੨ ਸਮੂਏਲ 3
3
ਅਬਨੇਰ ਦੀ ਹੱਤਿਆ
1ਸੋ ਸ਼ਾਊਲ ਦੇ ਘਰਾਣੇ ਅਤੇ ਦਾਊਦ ਦੇ ਘਰਾਣੇ ਵਿੱਚ ਚਿਰ ਤੋੜੀ ਜੁੱਧ ਹੁੰਦਾ ਰਿਹਾ ਪਰ ਦਾਊਦ ਦਿਨੋਂ ਦਿਨ ਤਕੜਾ ਹੁੰਦਾ ਗਿਆ ਪਰ ਸ਼ਾਊਲ ਦਾ ਘਰਾਣਾ ਮਾੜਾ ਹੁੰਦਾ ਗਿਆ।।
2ਫੇਰ ਹਬਰੋਨ ਵਿੱਚ ਦਾਊਦ ਨੂੰ ਪੁੱਤ੍ਰ ਜਣੇ ਸੋ ਉਹ ਦੇ ਪੌਲਠੇ ਪੁੱਤ੍ਰ ਦਾ ਨਾਉਂ ਜੋ ਯਿਜ਼ਰੇਲਣ ਅਹੀਨੋਅਮ ਦੇ ਢਿੱਡੋਂ ਸੀ ਅਮਨੋਨ ਸੀ 3ਅਤੇ ਦੂਜੇ ਦਾ ਨਾਉਂ ਜੋ ਕਰਮਲੀ ਨਾਬਾਲ ਦੀ ਤੀਵੀਂ ਅਬੀਗੈਲ ਦੇ ਢਿੱਡੋਂ ਹੋਇਆ ਕਿਲਆਬ ਸੀ ਅਤੇ ਤੀਜੇ ਦਾ ਜੋ ਗਸ਼ੂਰ ਦੇ ਰਾਜੇ ਤਲਮਈ ਦੀ ਧੀ ਮਆਕਾਹ ਦੇ ਢਿੱਡੋਂ ਸੀ ਅਬਸ਼ਾਲੋਮ ਸੀ 4ਅਤੇ ਚੌਥੇ ਦਾ ਨਾਉਂ ਅਦੋਨਿੱਯਾਹ ਹੱਗੀਥ ਦਾ ਪੁੱਤ੍ਰ ਅਤੇ ਪੰਜਵੇਂ ਦਾ ਨਾਉਂ ਸਫਟਯਾਹ ਅਬੀਟਾਲ ਦਾ ਪੁੱਤ੍ਰ 5ਅਤੇ ਛੀਵਾਂ ਯਿਬਰਆਮ ਸੀ, ਉਹ ਅਗਂਲਾਹ ਦੇ ਢਿੱਡੋਂ ਸੀ ਜੋ ਦਾਊਦ ਦੀ ਪਤਨੀ ਸੀ। ਏਹ ਦਾਊਦ ਤੋਂ ਹਬਰੋਨ ਵਿੱਚ ਜੰਮੇ।।
6ਜਾਂ ਸ਼ਾਊਲ ਦੇ ਘਰਾਣੇ ਅਤੇ ਦਾਊਦ ਦੇ ਘਰਾਣੇ ਵਿੱਚ ਲੜਾਈ ਹੋ ਰਹੀ ਸੀ ਤਾਂ ਅਜਿਹਾ ਹੋਇਆ ਜੋ ਅਬਨੇਰ ਨੇ ਸ਼ਾਊਲ ਦੇ ਘਰਾਣੇ ਵਿੱਚ ਆਪਣੇ ਆਪ ਨੂੰ ਤਕੜਿਆ ਕੀਤਾ 7ਅਤੇ ਸ਼ਾਊਲ ਦੀ ਇੱਕ ਸੁਰੀਤ ਰਿਜ਼ਪਾਹ ਨਾਮੇ ਅੱਯਾਹ ਦੀ ਧੀ ਸੀ ਤਾਂ ਈਸ਼ਬੋਸ਼ਥ ਨੇ ਅਬਨੇਰ ਨੂੰ ਆਖਿਆ, ਤੂੰ ਮੇਰੇ ਪਿਉ ਦੀ ਸੁਰੀਤ ਨਾਲ ਕਿਉਂ ਸੰਗ ਕੀਤਾ? 8ਸੋ ਅਬਨੇਰ ਈਸ਼ਬੋਸ਼ਥ ਦੀ ਇਸ ਗੱਲ ਦੇ ਕਾਰਨ ਵੱਡਾ ਗੁੱਸੇ ਹੋਇਆ ਅਤੇ ਆਖਿਆ, ਭਲਾ, ਮੈਂ ਕੁੱਤੇ ਦਾ ਸਿਰ ਹਾਂ ਜੋ ਯਹੂਦਾਹ ਨਾਲ ਵਿਰੋਧ ਕਰ ਕੇ ਅੱਜ ਦੇ ਦਿਨ ਤੋੜੀ ਤੇਰੇ ਪਿਉ ਸ਼ਾਊਲ ਦੇ ਘਰਾਣੇ ਉੱਤੇ ਅਤੇ ਉਹ ਦੇ ਭਰਾਵਾਂ ਉੱਤੇ ਅਤੇ ਉਹ ਦੇ ਮਿੱਤ੍ਰਾਂ ਉੱਤੇ ਕਿਰਪਾ ਕਰਦਾ ਹਾਂ ਅਤੇ ਮੈਂ ਤੈਨੂੰ ਦਾਊਦ ਦੇ ਹੱਥ ਨਹੀਂ ਸੌਪਿਆ ਜੋ ਤੂੰ ਅੱਜ ਇਸ ਤੀਵੀਂ ਦੇ ਕਾਰਨ ਮੇਰੇ ਉੱਤੇ ਊਜ ਲਾਵੇਂ? 9ਪਰਮੇਸ਼ੁਰ ਅਬਨੇਰ ਨਾਲ ਅਜਿਹਾ ਹੀ ਕਰੇ ਸਗੋਂ ਇਸ ਨਾਲੋਂ ਵੀ ਵਧੀਕ ਜੇ ਕਦੀ ਮੈਂ ਜਿੱਕਰ ਯਹੋਵਾਹ ਨੇ ਦਾਊਦ ਨਾਲ ਸੌਂਹ ਖਾਧੀ ਹੈ ਉਸੇ ਤਰਾਂ ਨਾਲ ਕੰਮ ਨਾ ਕਰਾਂ 10ਭਈ ਰਾਜ ਨੂੰ ਸ਼ਾਊਲ ਦੇ ਘਰਾਣੇ ਤੋਂ ਵੱਖਰਾ ਕਰ ਦੇਵਾਂ ਅਤੇ ਦਾਊਦ ਦੀ ਗੱਦੀ ਨੂੰ ਇਸਰਾਏਲ ਉੱਤੇ ਅਤੇ ਯਹੂਦਾਹ ਉੱਤੇ ਦਾਨ ਤੋਂ ਲੈ ਕੇ ਬਏਰਸ਼ਬਾ ਤੋੜੀ ਟਿਕਾ ਦਿਆਂ! 11ਤਦ ਉਹ ਅਬਨੇਰ ਦੇ ਸਾਹਮਣੇ ਫੇਰ ਕੁਝ ਉੱਤਰ ਨਾ ਦੇ ਸੱਕਿਆ ਕਿਉਂ ਜੋ ਉਸ ਕੋਲੋਂ ਉਹ ਡਰ ਗਿਆ ਸੀ।।
12ਇਸੇ ਕਰਕੇ ਅਬਨੇਰ ਨੇ ਦਾਊਦ ਕੋਲ ਹਲਕਾਰੇ ਘੱਲੇ ਅਤੇ ਆਖਿਆ, ਭਈ ਦੇਸ ਕਿਹ ਦਾ ਹੈ? ਤੁਸੀਂ ਮੇਰੇ ਨਾਲ ਆਪਣਾ ਨੇਮ ਕਰੋ ਅਤੇ ਵੇਖੋ, ਮੇਰਾ ਹੱਥ ਤੁਹਾਡੇ ਨਾਲ ਹੋਵੇਗਾ ਜੋ ਸਾਰੇ ਇਸਰਾਏਲ ਨੂੰ ਤੁਹਾਡੀ ਵੱਲ ਕਰ ਦੇਵਾਂ 13ਤਦ ਉਹ ਬੋਲਿਆ, ਸਤ ਬਚਨ, ਮੈਂ ਤੇਰੇ ਨਾਲ ਨੇਮ ਕਰਾਂਗਾ ਪਰ ਤੈਥੋਂ ਮੈਂ ਇੱਕ ਗੱਲ ਮੰਗਦਾ ਹਾਂ ਅਤੇ ਇਸ ਤੋਂ ਬਿਨਾ ਤੂੰ ਮੇਰਾ ਮੂੰਹ ਨਾ ਵੇਖੇਂਗਾ ਭਈ ਜਿਸ ਵੇਲੇ ਤੂੰ ਮੇਰਾ ਮੂੰਹ ਵੇਖਣ ਨੂੰ ਆਵੇਂ ਤਾਂ ਸ਼ਾਊਲ ਦੀ ਧੀ ਮੀਕਲ ਨੂੰ ਆਪਣੇ ਨਾਲ ਲੈ ਆਵੀਂ 14ਅਤੇ ਦਾਊਦ ਨੇ ਸ਼ਾਊਲ ਦੇ ਪੁੱਤ੍ਰ ਈਸ਼ਬੋਸ਼ਥ ਨੂੰ ਹਲਾਕਾਰਿਆਂ ਦੇ ਰਾਹੀਂ ਸੁਨੇਹਾ ਘੱਲਿਆ ਭਈ ਮੇਰੀ ਪਤਨੀ ਮੀਕਲ ਨੂੰ ਜੋ ਮੈਂ ਫਲਿਸਤੀਆਂ ਦੀ ਸੌ ਖਲੜੀ ਦੇ ਕੇ ਵਿਆਹੀ ਸੀ ਮੇਰੇ ਹੱਥ ਸੌਂਪ ਦੇਹ 15ਸੋ ਈਸ਼ਬੋਸ਼ਥ ਨੇ ਲੋਕ ਘੱਲੇ ਅਤੇ ਉਸ ਤੀਵੀਂ ਨੂੰ ਉਸ ਦੇ ਪਤੀ ਲਾਵਿਸ਼ ਦੇ ਪੁੱਤ੍ਰ ਫਲਟੀਏਲ ਕੋਲੋਂ ਖੋਹ ਲਿਆ 16ਅਤੇ ਉਸ ਦਾ ਪਤੀ ਉਸ ਤੀਵੀਂ ਦੇ ਨਾਲ ਉਸ ਦੇ ਮਗਰੋ ਮਗਰ ਬਹੁਰੀਮ ਤੋੜੀ ਰੋਂਦਾ ਤੁਰਿਆ ਆਇਆ। ਤਦ ਅਬਨੇਰ ਨੇ ਉਹ ਨੂੰ ਆਖਿਆ, ਜਾਹ, ਮੁੜ ਜਾਹ! ਤਦ ਉਹ ਮੁੜ ਗਿਆ।।
17ਤਾਂ ਅਬਨੇਰ ਨੇ ਇਸਰਾਏਲ ਦੇ ਬਜ਼ੁਰਗਾਂ ਨਾਲ ਗੱਲਾਂ ਬਾਤਾਂ ਕਰ ਕੇ ਆਖਿਆ, ਤੁਸੀਂ ਤਾਂ ਅੱਗੇ ਹੀ ਚਾਹੁੰਦੇ ਸਾਓ ਭਈ ਦਾਊਦ ਸਾਡਾ ਪਾਤਸ਼ਾਹ ਬਣੇ 18ਸੋ ਹੁਣ ਤੁਸੀਂ ਕਮਾਓ ਕਿਉਂ ਜੋ ਯਹੋਵਾਹ ਨੇ ਦਾਊਦ ਦੇ ਲਈ ਆਖਿਆ ਜੋ ਮੈਂ ਆਪਣੇ ਦਾਸ ਦਾਊਦ ਦੇ ਰਾਹੀਂ ਆਪਣੀ ਪਰਜਾ ਇਸਰਾਏਲ ਨੂੰ ਫਲਿਸਤੀਆਂ ਦੇ ਹੱਥੋਂ ਅਤੇ ਉਸ ਦੇ ਸਾਰੇ ਵੈਰੀਆਂ ਦੇ ਹੱਥੋਂ ਛੁਟਕਾਰਾ ਦਿਆਂਗਾ 19ਤਾਂ ਅਬਨੇਰ ਨੇ ਬਿਨਯਾਮੀਨ ਦੇ ਕੰਨਾਂ ਵਿੱਚ ਭੀ ਗੱਲ ਸੁਣਾਈ ਤਾਂ ਫੇਰ ਅਬਨੇਰ ਹਬੋਰਨ ਨੂੰ ਗਿਆ ਇਸ ਕਰਕੇ ਜੋ ਸਭ ਕੁਝ ਜਿਹੜਾ ਇਸਰਾਏਲ ਨੂੰ ਅਤੇ ਬਿਨਯਾਮੀਨ ਦੇ ਸਾਰੇ ਘਰਾਣੇ ਨੂੰ ਚੰਗਾ ਦਿੱਸਿਆ ਸੀ ਸੋ ਦਾਊਦ ਦੇ ਕੰਨਾਂ ਵਿੱਚ ਸੁਣਾਵੇ 20ਸੋ ਅਬਨੇਰ ਹਬਰੋਨ ਵਿੱਚ ਦਾਊਦ ਕੋਲ ਆਇਆ ਅਤੇ ਵੀਹ ਮਨੁੱਖ ਉਹ ਦੇ ਨਾਲ ਸਨ। ਤਦ ਦਾਊਦ ਨੇ ਅਬਨੇਰ ਦੀ ਅਰ ਉਹ ਦੇ ਨਾਲ ਦੇ ਲੋਕਾਂ ਦੀ ਦਾਉਤ ਕੀਤੀ 21ਅਤੇ ਅਬਨੇਰ ਨੇ ਦਾਊਦ ਨੂੰ ਆਖਿਆ, ਹੁਣ ਮੈਂ ਉੱਠ ਕੇ ਜਾਵਾਂਗਾ ਅਤੇ ਸਾਰੇ ਇਸਰਾਏਲ ਨੂੰ ਆਪਣੇ ਮਹਾਰਾਜ ਪਾਤਸ਼ਾਹ ਦੇ ਕੋਲ ਇਕੱਠਿਆਂ ਕਰਾਂਗਾ ਜੋ ਓਹ ਤੁਹਾਡੇ ਨਾਲ ਨੇਮ ਕਰਨ ਅਤੇ ਜਿੱਥੇ ਤੁਹਾਡਾ ਜੀਅ ਕਰੇ ਉੱਥੇ ਹੀ ਤੁਸੀਂ ਰਾਜ ਕਰੋ। ਸੋ ਦਾਊਦ ਨੇ ਅਬਨੇਰ ਨੂੰ ਵਿਦਾ ਕੀਤਾ ਅਤੇ ਉਹ ਸੁਖ ਸਾਂਦ ਨਾਲ ਚੱਲਿਆ ਗਿਆ।।
22ਵੇਖੋ, ਉਸ ਵੇਲੇ ਦਾਊਦ ਦੇ ਟਹਿਲੂਏ ਅਤੇ ਯੋਆਬ ਕਿਸੇ ਟੋਲੀ ਦਾ ਪਿੱਛਾ ਕਰ ਕੇ ਢੇਰ ਸਾਰੀ ਲੁੱਟ ਆਪਣੇ ਨਾਲ ਲੈ ਕੇ ਆਏ ਅਤੇ ਉਸ ਵੇਲੇ ਅਬਨੇਰ ਹਬਰੋਨ ਵਿੱਚ ਦਾਊਦ ਦੇ ਕੋਲ ਨਹੀਂ ਸੀ ਕਿਉਂ ਜੋ ਉਸ ਨੇ ਉਹ ਨੰ ਤੋਂਰ ਦਿੱਤਾ ਸੀ ਅਤੇ ਉਹ ਸੁਖ ਸਾਂਦ ਨਾਲ ਚੱਲਿਆ ਗਿਆ ਸੀ 23ਜਾਂ ਯੋਆਬ ਦੇ ਦਲ ਦੇ ਸਭ ਲੋਕ ਜੋ ਉਹ ਦੇ ਨਾਲ ਸਨ ਆਏ ਤਾਂ ਉਨ੍ਹਾਂ ਨੇ ਯੋਆਬ ਨੂੰ ਆਖਿਆ, ਨੇਰ ਦਾ ਪੁੱਤ੍ਰ ਅਬਨੇਰ ਪਾਤਸ਼ਾਹ ਕੋਲ ਆਇਆ ਸੀ ਅਤੇ ਉਸ ਨੇ ਉਹ ਨੂੰ ਤੋਰ ਦਿੱਤਾ ਅਰ ਉਹ ਸੁਖ ਸਾਂਦ ਨਾਲ ਚੱਲਿਆ ਗਿਆ ਸੀ 24ਸੋ ਯੋਆਬ ਪਾਤਸ਼ਾਹ ਦੇ ਕੋਲ ਆ ਕੇ ਬੋਲਿਆ, ਏਹ ਤੈਂ ਕੀ ਕੀਤਾ? ਵੇਖ, ਅਬਨੇਰ ਤੇਰੇ ਕੋਲ ਆਇਆ ਸੋ ਤੈਂ ਉਹ ਨੂੰ ਕਾਹਨੂੰ ਵਿਦਿਆ ਕੀਤਾ ਜੋ ਚੱਲਿਆ ਗਿਆ? 25ਤੂੰ ਨੇਰ ਦੇ ਪੁੱਤ੍ਰ ਅਬਨੇਰ ਨੂੰ ਜਾਣਦਾ ਹੈਂ ਜੋ ਤੇਰੇ ਨਾਲ ਛਲ ਕਰਨ ਨੂੰ ਅਤੇ ਤੇਰਾ ਆਉਣਾ ਜਾਣਾ ਲੱਭਣ ਨੂੰ ਅਤੇ ਜੋ ਕੁਝ ਤੂੰ ਕਰਦਾ ਹੈਂ ਸੋ ਸਭ ਜਾਣ ਲੈਣ ਨੂੰ ਤੇਰੇ ਕੋਲ ਆਇਆ ਸੀ 26ਫੇਰ ਜਦ ਯੋਆਬ ਦਾਊਦ ਕੋਲੋਂ ਨਿੱਕਲ ਆਇਆ ਤਾਂ ਉਹ ਨੇ ਅਬਨੇਰ ਦੇ ਮਗਰ ਹਲਕਾਰੇ ਘੱਲੇ ਅਤੇ ਓਹ ਉਸ ਨੂੰ ਸਿਰਾਹ ਦੇ ਖੂਹ ਕੋਲੋਂ ਮੋੜ ਲਿਆਏ ਪਰ ਇਹ ਖਬਰ ਦਾਊਦ ਨੂੰ ਨਹੀਂ ਸੀ 27ਸੋ ਜਾਂ ਅਬਨੇਰ ਹਬਰੋਨ ਵਿੱਚ ਮੁੜ ਆਇਆ ਤਾਂ ਯੋਆਬ ਉਸ ਦੇ ਨਾਲ ਹੌਲੀ ਜਿਹਾ ਇੱਕ ਗੱਲ ਕਰਨ ਲਈ ਉਹ ਨੂੰ ਡਿਉੜ੍ਹੀ ਦੀ ਨੁੱਕਰ ਵਿੱਚ ਇਕਲਵੰਜੇ ਲੈ ਗਿਆ ਅਤੇ ਉੱਥੇ ਉਸ ਦੀ ਪੰਜਵੀ ਪਸਲੀ ਦੇ ਹੇਠ ਆਪਣੇ ਭਰਾ ਅਸਾਹੇਲ ਦੇ ਖ਼ੂਨ ਦੇ ਵੱਟੇ ਅਜਿਹਾ ਮਾਰਿਆ ਜੋ ਉਹ ਮਰ ਗਿਆ।।
28ਇਹ ਦੇ ਪਿੱਛੋਂ ਜਾਂ ਦਾਊਦ ਨੇ ਸੁਣਿਆ ਤਾਂ ਉਹ ਬੋਲਿਆ, ਮੈਂ ਆਪਣੇ ਰਾਜ ਸਣੇ ਯਹੋਵਾਹ ਦੇ ਅੱਗੇ ਨੇਰ ਦੇ ਪੁੱਤ੍ਰ ਅਬਨੇਰ ਦੇ ਖ਼ੂਨ ਤੋਂ ਬਿਦੋਸ਼ਾ ਹਾਂ 29ਉਹ ਯੋਆਬ ਦੇ ਸਿਰ ਅਤੇ ਉਹ ਦੇ ਪਿਉ ਦੇ ਸਾਰੇ ਘਰਾਣੇ ਦੇ ਉੱਤੇ ਰਹੇ ਅਤੇ ਯੋਆਬ ਦੇ ਘਰ ਵਿੱਚ ਕੋਈ ਨਾ ਕੋਈ ਅਜਿਹਾ ਰਹੇ ਜਿਹ ਦਾ ਲਹੂ ਵਗੇ ਯਾ ਕੋੜ੍ਹਾ ਹੋਵੇ ਯਾ ਲਾਠੀ ਫੜ ਕੇ ਤੁਰੇ ਯਾ ਤਲਵਾਰ ਨਾਲ ਡਿੱਗੇ ਯਾ ਰੋਟੀ ਦੇ ਅਧੀਨ ਹੋਵੇ! 30ਸੋ ਯੋਆਬ ਦੇ ਸਿਰ ਅਤੇ ਉਹ ਦੇ ਭਰਾ ਅਬੀਸ਼ਈ ਨੇ ਅਬਨੇਰ ਨੂੰ ਮਾਰ ਸੁੱਟਿਆ ਇਸ ਲਈ ਜੋ ਉਸ ਨੇ ਉਨ੍ਹਾਂ ਦੇ ਭਰਾ ਅਸਾਹੇਲ ਨੂੰ ਗਿਬਓਨ ਵਿੱਚ ਲੜਾਈ ਦੇ ਵਿੱਚ ਵੱਢ ਸੁੱਟਿਆ ਸੀ।।
31ਦਾਊਦ ਨੇ ਯੋਆਬ ਅਤੇ ਸਭਨਾਂ ਲੋਕਾਂ ਨੂੰ ਜੋ ਉਹ ਦੇ ਨਾਲ ਸਨ ਆਖਿਆ ਭਈ ਆਪਣੇ ਲੀੜੇ ਪਾੜੋ ਅਤੇ ਤੱਪੜ ਪਹਿਨ ਲਓ ਅਤੇ ਅਬਨੇਰ ਦੇ ਅੱਗੇ ਤੁਰ ਕੇ ਰੋਵੋ ਅਤੇ ਦਾਊਦ ਪਾਤਸ਼ਾਹ ਆਪ ਅਰਥੀ ਦੇ ਮਗਰ ਮਗਰ ਤੁਰਿਆ 32ਸੋ ਉਨ੍ਹਾਂ ਨੇ ਅਬਨੇਰ ਨੂੰ ਹਬਰੋਨ ਵਿੱਚ ਦੱਬ ਦਿੱਤਾ ਅਤੇ ਪਾਤਸ਼ਾਹ ਉੱਚੀ ਅਵਾਜ਼ ਨਾਲ ਅਬਨੇਰ ਦੀ ਕਬਰ ਉੱਤੇ ਰੋਇਆ ਅਰ ਲੋਕ ਵੀ ਸਭ ਰੋਏ 33ਪਾਤਸ਼ਾਹ ਨੇ ਅਬਨੇਰ ਲਈ ਉਲ੍ਹਾਹਣੀਆਂ ਨਾਲ ਸਿਆਪਾ ਕੀਤਾ ਅਤੇ ਆਖਿਆ, -
ਹਾਏ ਅਬਨੇਰ! ਕੀ ਤੂੰ ਇੱਕ ਮੂਰਖ ਦੀ ਮੌਤ
ਮੋਇਓਂ?
34ਤੇਰੇ ਹੱਥ ਬੰਨ੍ਹੇ ਹੋਏ ਨਹੀਂ ਸਨ, ਨਾ ਤੇਰੇ ਪੈਰੀਂ
ਬੇੜੀਆਂ ਸਨ,
ਸਗੋਂ ਤੂੰ ਤਾਂ ਇਉਂ ਡਿੱਗਿਆ ਜਿਵੇਂ ਕੋਈ
ਅਪਰਾਧੀ ਅੱਗੇ ਡਿੱਗ ਪਵੇ! ।।
ਤਾਂ ਉਹ ਦੇ ਉੱਤੇ ਸਭ ਲੋਕ ਹੋਰ ਰੋਏ ।।
35ਤਾਂ ਸਭ ਲੋਕ ਉੱਥੋਂ ਆਏ ਅਤੇ ਦਾਊਦ ਨੂੰ ਕੁਝ ਖੁਵਾਉਣ ਲੱਗੇ ਜਾਂ ਦਿਨ ਕੁਝ ਹੈਸੀ। ਤਦ ਦਾਊਦ ਨੇ ਸੌਂਹ ਖਾ ਕੇ ਆਖਿਆ, ਜੇ ਕਦੀ ਮੈਂ ਸੂਰਜ ਡੁੱਬਣ ਤੋਂ ਪਹਿਲਾਂ ਰੋਟੀ ਯਾ ਹੋਰ ਕੁਝ ਚੱਖਾਂ ਤਾਂ ਪਰਮੇਸ਼ੁਰ ਮੇਰੇ ਨਾਲ ਵੀ ਅਜਿਹਾ ਹੀ ਕਰੇ ਸਗੋਂ ਇਸ ਨਾਲੋਂ ਵੀ ਵਧੀਕ! 36ਸਭਨਾਂ ਲੋਕਾਂ ਨੇ ਇਸ ਗੱਲ ਉੱਤੇ ਧਿਆਨ ਕੀਤਾ ਅਤੇ ਏਹ ਉਨ੍ਹਾਂ ਨੂੰ ਚੰਗੀ ਲੱਗੀ ਕਿਉਂਕਿ ਜੋ ਕੁਝ ਪਾਤਸ਼ਾਹ ਕਰਦਾ ਸੀ ਸੋ ਸਭ ਲੋਕ ਉਸ ਤੇ ਰਾਜ਼ੀ ਹੁੰਦੇ ਸਨ 37ਅਤੇ ਸਭਨਾਂ ਲੋਕਾਂ ਨੇ ਅਰ ਸਾਰੇ ਇਸਰਾਏਲ ਨੇ ਉਸ ਦਿਹਾੜੇ ਠੀਕ ਜਾਣ ਲਿਆ ਭਈ ਨੇਰ ਦਾ ਪੁੱਤ੍ਰ ਅਬਨੇਰ ਪਾਤਸ਼ਾਹ ਦੀ ਮਰਜੀ ਵਿੱਚ ਨਹੀਂ ਮੋਇਆ 38ਅਤੇ ਪਾਤਸ਼ਾਹ ਨੇ ਆਪਣੇ ਟਹਿਲੂਆਂ ਨੂੰ ਆਖਿਆ, ਭਲਾ, ਤੁਸੀਂ ਨਹੀਂ ਜਾਣਦੇ ਜੋ ਅੱਜ ਦੇ ਦਿਨ ਇੱਕ ਸਰਦਾਰ ਸਗੋਂ ਇੱਕ ਮਹਾ ਪੁਰਸ਼ ਇਸਰਾਏਲ ਦੇ ਵਿੱਚੋਂ ਲਾਹ ਦਿੱਤਾ ਗਿਆ ਹੈ? 39ਅਤੇ ਅੱਜ ਦੇ ਦਿਨ ਮੈਂ ਹੀਣਾ ਹਾਂ ਭਾਵੇਂ ਮੈਂ ਮਸਹ ਕੀਤਾ ਹੋਇਆ ਪਾਤਸ਼ਾਹ ਹੀ ਹਾਂ ਅਤੇ ਏਹ ਲੋਕ ਸਰੂਯਾਹ ਦੇ ਪੁੱਤ੍ਰ ਮੇਰੇ ਨਾਲ ਜ਼ੋਰਾਵਰੀ ਕਰਦੇ ਹਨ ਪਰ ਯਹੋਵਾਹ ਬੁਰਿਆਈ ਨੂੰ ਉਹ ਦੀ ਬੁਰਿਆਰ ਦਾ ਪੂਰਾ ਵੱਟਾ ਲਾਵੇਗਾ।।
Currently Selected:
੨ ਸਮੂਏਲ 3: PUNOVBSI
Highlight
Share
Copy

Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.