YouVersion 標誌
搜尋圖標

ਲੂਕਾ 9

9
ਬਾਰ੍ਹਾਂ ਚੇਲਿਆਂ ਨੂੰ ਪ੍ਰਚਾਰ ਲਈ ਭੇਜਣਾ
(ਮੱਤੀ 10:5-15, ਮਰਕੁਸ 6:7-13)
1ਯਿਸੂ ਨੇ ਬਾਰ੍ਹਾਂ ਚੇਲਿਆਂ ਨੂੰ ਇਕੱਠੇ ਆਪਣੇ ਕੋਲ ਸੱਦਿਆ ਅਤੇ ਉਹਨਾਂ ਨੂੰ ਅਸ਼ੁੱਧ ਆਤਮਾਵਾਂ ਨੂੰ ਕੱਢਣ ਅਤੇ ਬਿਮਾਰਾਂ ਨੂੰ ਚੰਗਾ ਕਰਨ ਦੀ ਸਮਰੱਥਾ ਅਤੇ ਅਧਿਕਾਰ ਦਿੱਤਾ । 2ਫਿਰ ਯਿਸੂ ਨੇ ਉਹਨਾਂ ਨੂੰ ਬਿਮਾਰਾਂ ਨੂੰ ਚੰਗਾ ਕਰਨ ਅਤੇ ਪਰਮੇਸ਼ਰ ਦੇ ਰਾਜ ਦਾ ਸ਼ੁਭ ਸਮਾਚਾਰ ਸੁਣਾਉਣ ਲਈ ਭੇਜਿਆ । 3#ਲੂਕਾ 10:4-11, ਰਸੂਲਾਂ 13:51ਉਹਨਾਂ ਨੇ ਚੇਲਿਆਂ ਨੂੰ ਕਿਹਾ, “ਰਾਹ ਦੇ ਲਈ ਆਪਣੇ ਨਾਲ ਕੁਝ ਨਾ ਲਓ, ਨਾ ਲਾਠੀ, ਨਾ ਝੋਲੀ, ਨਾ ਰੋਟੀ, ਨਾ ਰੁਪਏ ਅਤੇ ਨਾ ਦੋ ਕੁੜਤੇ । 4ਜਿਸ ਘਰ ਵਿੱਚ ਤੁਸੀਂ ਜਾਓ ਉਸ ਸ਼ਹਿਰ ਤੋਂ ਵਿਦਾ ਹੋਣ ਤੱਕ ਉਸ ਘਰ ਵਿੱਚ ਹੀ ਠਹਿਰੋ । 5ਜਿਸ ਸ਼ਹਿਰ ਵਿੱਚ ਤੁਹਾਡਾ ਸੁਆਗਤ ਨਾ ਹੋਵੇ, ਉਸ ਸ਼ਹਿਰ ਨੂੰ ਛੱਡਣ ਸਮੇਂ ਆਪਣੇ ਪੈਰਾਂ ਦਾ ਘੱਟਾ ਵੀ ਉਸ ਸ਼ਹਿਰ ਦੇ ਲੋਕਾਂ ਉੱਤੇ ਗਵਾਹੀ ਲਈ ਝਾੜ ਦੇਵੋ ।” 6ਚੇਲੇ ਗਏ ਅਤੇ ਪਿੰਡ ਪਿੰਡ ਸ਼ੁਭ ਸਮਾਚਾਰ ਸੁਣਾਉਂਦੇ ਅਤੇ ਹਰ ਜਗ੍ਹਾ ਬਿਮਾਰਾਂ ਨੂੰ ਚੰਗਾ ਕਰਦੇ ਰਹੇ ।
ਹੇਰੋਦੇਸ ਦੀ ਪਰੇਸ਼ਾਨੀ
(ਮੱਤੀ 14:1-12, ਮਰਕੁਸ 6:14-29)
7 # ਮੱਤੀ 16:14, ਮਰ 8:28, ਲੂਕਾ 9:19 ਸ਼ਾਸਕ ਹੇਰੋਦੇਸ ਨੇ ਯਿਸੂ ਦੇ ਬਾਰੇ ਇਹ ਸਾਰੀਆਂ ਗੱਲਾਂ ਸੁਣੀਆਂ । ਉਹ ਬਹੁਤ ਪਰੇਸ਼ਾਨ ਹੋਣ ਲੱਗਾ ਕਿਉਂਕਿ ਕੁਝ ਲੋਕ ਕਹਿੰਦੇ ਸਨ ਕਿ ਯੂਹੰਨਾ ਮੁਰਦਿਆਂ ਵਿੱਚੋਂ ਜੀਅ ਉੱਠਿਆ ਹੈ । 8ਕੁਝ ਲੋਕ ਕਹਿੰਦੇ ਸਨ ਕਿ ਏਲੀਯਾਹ ਨਬੀ ਪ੍ਰਗਟ ਹੋਇਆ ਹੈ । ਕੁਝ ਕਹਿੰਦੇ ਸਨ ਕਿ ਪੁਰਾਣੇ ਸਮੇਂ ਦੇ ਨਬੀਆਂ ਵਿੱਚੋਂ ਕੋਈ ਨਬੀ ਫਿਰ ਜੀਅ ਉੱਠਿਆ ਹੈ । 9ਪਰ ਹੇਰੋਦੇਸ ਦਾ ਕਹਿਣਾ ਸੀ, “ਯੂਹੰਨਾ ਦਾ ਸਿਰ ਤਾਂ ਮੈਂ ਵੱਢਵਾ ਦਿੱਤਾ ਸੀ, ਫਿਰ ਇਹ ਕੌਣ ਹੈ ਜਿਸ ਦੇ ਬਾਰੇ ਮੈਂ ਇਹ ਸਭ ਕੁਝ ਸੁਣ ਰਿਹਾ ਹਾਂ ?” ਇਸ ਲਈ ਉਹ ਯਿਸੂ ਨੂੰ ਮਿਲਣ ਦੀ ਕੋਸ਼ਿਸ਼ ਕਰਨ ਲੱਗਾ ।
ਪ੍ਰਭੂ ਯਿਸੂ ਦਾ ਪੰਜ ਹਜ਼ਾਰ ਆਦਮੀਆਂ ਨੂੰ ਰਜਾਉਣਾ
(ਮੱਤੀ 14:13-21, ਮਰਕੁਸ 6:30-44, ਯੂਹੰਨਾ 6:1-14)
10ਬਾਰ੍ਹਾਂ ਰਸੂਲਾਂ ਨੇ ਵਾਪਸ ਆ ਕੇ ਯਿਸੂ ਨੂੰ ਉਹ ਸਭ ਕੁਝ ਦੱਸਿਆ ਜੋ ਉਹਨਾਂ ਨੇ ਕੀਤਾ ਸੀ । ਯਿਸੂ ਉਹਨਾਂ ਨੂੰ ਆਪਣੇ ਨਾਲ ਲੈ ਕੇ ਬੈਤਸੈਦਾ ਸ਼ਹਿਰ ਨੂੰ ਚਲੇ ਗਏ । 11ਪਰ ਲੋਕਾਂ ਨੂੰ ਉਹਨਾਂ ਦਾ ਪਤਾ ਲੱਗ ਗਿਆ । ਇਸ ਲਈ ਉਹ ਯਿਸੂ ਦੇ ਪਿੱਛੇ ਗਏ । ਯਿਸੂ ਨੇ ਉਹਨਾਂ ਦਾ ਸੁਆਗਤ ਕੀਤਾ, ਉਹਨਾਂ ਨੂੰ ਪਰਮੇਸ਼ਰ ਦੇ ਰਾਜ ਬਾਰੇ ਉਪਦੇਸ਼ ਦਿੱਤਾ ਅਤੇ ਉਹਨਾਂ ਨੇ ਜਿਹਨਾਂ ਨੂੰ ਚੰਗੇ ਹੋਣ ਦੀ ਲੋੜ ਸੀ ਚੰਗਾ ਕੀਤਾ ।
12ਜਦੋਂ ਦਿਨ ਢਲਣ ਲੱਗਾ ਤਾਂ ਬਾਰ੍ਹਾਂ ਚੇਲੇ ਯਿਸੂ ਦੇ ਕੋਲ ਆਏ ਅਤੇ ਉਹਨਾਂ ਨੂੰ ਕਿਹਾ, “ਹੁਣ ਲੋਕਾਂ ਨੂੰ ਵਿਦਾ ਕਰੋ ਤਾਂ ਜੋ ਉਹ ਨੇੜੇ ਦੇ ਪਿੰਡਾਂ ਅਤੇ ਬਸਤੀਆਂ ਵਿੱਚ ਜਾ ਕੇ ਆਪਣੇ ਠਹਿਰਨ ਅਤੇ ਭੋਜਨ ਦਾ ਪ੍ਰਬੰਧ ਕਰਨ ਕਿਉਂਕਿ ਅਸੀਂ ਸੁੰਨਸਾਨ ਥਾਂ ਵਿੱਚ ਹਾਂ ।” 13ਯਿਸੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਹੀ ਇਹਨਾਂ ਨੂੰ ਭੋਜਨ ਦਿਓ ।” ਚੇਲਿਆਂ ਨੇ ਕਿਹਾ, “ਸਾਡੇ ਕੋਲ ਪੰਜ ਰੋਟੀਆਂ ਅਤੇ ਦੋ ਮੱਛੀਆਂ ਦੇ ਸਿਵਾਏ ਹੋਰ ਕੁਝ ਨਹੀਂ ਹੈ । ਕੀ ਤੁਸੀਂ ਚਾਹੁੰਦੇ ਹੋ ਕਿ ਅਸੀਂ ਜਾ ਕੇ ਇਹਨਾਂ ਸਾਰੇ ਲੋਕਾਂ ਲਈ ਭੋਜਨ ਖ਼ਰੀਦੀਏ ?” 14(ਉੱਥੇ ਉਸ ਸਮੇਂ ਪੰਜ ਹਜ਼ਾਰ ਦੇ ਲਗਭਗ ਆਦਮੀ ਸਨ ।) ਯਿਸੂ ਨੇ ਚੇਲਿਆਂ ਨੂੰ ਕਿਹਾ, “ਸਾਰੇ ਲੋਕਾਂ ਨੂੰ ਪੰਜਾਹ ਪੰਜਾਹ ਦੀਆਂ ਕਤਾਰਾਂ ਵਿੱਚ ਬਿਠਾ ਦਿਓ ।” 15ਚੇਲਿਆਂ ਨੇ ਇਸੇ ਤਰ੍ਹਾਂ ਕੀਤਾ । ਉਹਨਾਂ ਨੇ ਸਾਰੇ ਲੋਕਾਂ ਨੂੰ ਕਤਾਰਾਂ ਵਿੱਚ ਬਿਠਾ ਦਿੱਤਾ । 16ਫਿਰ ਯਿਸੂ ਨੇ ਪੰਜ ਰੋਟੀਆਂ ਅਤੇ ਦੋ ਮੱਛੀਆਂ ਲਈਆਂ ਅਤੇ ਅਕਾਸ਼ ਵੱਲ ਅੱਖਾਂ ਚੁੱਕ ਕੇ ਪਰਮੇਸ਼ਰ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਤੋੜਿਆ । ਯਿਸੂ ਤੋੜ ਤੋੜ ਕੇ ਚੇਲਿਆਂ ਨੂੰ ਦੇਣ ਲੱਗੇ ਅਤੇ ਚੇਲੇ ਲੋਕਾਂ ਨੂੰ ਵੰਡਦੇ ਗਏ । 17ਹਰ ਇੱਕ ਆਦਮੀ ਨੇ ਚੰਗੀ ਤਰ੍ਹਾਂ ਰੱਜ ਕੇ ਭੋਜਨ ਕੀਤਾ । ਚੇਲਿਆਂ ਨੇ ਜੋ ਭੋਜਨ ਬਚ ਗਿਆ ਸੀ, ਉਸ ਨੂੰ ਇਕੱਠਾ ਕੀਤਾ ਅਤੇ ਬਚੇ ਹੋਏ ਟੁਕੜਿਆਂ ਨਾਲ ਬਾਰ੍ਹਾਂ ਟੋਕਰੇ ਭਰ ਗਏ ।
ਪਤਰਸ ਦਾ ਪ੍ਰਭੂ ਯਿਸੂ ਨੂੰ ‘ਮਸੀਹ’ ਮੰਨਣਾ
(ਮੱਤੀ 16:13-19, ਮਰਕੁਸ 8:27-29)
18ਇੱਕ ਦਿਨ ਯਿਸੂ ਇਕਾਂਤ ਵਿੱਚ ਪ੍ਰਾਰਥਨਾ ਕਰ ਰਹੇ ਸਨ । ਉਹਨਾਂ ਦੇ ਚੇਲੇ ਵੀ ਉਹਨਾਂ ਦੇ ਨਾਲ ਸਨ । ਯਿਸੂ ਨੇ ਆਪਣੇ ਚੇਲਿਆਂ ਤੋਂ ਪੁੱਛਿਆ, “ਲੋਕ ਮੇਰੇ ਬਾਰੇ ਕੀ ਕਹਿੰਦੇ ਹਨ ਕਿ ਮੈਂ ਕੌਣ ਹਾਂ ?” 19#ਮੱਤੀ 14:1-2, ਮਰ 6:14-15, ਲੂਕਾ 9:7-8ਚੇਲਿਆਂ ਨੇ ਉੱਤਰ ਦਿੱਤਾ, “ਕੁਝ ਲੋਕ ਤੁਹਾਨੂੰ ਯੂਹੰਨਾ ਬਪਤਿਸਮਾ ਦੇਣ ਵਾਲਾ ਕਹਿੰਦੇ ਹਨ । ਕੁਝ ਏਲੀਯਾਹ ਨਬੀ ਮੰਨਦੇ ਹਨ ਅਤੇ ਕੁਝ ਲੋਕ ਕਹਿੰਦੇ ਹਨ ਕਿ ਤੁਸੀਂ ਕੋਈ ਪੁਰਾਣੇ ਸਮੇਂ ਦੇ ਨਬੀ ਹੋ ਜਿਹੜੇ ਦੁਬਾਰਾ ਜੀਅ ਉੱਠੇ ਹੋ ।” 20#ਯੂਹ 6:68-69ਯਿਸੂ ਨੇ ਪੁੱਛਿਆ, “ਪਰ ਤੁਸੀਂ ਇਸ ਦੇ ਬਾਰੇ ਕੀ ਕਹਿੰਦੇ ਹੋ ਕਿ ਮੈਂ ਕੌਣ ਹਾਂ ?” ਪਤਰਸ ਨੇ ਉੱਤਰ ਦਿੱਤਾ, “ਤੁਸੀਂ ਪਰਮੇਸ਼ਰ ਦੇ ‘ਮਸੀਹ’ ਹੋ ।”
ਪ੍ਰਭੂ ਯਿਸੂ ਆਪਣੀ ਮੌਤ ਅਤੇ ਜੀਅ ਉੱਠਣ ਬਾਰੇ ਦੱਸਦੇ ਹਨ
(ਮੱਤੀ 16:20-28, ਮਰਕੁਸ 8:30—9:1)
21ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਸਖ਼ਤੀ ਨਾਲ ਹੁਕਮ ਦਿੱਤਾ ਕਿ ਉਹ ਇਹ ਗੱਲ ਕਿਸੇ ਨੂੰ ਨਾ ਦੱਸਣ । 22ਫਿਰ ਯਿਸੂ ਨੇ ਕਿਹਾ, “ਇਹ ਜ਼ਰੂਰੀ ਹੈ ਕਿ ਮਨੁੱਖ ਦਾ ਪੁੱਤਰ ਦੁੱਖ ਸਹੇ । ਉਸ ਨੂੰ ਮਹਾਂ-ਪੁਰੋਹਿਤ, ਬਜ਼ੁਰਗ ਆਗੂ ਅਤੇ ਵਿਵਸਥਾ ਦੇ ਸਿੱਖਿਅਕ ਰੱਦਣਗੇ ਅਤੇ ਮਾਰ ਦੇਣਗੇ ਪਰ ਉਹ ਤੀਜੇ ਦਿਨ ਮੁਰਦਿਆਂ ਵਿੱਚੋਂ ਜੀਅ ਉੱਠੇਗਾ ।”
ਪ੍ਰਭੂ ਯਿਸੂ ਦੇ ਪਿੱਛੇ ਚੱਲਣ ਦਾ ਅਰਥ
23 # ਮੱਤੀ 10:38, ਲੂਕਾ 14:27 ਯਿਸੂ ਨੇ ਸਾਰਿਆਂ ਨੂੰ ਕਿਹਾ, “ਜੇਕਰ ਕੋਈ ਮੇਰਾ ਚੇਲਾ ਬਣਨਾ ਚਾਹੁੰਦਾ ਹੈ ਤਾਂ ਉਸ ਨੂੰ ਆਪਣਾ ਇਨਕਾਰ ਕਰਨਾ ਪਵੇਗਾ । ਉਸ ਨੂੰ ਹਰ ਰੋਜ਼ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲਣਾ ਪਵੇਗਾ । 24#ਮੱਤੀ 10:39, ਲੂਕਾ 17:33, ਯੂਹ 12:25ਜਿਹੜਾ ਆਪਣਾ ਪ੍ਰਾਣ ਬਚਾਉਣਾ ਚਾਹੁੰਦਾ ਹੈ, ਉਹ ਉਸ ਨੂੰ ਗੁਆਵੇਗਾ ਪਰ ਜਿਹੜਾ ਆਪਣਾ ਪ੍ਰਾਣ ਮੇਰੇ ਲਈ ਗੁਆਵੇਗਾ, ਉਹ ਉਸ ਨੂੰ ਬਚਾਵੇਗਾ । 25ਜੇਕਰ ਕੋਈ ਸਾਰੇ ਸੰਸਾਰ ਨੂੰ ਪ੍ਰਾਪਤ ਕਰ ਲਵੇ ਪਰ ਆਪਣਾ ਜੀਵਨ ਗੁਆ ਦੇਵੇ ਜਾਂ ਨਾਸ਼ ਕਰ ਦੇਵੇ ਤਾਂ ਉਸ ਤੋਂ ਕੀ ਲਾਭ ? 26ਜੇਕਰ ਕੋਈ ਮੈਨੂੰ ਅਤੇ ਮੇਰੇ ਉਪਦੇਸ਼ਾਂ ਨੂੰ ਮੰਨਣ ਤੋਂ ਸ਼ਰਮਾਉੁਂਦਾ ਹੈ ਤਾਂ ਮਨੁੱਖ ਦਾ ਪੁੱਤਰ ਜਦੋਂ ਆਪਣੀ, ਆਪਣੇ ਪਿਤਾ ਅਤੇ ਸਵਰਗਦੂਤਾਂ ਦੀ ਮਹਿਮਾ ਨਾਲ ਆਵੇਗਾ ਤਦ ਉਸ ਤੋਂ ਸ਼ਰਮਾਵੇਗਾ । 27ਮੈਂ ਇਹ ਗੱਲ ਸੱਚ ਸੱਚ ਕਹਿੰਦਾ ਹਾਂ, ਇੱਥੇ ਇਸ ਸਮੇਂ ਕੁਝ ਅਜਿਹੇ ਵੀ ਖੜ੍ਹੇ ਹਨ ਜਿਹੜੇ ਉਸ ਸਮੇਂ ਤੱਕ ਮੌਤ ਦਾ ਸੁਆਦ ਨਹੀਂ ਚੱਖਣਗੇ ਜਦੋਂ ਤੱਕ ਉਹ ਪਰਮੇਸ਼ਰ ਦੇ ਰਾਜ ਨੂੰ ਨਾ ਦੇਖ ਲੈਣ ।”
ਪ੍ਰਭੂ ਯਿਸੂ ਦੇ ਰੂਪ ਦਾ ਬਦਲਣਾ
(ਮੱਤੀ 17:1-8, ਮਰਕੁਸ 9:2-8)
28 # 2 ਪਤ 1:17-18 ਇਹਨਾਂ ਗੱਲਾਂ ਦੇ ਅੱਠ ਦਿਨਾਂ ਬਾਅਦ ਯਿਸੂ ਨੇ ਆਪਣੇ ਨਾਲ ਪਤਰਸ, ਯੂਹੰਨਾ ਅਤੇ ਯਾਕੂਬ ਨੂੰ ਲਿਆ ਅਤੇ ਉਹ ਪ੍ਰਾਰਥਨਾ ਕਰਨ ਲਈ ਇੱਕ ਪਹਾੜ ਉੱਤੇ ਗਏ । 29ਜਦੋਂ ਯਿਸੂ ਪ੍ਰਾਰਥਨਾ ਕਰ ਰਹੇ ਸਨ, ਉਹਨਾਂ ਦੇ ਚਿਹਰੇ ਦਾ ਰੂਪ ਬਦਲ ਗਿਆ । ਉਹਨਾਂ ਦੇ ਕੱਪੜੇ ਚਿੱਟੇ ਅਤੇ ਚਮਕੀਲੇ ਹੋ ਗਏ । 30ਦੋ ਆਦਮੀ ਯਿਸੂ ਦੇ ਨਾਲ ਗੱਲਾਂ ਕਰ ਰਹੇ ਸਨ, ਉਹ ਮੂਸਾ ਅਤੇ ਏਲੀਯਾਹ ਸਨ । 31ਉਹ ਦੋਵੇਂ ਸਵਰਗੀ ਤੇਜ ਵਿੱਚ ਯਿਸੂ ਦੇ ਨਾਲ ਉਹਨਾਂ ਦੀ ਮੌਤ ਦੇ ਬਾਰੇ ਗੱਲਾਂ ਕਰ ਰਹੇ ਸਨ ਜਿਹੜੀ ਯਿਸੂ ਯਰੂਸ਼ਲਮ ਵਿੱਚ ਸਹਿਣ ਵਾਲੇ ਸਨ । 32ਪਤਰਸ ਅਤੇ ਉਸ ਦੇ ਸਾਥੀ ਗਹਿਰੀ ਨੀਂਦ ਵਿੱਚ ਸੁੱਤੇ ਪਏ ਸਨ । ਜਦੋਂ ਉਹਨਾਂ ਦੀ ਨੀਂਦ ਖੁੱਲ੍ਹੀ ਤਾਂ ਉਹਨਾਂ ਨੇ ਯਿਸੂ ਦਾ ਤੇਜ ਅਤੇ ਦੋ ਆਦਮੀਆਂ ਨੂੰ ਯਿਸੂ ਨਾਲ ਦੇਖਿਆ । 33ਜਦੋਂ ਉਹ ਆਦਮੀ ਯਿਸੂ ਕੋਲੋਂ ਜਾਣ ਲੱਗੇ ਤਾਂ ਪਤਰਸ ਨੇ ਯਿਸੂ ਅੱਗੇ ਬੇਨਤੀ ਕੀਤੀ, “ਮਾਲਕ, ਇਹ ਕਿੰਨਾ ਚੰਗਾ ਹੈ ਕਿ ਅਸੀਂ ਇੱਥੇ ਹਾਂ । ਅਸੀਂ ਤਿੰਨ ਤੰਬੂ ਬਣਾਈਏ, ਇੱਕ ਤੁਹਾਡੇ ਲਈ, ਇੱਕ ਮੂਸਾ ਲਈ ਅਤੇ ਇੱਕ ਏਲੀਯਾਹ ਲਈ ।” (ਪਰ ਪਤਰਸ ਇਹ ਨਹੀਂ ਜਾਣਦਾ ਸੀ ਕਿ ਉਹ ਕੀ ਕਹਿ ਰਿਹਾ ਹੈ ।) 34ਪਤਰਸ ਅਜੇ ਇਹ ਕਹਿ ਹੀ ਰਿਹਾ ਸੀ ਕਿ ਇੱਕ ਬੱਦਲ ਉਹਨਾਂ ਉੱਤੇ ਛਾ ਗਿਆ । ਉਹ ਬੱਦਲ ਦੇ ਵਿੱਚ ਘਿਰ ਗਏ ਅਤੇ ਬਹੁਤ ਡਰ ਗਏ । 35#ਯਸਾ 42:1, ਮੱਤੀ 3:17, 12:18, ਮਰ 1:11, ਲੂਕਾ 3:22ਬੱਦਲ ਵਿੱਚੋਂ ਇੱਕ ਆਵਾਜ਼ ਆਈ, “ਇਹ ਮੇਰਾ ਚੁਣਿਆ ਹੋਇਆ ਪੁੱਤਰ ਹੈ, ਇਸ ਦੀ ਸੁਣੋ ।” 36ਉਸ ਆਵਾਜ਼ ਦੇ ਬਾਅਦ ਉਹਨਾਂ ਨੇ ਯਿਸੂ ਨੂੰ ਉੱਥੇ ਇਕੱਲੇ ਹੀ ਦੇਖਿਆ । ਚੇਲੇ ਚੁੱਪ ਰਹੇ ਅਤੇ ਉਹਨਾਂ ਨੇ ਉਸ ਸਮੇਂ ਜੋ ਕੁਝ ਦੇਖਿਆ ਸੀ ਉਸ ਦਾ ਇੱਕ ਸ਼ਬਦ ਵੀ ਕਿਸੇ ਨੂੰ ਨਾ ਦੱਸਿਆ ।
ਪ੍ਰਭੂ ਯਿਸੂ ਦਾ ਇੱਕ ਅਸ਼ੁੱਧ ਆਤਮਾ ਵਾਲੇ ਮੁੰਡੇ ਨੂੰ ਚੰਗਾ ਕਰਨਾ
(ਮੱਤੀ 17:14-18, ਮਰਕੁਸ 9:14-27)
37ਅਗਲੇ ਦਿਨ ਜਦੋਂ ਉਹ ਪਹਾੜ ਤੋਂ ਉਤਰੇ ਤਾਂ ਯਿਸੂ ਨੂੰ ਇੱਕ ਬਹੁਤ ਵੱਡੀ ਭੀੜ ਮਿਲੀ । 38ਭੀੜ ਵਿੱਚੋਂ ਇੱਕ ਆਦਮੀ ਨੇ ਜ਼ੋਰ ਨਾਲ ਪੁਕਾਰ ਕੇ ਕਿਹਾ, “ਗੁਰੂ ਜੀ, ਕਿਰਪਾ ਕਰ ਕੇ ਮੇਰੇ ਪੁੱਤਰ ਨੂੰ ਦੇਖੋ । ਉਹ ਮੇਰਾ ਇੱਕੋ ਇੱਕ ਪੁੱਤਰ ਹੈ । 39ਇੱਕ ਅਸ਼ੁੱਧ ਆਤਮਾ ਉਸ ਨੂੰ ਫੜ ਲੈਂਦੀ ਹੈ ਅਤੇ ਉਹ ਇਕਦਮ ਚੀਕਣ ਲੱਗ ਪੈਂਦਾ ਹੈ । ਉਹ ਉਸ ਨੂੰ ਝੰਜੋੜ ਦਿੰਦੀ ਹੈ ਅਤੇ ਉਸ ਦੇ ਮੂੰਹ ਵਿੱਚੋਂ ਝੱਗ ਨਿਕਲਦੀ ਹੈ, ਉਹ ਉਸ ਨੂੰ ਬੜੀ ਮੁਸ਼ਕਲ ਨਾਲ ਛੱਡਦੀ ਹੈ ਅਤੇ ਉਸ ਨੂੰ ਬਹੁਤ ਤੰਗ ਕਰਦੀ ਹੈ । 40ਮੈਂ ਤੁਹਾਡੇ ਚੇਲਿਆਂ ਅੱਗੇ ਬੇਨਤੀ ਕੀਤੀ ਪਰ ਉਹ ਉਸ ਨੂੰ ਕੱਢ ਨਾ ਸਕੇ ।” 41ਯਿਸੂ ਨੇ ਉੱਤਰ ਦਿੱਤਾ, “ਹੇ ਅਵਿਸ਼ਵਾਸੀ ਅਤੇ ਭਟਕੀ ਹੋਈ ਪੀੜ੍ਹੀ ਦੇ ਲੋਕੋ, ਮੈਂ ਤੁਹਾਡੇ ਨਾਲ ਕਦੋਂ ਤੱਕ ਰਹਾਂਗਾ ਅਤੇ ਕਦੋਂ ਤੱਕ ਧੀਰਜ ਕਰਾਂਗਾ ? ਤੂੰ ਆਪਣੇ ਪੁੱਤਰ ਨੂੰ ਇੱਥੇ ਲਿਆ ।” 42ਜਦੋਂ ਉਹ ਮੁੰਡੇ ਨੂੰ ਯਿਸੂ ਦੇ ਕੋਲ ਲਿਆ ਰਹੇ ਸਨ ਤਾਂ ਅਸ਼ੁੱਧ ਆਤਮਾ ਨੇ ਮੁੰਡੇ ਨੂੰ ਰਾਹ ਵਿੱਚ ਝੰਜੋੜਨਾ ਸ਼ੁਰੂ ਕਰ ਦਿੱਤਾ ਪਰ ਯਿਸੂ ਨੇ ਅਸ਼ੁੱਧ ਆਤਮਾ ਨੂੰ ਝਿੜਕਿਆ ਅਤੇ ਮੁੰਡੇ ਨੂੰ ਚੰਗਾ ਕਰ ਦਿੱਤਾ ਅਤੇ ਉਸ ਦੇ ਪਿਤਾ ਨੂੰ ਸੌਂਪ ਦਿੱਤਾ । 43ਪਰਮੇਸ਼ਰ ਦਾ ਇਹ ਪ੍ਰਤਾਪ ਦੇਖ ਕੇ ਲੋਕ ਹੈਰਾਨ ਰਹਿ ਗਏ ।
ਪ੍ਰਭੂ ਯਿਸੂ ਆਪਣੀ ਮੌਤ ਬਾਰੇ ਦੁਬਾਰਾ ਦੱਸਦੇ ਹਨ
(ਮੱਤੀ 17:22-23, ਮਰਕੁਸ 9:30-32)
ਜਿਹੜੇ ਕੰਮ ਯਿਸੂ ਕਰ ਰਹੇ ਸਨ, ਉਹਨਾਂ ਨੂੰ ਦੇਖ ਕੇ ਸਾਰੇ ਲੋਕ ਅਜੇ ਹੈਰਾਨ ਹੀ ਸਨ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, 44“ਧਿਆਨ ਨਾਲ ਸੁਣੋ, ਮਨੁੱਖ ਦਾ ਪੁੱਤਰ ਲੋਕਾਂ ਦੇ ਹੱਥਾਂ ਵਿੱਚ ਫੜਵਾਇਆ ਜਾਣ ਵਾਲਾ ਹੈ ।” 45ਪਰ ਚੇਲੇ ਇਸ ਗੱਲ ਦਾ ਅਰਥ ਨਾ ਸਮਝੇ । ਇਸ ਦਾ ਅਰਥ ਉਹਨਾਂ ਤੋਂ ਲੁਕਿਆ ਰਿਹਾ ਅਤੇ ਉਹ ਸਮਝ ਨਾ ਸਕੇ । ਉਹ ਯਿਸੂ ਤੋਂ ਇਸ ਦਾ ਅਰਥ ਪੁੱਛਣ ਤੋਂ ਡਰਦੇ ਸਨ ।
ਵੱਡਾ ਕੌਣ ਹੈ ?
(ਮੱਤੀ 18:1-5, ਮਰਕੁਸ 9:33-37)
46 # ਲੂਕਾ 22:24 ਇੱਕ ਦਿਨ ਚੇਲਿਆਂ ਵਿੱਚ ਇਹ ਬਹਿਸ ਹੋਣ ਲੱਗੀ ਕਿ ਉਹਨਾਂ ਵਿੱਚੋਂ ਵੱਡਾ ਕੌਣ ਹੈ । 47ਯਿਸੂ ਨੇ ਉਹਨਾਂ ਦੇ ਦਿਲਾਂ ਦੇ ਇਹ ਵਿਚਾਰ ਜਾਣ ਕੇ ਇੱਕ ਬੱਚੇ ਨੂੰ ਲਿਆ 48#ਮੱਤੀ 10:40, ਲੂਕਾ 10:16, ਯੂਹ 13:20ਅਤੇ ਉਸ ਨੂੰ ਆਪਣੇ ਕੋਲ ਖੜ੍ਹਾ ਕਰ ਕੇ ਕਿਹਾ, “ਜਿਹੜਾ ਮੇਰੇ ਨਾਮ ਵਿੱਚ ਇਸ ਬੱਚੇ ਦਾ ਸੁਆਗਤ ਕਰਦਾ ਹੈ, ਉਹ ਮੇਰਾ ਸੁਆਗਤ ਕਰਦਾ ਹੈ ਅਤੇ ਜਿਹੜਾ ਮੇਰਾ ਸੁਆਗਤ ਕਰਦਾ ਹੈ, ਉਹ ਮੇਰੇ ਭੇਜਣ ਵਾਲੇ ਦਾ ਸੁਆਗਤ ਕਰਦਾ ਹੈ ਜਿਹੜਾ ਤੁਹਾਡੇ ਵਿੱਚ ਸਾਰਿਆਂ ਤੋਂ ਛੋਟਾ ਹੈ ਉਹ ਹੀ ਸਾਰਿਆਂ ਤੋਂ ਵੱਡਾ ਹੈ ।”
ਜਿਹੜਾ ਤੁਹਾਡੇ ਵਿਰੁੱਧ ਨਹੀਂ, ਉਹ ਤੁਹਾਡੇ ਨਾਲ ਹੈ
(ਮਰਕੁਸ 9:38-40)
49ਯੂਹੰਨਾ ਨੇ ਕਿਹਾ, “ਮਾਲਕ, ਅਸੀਂ ਇੱਕ ਆਦਮੀ ਨੂੰ ਦੇਖਿਆ ਹੈ ਜਿਹੜਾ ਤੁਹਾਡਾ ਨਾਮ ਲੈ ਕੇ ਅਸ਼ੁੱਧ ਆਤਮਾਵਾਂ ਨੂੰ ਕੱਢਦਾ ਹੈ । ਅਸੀਂ ਉਸ ਨੂੰ ਰੋਕਿਆ, ਕਿਉਂਕਿ ਉਹ ਸਾਡੀ ਤਰ੍ਹਾਂ ਤੁਹਾਡੇ ਪਿੱਛੇ ਨਹੀਂ ਚੱਲਦਾ ।” 50ਯਿਸੂ ਨੇ ਉਸ ਨੂੰ ਕਿਹਾ, “ਉਸ ਨੂੰ ਨਾ ਰੋਕੋ ਕਿਉਂਕਿ ਜਿਹੜਾ ਤੁਹਾਡੇ ਵਿਰੁੱਧ ਨਹੀਂ, ਉਹ ਤੁਹਾਡੇ ਨਾਲ ਹੈ ।”
ਸਾਮਰਿਯਾ ਦੇ ਇੱਕ ਪਿੰਡ ਵਿੱਚ ਪ੍ਰਭੂ ਯਿਸੂ ਦਾ ਰੱਦਿਆ ਜਾਣਾ
51ਜਦੋਂ ਯਿਸੂ ਦੇ ਸਵਰਗ ਵਿੱਚ ਉੱਠਾਏ ਜਾਣ ਦੇ ਦਿਨ ਨੇੜੇ ਆਏ ਤਾਂ ਉਹਨਾਂ ਨੇ ਯਰੂਸ਼ਲਮ ਸ਼ਹਿਰ ਨੂੰ ਜਾਣ ਦਾ ਪੱਕਾ ਇਰਾਦਾ ਕੀਤਾ ਅਤੇ ਉਸ ਵੱਲ ਚੱਲ ਪਏ । 52ਯਿਸੂ ਨੇ ਆਪਣੇ ਅੱਗੇ ਪਹਿਲਾਂ ਆਪਣੇ ਸੰਦੇਸ਼ਵਾਹਕਾਂ ਨੂੰ ਭੇਜਿਆ । ਉਹ ਸਾਮਰਿਯਾ ਦੇ ਇੱਕ ਪਿੰਡ ਵਿੱਚ ਗਏ ਕਿ ਯਿਸੂ ਦੇ ਠਹਿਰਨ ਲਈ ਥਾਂ ਤਿਆਰ ਕਰਨ । 53ਪਰ ਉੁਸ ਪਿੰਡ ਦੇ ਲੋਕਾਂ ਨੇ ਯਿਸੂ ਦਾ ਸੁਆਗਤ ਨਾ ਕੀਤਾ ਕਿਉਂਕਿ ਯਿਸੂ ਯਰੂਸ਼ਲਮ ਸ਼ਹਿਰ ਨੂੰ ਜਾ ਰਹੇ ਸਨ । 54#2 ਰਾਜਾ 1:9-16ਇਹ ਦੇਖ ਕੇ ਯਿਸੂ ਦੇ ਚੇਲਿਆਂ, ਯਾਕੂਬ ਅਤੇ ਯੂਹੰਨਾ ਨੇ ਯਿਸੂ ਨੂੰ ਕਿਹਾ, “ਪ੍ਰਭੂ ਜੀ, ਕੀ ਤੁਸੀਂ ਚਾਹੁੰਦੇ ਹੋ ਕਿ ਅਸੀਂ ਹੁਕਮ ਦੇਈਏ ਕਿ ਅਕਾਸ਼ ਤੋਂ ਅੱਗ ਵਰ੍ਹੇ ਅਤੇ ਇਹਨਾਂ ਨੂੰ ਭਸਮ ਕਰ ਦੇਵੇ ?” 55ਪਰ ਯਿਸੂ ਨੇ ਪਿੱਛੇ ਮੁੜ ਕੇ ਚੇਲਿਆਂ ਨੂੰ ਝਿੜਕਿਆ ਅਤੇ ਉਹਨਾਂ ਨੂੰ ਕਿਹਾ, [“ਕੀ ਤੁਸੀਂ ਨਹੀਂ ਜਾਣਦੇ ਕਿ ਤੁਹਾਡੇ ਵਿੱਚ ਕਿਸ ਦਾ ਆਤਮਾ ਹੈ ? ਮਨੁੱਖ ਦਾ ਪੁੱਤਰ ਲੋਕਾਂ ਦੇ ਜੀਵਨ ਨਾਸ਼ ਕਰਨ ਨਹੀਂ ਸਗੋਂ ਉਹਨਾਂ ਨੂੰ ਬਚਾਉਣ ਦੇ ਲਈ ਆਇਆ ਹੈ ।”]#9:55 ਇਹ ਪੰਗਤੀਆਂ ਕੁਝ ਪ੍ਰਾਚੀਨ ਲਿਖਤਾਂ ਵਿੱਚ ਨਹੀਂ ਹਨ । 56ਇਸ ਦੇ ਬਾਅਦ ਉਹ ਦੂਜੇ ਪਿੰਡ ਵੱਲ ਚਲੇ ਗਏ ।
ਪ੍ਰਭੂ ਯਿਸੂ ਦੇ ਪਿੱਛੇ ਚੱਲਣ ਦਾ ਮੁੱਲ
(ਮੱਤੀ 8:19-22)
57ਉਹ ਰਾਹ ਵਿੱਚ ਜਾ ਰਹੇ ਸਨ । ਇੱਕ ਆਦਮੀ ਨੇ ਯਿਸੂ ਦੇ ਕੋਲ ਆ ਕੇ ਕਿਹਾ, “ਪ੍ਰਭੂ ਜੀ, ਜਿੱਥੇ ਕਿਤੇ ਵੀ ਤੁਸੀਂ ਜਾਓਗੇ, ਮੈਂ ਤੁਹਾਡੇ ਪਿੱਛੇ ਚੱਲਾਂਗਾ ।” 58ਯਿਸੂ ਨੇ ਉਸ ਨੂੰ ਕਿਹਾ, “ਲੂੰਬੜੀਆਂ ਦੇ ਰਹਿਣ ਲਈ ਘੁਰਨੇ ਹਨ, ਅਕਾਸ਼ ਦੇ ਪੰਛੀਆਂ ਕੋਲ ਆਲ੍ਹਣੇ ਹਨ ਪਰ ਮਨੁੱਖ ਦੇ ਪੁੱਤਰ ਕੋਲ ਸਿਰ ਰੱਖਣ ਲਈ ਵੀ ਥਾਂ ਨਹੀਂ ਹੈ ।” 59ਇੱਕ ਹੋਰ ਨੂੰ ਯਿਸੂ ਨੇ ਕਿਹਾ, “ਮੇਰੇ ਪਿੱਛੇ ਚੱਲ ।” ਪਰ ਉਸ ਆਦਮੀ ਨੇ ਉੱਤਰ ਦਿੱਤਾ, “ਪ੍ਰਭੂ ਜੀ, ਪਹਿਲਾਂ ਮੈਨੂੰ ਜਾ ਕੇ ਆਪਣੇ ਪਿਤਾ ਨੂੰ ਦਫ਼ਨਾਉਣ ਦਿਓ ।” 60ਯਿਸੂ ਨੇ ਉਸ ਨੂੰ ਕਿਹਾ, “ਮੁਰਦਿਆਂ ਨੂੰ ਆਪਣੇ ਮੁਰਦੇ ਦਫ਼ਨਾਉਣ ਦਿਓ ਪਰ ਤੂੰ ਜਾ ਕੇ ਪਰਮੇਸ਼ਰ ਦੇ ਰਾਜ ਦਾ ਪ੍ਰਚਾਰ ਕਰ ।” 61#1 ਰਾਜਾ 19:20ਇੱਕ ਹੋਰ ਆਦਮੀ ਨੇ ਕਿਹਾ, “ਪ੍ਰਭੂ ਜੀ, ਮੈਂ ਤੁਹਾਡੇ ਪਿੱਛੇ ਚੱਲਾਂਗਾ ਪਰ ਪਹਿਲਾਂ ਮੈਂ ਜਾ ਕੇ ਆਪਣੇ ਘਰ ਵਾਲਿਆਂ ਕੋਲੋਂ ਵਿਦਾ ਲੈ ਆਵਾਂ ।” 62ਪਰ ਯਿਸੂ ਨੇ ਉਸ ਨੂੰ ਕਿਹਾ, “ਜਿਹੜਾ ਮਨੁੱਖ ਹਲ੍ਹ ਉੱਤੇ ਹੱਥ ਰੱਖ ਕੇ ਪਿੱਛੇ ਦੇਖਦਾ ਹੈ, ਉਹ ਪਰਮੇਸ਼ਰ ਦੇ ਰਾਜ ਦੇ ਯੋਗ ਨਹੀਂ ਹੈ ।”

目前選定:

ਲੂਕਾ 9: CL-NA

醒目顯示

分享

複製

None

想在你所有裝置上儲存你的醒目顯示?註冊帳戶或登入