YouVersion Logo
Search Icon

੨ ਸਮੂਏਲ 2

2
ਦਾਊਦ ਤੇ ਸ਼ਾਉਲ ਦੇ ਘਰਾਣਿਆਂ ਵਿੱਚ ਲੜਾਈ
1ਇਹ ਦੇ ਪਿੱਛੋਂ ਅਜਿਹਾ ਹੋਇਆ ਜੋ ਦਾਊਦ ਨੇ ਯਹੋਵਾਹ ਕੋਲੋਂ ਪੁੱਛਿਆ ਭਈ ਮੈਂ ਯਹੂਦਾਹ ਦੇ ਨਗਰਾਂ ਵਿੱਚੋਂ ਕਿਸੇ ਉੱਤੇ ਚੜ੍ਹ ਜਾਵਾਂ? ਯਹੋਵਾਹ ਨੇ ਉਹ ਨੂੰ ਆਖਿਆ, ਚੜ੍ਹ ਜਾ! ਜਦ ਦਾਊਦ ਨੇ ਆਖਿਆ, ਕਿੱਥੇ ਜਾਵਾਂ? ਉਸ ਨੇ ਆਖਿਆ, ਹਬਰੋਨ ਵੱਲ 2ਸੋ ਦਾਊਦ ਉੱਥੇ ਚੜ ਗਿਆ ਅਤੇ ਉਹ ਦੇ ਨਾਲ ਉਹ ਦੀਆਂ ਦੋਵੇਂ ਪਤਨੀਆਂ ਅਰਥਾਤ ਯਿਜ਼ਰੇਲਣ ਅਹੀਨੋਅਮ ਅਤੇ ਕਰਮਲੀ ਨਾਬਾਲ ਦੀ ਤੀਵੀਂ ਅਬੀਗੈਲ ਸਨ 3ਦਾਊਦ ਆਪਣੇ ਲੋਕਾਂ ਨੂੰ ਜੋ ਉਹ ਦੇ ਨਾਲ ਸਨ ਸਭਨਾਂ ਨੂੰ ਉਨ੍ਹਾਂ ਦੇ ਟੱਬਰਾਂ ਸਣੇ ਉਤਾਹਾਂ ਲੈ ਆਇਆ ਸੋ ਓਹ ਹਬਰੋਨ ਦਿਆਂ ਪਿੰਡਾ ਵਿੱਚ ਆਣ ਵੱਸੇ 4ਤਦ ਯਹੂਦਾਹ ਦੇ ਲੋਕ ਆਏ ਅਤੇ ਉੱਥੇ ਉਨ੍ਹਾਂ ਨੇ ਦਾਊਦ ਨੂੰ ਮਸਹ ਕੀਤਾ ਜੋ ਉਹ ਯਹੂਦਾਹ ਦੇ ਘਰਾਣੇ ਦਾ ਪਾਤਸ਼ਾਹ ਬਣੇ ਅਤੇ ਲੋਕਾਂ ਨੇ ਇਹ ਆਖ ਕੇ ਦਾਊਦ ਨੂੰ ਖਬਰ ਦਿੱਤੀ ਭਈ ਜਿਨ੍ਹਾਂ ਨੇ ਸ਼ਾਊਲ ਨੂੰ ਦੱਬਿਆ ਸੀ ਸੋ ਯਾਬੇਸ਼ ਗਿਲਆਦ ਦੇ ਲੋਕ ਹਨ।।
5ਸੋ ਦਾਊਦ ਨੇ ਯਾਬੇਸ਼ ਗਿਲਆਦ ਦਿਆਂ ਲੋਕਾਂ ਕੋਲ ਹਲਕਾਰੇ ਘੱਲ ਕੇ ਉਨ੍ਹਾਂ ਨੂੰ ਆਖਿਆ ਭਈ ਯਹੋਵਾਹ ਵੱਲੋਂ ਤੁਸੀਂ ਮੁਬਾਰਕ ਹੋਵੋ ਕਿਉਂ ਜੋ ਤੁਸਾਂ ਆਪਣੇ ਮਾਲਕ ਸ਼ਾਊਲ ਉੱਤੇ ਐਡੀ ਦਯਾ ਕੀਤੀ ਜੋ ਉਹ ਨੂੰ ਦੱਬ ਦਿੱਤਾ 6ਹੁਣ ਯਹੋਵਾਹ ਤੁਹਾਡੇ ਉੱਤੇ ਕਿਰਪਾ ਅਤੇ ਸਚਿਆਈ ਕਰਦਾ ਰਹੇ ਅਤੇ ਮੈਂ ਵੀ ਤੁਹਾਨੂੰ ਉਸ ਭਲਿਆਈ ਦਾ ਵੱਟਾ ਦਿਆਂਗਾ ਇਸ ਲਈ ਜੋ ਤੁਸਾਂ ਇਹ ਕੰਮ ਕੀਤਾ 7ਸੋ ਹੁਣ ਤੁਹਾਡੀਆਂ ਬਾਹਾਂ ਤਕੜੀਆਂ ਹੋਣ ਅਤੇ ਤੁਸੀਂ ਵਰਿਆਮਗੀ ਕਰੋ ਕਿਉਂ ਜੋ ਤੁਹਾਡਾ ਮਾਲਕ ਸ਼ਾਊਲ ਮਰ ਗਿਆ ਹੈ ਅਤੇ ਯਹੂਦਾਹ ਦੇ ਘਰਾਣੇ ਨੇ ਮੈਨੂੰ ਮਸਹ ਕੀਤਾ ਜੋ ਮੈਂ ਤਿੰਨ੍ਹਾਂ ਦਾ ਪਾਤਸ਼ਾਹ ਬਣਾਂ।।
8ਪਰ ਨੇਰ ਦੇ ਪੁੱਤ੍ਰ ਅਬਨੇਰ ਨੇ ਜਿਹੜਾ ਸ਼ਾਊਲ ਦਾ ਸੈਨਾਪਤੀ ਸੀ ਸ਼ਾਊਲ ਦੇ ਪੁੱਤ੍ਰ ਇਸ਼ਬੋਸ਼ਥ ਨੂੰ ਲੈ ਕੇ ਉਹ ਨੂੰ ਮਹਨਾਇਮ ਵਿੱਚ ਅੱਪੜਾ ਦਿੱਤਾ 9ਅਤੇ ਉਹ ਨੂੰ ਗਿਲਆਦ, ਅਸ਼ੂਰੀਆਂ, ਯਿਜ਼ਰਾਏਲ, ਅਫ਼ਰਾਈਮ, ਬਿਨਯਾਮੀਨ ਅਤੇ ਸਾਰੇ ਇਸਰਾਏਲ ਦਾ ਪਾਤਸ਼ਾਹ ਬਣਾ ਦਿੱਤਾ 10ਅਤੇ ਸ਼ਾਊਲ ਦੇ ਪੁੱਤ੍ਰ ਈਸ਼ਬੋਸ਼ਥ ਦੀ ਉਮਰ ਚਾਲੀਹਾਂ ਵਰਿਹਾਂ ਦੀ ਸੀ ਜਿਸ ਵੇਲੇ ਉਹ ਇਸਰਾਏਲ ਦਾ ਪਾਤਸ਼ਾਹ ਬਣਿਆ ਅਤੇ ਉਸ ਨੇ ਦੋ ਵਰ੍ਹੇ ਰਾਜ ਕੀਤਾ ਪਰ ਯਹੂਦਾਹ ਦਾ ਘਰਾਣਾ ਦਾਊਦ ਦੇ ਮਗਰ ਲੱਗਾ 11ਅਤੇ ਉਹ ਚਿਰ ਜਿਸ ਵਿੱਚ ਦਾਊਦ ਨੇ ਹਬਰੋਨ ਵਿੱਚ ਯਹੂਦਾਹ ਦੇ ਘਰਾਣੇ ਉੱਤੇ ਰਾਜ ਕੀਤਾ ਸੋ ਸੱਤ ਵਰਹੇ ਅਤੇ ਛੇ ਮਹੀਨੇ ਸੀ।।
12ਨੇਰ ਦੇ ਪੁੱਤ੍ਰ ਅਬਨੇਰ ਅਤੇ ਸ਼ਾਊਲ ਦੇ ਪੁੱਤ੍ਰ ਈਸ਼ਬੋਸ਼ਥ ਦੇ ਟਹਿਲੂਏ ਮਹਨਾਇਮ ਵਿੱਚੋਂ ਤੁਰ ਕੇ ਗਿਬਓਨ ਵਿੱਚ ਆਏ 13ਅਤੇ ਸਰੂਯਾਹ ਦਾ ਪੁੱਤ੍ਰ ਯੋਆਬ ਅਤੇ ਦਾਊਦ ਦੇ ਟਹਿਲੂਏ ਨਿੱਕਲੇ ਅਤੇ ਗਿਬਓਨ ਦੇ ਤਲਾ ਕੋਲ ਉਨ੍ਹਾਂ ਨੂੰ ਮਿਲੇ ਅਤੇ ਦੋਵੇਂ ਬੈਠ ਗਏ ਇੱਕ ਤਾਂ ਤਲਾ ਦੇ ਉਰਲੇ ਬੰਨੇ ਅਤੇ ਦੂਜਾ ਤਲਾ ਦੇ ਪਰਲੇ ਬੰਨੇ 14ਤਦ ਅਬਨੇਰ ਨੇ ਯੋਆਬ ਨੂੰ ਆਖਿਆ, ਕਿ ਆਖੋ ਤਾਂ ਜੁਆਨ ਉੱਠਣ ਅਤੇ ਸਾਡੇ ਅੱਗੇ ਕੋਈ ਖੇਡ ਵਿਖਾਉਣ। ਸੋ ਯੋਆਬ ਬੋਲਿਆ, ਉੱਠਣ 15ਤਦ ਸ਼ਾਊਲ ਦੇ ਪੁੱਤ੍ਰ ਈਸ਼ਬੋਸ਼ਥ ਵੱਲੋ ਬਿਨਯਾਮੀਨ ਦੇ ਗਿਣਤੀ ਦੇ ਬਾਰਾਂ ਜੁਆਨ ਉੱਠੇ ਅਤੇ ਪਰਲੇ ਪਾਸੇ ਗਏ ਅਤੇ ਦਾਊਦ ਦੇ ਟਹਿਲੂਆਂ ਵੱਲੋਂ ਵੀ ਬਾਰਾਂ ਜੁਆਨ ਨਿੱਕਲੇ 16ਅਤੇ ਇੱਕ ਇੱਕ ਨੇ ਆਪੋ ਆਪਣੇ ਗੁਆਂਢੀ ਨੂੰ ਸਿਰੋਂ ਫੜ ਕੇ ਆਪਣੀ ਤਲਵਾਰ ਆਪਣੇ ਗੁਆਂਢੀ ਦੀ ਵੱਖੀ ਵਿੱਚ ਧਸਾ ਦਿੱਤੀ ਸੋ ਉਹ ਇਕੱਠੇ ਹੀ ਡਿੱਗ ਪਏ। ਇਸ ਲਈ ਉਸ ਥਾਂ ਨਾਉਂ ਹਲਕ ਹੱਸੂਰੀਮ ਰੱਖਿਆ ਜੋ ਗਿਬਓਨ ਵਿੱਚ ਹੈ 17ਅਤੇ ਉਸ ਦਿਹਾੜੇ ਵੱਡੀ ਤਕੜੀ ਲੜਾਈ ਮੱਚੀ ਅਤੇ ਅਬਨੇਰ ਅਰ ਇਸਰਾਏਲ ਦੇ ਲੋਕ ਦਾਊਦ ਦੇ ਟਹਿਲੂਆਂ ਅੱਗੋਂ ਹਾਰ ਗਏ।।
18ਉੱਥੇ ਸਰੂਯਾਹ ਦੇ ਤਿੰਨ ਪੁੱਤ੍ਰ ਯੋਆਬ ਅਤੇ ਅਬੀਸ਼ਈ ਅਤੇ ਅਸਾਹੇਲ ਵੀ ਸਨ ਅਤੇ ਅਸਾਹੇਲ ਉਜਾੜ ਦੇ ਹਿਰਨ ਵਰਗੇ ਪੈਰਾਂ ਦਾ ਕਾਹਲਾ ਸੀ 19ਅਤੇ ਅਸਾਹੇਲ ਨੇ ਅਬਨੇਰ ਦਾ ਪਿੱਛਾ ਕੀਤਾ ਅਤੇ ਅਬਨੇਰ ਦਾ ਪਿੱਛਾ ਕਰਨ ਨੂੰ ਜਾਂਦੀ ਵੇਰ ਉਹ ਸੱਜੇ ਯਾ ਖੱਬੇ ਹੱਥ ਨੂੰ ਨਾ ਭਵਿਆਂ 20ਤਦ ਅਬਨੇਰ ਨੇ ਆਪਣੇ ਮਗਰ ਵੇਖ ਕੇ ਉਹ ਨੂੰ ਆਖਿਆ, ਤੂੰ ਹੀ ਅਸਾਹੇਲ ਹੈਂ? ਉਹ ਬੋਲਿਆ, ਆਹੋ! 21ਤਾਂ ਅਬਨੇਰ ਨੇ ਉਹ ਨੂੰ ਆਖਿਆ, ਸੱਜੇ ਯਾ ਖੱਬੇ ਹੱਥ ਨੂੰ ਮੁੜ ਕੇ ਜੁਆਨਾਂ ਵਿੱਚੋਂ ਕਿਸੇ ਨੂੰ ਫੜ ਲੈ ਅਤੇ ਉਹ ਦੇ ਸ਼ਸਤ੍ਰ ਲੁੱਟ ਲੈ ਪਰ ਅਸਾਹੇਲ ਨੇ ਨਾ ਚਾਹਿਆ ਜੋ ਉਹ ਦਾ ਪਿੱਛਾ ਕਰਨ ਤੋਂ ਕਿਸੇ ਹੋਰ ਦੀ ਵੱਲ ਜਾਵਾਂ 22ਅਬਨੇਰ ਨੇ ਅਸਾਹੇਲ ਨੂੰ ਫੇਰ ਆਖਿਆ, ਮੇਰੇ ਮਗਰ ਲੱਗਣੋਂ ਹਟ ਜਾਹ! ਮੈਂ ਤੈਨੂੰ ਵੱਢ ਕੇ ਧਰਤੀ ਉੱਤੇ ਕਾਹਨੂੰ ਸੁੱਟਾਂ? ਫੇਰ ਮੈਂ ਤੇਰੇ ਭਰਾ ਯੋਆਬ ਨੂੰ ਕਿੱਕਣ ਮੂੰਹ ਵਿਖਾਵਾਂਗਾ? 23ਪਰ ਉਸ ਨੇ ਕਿਸੇ ਹੋਰ ਪਾਸੇ ਮੁੜਨ ਤੋਂ ਨਾਂਹ ਕੀਤੀ। ਤਦ ਅਬਨੇਰ ਨੇ ਬਰਛੀ ਦੇ ਪੁੱਠੇ ਸਿਰੇ ਨਾਲ ਉਹ ਦੀ ਪੰਜਵੀ ਪਸਲੀ ਦੇ ਹੇਠ ਉਹ ਨੂੰ ਅਜੇਹਾ ਮਾਰਿਆ ਜੋ ਉਸ ਦੀ ਪਿੱਠ ਵਿੱਚੋਂ ਦੀ ਪਾਰ ਨਿੱਕਲ ਗਈ ਸੋ ਉਹ ਉੱਥੇ ਡਿੱਗ ਪਿਆ ਅਤੇ ਉਸੇ ਥਾਂ ਮਰ ਗਿਆ ਅਤੇ ਅਜੇਹਾ ਹੋਇਆ ਭਈ ਜਿਹੜਾ ਕੋਈ ਉੱਥੇ ਜਿੱਥੇ ਅਸਾਹੇਲ ਮੋਇਆ ਪਿਆ ਸੀ ਆਉਂਦਾ ਸੀ ਤਾਂ ਉੱਥੇ ਹੀ ਖਲੋਤਾ ਰਹਿੰਦਾ ਸੀ 24ਤਦ ਯੋਆਬ ਅਤੇ ਅਬੀਸ਼ਈ ਭੀ ਅਬਨੇਰ ਦੇ ਪਿੱਛੇ ਲੱਗ ਪਏ ਅਤੇ ਜਾਂ ਓਹ ਅੰਮਾਹ ਦੇ ਪਹਾੜ ਤੋੜੀ ਜੋ ਗਿਬਓਨ ਦੀ ਉਜਾੜ ਦੇ ਰਾਹ ਵਿੱਚ ਗਿਯਹ ਦੇ ਸਾਹਮਣੇ ਹੈ ਅੱਪੜੇ ਤਾਂ ਸੂਰਜ ਡੁੱਬ ਗਿਆ 25ਅਤੇ ਬਿਨਯਾਮੀਨੀ ਅਬਨੇਰ ਦੇ ਮਗਰ ਹੋ ਕੇ ਇਕੱਠੇ ਹੋਏ ਅਤੇ ਇੱਕ ਟੋਲੀ ਬਣ ਕੇ ਇੱਕ ਪਹਾੜ ਦੀ ਟੀਸੀ ਉੱਤੇ ਖਲੋ ਗਏ 26ਤਦ ਅਬਨੇਰ ਨੇ ਯੋਆਬ ਨੂੰ ਸੱਦ ਕੇ ਆਖਿਆ, ਭਲਾ, ਤਲਵਾਰ ਓੜਕ ਤੋੜੀ ਨਾਸ ਕਰਦੀ ਰਹੇਗੀ? ਭਲਾ, ਤੂੰ ਨਹੀਂ ਜਾਣਦਾ ਜੋ ਉਹ ਦਾ ਛੇਕੜ ਕੌੜਾ ਹੋਵੇਗਾ ਅਤੇ ਤਦ ਤੋੜੀ ਤੂੰ ਲੋਕਾਂ ਨੂੰ ਆਪੋ ਆਪਣੇ ਭਰਾਵਾਂ ਦਾ ਪਿੱਛਾ ਕਰਨ ਤੋਂ ਨਾ ਮੋੜੋਂਗਾ? 27ਤਦ ਯੋਆਬ ਨੇ ਆਖਿਆ, ਜੀਉਂਦੇ ਪਰਮੇਸ਼ੁਰ ਦੀ ਸੌਂਹ ਜੇ ਕਦੀ ਤੂੰ ਏਹ ਗੱਲ ਨਾ ਆਖਦਾ ਤਾਂ ਲੋਕਾਂ ਵਿੱਚੋਂ ਸੱਭੋ ਆਪੋ ਆਪਣੇ ਭਰਾਵਾਂ ਦਾ ਪਿੱਛਾ ਛੱਡ ਕੇ ਸਵੇਰੇ ਹੀ ਮੁੜ ਜਾਂਦੇ 28ਸੋ ਯੋਆਬ ਨੇ ਤੁਰ੍ਹੀ ਵਜਾਈ ਅਤੇ ਸਭ ਲੋਕ ਖਲੋ ਗਏ ਅਤੇ ਫੇਰ ਇਸਰਾਏਲ ਦੇ ਮਗਰ ਨਾ ਲੱਗੇ ਅਤੇ ਲੜਾਈ ਵੀ ਹੋਰ ਨਾ ਕੀਤੀ 29ਅਤੇ ਅਬਨੇਰ ਅਰ ਉਹ ਦੇ ਲੋਕ ਉਸ ਸਾਰੀ ਰਾਤ ਰੜੇ ਵਿੱਚੇ ਤੁਰੇ ਗਏ ਅਤੇ ਯਰਦਨ ਦੇ ਪਾਰ ਹੋਏ ਅਤੇ ਸਾਰੇ ਬਿਤਰੋਨ ਵਿੱਚ ਦੀ ਗਏ ਅਤੇ ਮਹਨਾਇਮ ਵਿੱਚ ਫੇਰ ਆ ਗਏ 30ਯੋਆਬ ਅਬਨੇਰ ਦਾ ਪਿੱਛਾ ਕਰਨ ਤੋਂ ਮੁੜ ਗਿਆ ਅਤੇ ਜਾਂ ਉਸ ਨੇ ਸਾਰੇ ਲੋਕਾਂ ਨੂੰ ਇਕੱਠਾ ਕੀਤਾ ਤਾਂ ਦਾਊਦ ਦੇ ਟਹਿਲੂਆਂ ਵਿੱਚੋਂ ਅਸਾਹੇਲ ਖੁਣੋਂ ਉੱਨੀ ਮਨੁੱਖ ਨਾ ਲੱਭੇ 31ਪਰ ਦਾਊਦ ਦੇ ਟਹਿਲੂਆਂ ਨੇ ਬਿਨਯਾਮੀਨ ਵਿੱਚੋਂ ਅਤੇ ਅਬਨੇਰ ਦੇ ਟਹਿਲੂਆਂ ਵਿੱਚੋਂ ਲੋਕਾਂ ਨੂੰ ਅਜੇਹਾ ਮਾਰਿਆ ਜੋ ਤਿੰਨ ਸੌ ਸੱਠ ਮਨੁੱਖ ਮਰ ਗਏ।।
32ਸੋ ਉਨ੍ਹਾਂ ਨੇ ਅਸਾਹੇਲ ਨੂੰ ਚੁੱਕ ਲਿਆ ਅਤੇ ਉਹ ਦੇ ਪਿਉ ਦੀ ਸਮਾਧ ਵਿੱਚ ਜੋ ਬੈਤਲਹਮ ਵਿੱਚ ਸੀ ਉਹ ਨੂੰ ਦੱਬ ਦਿੱਤਾ ਅਤੇ ਯੋਆਬ ਅਰ ਉਹ ਦੇ ਮਨੁੱਖ ਸਾਰੀ ਰਾਤ ਤੁਰ ਕੇ ਪਹੁ ਫਟਦਿਆਂ ਸਾਰ ਹਬਰੋਨ ਵਿੱਚ ਆ ਗਏ।।

Highlight

Share

Copy

None

Want to have your highlights saved across all your devices? Sign up or sign in