੨ ਸਮੂਏਲ 10
10
ਅੰਮੋਨੀਆਂ ਨਾਲ ਦਾਊਦ ਦੀ ਲੜਾਈ
1ਇਹ ਦੇ ਪਿੱਛੋਂ ਅਜਿਹਾ ਹੋਇਆ ਜੋ ਅੰਮੋਨੀਆਂ ਦਾ ਰਾਜਾ ਮਰ ਗਿਆ ਅਤੇ ਉਸ ਦੇ ਪੁੱਤ੍ਰ ਹਾਨੂਨ ਨੇ ਉਸ ਦੇ ਥਾਂ ਰਾਜ ਕੀਤਾ 2ਤਦ ਦਾਊਦ ਨੇ ਆਖਿਆ, ਮੈਂ ਨਾਹਾਸ਼ ਦੇ ਪੁੱਤ੍ਰ ਹਾਨੂਨ ਦੇ ਨਾਲ ਭਲਿਆਈ ਕਰਾਂਗਾ ਜਿਵੇਂ ਉਹ ਦੇ ਪਿਉ ਨੇ ਮੇਰੇਂ ਨਾਲ ਭਲਿਆਈ ਕੀਤੀ ਸੀ ਸੋ ਦਾਊਦ ਨੇ ਉਹ ਦੇ ਪਿਉ ਦੇ ਵਿਖੇ ਉਹ ਦੇ ਕੋਲ ਮੁਕਾਣ ਦੇਣ ਲਈ ਆਪਣੇ ਟਹਿਲੂਏ ਘੱਲੇ ਅਤੇ ਦਾਊਦ ਦੇ ਟਹਿਲੂਏ ਅੰਮੋਨੀਆਂ ਦੇ ਦੇਸ ਵਿੱਚ ਗਏ 3ਪਰ ਅੰਮੋਨੀਆਂ ਦੇ ਸਰਦਾਰਾਂ ਨੇ ਆਪਣੇ ਮਾਲਕ ਹਾਨੂਨ ਨੂੰ ਆਖਿਆ, ਭਲਾ, ਤੈਨੂੰ ਏਹ ਧਿਆਨ ਹੈ ਜੋ ਦਾਊਦ ਤੇਰੇ ਪਿਉ ਦਾ ਆਦਰ ਕਰਦਾ ਹੈ ਜੋ ਉਸ ਮੁਕਾਣ ਦੇਣ ਲਈ ਤੇਰੇ ਕੋਲ ਲੋਕ ਘੱਲੇ ਹਨ? ਭਲਾ, ਦਾਊਦ ਨੇ ਆਪਣੇ ਟਹਿਲੂਏ ਤੇਰੇ ਕੋਲ ਇਸ ਲਈ ਨਹੀਂ ਘੱਲੇ ਜੋ ਸ਼ਹਿਰ ਦਾ ਹਾਲ ਵੇਖ ਲੈਣ ਅਤੇ ਉਹ ਦਾ ਭੇਤ ਲੈਣ ਜੋ ਸ਼ਹਿਰ ਨੂੰ ਨਾਸ ਕਰਨ? 4ਤਦ ਹਾਨੂਨ ਨੇ ਦਾਊਦ ਦੇ ਟਹਿਲੂਏ ਨੂੰ ਫੜ ਲਿਆ ਅਤੇ ਸਭਨਾਂ ਦੀ ਅੱਧੀ ਅੱਧੀ ਦਾੜ੍ਹੀ ਮੁਨਵਾ ਸੁੱਟੀ ਅਤੇ ਉਨ੍ਹਾਂ ਦੇ ਲੀੜੇ ਅੱਧ ਵਿੱਚਕਾਰੋਂ ਲੱਕ ਤੋੜੀ ਕਤਰ ਸੁੱਟੇ ਅਤੇ ਉਨ੍ਹਾਂ ਨੂੰ ਤੋਰ ਦਿੱਤਾ 5ਤਦ ਦਾਊਦ ਨੂੰ ਖਬਰ ਆਈ ਤਾਂ ਉਸ ਨੇ ਉਨ੍ਹਾਂ ਦੇ ਮਿਲਣ ਲਈ ਲੋਕ ਘੱਲੇ ਕਿਉਂ ਜੋ ਓਹ ਮਨੁੱਖ ਬਹੁਤ ਲੱਜਿਆਵਾਨ ਹੋਏ ਸੋ ਪਾਤਸ਼ਾਹ ਨੇ ਆਖਿਆ, ਜਦ ਤੋੜੀ ਤੁਹਾਡੀਆਂ ਦਾੜ੍ਹੀਆਂ ਨਾ ਵਧਣ ਯਰੀਹੋ ਦੇ ਵਿੱਚ ਰਹੋ, ਇਹ ਦੇ ਪਿੱਛੋਂ ਆ ਜਾਓ।।
6ਅੰਮੋਨੀਆਂ ਨੇ ਜਾਂ ਡਿੱਠਾ ਭਈ ਅਸੀਂ ਦਾਊਦ ਅੱਗੇ ਭੈੜੇ ਠਹਿਰੇ ਹਾਂ ਤਾਂ ਅੰਮੋਨੀਆਂ ਨੇ ਲੋਕ ਘੱਲੇ ਅਤੇ ਬੈਤ-ਰਹੋਬ ਦੇ ਅਰਾਮੀਆਂ ਅਤੇ ਸੋਬਾ ਦੇ ਅਰਾਮੀਆਂ ਤੋਂ ਵੀਹ ਹਜ਼ਾਰ ਪਿਆਦੇ ਲਏ ਅਤੇ ਮਆਕਾਹ ਦੇ ਰਾਜਾ ਤੋਂ ਹਜ਼ਾਰ ਮਨੁੱਖ ਅਤੇ ਟੋਬ ਦੇ ਮਨੁੱਖਾਂ ਤੋਂ ਬਾਰਾਂ ਹਜ਼ਾਰ ਮਜੂਰ ਰੱਖੇ 7ਇਹ ਸੁਣ ਕੇ ਦਾਊਦ ਨੇ ਯੋਆਬ ਅਤੇ ਸੂਰਮਿਆਂ ਦੀ ਸਾਰੀ ਸੈਨਾ ਨੂੰ ਭੇਜਿਆ 8ਤਦ ਅੰਮੋਨੀ ਨਿੱਕਲੇ ਅਤੇ ਸ਼ਹਿਰ ਦੀ ਡਿਉੜ੍ਹੀ ਦੇ ਲਾਂਘੇ ਕੋਲ ਲੜਾਈ ਦੇ ਲਈ ਪਾਲ ਬੰਨ੍ਹੀ। ਅਤੇ ਸੋਬਾ ਅਤੇ ਰਹੋਬ ਦੇ ਅਰਾਮੀ ਅਤੇ ਟੋਬ ਅਤੇ ਮਆਕਾਹ ਦੇ ਮਨੁੱਖ ਰੜੇ ਵਿੱਚ ਵੱਖਰੇ ਰਹੇ 9ਯੋਆਬ ਨੇ ਜਾਂ ਡਿੱਠਾ ਭਈ ਲੜਾਈ ਦਾ ਸਾਹਮਣਾ ਦੋਹੀਂ ਪਾਸੀਂ ਅੱਗੋਂ ਤੇ ਪਿੱਛੋਂ ਹੈ ਤਾਂ ਉਸ ਨੇ ਇਸਰਾਏਲ ਵਿੱਚੋਂ ਚੰਗੇ ਚੰਗੇ ਮਨੁੱਖ ਚੁਣ ਲਏ ਅਤੇ ਅਰਾਮੀਆਂ ਦੇ ਸਾਹਮਣੇ ਪਾਲ ਬੰਨ੍ਹੀ 10ਅਤੇ ਰਹਿੰਦੇ ਲੋਕਾਂ ਨੂੰ ਅੰਮੋਨੀਆਂ ਦੇ ਸਾਹਮਣੇ ਪਾਲ ਬੰਨ੍ਹਣ ਲਈ ਆਪਣੇ ਭਰਾ ਅਬੀਸ਼ਈ ਦੇ ਹੱਥ ਸੌਂਪ ਦਿੱਤਾ 11ਅਤੇ ਆਖਿਆ, ਜੇ ਕਰ ਕਦੀ ਅਰਾਮੀ ਮੇਰੇ ਉੱਤੇ ਜ਼ੋਰ ਪਾਉਣ ਤਾਂ ਤੂੰ ਮੇਰੀ ਸਹਾਇਤਾ ਕਰੀਂ ਅਤੇ ਜੇ ਅੰਮੋਨੀ ਤੇਰੇ ਉੱਤੇ ਜ਼ੋਰ ਪਾਉਣ ਤਾਂ ਮੈਂ ਆ ਕੇ ਤੇਰੀ ਸਹਾਇਤਾ ਕਰਾਂਗਾ 12ਸੋ ਤਕੜੇ ਰਹੀਏ ਅਤੇ ਆਪਣੇ ਲੋਕਾਂ ਦੇ ਲਈ ਅਤੇ ਆਪਣੇ ਪਰਮੇਸ਼ੁਰ ਦੇ ਸ਼ਹਿਰਾਂ ਦੇ ਲਈ ਵਰਿਆਮਗੀ ਕਰੀਏ ਅਤੇ ਜੋ ਯਹੋਵਾਹ ਨੂੰ ਭਾਵੇ ਸੋ ਕਰੇ 13ਫੇਰ ਯੋਆਬ ਅਤੇ ਓਹ ਲੋਕ ਜੋ ਉਸ ਦੇ ਨਾਲ ਸਨ ਅਰਾਮੀਆਂ ਦੇ ਉੱਤੇ ਹੱਲਾ ਕਰਨ ਨੂੰ ਅੱਗੇ ਵਧੇ ਅਰ ਓਹ ਉਨ੍ਹਾਂ ਦੇ ਅੱਗੋਂ ਨੱਠ ਗਏ 14ਅਤੇ ਅੰਮੋਨੀ ਵੀ ਇਹ ਵੇਖ ਕੇ ਜੋ ਅਰਾਮੀ ਨੱਠ ਗਏ ਹਨ ਤਾਂ ਓਹ ਵੀ ਅਬੀਸ਼ਈ ਦੇ ਅੱਗੋਂ ਨੱਠ ਗਏ ਫੇਰ ਸ਼ਹਿਰ ਵਿੱਚ ਜਾ ਵੜੇ ਤਾਂ ਯੋਆਬ ਅੰਮੋਨੀਆਂ ਨਾਲ ਲੜਨ ਤੋਂ ਮੁੜ ਕੇ ਯਰੂਸ਼ਲਮ ਵਿੱਚ ਆਇਆ।।
15ਜਾ ਅਰਾਮੀਆਂ ਨੇ ਡਿੱਠਾ ਜੋ ਅਸੀਂ ਇਸਰਾਏਲ ਦੇ ਅੱਗੋਂ ਹਾਰ ਗਏ ਹਾਂ ਤਾਂ ਉਨ੍ਹਾਂ ਨੇ ਆਪਣੇ ਆਪ ਨੂੰ ਇਕੱਠਾ ਕੀਤਾ 16ਅਤੇ ਹਦਦਅਜ਼ਰ ਨੇ ਲੋਕ ਘੱਲੇ ਅਤੇ ਅਰਾਮੀਆਂ ਨੂੰ ਜੋ ਦਰਿਆ ਦੇ ਪਾਰ ਸਨ ਲੈ ਆਇਆ ਅਤੇ ਓਹ ਹੇਲਾਮ ਵਿੱਚ ਆਏ ਅਤੇ ਸੋਬਕ ਜੋ ਹਦਦਅਜ਼ਰ ਦੀ ਫੌਜ ਦਾ ਸਰਦਾਰ ਸੀ ਉਨ੍ਹਾਂ ਦੇ ਮੋਹਰੇ ਤੁਰਿਆ 17ਇਹ ਸੁਣ ਕੇ ਦਾਊਦ ਨੇ ਸਾਰੇ ਇਸਰਾਏਲੀਆਂ ਨੂੰ ਇੱਕਠਿਆਂ ਕੀਤਾ ਅਤੇ ਯਰਦਨੋਂ ਪਾਰ ਲੰਘ ਕੇ ਹੇਲਾਮ ਤੋੜੀ ਆਇਆ। ਤਾਂ ਅਰਾਮੀਆਂ ਨੇ ਦਾਊਦ ਦੇ ਸਾਹਮਣੇ ਪਾਲ ਬੰਨ੍ਹੀ ਅਰ ਉਸ ਨਾਲ ਲੜੇ 18ਅਤੇ ਅਰਾਮੀ ਇਸਰਾਏਲ ਦੇ ਅੱਗੋਂ ਭੱਜ ਗਏ ਅਤੇ ਦਾਊਦ ਨੇ ਅਰਾਮੀਆਂ ਦੇ ਸੱਤ ਸੌ ਰਥ ਅਤੇ ਚਾਲੀ ਹਜ਼ਾਰ ਘੋੜ ਚੜ੍ਹੇ ਵੱਢ ਸੁੱਟੇ ਅਤੇ ਉਨ੍ਹਾਂ ਦੇ ਸੈਨਾਪਤੀ ਸੋਬਕ ਨੂੰ ਮਾਰ ਲਿਆ ਸੋ ਉਹ ਉੱਥੇ ਹੀ ਮਰ ਗਿਆ 19ਜਾਂ ਉਨ੍ਹਾਂ ਰਾਜਿਆਂ ਨੇ ਜੋ ਹਦਦਅਜ਼ਰ ਦੇ ਅਧੀਨ ਸਨ ਡਿੱਠਾ ਭਈ ਓਹ ਇਸਰਾਏਲ ਅੱਗੇ ਹਾਰ ਗਏ ਹਨ ਤਾਂ ਉਨ੍ਹਾਂ ਨੇ ਇਸਰਾਏਲੀਆਂ ਨਾਲ ਮੇਲ ਕੀਤਾ ਅਤੇ ਉਨ੍ਹਾਂ ਦੀ ਟਹਿਲ ਕੀਤੀ। ਗੱਲ ਕਾਹਦੀ, ਅਰਾਮੀ ਅੰਮੋਨੀਆਂ ਦੀ ਫੇਰ ਸਹਾਇਤਾ ਕਰਨ ਤੋਂ ਡਰੇ।।
Currently Selected:
੨ ਸਮੂਏਲ 10: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.