YouVersion 標誌
搜尋圖標

ਮੱਤੀ 10

10
ਬਾਰਾਂ ਰਸੂਲ
1ਉਸ ਨੇ ਆਪਣੇ ਬਾਰਾਂ ਚੇਲਿਆਂ ਨੂੰ ਕੋਲ ਬੁਲਾ ਕੇ ਉਨ੍ਹਾਂ ਨੂੰ ਅਧਿਕਾਰ ਦਿੱਤਾ ਕਿ ਉਹ ਭ੍ਰਿਸ਼ਟ ਆਤਮਾਵਾਂ ਨੂੰ ਕੱਢਣ ਅਤੇ ਹਰੇਕ ਬਿਮਾਰੀ ਅਤੇ ਹਰੇਕ ਮਾਂਦਗੀ ਨੂੰ ਦੂਰ ਕਰਨ। 2ਬਾਰਾਂ ਰਸੂਲਾਂ ਦੇ ਨਾਮ ਇਹ ਹਨ: ਪਹਿਲਾ ਸ਼ਮਊਨ, ਜਿਹੜਾ ਪਤਰਸ ਕਹਾਉਂਦਾ ਹੈ ਅਤੇ ਉਸ ਦਾ ਭਰਾ ਅੰਦ੍ਰਿਯਾਸ, ਜ਼ਬਦੀ ਦਾ ਪੁੱਤਰ ਯਾਕੂਬ ਅਤੇ ਉਸ ਦਾ ਭਰਾ ਯੂਹੰਨਾ, 3ਫ਼ਿਲਿੱਪੁਸ, ਬਰਥੁਲਮਈ, ਥੋਮਾ, ਮੱਤੀ ਮਹਿਸੂਲੀਆ, ਹਲਫ਼ਈ ਦਾ ਪੁੱਤਰ ਯਾਕੂਬ, ਥੱਦਈ#10:3 ਕੁਝ ਹਸਤਲੇਖਾਂ ਵਿੱਚ “ਥੱਦਈ” ਦੇ ਸਥਾਨ 'ਤੇ “ਲਿੱਬਈ ਜੋ ਥੱਦਈ ਕਹਾਉਂਦਾ ਹੈ” ਲਿਖਿਆ ਹੈ।, 4ਸ਼ਮਊਨ ਕਨਾਨੀ ਅਤੇ ਯਹੂਦਾ ਇਸਕਰਿਯੋਤੀ ਜਿਸ ਨੇ ਉਸ ਨੂੰ ਫੜਵਾ ਵੀ ਦਿੱਤਾ।
ਚੇਲਿਆਂ ਨੂੰ ਖੁਸ਼ਖ਼ਬਰੀ ਦੇ ਪ੍ਰਚਾਰ ਲਈ ਭੇਜਣਾ
5ਯਿਸੂ ਨੇ ਇਨ੍ਹਾਂ ਬਾਰ੍ਹਾਂ ਨੂੰ ਇਹ ਹੁਕਮ ਦੇ ਕੇ ਭੇਜਿਆ,“ਤੁਸੀਂ ਪਰਾਈਆਂ ਕੌਮਾਂ ਦੇ ਰਾਹ ਨਾ ਜਾਣਾ ਅਤੇ ਨਾ ਹੀ ਸਾਮਰੀਆਂ ਦੇ ਕਿਸੇ ਨਗਰ ਵਿੱਚ ਪ੍ਰਵੇਸ਼ ਕਰਨਾ; 6ਸਗੋਂ ਇਸਰਾਏਲ ਦੇ ਘਰਾਣੇ ਦੀਆਂ ਗੁਆਚੀਆਂ ਹੋਈਆਂ ਭੇਡਾਂ ਕੋਲ ਜਾਓ 7ਅਤੇ ਜਾਂਦੇ-ਜਾਂਦੇ ਇਹ ਪ੍ਰਚਾਰ ਕਰੋ, ‘ਸਵਰਗ ਦਾ ਰਾਜ ਨੇੜੇ ਆ ਗਿਆ ਹੈ’। 8ਬਿਮਾਰਾਂ ਨੂੰ ਚੰਗੇ ਕਰੋ, ਮੁਰਦਿਆਂ ਨੂੰ ਜਿਵਾਓ, ਕੋੜ੍ਹੀਆਂ ਨੂੰ ਸ਼ੁੱਧ ਕਰੋ, ਦੁਸ਼ਟ ਆਤਮਾਵਾਂ ਨੂੰ ਕੱਢੋ; ਤੁਹਾਨੂੰ ਮੁਫ਼ਤ ਮਿਲਿਆ ਹੈ, ਮੁਫ਼ਤ ਹੀ ਦਿਓ। 9ਆਪਣੇ ਕਮਰਬੰਦਾਂ ਵਿੱਚ ਨਾ ਸੋਨਾ, ਨਾ ਚਾਂਦੀ, ਨਾ ਪੈਸਾ ਲੈਣਾ 10ਅਤੇ ਨਾ ਹੀ ਰਾਹ ਦੇ ਲਈ ਥੈਲਾ, ਨਾ ਦੋ ਕੁੜਤੇ, ਨਾ ਜੁੱਤੀ ਅਤੇ ਨਾ ਲਾਠੀ ਲੈਣਾ; ਕਿਉਂਕਿ ਮਜ਼ਦੂਰ ਆਪਣੇ ਭੋਜਨ ਦਾ ਹੱਕਦਾਰ ਹੈ। 11ਤੁਸੀਂ ਜਿਸ ਕਿਸੇ ਨਗਰ ਜਾਂ ਪਿੰਡ ਵਿੱਚ ਜਾਓ ਤਾਂ ਪਤਾ ਕਰੋ ਕਿ ਉੱਥੇ ਯੋਗ ਵਿਅਕਤੀ ਕੌਣ ਹੈ ਅਤੇ ਜਦੋਂ ਤੱਕ ਵਿਦਾ ਨਾ ਹੋਵੋ ਉੱਥੇ ਹੀ ਠਹਿਰੋ। 12ਘਰ ਵਿੱਚ ਵੜਦਿਆਂ ਉਸ ਲਈ ਸ਼ਾਂਤੀ ਮੰਗੋ; 13ਜੇ ਉਹ ਘਰ ਸੱਚਮੁੱਚ ਲਾਇਕ ਹੋਵੇ ਤਾਂ ਤੁਹਾਡੀ ਸ਼ਾਂਤੀ ਉਸ ਉੱਤੇ ਠਹਿਰੇ, ਪਰ ਜੇ ਉਹ ਲਾਇਕ ਨਾ ਹੋਵੇ ਤਾਂ ਤੁਹਾਡੀ ਸ਼ਾਂਤੀ ਤੁਹਾਡੇ ਕੋਲ ਮੁੜ ਆਵੇ। 14ਜੋ ਕੋਈ ਤੁਹਾਨੂੰ ਸਵੀਕਾਰ ਨਾ ਕਰੇ ਅਤੇ ਨਾ ਤੁਹਾਡੇ ਵਚਨਾਂ ਨੂੰ ਸੁਣੇ ਤਾਂ ਉਸ ਘਰ ਜਾਂ ਉਸ ਨਗਰ ਤੋਂ ਬਾਹਰ ਨਿੱਕਲਦੇ ਹੋਏ ਆਪਣੇ ਪੈਰਾਂ ਦੀ ਧੂੜ ਝਾੜ ਦਿਓ। 15ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਨਿਆਂ ਦੇ ਦਿਨ ਉਸ ਨਗਰ ਨਾਲੋਂ ਸਦੂਮ ਅਤੇ ਅਮੂਰਾਹ ਦਾ ਹਾਲ ਜ਼ਿਆਦਾ ਸਹਿਣਯੋਗ ਹੋਵੇਗਾ।
ਆਉਣ ਵਾਲਾ ਸੰਕਟ
16 “ਵੇਖੋ, ਮੈਂ ਤੁਹਾਨੂੰ ਭੇਡਾਂ ਵਾਂਗ ਬਘਿਆੜਾਂ ਵਿਚਕਾਰ ਭੇਜਦਾ ਹਾਂ, ਇਸ ਲਈ ਸੱਪਾਂ ਵਾਂਗ ਚਲਾਕ ਅਤੇ ਕਬੂਤਰਾਂ ਵਾਂਗ ਭੋਲੇ ਬਣੋ। 17ਲੋਕਾਂ ਤੋਂ ਖ਼ਬਰਦਾਰ ਰਹੋ, ਕਿਉਂਕਿ ਉਹ ਤੁਹਾਨੂੰ ਮਹਾਂਸਭਾਵਾਂ ਵਿੱਚ ਸੌਂਪਣਗੇ ਅਤੇ ਆਪਣੇ ਸਭਾ-ਘਰਾਂ ਵਿੱਚ ਤੁਹਾਨੂੰ ਕੋਰੜੇ ਮਾਰਨਗੇ 18ਅਤੇ ਮੇਰੇ ਕਾਰਨ ਤੁਹਾਨੂੰ ਰਾਜਿਆਂ ਅਤੇ ਹਾਕਮਾਂ ਦੇ ਸਾਹਮਣੇ ਲੈ ਜਾਣਗੇ ਤਾਂਕਿ ਉਨ੍ਹਾਂ ਲਈ ਅਤੇ ਪਰਾਈਆਂ ਕੌਮਾਂ ਲਈ ਗਵਾਹੀ ਹੋਵੇ। 19ਜਦੋਂ ਉਹ ਤੁਹਾਨੂੰ ਫੜਵਾਉਣ ਤਾਂ ਚਿੰਤਾ ਨਾ ਕਰਨਾ ਕਿ ਕਿਵੇਂ ਜਾਂ ਕੀ ਬੋਲਣਾ ਹੈ, ਕਿਉਂਕਿ ਜੋ ਤੁਸੀਂ ਬੋਲਣਾ ਹੈ ਉਹ ਤੁਹਾਨੂੰ ਉਸੇ ਸਮੇਂ ਦੱਸ ਦਿੱਤਾ ਜਾਵੇਗਾ, 20ਕਿਉਂ ਜੋ ਬੋਲਣ ਵਾਲੇ ਤੁਸੀਂ ਨਹੀਂ, ਸਗੋਂ ਤੁਹਾਡੇ ਪਿਤਾ ਦਾ ਆਤਮਾ ਹੈ ਜਿਹੜਾ ਤੁਹਾਡੇ ਰਾਹੀਂ ਬੋਲਦਾ ਹੈ। 21ਭਰਾ ਭਰਾ ਨੂੰ ਅਤੇ ਪਿਤਾ ਪੁੱਤਰ ਨੂੰ ਮੌਤ ਲਈ ਫੜਵਾਏਗਾ; ਬੱਚੇ ਮਾਤਾ-ਪਿਤਾ ਦੇ ਵਿਰੁੱਧ ਉੱਠ ਖੜ੍ਹੇ ਹੋਣਗੇ ਅਤੇ ਉਨ੍ਹਾਂ ਨੂੰ ਮਰਵਾ ਦੇਣਗੇ। 22ਮੇਰੇ ਨਾਮ ਦੇ ਕਾਰਨ ਸਭ ਤੁਹਾਡੇ ਨਾਲ ਵੈਰ ਰੱਖਣਗੇ, ਪਰ ਜਿਹੜਾ ਅੰਤ ਤੱਕ ਸਹੇਗਾ ਉਹੋ ਬਚਾਇਆ ਜਾਵੇਗਾ। 23ਜਦੋਂ ਉਹ ਤੁਹਾਨੂੰ ਇੱਕ ਨਗਰ ਵਿੱਚ ਸਤਾਉਣ ਤਾਂ ਦੂਜੇ ਨੂੰ ਭੱਜ ਜਾਣਾ, ਕਿਉਂਕਿ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਤੁਸੀਂ ਇਸਰਾਏਲ ਦੇ ਸਾਰੇ ਨਗਰਾਂ ਵਿੱਚ ਪੂਰੀ ਤਰ੍ਹਾਂ ਘੁੰਮ ਨਾ ਲਵੋਗੇ ਕਿ ਮਨੁੱਖ ਦਾ ਪੁੱਤਰ ਆ ਜਾਵੇਗਾ।
24 “ਚੇਲਾ ਗੁਰੂ ਤੋਂ ਵੱਡਾ ਨਹੀਂ ਹੁੰਦਾ ਅਤੇ ਨਾ ਹੀ ਦਾਸ ਆਪਣੇ ਮਾਲਕ ਤੋਂ। 25ਐਨਾ ਹੀ ਕਾਫੀ ਹੈ ਕਿ ਚੇਲਾ ਆਪਣੇ ਗੁਰੂ ਜਿਹਾ ਅਤੇ ਦਾਸ ਆਪਣੇ ਮਾਲਕ ਜਿਹਾ ਹੋਵੇ। ਜੇ ਉਨ੍ਹਾਂ ਨੇ ਘਰ ਦੇ ਮਾਲਕ ਨੂੰ ਬਆਲਜ਼ਬੂਲ ਕਿਹਾ ਤਾਂ ਉਸ ਦੇ ਘਰਦਿਆਂ ਨੂੰ ਕਿੰਨਾ ਵਧੀਕ ਨਾ ਕਹਿਣਗੇ!
ਪਰਮੇਸ਼ਰ ਤੋਂ ਡਰੋ
26 “ਇਸ ਲਈ ਉਨ੍ਹਾਂ ਤੋਂ ਨਾ ਡਰੋ, ਕਿਉਂਕਿ ਕੁਝ ਵੀ ਲੁਕਿਆ ਹੋਇਆ ਨਹੀਂ ਹੈ ਜੋ ਪਰਗਟ ਨਾ ਕੀਤਾ ਜਾਵੇਗਾ ਅਤੇ ਨਾ ਹੀ ਕੁਝ ਗੁਪਤ ਹੈ ਜੋ ਜਾਣਿਆ ਨਾ ਜਾਵੇਗਾ। 27ਜੋ ਕੁਝ ਮੈਂ ਤੁਹਾਨੂੰ ਹਨੇਰੇ ਵਿੱਚ ਕਹਿੰਦਾ ਹਾਂ, ਉਸ ਨੂੰ ਚਾਨਣ ਵਿੱਚ ਕਹੋ; ਜੋ ਕੁਝ ਤੁਸੀਂ ਕੰਨ ਵਿੱਚ ਸੁਣਦੇ ਹੋ, ਛੱਤਾਂ ਤੋਂ ਪ੍ਰਚਾਰ ਕਰੋ। 28ਉਨ੍ਹਾਂ ਤੋਂ ਨਾ ਡਰੋ ਜਿਹੜੇ ਸਰੀਰ ਨੂੰ ਮਾਰ ਸੁੱਟਦੇ ਹਨ ਪਰ ਆਤਮਾ ਨੂੰ ਨਹੀਂ ਮਾਰ ਸਕਦੇ, ਸਗੋਂ ਉਸ ਕੋਲੋਂ ਡਰੋ ਜਿਹੜਾ ਆਤਮਾ ਅਤੇ ਸਰੀਰ ਦੋਹਾਂ ਨੂੰ ਨਰਕ ਵਿੱਚ ਨਾਸ ਕਰ ਸਕਦਾ ਹੈ। 29ਕੀ ਇੱਕ ਪੈਸੇ ਦੀਆਂ ਦੋ ਚਿੜੀਆਂ ਨਹੀਂ ਵਿਕਦੀਆਂ? ਫਿਰ ਵੀ ਤੁਹਾਡੇ ਪਿਤਾ ਦੀ ਮਰਜ਼ੀ ਤੋਂ ਬਿਨਾਂ ਉਨ੍ਹਾਂ ਵਿੱਚੋਂ ਇੱਕ ਵੀ ਜ਼ਮੀਨ 'ਤੇ ਨਹੀਂ ਡਿੱਗਦੀ। 30ਤੁਹਾਡੇ ਸਿਰ ਦੇ ਸਭ ਵਾਲ ਵੀ ਗਿਣੇ ਹੋਏ ਹਨ। 31ਇਸ ਲਈ ਨਾ ਡਰੋ, ਤੁਸੀਂ ਬਹੁਤੀਆਂ ਚਿੜੀਆਂ ਨਾਲੋਂ ਵਡਮੁੱਲੇ ਹੋ।
ਮਨੁੱਖਾਂ ਦੇ ਸਾਹਮਣੇ ਮਸੀਹ ਦਾ ਇਕਰਾਰ ਕਰਨਾ
32 “ਜੋ ਕੋਈ ਮਨੁੱਖਾਂ ਸਾਹਮਣੇ ਮੇਰਾ ਇਕਰਾਰ ਕਰੇਗਾ, ਮੈਂ ਵੀ ਆਪਣੇ ਪਿਤਾ ਸਾਹਮਣੇ ਜਿਹੜਾ ਸਵਰਗ ਵਿੱਚ ਹੈ, ਉਸ ਦਾ ਇਕਰਾਰ ਕਰਾਂਗਾ। 33ਪਰ ਜੋ ਕੋਈ ਮਨੁੱਖਾਂ ਸਾਹਮਣੇ ਮੇਰਾ ਇਨਕਾਰ ਕਰੇਗਾ, ਮੈਂ ਵੀ ਆਪਣੇ ਪਿਤਾ ਸਾਹਮਣੇ ਜਿਹੜਾ ਸਵਰਗ ਵਿੱਚ ਹੈ, ਉਸ ਦਾ ਇਨਕਾਰ ਕਰਾਂਗਾ।
34 “ਇਹ ਨਾ ਸਮਝੋ ਕਿ ਮੈਂ ਧਰਤੀ ਉੱਤੇ ਮੇਲ ਕਰਾਉਣ ਆਇਆ ਹਾਂ; ਮੈਂ ਮੇਲ ਕਰਾਉਣ ਨਹੀਂ, ਸਗੋਂ ਤਲਵਾਰ ਚਲਾਉਣ ਆਇਆ ਹਾਂ।
35 ਕਿਉਂਕਿ ਮੈਂ ਪੁੱਤਰ ਨੂੰ ਉਸ ਦੇ ਪਿਤਾ ਤੋਂ,
ਧੀ ਨੂੰ ਉਸ ਦੀ ਮਾਂ ਤੋਂ
ਅਤੇ ਨੂੰਹ ਨੂੰ ਉਸ ਦੀ ਸੱਸ ਤੋਂ
ਅੱਡ ਕਰਨ ਆਇਆ ਹਾਂ;
36 ਮਨੁੱਖ ਦੇ ਵੈਰੀ ਉਸ ਦੇ ਘਰ ਦੇ ਹੀ ਹੋਣਗੇ।
37 “ਜਿਹੜਾ ਆਪਣੇ ਪਿਤਾ ਜਾਂ ਮਾਤਾ ਨੂੰ ਮੇਰੇ ਤੋਂ ਵੱਧ ਪਿਆਰ ਕਰਦਾ ਹੈ, ਮੇਰੇ ਯੋਗ ਨਹੀਂ; ਜਿਹੜਾ ਆਪਣੀ ਧੀ ਜਾਂ ਆਪਣੇ ਪੁੱਤਰ ਨੂੰ ਮੇਰੇ ਤੋਂ ਵੱਧ ਪਿਆਰ ਕਰਦਾ ਹੈ, ਮੇਰੇ ਯੋਗ ਨਹੀਂ ਅਤੇ 38ਜਿਹੜਾ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਨਾ ਚੱਲੇ, ਮੇਰੇ ਯੋਗ ਨਹੀਂ। 39ਜਿਹੜਾ ਆਪਣੀ ਜਾਨ ਬਚਾਉਂਦਾ ਹੈ, ਉਹ ਉਸ ਨੂੰ ਗੁਆਵੇਗਾ ਅਤੇ ਜਿਹੜਾ ਮੇਰੇ ਕਾਰਨ ਆਪਣੀ ਜਾਨ ਗੁਆਉਂਦਾ ਹੈ, ਉਹ ਉਸ ਨੂੰ ਪਾਵੇਗਾ।
ਪ੍ਰਤਿਫਲ
40 “ਜਿਹੜਾ ਤੁਹਾਨੂੰ ਸਵੀਕਾਰ ਕਰਦਾ ਹੈ ਉਹ ਮੈਨੂੰ ਸਵੀਕਾਰ ਕਰਦਾ ਹੈ ਅਤੇ ਜਿਹੜਾ ਮੈਨੂੰ ਸਵੀਕਾਰ ਕਰਦਾ ਹੈ ਉਹ ਮੇਰੇ ਭੇਜਣ ਵਾਲੇ ਨੂੰ ਸਵੀਕਾਰ ਕਰਦਾ ਹੈ। 41ਜਿਹੜਾ ਨਬੀ ਨੂੰ ਨਬੀ ਕਰਕੇ ਸਵੀਕਾਰ ਕਰਦਾ ਹੈ ਉਹ ਨਬੀ ਦਾ ਪ੍ਰਤਿਫਲ ਪਾਵੇਗਾ ਅਤੇ ਜਿਹੜਾ ਧਰਮੀ ਨੂੰ ਧਰਮੀ ਕਰਕੇ ਸਵੀਕਾਰ ਕਰਦਾ ਹੈ ਉਹ ਧਰਮੀ ਦਾ ਪ੍ਰਤਿਫਲ ਪਾਵੇਗਾ। 42ਜੋ ਕੋਈ ਇਨ੍ਹਾਂ ਛੋਟਿਆਂ ਵਿੱਚੋਂ ਕਿਸੇ ਨੂੰ ਇਸ ਲਈ ਕਿ ਉਹ ਮੇਰਾ ਚੇਲਾ ਹੈ, ਪੀਣ ਲਈ ਠੰਡੇ ਪਾਣੀ ਦਾ ਇੱਕ ਪਿਆਲਾ ਵੀ ਦੇਵੇ, ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਉਹ ਆਪਣਾ ਪ੍ਰਤਿਫਲ ਕਦੇ ਨਾ ਗੁਆਵੇਗਾ।”

目前選定:

ਮੱਤੀ 10: PSB

醒目顯示

分享

複製

None

想在你所有裝置上儲存你的醒目顯示?註冊帳戶或登入