੨ ਸਮੂਏਲ 11
11
ਦਾਊਦ ਅਤੇ ਬਥ-ਸ਼ਬਾ
1ਜਾਂ ਆਉਂਦੇ ਵਰਹੇ ਦੇ ਓਹ ਦਿਨ ਆ ਗਏ ਜਿਹ ਦੇ ਵਿੱਚ ਪਾਤਸ਼ਾਹ ਲੋਕ ਲੜਾਈ ਨੂੰ ਚੜ੍ਹਦੇ ਹਨ ਤਾਂ ਦਾਊਦ ਨੇ ਯੋਬਾਬ ਅਤੇ ਉਹ ਦੇ ਨਾਲ ਆਪਣੇ ਟਹਿਲੂਆਂ ਅਤੇ ਸਾਰੇ ਇਸਰਾਏਲ ਨੂੰ ਘੱਲਿਆ ਅਤੇ ਉਨ੍ਹਾਂ ਨੇ ਅੰਮੋਨੀਆਂ ਨੂੰ ਤਬਾਹ ਕਰ ਸੁੱਟਿਆ ਅਤੇ ਹੱਬਾਹ ਨੂੰ ਘੇਰਾ ਜਾ ਪਾਇਆ ਪਰ ਦਾਊਦ ਯਰੂਸ਼ਲਮ ਵਿੱਚ ਹੀ ਰਿਹਾ।।
2ਇੱਕ ਦਿਨ ਸੰਧਿਆ ਵੇਲੇ ਅਜੇਹਾ ਹੋਇਆ ਜੋ ਦਾਊਦ ਆਪਣੇ ਮੰਜੇ ਉੱਤੋਂ ਉੱਠ ਕੇ ਸ਼ਾਹੀ ਮਹਿਲ ਦੀ ਛੱਤ ਉੱਤੇ ਫਿਰਨ ਲੱਗਾ ਅਤੇ ਉੱਥੋਂ ਉਸ ਨੇ ਇੱਕ ਤੀਵੀਂ ਨੂੰ ਡਿੱਠਾ ਜੋ ਨਹਾਉਂਦੀ ਪਈ ਸੀ ਅਤੇ ਉਹ ਤੀਵੀਂ ਵੇਖਣ ਵਿੱਚ ਡਾਢੀ ਸੋਹਣੀ ਸੀ 3ਤਦ ਦਾਊਦ ਨੇ ਉਸ ਤੀਵੀਂ ਦਾ ਪਤਾ ਕਰਨ ਲਈ ਲੋਕ ਘੱਲੇ। ਉਨ੍ਹਾਂ ਨੇ ਆਖਿਆ, ਭਲਾ, ਇਹ ਅਲੀਆਮ ਦੀ ਧੀ ਬਥ-ਸ਼ਬਾ ਹਿੱਤੀ ਊਰਿੱਯਾਹ ਦੀ ਤੀਵੀਂ ਨਹੀਂ? 4ਦਾਊਦ ਨੇ ਮਨੁੱਖ ਘੱਲ ਕੇ ਉਸ ਤੀਵੀਂ ਨੂੰ ਸੱਦ ਲਿਆ ਸੋ ਉਹਉਸ ਦੇ ਕੋਲ ਆਈ ਅਤੇ ਉਸ ਨੇ ਉਹ ਦੇ ਨਾਲ ਸੰਗ ਕੀਤਾ ਕਿਉਂ ਜੋ ਉਹ ਆਪਣੀ ਅਸ਼ੁੱਧਤਾਈ ਤੋਂ ਪਾਕ ਹੋਈ ਸੀ ਤਾਂ ਉਹ ਆਪਣੇ ਘਰ ਨੂੰ ਚੱਲੀ ਗਈ 5ਅਤੇ ਉਹ ਤੀਵੀਂ ਗਰਭਣੀ ਹੋ ਗਈ ਸੋ ਉਸ ਨੇ ਦਾਊਦ ਕੋਲ ਸੁਨੇਹਾ ਘੱਲਿਆ ਜੋ ਮੈਂ ਗਰਭਣੀ ਹਾਂ।।
6ਦਾਊਦ ਨੇ ਯੋਆਬ ਨੂੰ ਆਖ ਘੱਲਿਆ ਭਈ ਹਿੱਤੀ ਊਰਿੱਯਾਹ ਨੂੰ ਮੇਰੇ ਕੋਲ ਘੱਲ ਦੇਹ ਸੋ ਯੋਆਬ ਨੇ ਊਰਿੱਯਾਹ ਨੂੰ ਦਾਊਦ ਕੋਲ ਘੱਲਿਆ 7ਜਾਂ ਊਰਿੱਯਾਹ ਆਇਆ ਤਾਂ ਦਾਊਦ ਨੇ ਪੁੱਛਿਆ ਭਈ ਯੋਆਬ ਦੀ ਕੀ ਡੌਲ ਚਾਲ ਹੈ ਅਤੇ ਲੋਕਾਂ ਦੀ ਕੀ ਖਬਰ ਹੈ ਅਤੇ ਲੜਾਈ ਦਾ ਕੀ ਹਾਲ ਹੈ? 8ਫੇਰ ਦਾਊਦ ਨੇ ਊਰਿੱਯਾਹ ਨੂੰ ਆਖਿਆ, ਜਾਹ ਆਪਣੇ ਘਰ ਅਤੇ ਪੈਰ ਧੋ। ਊਰਿੱਯਾਹ ਜਦ ਪਾਤਸ਼ਾਹ ਦੇ ਮਹਿਲ ਤੋਂ ਨਿੱਕਲਿਆ ਤਾਂ ਪਾਤਸ਼ਾਹ ਵੱਲੋਂ ਕੁਝ ਉਹ ਦੇ ਮਗਰ ਇਨਾਮ ਘੱਲਿਆ ਗਿਆ 9ਪਰ ਊਰਿੱਯਾਹ ਪਾਤਸ਼ਾਹ ਦੇ ਮਹਿਲ ਦੇ ਬੂਹੇ ਉੱਤੇ ਆਪਣੇ ਮਾਲਕ ਦੇ ਸਭਨਾਂ ਟਹਿਲੂਆਂ ਨਾਲ ਸੌਂ ਰਿਹਾ ਅਰ ਆਪਣੇ ਘਰ ਨਾ ਗਿਆ 10ਜਦ ਉਨ੍ਹਾਂ ਨੇ ਦਾਊਦ ਨੂੰ ਖਬਰ ਦਿੱਤੀ ਭਈ ਊਰਿੱਯਾਹ ਆਪਣੇ ਘਰ ਨਹੀਂ ਗਿਆ ਤਾਂ ਦਾਊਦ ਨੇ ਊਰਿੱਯਾਹ ਨੂੰ ਆਖਿਆ, ਭਲਾ, ਤੈਂ ਪੈਂਡਾ ਕਰ ਕੇ ਨਹੀਂ ਆਇਆ? ਫਿਰ ਤੂੰ ਆਪਣੇ ਘਰ ਕਿਉਂ ਨਹੀਂ ਗਿਆ? 11ਤਦ ਊਰਿੱਯਾਹ ਨੇ ਦਾਊਦ ਨੂੰ ਆਖਿਆ, ਕਿ ਸੰਦੂਕ ਅਤੇ ਇਸਰਾਏਲ ਅਤੇ ਯਹੂਦਾਹ ਤੰਬੂਆਂ ਵਿੱਚ ਰਹਿੰਦੇ ਹਨ ਅਤੇ ਮੇਰਾ ਮਾਲਕ ਯੋਆਬ ਅਤੇ ਮੇਰੇ ਮਾਹਰਾਜ ਦੇ ਟਹਿਲੂਏ ਖੁਲ੍ਹੇ ਰੜੇ ਵਿੱਚ ਪਏ ਹੋਏ ਹਨ, ਫੇਰ ਮੈਂ ਕਿੱਕਰ ਆਪਣੇ ਘਰ ਵਿੱਚ ਜਾ ਕੇ ਖਾਵਾਂ ਪੀਵਾਂ ਅਤੇ ਆਪਣੀ ਤੀਵੀਂ ਨਾਲ ਸੌਂ ਰਹਾਂ? ਤੇਰੀ ਜਿੰਦ ਅਤੇ ਤੇਰੇ ਪ੍ਰਾਣਾਂ ਦੀ ਸੌਂਹ ਇਹ ਗੱਲ ਮੈਂ ਕਦੀ ਨਾ ਕਰਾਂਗਾ! 12ਫੇਰ ਦਾਊਦ ਨੇ ਊਰਿੱਯਾਹ ਨੂੰ ਆਖਿਆ, ਅੱਜ ਵੀ ਐਥੇ ਰਹੁ ਅਤੇ ਭਲਕੇ ਮੈਂ ਤੈਨੂੰ ਵਿਦਿਆ ਕਰਾਂਗਾ। ਸੋ ਊਰਿੱਯਾਹ ਉਸ ਦਿਨ ਅਤੇ ਦੂਜੇ ਦਿਨ ਵੀ ਯਰੂਸ਼ਲਮ ਵਿੱਚ ਹੀ ਰਹਿ ਪਿਆ 13ਤਦ ਦਾਊਦ ਨੇ ਉਹ ਨੂੰ ਸੱਦਿਆ ਤਾਂ ਉਹ ਨੇ ਉਸ ਦੇ ਅੱਗੇ ਖਾਧਾ ਅਤੇ ਪੀਤਾ ਅਤੇ ਉਸ ਨੇ ਉਹ ਨੂੰ ਮਸਤ ਕੀਤਾ ਅਤੇ ਉਹ ਸੰਧਿਆ ਨੂੰ ਬਾਹਰ ਜਾ ਕੇ ਆਪਣੇ ਮਾਲਕ ਦੇ ਟਹਿਲੂਆਂ ਦੇ ਨਾਲ ਮੰਜੇ ਉੱਤੇ ਸੌਂ ਰਿਹਾ ਪਰ ਆਪਣੇ ਘਰ ਨਾ ਗਿਆ।।
14ਸਵੇਰ ਨੂੰ ਦਾਊਦ ਨੇ ਯੋਆਬ ਦੇ ਲਈ ਚਿੱਠੀ ਲਿਖੀ ਅਤੇ ਊਰਿੱਯਾਹ ਦੇ ਹੱਥੀਂ ਉਹ ਨੂੰ ਘੱਲੀ 15ਅਤੇ ਉਸ ਨੇ ਚਿੱਠੀ ਵਿੱਚ ਏਹ ਲਿਖਿਆ ਭਈ ਊਰਿੱਯਾਹ ਨੂੰ ਡਾਢੀ ਲੜਾਈ ਦੇ ਵੇਲੇ ਮੋਹਰੇ ਕਰੋ ਅਤੇ ਉਹ ਦੇ ਕੋਲੋਂ ਮੁੜ ਆਓ ਜੋ ਉਹ ਵੱਢਿਆ ਜਾਵੇ ਅਤੇ ਮਰ ਜਾਵੇ 16ਅਤੇ ਅਜੇਹਾ ਹੋਇਆ ਜਾਂ ਯੋਆਬ ਉਸ ਸ਼ਹਿਰ ਦੇ ਉਦਾਲੇ ਤਕਾਉਣ ਲਈ ਗਿਆ ਤਾਂ ਉਸ ਨੇ ਊਰਿੱਯਾਹ ਨੂੰ ਅਜੇਹੇ ਥਾਂ ਵਿੱਚ ਠਹਿਰਾ ਦਿੱਤਾ ਜਿੱਥੇ ਉਸ ਜਾਤਾ ਭਈ ਐਥੇ ਸੂਰਮੇ ਹਨ 17ਤਾਂ ਉਸ ਸ਼ਹਿਰ ਦੇ ਲੋਕ ਨਿੱਕਲੇ ਅਤੇ ਯੋਆਬ ਦੇ ਨਾਲ ਲੜੇ ਅਤੇ ਉੱਥੇ ਦਾਊਦ ਦੇ ਟਹਿਲੂਆਂ ਵਿੱਚੋਂ ਕਈ ਡਿੱਗ ਪਏ ਅਤੇ ਹਿੱਤੀ ਊਰਿੱਯਾਹ ਵੀ ਮਾਰਿਆ ਗਿਆ 18ਤਦ ਯੋਆਬ ਨੇ ਮਨੁੱਖ ਘੱਲਿਆ ਅਤੇ ਲੜਾਈ ਦੀ ਸਾਰੀ ਖਬਰ ਦਾਊਦ ਨੂੰ ਸੁਣਾਈ 19ਅਤੇ ਹਲਕਾਰੇ ਨੂੰ ਇਉਂ ਸਮਝਾ ਕੇ ਆਖਿਆ, ਜਦ ਤੂੰ ਪਾਤਸ਼ਾਹ ਨੂੰ ਲੜਾਈ ਦੀ ਗੱਲ ਆਖ ਚੁੱਕੇਂ 20ਤਾਂ ਜੇ ਕਦੀ ਅਜੇਹਾ ਹੋਵੇ ਜੋ ਪਾਤਸ਼ਾਹ ਦਾ ਕ੍ਰੋਧ ਜਾਗੇ ਅਤੇ ਉਹ ਤੈਨੂੰ ਆਖੇ ਭਈ ਜਦ ਤੁਸੀਂ ਲੜਨ ਨੂੰ ਚੜ੍ਹੇ ਤਾਂ ਸ਼ਹਿਰ ਦੇ ਐਡੇ ਨੇੜੇ ਕਾਹ ਨੂੰ ਢੁੱਕੇ? ਭਲਾ, ਤੁਸੀਂ ਨਹੀਂ ਜਾਣਦੇ ਸਾਓ ਜੋ ਉਹ ਕੰਧ ਉੱਤੋਂ ਤੀਰ ਮਾਰਨਗੇ? 21ਯਰੂਬਸਥ ਦੇ ਪੁੱਤ੍ਰ ਅਬੀਮਲਕ ਨੂੰ ਕਿਸ ਨੇ ਮਾਰਿਆ? ਭਲਾ, ਇੱਕ ਤੀਵੀਂ ਨੇ ਚੱਕੀ ਦਾ ਪੁੜ ਨਾ ਉਹ ਦੇ ਉੱਤੇ ਕੱਢ ਮਾਰਿਆ ਜੋ ਉਹ ਤੇਬੇਸ ਵਿੱਚ ਮਰ ਗਿਆ? ਸੋ ਤੁਸੀਂ ਸ਼ਹਿਰ ਦੀ ਕੰਧ ਹੇਠ ਕਾਹਨੂੰ ਗਏ ਸਾਓ? ਤਦ ਆਖਣਾ, ਜੀ ਤੇਰਾ ਟਹਿਲੂਆ ਹਿੱਤੀ ਊਰਿੱਯਾਹ ਵੀ ਮਾਰਿਆ ਗਿਆ।।
22ਸੋ ਹਲਕਾਰਾ ਤੁਰ ਪਿਆ ਅਤੇ ਆਇਆ ਅਤੇ ਜੋ ਕੁਝ ਯੋਆਬ ਨੇ ਆਖਿਆ ਸੀ ਸੋ ਦਾਊਦ ਨੂੰ ਆਣ ਦੱਸਿਆ 23ਅਤੇ ਹਲਕਾਰੇ ਨੇ ਦਾਊਦ ਨੂੰ ਆਖਿਆ ਭਈ ਸੱਚ ਮੁੱਚ ਲੋਕਾਂ ਨੇ ਸਾਡੇ ਉੱਤੇ ਵੱਡਾ ਜ਼ੋਰ ਪਾਇਆ ਅਤੇ ਓਹ ਰੜੇ ਵਿੱਚ ਸਾਡੇ ਕੋਲ ਨਿੱਕਲ ਆਏ ਸੋ ਅਸੀਂ ਉਨ੍ਹਾਂ ਦੇ ਮਗਰ ਲੱਗੇ ਲੱਗੇ ਡਿਉੜ੍ਹੀ ਦੇ ਫਾਟਕ ਤੋੜੀ ਤੁਰੇ ਗਏ 24ਤਦ ਤੀਰ ਅੰਦਾਜ਼ਾਂ ਨੇ ਕੰਧ ਉੱਤੋਂ ਤੁਹਾਡੇ ਟਹਿਲੂਆਂ ਦਾ ਨਿਸ਼ਾਨਾ ਫੁੰਡਿਆ। ਪਾਤਸ਼ਾਹ ਦੇ ਕਈ ਟਹਿਲੂਏ ਮਰ ਗਏ ਅਤੇ ਤੁਹਾਡਾ ਟਹਿਲੂਆ ਹਿੱਤੀ ਊਰਿੱਯਾਹ ਵੀ ਮਰ ਗਿਆ 25ਸੋ ਦਾਊਦ ਨੇ ਹਲਕਾਰੇ ਨੂੰ ਆਖਿਆ, ਕਿ ਯੋਆਬ ਨੂੰ ਜਾ ਕੇ ਐਉਂ ਆਖ ਜੋ ਇਹ ਗੱਲ ਤੈਨੂੰ ਮਾੜੀ ਨਾ ਲੱਗੇ ਕਿਉਂ ਜੋ ਤਲਵਾਰ ਜੇਹਾ ਇੱਕ ਨੂੰ ਵੱਢਦੀ ਹੈ ਤੇਹਾ ਦੂਜੇ ਨੂੰ ਵੀ ਵੱਢਦੀ ਹੈ। ਤੂੰ ਸ਼ਹਿਰ ਦੇ ਸਾਹਮਣੇ ਵੱਡੀ ਲੜਾਈ ਕਰ ਅਤੇ ਉਹ ਨੂੰ ਢਾਹ ਦੇਹ। ਸੋ ਤੂੰ ਉਹ ਨੂੰ ਧੀਰਜ ਦੇਈਂ।।
26ਤਾਂ ਊਰਿੱਯਾਹ ਦੀ ਪਤਨੀ ਆਪਣੇ ਪਤੀ ਊਰਿੱਯਾਹ ਦਾ ਮਰਨਾ ਸੁਣ ਕੇ ਸੋਗ ਵਿੱਚ ਬੈਠੀ 27ਅਤੇ ਜਦ ਸੋਗ ਦੇ ਦਿਨ ਲੰਘ ਗਏ ਤਾਂ ਦਾਊਦ ਨੇ ਉਸ ਨੂੰ ਆਪਣੇ ਮਹਿਲ ਸਦਾਇਆ ਅਤੇ ਉਸ ਦੀ ਪਤਨੀ ਬਣੀ ਅਤੇ ਉਹ ਉਸ ਦੇ ਲਈ ਪੁੱਤ੍ਰ ਜਣੀ ਪਰ ਉਹ ਕੰਮ ਜੋ ਦਾਊਦ ਨੇ ਕੀਤਾ ਸੋ ਯਹੋਵਾਹ ਨੂੰ ਬੁਰਾ ਲੱਗਾ।।
Currently Selected:
੨ ਸਮੂਏਲ 11: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.