸੂ ਹਾਂ ਜਿਹ ਨੂੰ ਤੂੰ ਸਤਾਉਂਦਾ ਹੈਂ 6ਪਰ ਉੱਠ ਅਤੇ ਸ਼ਹਿਰ ਵਿੱਚ ਜਾਹ ਅਰ ਜੋ ਕੁਝ ਤੈਨੂੰ ਕਰਨਾ ਚਾਹੀਦਾ ਹੈ ਸੋ ਤੈਨੂੰ ਦੱਸਿਆ ਜਾਵੇਗਾ 7ਜਿਹੜੇ ਪੁਰਖ ਉਹ ਦੇ ਨਾਲ ਪੈਂਡਾ ਕਰਦੇ ਸਨ ਓਹ ਚੁੱਪ ਚਾਪ ਖੜੇ ਰਹੇ ਕਿ ਉਨ੍ਹਾਂ ਅਵਾਜ਼ ਤਾਂ ਸੁਣੀ ਪਰ ਕਿਸੇ ਨੂੰ ਡਿੱਠਾ ਨਾ ਸੀ 8ਸੌਲੁਸ ਭੋਂ ਉੱਤੋਂ ਉੱਠਿਆ ਪਰ ਜਾਂ ਆਪਣੀਆਂ ਅੱਖਾਂ ਖੋਲ੍ਹੀਆਂ ਤਾਂ ਉਹ ਨੂੰ ਕੁਝ ਨਾ ਦਿੱਸਿਆ ਅਰ ਉਹ ਦਾ ਹੱਥ ਫੜ ਕੇ ਦੰਮਿਸਕ ਵਿੱਚ ਲਿਆਏ 9ਅਤੇ ਉਹ ਤਿੰਨ ਦਿਨ ਅੰਨ੍ਹਾ ਰਿਹਾ ਅਤੇ ਨਾ ਕੁਝ ਖਾਧਾ ਨਾ ਪੀਤਾ।।
10ਦੰਮਿਸਕ ਵਿੱਚ ਹਨਾਨਿਯਾਹ ਨਾਉਂ ਦਾ ਇੱਕ ਚੇਲਾ ਸੀ । ਉਹ ਨੂੰ ਪ੍ਰਭੁ ਨੇ ਦਰਸ਼ਣ ਦੇ ਕੇ ਕਿਹਾ, ਹੇ ਹਨਾਨਿਯਾਹ। ਓਸ ਆਖਿਆ, ਪ੍ਰਭੁ ਜੀ ਵੇਖ, ਮੈਂ ਹਾਜ਼ਰ ਹਾਂ 11ਤਾਂ ਪ੍ਰਭੁ ਨੇ ਉਹ ਨੂੰ ਕਿਹਾ, ਉੱਠ ਅਤੇ ਉਸ ਗਲੀ ਵਿੱਚ ਜੋ ਸਿੱਧੀ ਕਹਾਉਂਦੀ ਹੈ ਜਾਹ ਅਤੇ ਯਹੂਦਾ ਦੇ ਘਰ ਵਿੱਚ ਸੌਲੁਸ ਨਾਮੇ ਤਰਸੁਸ ਦੇ ਰਹਿਣ ਵਾਲੇ ਦੇ ਲਈ ਪੁੱਛ ਕਿਉਂਕਿ ਵੇਖ ਉਹ ਪ੍ਰਾਰਥਨਾ ਕਰਦਾ ਹੈ 12ਅਤੇ ਉਹ ਨੇ ਹਨਾਨਿਯਾਹ ਨਾਮੇ ਇੱਕ ਮਨੁੱਖ ਨੂੰ ਅੰਦਰ ਆਉਂਦਿਆਂ ਅਤੇ ਆਪਣੇ ਉੱਤੇ ਹੱਥ ਰੱਖਦਿਆਂ ਡਿੱਠਾ ਹੈ ਤਾਂ ਜੋ ਫੇਰ ਸੁਜਾਖਾ ਹੋਵੇ 13ਪਰ ਹਨਾਨਿਯਾਹ ਨੇ ਉੱਤਰ ਦਿੱਤਾ ਕਿ ਪ੍ਰਭੁ ਜੀ ਮੈਂ ਬਹੁਤਿਆਂ ਕੋਲੋਂ ਏਸ ਮਨੁੱਖ ਦੀ ਗੱਲ ਸੁਣੀ ਹੈ ਜੋ ਇਹ ਨੇ ਯਰੂਸ਼ਲਮ ਵਿੱਚ ਤੇਰੇ ਸੰਤਾਂ ਨਾਲ ਕੇਡੀ ਬੁਰਿਆਈ ਕੀਤੀ ਹੈ! 14ਅਤੇ ਉਸ ਨੇ ਪਰਧਾਨ ਜਾਜਕਾਂ ਦੀ ਵੱਲੋਂ ਇਸ ਗੱਲ ਦੀ ਮੁਖ਼ਤਿਆਰੀ ਪਾਈ ਹੈ ਭਈ ਏਥੇ ਵੀ ਤੇਰੇ ਨਾਮ ਲੈਣ ਵਾਲਿਆਂ ਸਭਨਾਂ ਨੂੰ ਬੰਨ੍ਹ ਲਵੇ 15ਪਰ ਪ੍ਰਭੁ ਨੇ ਉਹ ਨੂੰ ਆਖਿਆ, ਤੂੰ ਚੱਲਿਆ ਜਾਹ ਕਿਉਂ ਜੋ ਉਹ ਮੇਰੇ ਲਈ ਇੱਕ ਚੁਣਿਆ ਹੋਇਆ ਵਸੀਲਾ ਹੈ ਭਈ ਪਰਾਈਆਂ ਕੌਮਾਂ ਅਤੇ ਰਾਜਿਆਂ ਅਤੇ ਇਸਰਾਏਲ ਦੀ ਅੰਸ ਅੱਗੇ ਮੇਰਾ ਨਾਮ ਪੁਚਾਵੇ 16ਕਿਉਂਕਿ ਮੈਂ ਉਸ ਨੂੰ ਵਿਖਾਵਾਂਗਾ ਜੋ ਮੇਰੇ ਨਾਮ ਦੇ ਬਦਲੇ ਉਸ ਨੂੰ ਕੀ ਕੁੱਝ ਝੱਲਣਾ ਪਵੇਗਾ 17ਤਦ ਹਨਾਨਿਯਾਹ ਚੱਲਿਆ ਗਿਆ ਅਤੇ ਉਸ ਘਰ ਵਿੱਚ ਜਾ ਵੜਿਆ ਅਰ ਉਸ ਤੇ ਹੱਥ ਰੱਖ ਕੇ ਬੋਲਿਆ, ਹੇ ਭਾਈ ਸੌਲੁਸ, ਪ੍ਰਭੁ ਅਰਥਾਤ ਯਿਸੂ ਨੇ ਜੋ ਤੈਨੂੰ ਰਾਹ ਵਿੱਚ ਜਿਸ ਤੋਂ ਤੂੰ ਆਇਆ ਸੀ ਵਿਖਾਈ ਦਿੱਤਾ ਮੈਨੂੰ ਘੱਲਿਆ ਹੈ ਭਈ ਤੂੰ ਸੁਜਾਖਾ ਹੋ ਜਾਵੇਂ ਅਰ ਪਵਿੱਤ੍ਰ ਆਤਮਾ ਨਾਲ ਭਰ ਜਾਵੇਂ 18ਓਵੇਂ ਉਹ ਦੀਆਂ ਅੱਖਾਂ ਤੋਂ ਛਿਲਕੇ ਜੇਹੇ ਡਿੱਗੇ ਅਤੇ ਉਹ ਸੁਜਾਖਾ ਹੋ ਗਿਆ ਅਤੇ ਉੱਠ ਕੇ ਬਪਤਿਸਮਾ ਲਿਆ ਅਰ ਪਰਸ਼ਾਦ ਛੱਕ ਕੇ ਤਕੜਾ ਹੋ ਗਿਆ।।
19ਫੇਰ ਉਹ ਕਈ ਦਿਨ ਦੰਮਿਸਕ ਵਿੱਚ ਚੇਲਿਆਂ ਦੇ ਨਾਲ ਰਿਹਾ 20ਅਰ ਉਹ ਤੁਰਤ ਸਮਾਜਾਂ ਵਿੱਚ ਯਿਸੂ ਦਾ ਪਰਚਾਰ ਕਰਨ ਲੱਗਾ ਭਈ ਉਹ ਪਰਮੇਸ਼ੁਰ ਦਾ ਪੁੱਤ੍ਰ ਹੈ 21ਅਤੇ ਸਭ ਸੁਣਨ ਵਾਲੇ ਅਚਰਜ ਹੋ ਕੇ ਬੋਲੇ, ਕੀ ਇਹ ਉਹੋ ਨਹੀਂ ਜਿਹੜਾ ਯਰੂਸ਼ਲਮ ਵਿੱਚ ਇਸ ਨਾਮ ਦੇ ਲੈਣ ਵਾਲਿਆਂ ਦਾ ਨਾਸ ਕਰਦਾ ਸੀ ਅਤੇ ਉਹ ਇਸੇ ਗੱਲ ਲਈ ਐਥੇ ਆਇਆ ਸੀ ਭਈ ਉਨ੍ਹਾਂ ਨੂੰ ਬੱਧੇ ਹੋਏ ਪਰਧਾਨ ਜਾਜਕਾਂ ਦੇ ਅੱਗੇ ਲੈ ਜਾਵੇ? 22ਪਰ ਸੌਲੁਸ ਹੋਰ ਵੀ ਤਕੜਾ ਹੁੰਦਾ ਗਿਆ ਅਤੇ ਇਸ ਗੱਲ ਨੂੰ ਸਾਬਤ ਕਰ ਕੇ ਭਈ ਮਸੀਹ ਇਹੋ ਹੈ ਉਨ੍ਹਾਂ ਯਹੂਦੀਆਂ ਨੂੰ ਜਿਹੜੇ ਦੰਮਿਸਕ ਵਿੱਚ ਰਹਿੰਦੇ ਸਨ ਘਬਰਾ ਦਿੱਤਾ।।
23ਜਾਂ ਬਹੁਤ ਦਿਨ ਬੀਤ ਗਏ ਤਾਂ ਯਹੂਦੀਆਂ ਨੇ ਉਹ ਦੇ ਮਾਰ ਘੱਤਣ ਦਾ ਮਤਾ ਪਕਾਇਆ 24ਪਰ ਉਨ੍ਹਾਂ ਦਾ ਮਤਾ ਸੌਲੁਸ ਨੂੰ ਮਲੂਮ ਹੋ ਗਿਆ ਅਤੇ ਉਨ੍ਹਾਂ ਨੇ ਰਾਤ ਦਿਨ ਦਰਵੱਜਾਂ ਦੀ ਵੀ ਰਾਖੀ ਕੀਤੀ ਭਈ ਉਹ ਨੂੰ ਮਾਰ ਸੁੱਟਣ 25ਪਰ ਉਹ ਦੇ ਚੇਲਿਆਂ ਨੇ ਰਾਤ ਦੇ ਵੇਲੇ ਉਹ ਨੂੰ ਲਿਆ ਅਤੇ ਟੋਕਰੇ ਵਿੱਚ ਬਹਾਲ ਕੇ ਸਫ਼ੀਲ ਉੱਪਰੋਂ ਉਤਾਰ ਦਿੱਤਾ।।
26ਜਾਂ ਉਹ ਯਰੂਸ਼ਲਮ ਵਿੱਚ ਆਇਆ ਤਾਂ ਚੇਲਿਆਂ ਵਿੱਚ ਰਲ ਜਾਣ ਦਾ ਜਤਨ ਕੀਤਾ ਪਰ ਸਭ ਉਸ ਤੋਂ ਡਰਦੇ ਸਨ ਕਿਉਂ ਜੋ ਉਹ ਦੇ ਚੇਲੇ ਹੋਣ ਨੂੰ ਸਤ ਨਾ ਮੰਨਿਆ 27ਪਰ ਬਰਨਬਾਸ ਉਹ ਨੂੰ ਰਸੂਲਾਂ ਦੇ ਕੋਲ ਲੈ ਗਿਆ ਅਤੇ ਉਨ੍ਹਾਂ ਨੂੰ ਦੱਸਿਆ ਭਈ ਉਹ ਨੇ ਕਿਸ ਪਰਕਾਰ ਰਾਹ ਵਿੱਚ ਪ੍ਰਭੁ ਨੂੰ ਡਿੱਠਾ ਸੀ ਅਤੇ ਉਸ ਨੇ ਉਹ ਦੇ ਨਾਲ ਗੱਲਾਂ ਕੀਤੀਆਂ ਅਤੇ ਉਹ ਕਿਸ ਤਰਾਂ ਦੰਮਿਸਕ ਵਿੱਚ ਯਿਸੂ ਦੇ ਨਾਮ ਉੱਤੇ ਬੇਧੜਕ ਬਚਨ ਕਰਦਾ ਸੀ 28ਤਦ ਉਹ ਉਨ੍ਹਾਂ ਦੇ ਨਾਲ ਯਰੂਸ਼ਲਮ ਵਿੱਚ ਆਉਂਦਾ ਜਾਂਦਾ ਰਿਹਾ 29ਅਤੇ ਪ੍ਰਭੁ ਦੇ ਨਾਮ ਤੇ ਬੇਧੜਕ ਬਚਨ ਕਰਦਾ ਸੀ ਅਤੇ ਯੂਨਾਨੀ-ਯਹੂਦੀਆਂ ਨਾਲ ਗੱਲਾਂ ਅਤੇ ਬਹਿਸ ਕਰਦਾ ਸੀ ਪਰ ਉਨ੍ਹਾਂ ਉਹ ਦੇ ਮਾਰ ਸੁੱਟਣ ਨੂੰ ਲੱਕ ਬੱਧਾ 30ਜਾਂ ਭਾਈਆਂ ਨੂੰ ਇਹ ਮਲੂਮ ਹੋਇਆ ਤਾਂ ਓਹ ਉਸ ਨੂੰ ਕੈਸਰਿਯਾ ਵਿੱਚ ਲਿਆਏ ਅਤੇ ਤਰਸੁਸ ਦੀ ਵੱਲ ਤੋਰ ਦਿੱਤਾ।।
31ਸੋ ਸਾਰੇ ਯਹੂਦਿਯਾ ਅਤੇ ਗਲੀਲ ਅਤੇ ਸਾਮਰਿਯਾ ਵਿੱਚ ਕਲੀਸਿਯਾ ਨੇ ਸੁੱਖ ਪਾਇਆ ਅਤੇ ਬਣਦੀ ਗਈ ਅਤੇ ਪ੍ਰਭੁ ਦੇ ਭੌ ਅਤੇ ਪਵਿੱਤ੍ਰ ਆਤਮਾ ਦੀ ਤਸੱਲੀ ਵਿੱਚ ਚੱਲਦਿਆਂ ਹੋਇਆਂ ਵਧਦੀ ਜਾਂਦੀ ਸੀ।।
32ਤਾਂ ਐਉਂ ਹੋਇਆ ਕਿ ਪਤਰਸ ਸਭਨਾਂ ਪਾਸੀਂ ਫਿਰਦਾ ਫਿਰਦਾ ਉਨ੍ਹਾਂ ਸੰਤਾਂ ਕੋਲ ਵੀ ਆਇਆ ਜਿਹੜੇ ਲੁੱਦਾ ਵਿੱਚ ਰਹਿੰਦੇ ਸਨ 33ਅਰ ਉੱਥੇ ਐਨਿਯਾਸ ਨਾਮੇ ਇੱਕ ਮਨੁੱਖ ਉਹ ਨੂੰ ਮਿਲਿਆ ਜਿਹੜਾ ਅੱਠਾਂ ਵਰਿਹਾਂ ਤੋਂ ਅਧਰੰਗ ਦੇ ਮਾਰੇ ਮੰਜੇ ਉੱਤੇ ਪਿਆ ਹੋਇਆ ਸੀ 34ਪਤਰਸ ਨੇ ਉਸ ਨੂੰ ਆਖਿਆ, ਐਨਿਯਾਸ, ਯਿਸੂ ਮਸੀਹ ਤੈਨੂੰ ਚੰਗਾ ਕਰਦਾ ਹੈ, ਉੱਠ ਅਤੇ ਆਪਣਾ ਵਿਛਾਉਣਾ ਸੁਧਾਰ ਅਤੇ ਉਹ ਝੱਟ ਉੱਠਿਆ! 35ਤਾਂ ਲੁੱਦਾ ਅਤੇ ਸ਼ਰੋਨ ਦੇ ਸਾਰੇ ਵਾਸਿਆਂ ਨੇ ਉਸ ਨੂੰ ਵੇਖਿਆ ਅਤੇ ਪ੍ਰਭੁ ਦੀ ਵੱਲ ਫਿਰੇ ।।
36ਯਾੱਪਾ ਵਿੱਚ ਤਬਿਥਾ ਕਰਕੇ ਜਿਹ ਦਾ ਅਰਥ ਹਰਨੀ ਹੈ ਇੱਕ ਚੇਲੀ ਸੀ । ਇਹ ਤੀਵੀਂ ਸ਼ੁਭ ਕਰਮਾਂ ਅਤੇ ਪੁੰਨ ਦਾਨ ਕਰਨ ਵਿੱਚ ਰੁੱਝੀ ਰਹਿੰਦੀ ਸੀ 37ਤਾਂ ਐਉਂ ਹੋਇਆ ਕਿ ਉਨ੍ਹੀਂ ਦਿਨੀਂ ਬਿਮਾਰ ਹੋ ਕੇ ਉਹ ਮਰ ਗਈ ਅਤੇ ਉਸ ਨੂੰ ਨੁਲ੍ਹਾ ਧੁਲਾ ਕੇ ਇੱਕ ਚੁਬਾਰੇ ਵਿੱਚ ਰੱਖ ਦਿੱਤਾ 38ਅਰ ਇਸ ਲਈ ਜੋ ਲੁੱਦਾ ਯਾੱਪਾ ਦੇ ਨੇੜੇ ਸੀ ਚੇਲਿਆਂ ਨੇ ਇਹ ਸੁਣ ਕੇ ਜੋ ਪਤਰਸ ਉੱਥੇ ਹੀ ਹੈ ਦੋ ਮਨੁੱਖ ਭੇਜ ਕੇ ਉਹ ਦੀ ਮਿੰਨਤ ਕੀਤੀ ਭਈ ਸਾਡੇ ਕੋਲ ਆਉਣ ਵਿੱਚ ਢਿੱਲ ਨਾ ਕਰਿਓ 39ਤਦ ਪਤਰਸ ਉੱਠ ਕੇ ਉਨ੍ਹਾਂ ਦੇ ਨਾਲ ਤੁਰ ਪਿਆ ਅਰ ਜਾਂ ਉੱਥੇ ਪੁੱਜਿਆ ਤਾਂ ਓਹ ਉਹ ਨੂੰ ਉਸ ਚੁਬਾਰੇ ਵਿੱਚ ਲੈ ਗਏ ਅਤੇ ਸਭ ਵਿਧਵਾਂ ਉਹ ਦੇ ਕੋਲ ਖੜੀਆਂ ਰੋਂਦੀਆਂ ਸਨ ਅਤੇ ਓਹ ਕੁੜਤੇ ਅਤੇ ਬਸਤਰ ਜੋ ਦੋਰਕਸ ਨੇ ਓਹਨਾਂ ਦੇ ਨਾਲ ਹੁੰਦਿਆਂ ਬਣਾਏ ਵਿਖਾਲਦੀਆਂ ਸਨ 40ਪਰ ਪਤਰਸ ਨੇ ਸਭਨਾਂ ਨੂੰ ਬਾਹਰ ਕੱਢਿਆ ਅਤੇ ਗੋਡੇ ਟੇਕ ਕੇ ਪ੍ਰਾਰਥਨਾ ਕੀਤੀ ਅਰ ਲੋਥ ਦੀ ਵੱਲ ਮੁੜ ਕੇ ਕਿਹਾ, ਹੇ ਤਬਿਥਾ, ਉੱਠ! ਤਾਂ ਉਹ ਨੇ ਆਪਣੀਆਂ ਅੱਖੀਆਂ ਖੋਲ੍ਹੀਆਂ ਅਤੇ ਪਤਰਸ ਨੂੰ ਵੇਖ ਕੇ ਉੱਠ ਬੈਠੀ! 41ਉਹ ਨੇ ਹੱਥ ਦੇ ਕੇ ਉਸ ਨੂੰ ਉਠਾਲਿਆ ਅਤੇ ਸੰਤਾਂ ਅਰ ਵਿਧਵਾਂ ਨੂੰ ਸੱਦ ਕੇ ਉਸ ਨੂੰ ਉਨ੍ਹਾਂ ਦੇ ਅੱਗੇ ਜੀਉਂਦੀ ਹਾਜ਼ਰ ਕੀਤਾ 42ਇਹ ਗੱਲ ਸਾਰੇ ਯਾੱਪਾ ਵਿੱਚ ਉਜਾਗਰ ਹੋ ਗਈ ਅਰ ਬਥੇਰਿਆਂ ਨੇ ਪ੍ਰਭੁ ਉੱਤੇ ਨਿਹਚਾ ਕੀਤੀ 43ਫੇਰ ਐਉਂ ਹੋਇਆ ਕਿ ਉਹ ਬਹੁਤ ਦਿਨ ਯਾੱਪਾ ਵਿੱਚ ਸ਼ਮਊਨ ਨਾਮੇ ਇੱਕ ਖਟੀਕ ਦੇ ਘਰ ਟਿਕਿਆ।।

Highlight

Share

Copy

None

Want to have your highlights saved across all your devices? Sign up or sign in