ਮੱਤੀਯਾਹ 28

28
ਮਸੀਹ ਯਿਸ਼ੂ ਦਾ ਜੀ ਉੱਠਣਾ
1ਸਬਤ ਤੋਂ ਬਾਅਦ, ਹਫ਼ਤੇ ਦੇ ਪਹਿਲੇ ਦਿਨ,#28:1 ਹਫ਼ਤੇ ਦੇ ਪਹਿਲੇ ਦਿਨ ਅਰਥਾਤ ਐਤਵਾਰ ਦਾ ਦਿਨ ਸਵੇਰ ਵੇਲੇ ਮਗਦਲਾ ਵਾਸੀ ਮਰਿਯਮ ਅਤੇ ਦੂਸਰੀ ਮਰਿਯਮ ਕਬਰ ਨੂੰ ਵੇਖਣ ਲਈ ਗਈਆ।
2ਉਸੇ ਸਮੇਂ ਇੱਕ ਬਹੁਤ ਵੱਡਾ ਭੂਚਾਲ ਆਇਆ, ਇਸ ਲਈ ਜੋ ਪ੍ਰਭੂ ਦਾ ਇੱਕ ਦੂਤ ਸਵਰਗ ਤੋਂ ਉੱਤਰਿਆ, ਅਤੇ ਕਬਰ ਦੇ ਕੋਲ ਆ ਕੇ, ਉਸ ਪੱਥਰ ਨੂੰ ਰੇੜ੍ਹ ਕੇ ਇੱਕ ਪਾਸੇ ਕਰ ਦਿੱਤਾ ਅਤੇ ਉਸ ਉੱਤੇ ਬੈਠ ਗਿਆ। 3ਉਸਦਾ ਰੂਪ ਰੋਸ਼ਨੀ ਵਰਗਾ ਅਤੇ ਉਸਦੇ ਕੱਪੜੇ ਬਰਫ਼ ਦੀ ਤਰ੍ਹਾ ਚਿੱਟੇ ਸਨ। 4ਅਤੇ ਰਖਵਾਲੇ ਡਰ ਦੇ ਕਾਰਨ ਕੰਬ ਉੱਠੇ ਅਤੇ ਮੁਰਦਿਆਂ ਦੇ ਵਾਂਗਰ ਹੋ ਗਏ।
5ਸਵਰਗਦੂਤ ਨੇ ਔਰਤਾਂ ਨੂੰ ਆਖਿਆ, “ਡਰੋ ਨਾ, ਕਿਉਂਕਿ ਮੈਂ ਜਾਣਦਾ ਹਾਂ ਤੁਸੀਂ ਯਿਸ਼ੂ ਨੂੰ ਲੱਭ ਰਹੀਆਂ ਹੋ, ਜਿਸਨੂੰ ਸਲੀਬ ਉੱਤੇ ਚੜ੍ਹਾਇਆ ਗਿਆ ਸੀ। 6ਉਹ ਇੱਥੇ ਨਹੀਂ ਹੈ; ਉਹ ਜੀ ਉੱਠਿਆ ਹੈ, ਜਿਵੇਂ ਉਸਨੇ ਕਿਹਾ ਸੀ, ਆਓ ਇਸ ਜਗ੍ਹਾ ਨੂੰ ਵੇਖੋ ਜਿੱਥੇ ਯਿਸ਼ੂ ਨੂੰ ਰੱਖਿਆ ਹੋਇਆ ਸੀ। 7ਅਤੇ ਜਲਦੀ ਜਾ ਕੇ ਉਸਦੇ ਚੇਲਿਆਂ ਨੂੰ ਦੱਸੋ: ‘ਕਿ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਅਤੇ ਉਹ ਤੁਹਾਡੇ ਤੋਂ ਪਹਿਲਾਂ ਗਲੀਲ ਨੂੰ ਜਾਂਦਾ ਹੈ। ਤੁਸੀਂ ਉਸ ਨੂੰ ਉੱਥੇ ਵੇਖੋਗੇ।’ ਹੁਣ ਮੈਂ ਤੁਹਾਨੂੰ ਦੱਸ ਦਿੱਤਾ ਹੈ।”
8ਅਤੇ ਉਹ ਔਰਤਾਂ ਡਰ, ਅਤੇ ਵੱਡੀ ਖੁਸ਼ੀ ਨਾਲ ਕਬਰ ਤੋਂ ਜਲਦੀ ਚੱਲ ਕੇ, ਉਸਦੇ ਚੇਲਿਆਂ ਨੂੰ ਖ਼ਬਰ ਦੇਣ ਲਈ ਦੌੜ ਗਈਆਂ। 9ਅਚਾਨਕ ਯਿਸ਼ੂ ਉਹਨਾਂ ਨੂੰ ਮਿਲੇ, ਅਤੇ ਬੋਲੇ। “ਸੁਖੀ ਰਹੋ,” ਉਹਨਾਂ ਨੇ ਕੋਲ ਆ ਕੇ ਯਿਸ਼ੂ ਦੇ ਚਰਨ ਫੜੇ ਅਤੇ ਉਸਦੀ ਮਹਿਮਾ ਕੀਤੀ। 10ਯਿਸ਼ੂ ਨੇ ਉਹਨਾਂ ਨੂੰ ਕਿਹਾ, “ਨਾ ਡਰੋ। ਅਤੇ ਜਾ ਕੇ ਮੇਰੇ ਭਰਾਵਾਂ ਨੂੰ ਆਖੋ ਕਿ ਗਲੀਲ ਪ੍ਰਦੇਸ਼ ਨੂੰ ਜਾਣ; ਉੱਥੇ ਉਹ ਮੈਨੂੰ ਵੇਖਣਗੇ।”
ਪਹਿਰੇਦਾਰਾਂ ਦੀ ਸੂਚਨਾ
11ਜਿਸ ਵਕਤ ਔਰਤਾਂ ਰਾਸਤੇ ਵਿੱਚ ਹੀ ਸਨ, ਤਾਂ ਕੁਝ ਪਹਿਰੇਦਾਰਾਂ ਨੇ ਸ਼ਹਿਰ ਵਿੱਚ ਜਾ ਕੇ ਸਾਰੀ ਘਟਨਾ ਮੁੱਖ ਜਾਜਕਾਂ ਨੂੰ ਦੱਸ ਦਿੱਤੀ। 12ਜਦੋਂ ਮੁੱਖ ਜਾਜਕਾਂ ਅਤੇ ਬਜ਼ੁਰਗ ਇਕੱਠੇ ਹੋਏ ਅਤੇ ਉਹਨਾਂ ਗੱਲਬਾਤ ਕਰਕੇ ਯੋਜਨਾ ਬਣਾਈ ਅਤੇ ਸਿਪਾਹੀਆਂ ਨੂੰ ਵੱਡੀ ਰਕਮ ਦਿੱਤੀ। 13ਅਤੇ ਉਹਨਾਂ ਕਿਹਾ, “ਤੁਸੀਂ ਇਹ ਕਹਿਣਾ ਕਿ, ‘ਜਦ ਅਸੀਂ ਸੁੱਤੇ ਹੋਏ ਸੀ, ਉਸਦੇ ਚੇਲੇ ਰਾਤ ਨੂੰ ਆ ਕੇ ਉਸਨੂੰ ਚੁਰਾ ਕੇ ਲੈ ਗਏ।’ 14ਅਗਰ ਇਹ ਗੱਲ ਰਾਜਪਾਲ ਦੇ ਕੋਲ ਪਹੁੰਚੇ, ਤਾਂ ਅਸੀਂ ਉਸਨੂੰ ਸਮਝਾ ਦੇਵਾਂਗੇ ਅਤੇ ਤੁਹਾਨੂੰ ਮੁਸੀਬਤ ਤੋਂ ਬਚਾ ਲਵਾਂਗੇ।” 15ਸੋ ਸਿਪਾਹੀਆਂ ਨੇ ਪੈਸੇ ਲੈ ਲਏ ਉਸੇ ਤਰ੍ਹਾ ਕੀਤਾ ਜਿਵੇਂ ਉਹਨਾਂ ਨੂੰ ਆਖਿਆ ਸੀ। ਅਤੇ ਇਹ ਗੱਲ ਅੱਜ ਤੱਕ ਯਹੂਦੀਆਂ ਵਿੱਚ ਪ੍ਰਚਲਿਤ ਹੈ।
ਮਹਾਨ ਆਗਿਆ
16ਫਿਰ ਉਹ ਗਿਆਰਾਂ ਚੇਲੇ ਗਲੀਲ ਵਿੱਚ ਉਸ ਪਹਾੜ ਉੱਤੇ ਗਏ ਜਿੱਥੇ ਯਿਸ਼ੂ ਨੇ ਉਹਨਾਂ ਨੂੰ ਜਾਣ ਲਈ ਕਿਹਾ ਸੀ। 17ਜਦੋਂ ਉਹਨਾਂ ਨੇ ਯਿਸ਼ੂ ਨੂੰ ਵੇਖਿਆ, ਤਾਂ ਉਹਨਾਂ ਉਸਦੀ ਮਹਿਮਾ ਕੀਤੀ; ਪਰ ਕਈਆ ਨੇ ਸ਼ੱਕ ਕੀਤਾ। 18ਤਦ ਯਿਸ਼ੂ ਉਹਨਾਂ ਦੇ ਕੋਲ ਆਏ ਅਤੇ ਬੋਲੇ, “ਸਵਰਗ ਅਤੇ ਧਰਤੀ ਦਾ ਸਾਰਾ ਅਧਿਕਾਰ ਮੈਨੂੰ ਦਿੱਤਾ ਗਿਆ ਹੈ। 19ਇਸ ਲਈ ਜਾਓ ਅਤੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ, ਅਤੇ ਉਹਨਾਂ ਨੂੰ ਪਿਤਾ, ਪੁੱਤਰ, ਅਤੇ ਪਵਿੱਤਰ ਆਤਮਾ ਦੇ ਨਾਮ ਤੇ ਬਪਤਿਸਮਾ ਦਿਓ। 20ਅਤੇ ਉਹਨਾਂ ਨੂੰ ਸਿਖਾਓ, ਉਹਨਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨਾ ਜਿਹਨਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ। ਅਤੇ ਯਾਦ ਰੱਖੋ ਮੈਂ ਦੁਨੀਆਂ ਦੇ ਅੰਤ ਤੱਕ ਹਰ ਵੇਲੇ ਤੁਹਾਡੇ ਨਾਲ ਹਾਂ।”

醒目顯示

分享

複製

None

想在你所有裝置上儲存你的醒目顯示?註冊帳戶或登入