ਲੂਕਾ 11
11
ਪ੍ਰਾਰਥਨਾ ਦੇ ਬਾਰੇ ਸਿੱਖਿਆ
(ਮੱਤੀ 6:9-13, 7:7-11)
1ਇੱਕ ਦਿਨ ਯਿਸੂ ਕਿਸੇ ਥਾਂ ਪ੍ਰਾਰਥਨਾ ਕਰ ਰਹੇ ਸਨ । ਜਦੋਂ ਉਹ ਪ੍ਰਾਰਥਨਾ ਕਰ ਚੁੱਕੇ ਤਾਂ ਉਹਨਾਂ ਦੇ ਇੱਕ ਚੇਲੇ ਨੇ ਉਹਨਾਂ ਨੂੰ ਕਿਹਾ, “ਪ੍ਰਭੂ ਜੀ ਸਾਨੂੰ ਪ੍ਰਾਰਥਨਾ ਕਰਨੀ ਸਿਖਾਓ, ਜਿਸ ਤਰ੍ਹਾਂ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਆਪਣੇ ਚੇਲਿਆਂ ਨੂੰ ਸਿਖਾਈ ਹੈ ।” 2#ਮੱਤੀ 6:9-13ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਜਦੋਂ ਤੁਸੀਂ ਪ੍ਰਾਰਥਨਾ ਕਰੋ ਤਾਂ ਇਸ ਤਰ੍ਹਾਂ ਕਹੋ,
‘ਹੇ ਪਿਤਾ, ਤੁਹਾਡਾ ਨਾਮ ਪਵਿੱਤਰ ਮੰਨਿਆ ਜਾਵੇ, ਤੁਹਾਡਾ ਰਾਜ ਆਵੇ,
3ਸਾਡੀ ਰੋਜ਼ ਦੀ ਰੋਟੀ ਸਾਨੂੰ ਹਰ ਦਿਨ ਦਿਓ,
4ਸਾਡੇ ਅਪਰਾਧਾਂ ਨੂੰ ਮਾਫ਼ ਕਰੋ,
ਜਿਸ ਤਰ੍ਹਾਂ ਅਸੀਂ ਆਪਣੇ ਵਿਰੁੱਧ ਅਪਰਾਧ ਕਰਨ
ਵਾਲਿਆਂ ਨੂੰ ਮਾਫ਼ ਕੀਤਾ ਹੈ ।
ਸਾਨੂੰ ਪਰਤਾਵੇ ਵਿੱਚ ਪੈਣ ਤੋਂ ਬਚਾਓ ।’”
5ਫਿਰ ਯਿਸੂ ਨੇ ਕਿਹਾ, “ਮੰਨ ਲਵੋ ਕਿ ਤੁਹਾਡੇ ਵਿੱਚੋਂ ਕੋਈ ਅੱਧੀ ਰਾਤ ਨੂੰ ਆਪਣੇ ਮਿੱਤਰ ਦੇ ਕੋਲ ਜਾਂਦਾ ਹੈ ਅਤੇ ਉਸ ਨੂੰ ਕਹਿੰਦਾ ਹੈ, ‘ਮਿੱਤਰ, ਮੈਨੂੰ ਤਿੰਨ ਰੋਟੀਆਂ ਉਧਾਰ ਦੇ 6ਕਿਉਂਕਿ ਮੇਰਾ ਇੱਕ ਮਿੱਤਰ ਯਾਤਰਾ ਕਰਦਾ ਹੋਇਆ ਮੇਰੇ ਘਰ ਆਇਆ ਹੈ ਪਰ ਮੇਰੇ ਕੋਲ ਉਸ ਨੂੰ ਭੋਜਨ ਕਰਵਾਉਣ ਦੇ ਲਈ ਕੁਝ ਵੀ ਨਹੀਂ ਹੈ ।’ 7ਮੰਨ ਲਵੋ ਕਿ ਉਸ ਦਾ ਮਿੱਤਰ ਘਰ ਦੇ ਅੰਦਰੋਂ ਹੀ ਇਸ ਤਰ੍ਹਾਂ ਉੱਤਰ ਦੇਵੇ, ‘ਮੈਨੂੰ ਤੰਗ ਨਾ ਕਰ, ਮੈਂ ਦਰਵਾਜ਼ਾ ਬੰਦ ਕਰ ਚੁੱਕਾ ਹਾਂ । ਮੇਰੇ ਬੱਚੇ ਮੇਰੇ ਨਾਲ ਸੁੱਤੇ ਪਏ ਹਨ । ਇਸ ਲਈ ਮੈਂ ਉੱਠ ਕੇ ਤੈਨੂੰ ਕੁੱਝ ਨਹੀਂ ਦੇ ਸਕਦਾ ।’ 8ਮੈਂ ਤੁਹਾਨੂੰ ਕਹਿੰਦਾ ਹਾਂ ਕਿ ਉਸ ਦੀ ਮਿੱਤਰਤਾ ਦੇ ਕਾਰਨ ਭਾਵੇਂ ਉਹ ਉੱਠ ਕੇ ਉਸ ਨੂੰ ਕੁਝ ਨਾ ਦੇਵੇ ਪਰ ਉਸ ਮਿੱਤਰ ਦੀ ਬੇਸ਼ਰਮੀ ਨਾਲ ਮੰਗਣ ਕਾਰਨ, ਉਹ ਉੱਠੇਗਾ ਅਤੇ ਉਸ ਦੀ ਲੋੜ ਦੇ ਅਨੁਸਾਰ ਉਹ ਰੋਟੀਆਂ ਦੇਵੇਗਾ । 9ਇਸ ਲਈ ਮੈਂ ਤੁਹਾਨੂੰ ਕਹਿੰਦਾ ਹਾਂ, ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ । ਲੱਭੋ ਤਾਂ ਤੁਹਾਨੂੰ ਮਿਲੇਗਾ । ਖੜਕਾਓ ਤਾਂ ਤੁਹਾਡੇ ਲਈ ਦਰਵਾਜ਼ਾ ਖੋਲ੍ਹਿਆ ਜਾਵੇਗਾ 10ਕਿਉਂਕਿ ਹਰ ਇੱਕ ਜਿਹੜਾ ਮੰਗਦਾ ਹੈ, ਉਹ ਪ੍ਰਾਪਤ ਕਰਦਾ ਹੈ ਜਿਹੜਾ ਲੱਭਦਾ ਹੈ, ਉਸ ਨੂੰ ਮਿਲਦਾ ਹੈ ਅਤੇ ਜਿਹੜਾ ਖੜਕਾਉਂਦਾ ਹੈ, ਉਸ ਲਈ ਦਰਵਾਜ਼ਾ ਖੋਲ੍ਹਿਆ ਜਾਂਦਾ ਹੈ । 11ਤੁਹਾਡੇ ਵਿੱਚੋਂ ਅਜਿਹਾ ਕਿਹੜਾ ਪਿਤਾ ਹੈ ਜੇਕਰ ਉਸ ਦਾ ਪੁੱਤਰ ਉਸ ਕੋਲੋਂ ਮੱਛੀ ਮੰਗੇ ਤਾਂ ਕੀ ਉਹ ਉਸ ਨੂੰ ਮੱਛੀ ਦੀ ਥਾਂ ਸੱਪ ਦੇਵੇਗਾ ? 12ਜੇਕਰ ਆਂਡਾ ਮੰਗੇ ਤਾਂ ਕੀ ਉਹ ਆਪਣੇ ਪੁੱਤਰ ਨੂੰ ਬਿੱਛੂ ਦੇਵੇਗਾ ? 13ਜਦੋਂ ਕਿ ਤੁਸੀਂ ਬੁਰੇ ਹੋ ਕੇ ਵੀ ਆਪਣੇ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਦੇਣਾ ਜਾਣਦੇ ਹੋ ਤਾਂ ਤੁਹਾਡੇ ਸਵਰਗੀ ਪਿਤਾ ਹੋਰ ਵੀ ਵੱਧ ਕੇ ਆਪਣੇ ਮੰਗਣ ਵਾਲਿਆਂ ਨੂੰ ਪਵਿੱਤਰ ਆਤਮਾ ਕਿਉਂ ਨਹੀਂ ਦੇਣਗੇ !”
ਪ੍ਰਭੂ ਯਿਸੂ ਅਤੇ ਬਾਲਜ਼ਬੂਲ#11:14 ਬਾਲਜ਼ਬੂਲ ਦਾ ਅਰਥ ਹੈ, ਅਸ਼ੁੱਧ ਆਤਮਾਵਾਂ ਦਾ ਸਰਦਾਰ ।
(ਮੱਤੀ 12:22-30, ਮਰਕੁਸ 3:20-27)
14ਯਿਸੂ ਇੱਕ ਆਦਮੀ ਵਿੱਚੋਂ ਅਸ਼ੁੱਧ ਆਤਮਾ ਨੂੰ ਕੱਢ ਰਹੇ ਸਨ । ਅਸ਼ੁੱਧ ਆਤਮਾ ਦੇ ਕਾਰਨ ਉਹ ਆਦਮੀ ਬੋਲ ਨਹੀਂ ਸਕਦਾ ਸੀ । ਪਰ ਜਦੋਂ ਅਸ਼ੁੱਧ ਆਤਮਾ ਨਿੱਕਲ ਗਈ ਤਾਂ ਉਹ ਬੋਲਣ ਲੱਗ ਪਿਆ । ਲੋਕ ਬਹੁਤ ਹੈਰਾਨ ਹੋਏ । 15#ਮੱਤੀ 9:34, 10:25ਪਰ ਉਹਨਾਂ ਵਿੱਚੋਂ ਕੁਝ ਲੋਕ ਕਹਿਣ ਲੱਗੇ, “ਉਹ ਅਸ਼ੁੱਧ ਆਤਮਾਵਾਂ ਦੇ ਹਾਕਮ ਬਾਲਜ਼ਬੂਲ ਦੀ ਮਦਦ ਨਾਲ ਅਸ਼ੁੱਧ ਆਤਮਾਵਾਂ ਨੂੰ ਕੱਢਦਾ ਹੈ ।” 16#ਮੱਤੀ 12:38, 16:1, ਮਰ 8:11ਕੁਝ ਹੋਰ ਯਿਸੂ ਨੂੰ ਪਰਖਣਾ ਚਾਹੁੰਦੇ ਸਨ । ਉਹ ਚਾਹੁੰਦੇ ਸਨ ਕਿ ਯਿਸੂ ਕੋਈ ਅਦਭੁੱਤ ਕੰਮ ਕਰਨ ਜਿਸ ਤੋਂ ਇਹ ਸਿੱਧ ਹੋਵੇ ਕਿ ਪਰਮੇਸ਼ਰ ਨੇ ਉਹਨਾਂ ਨੂੰ ਭੇਜਿਆ ਹੈ । 17ਯਿਸੂ ਨੇ ਉਹਨਾਂ ਦੇ ਦਿਲਾਂ ਦੇ ਵਿਚਾਰ ਜਾਣ ਕੇ ਉਹਨਾਂ ਨੂੰ ਕਿਹਾ, “ਜਿਸ ਰਾਜ ਵਿੱਚ ਫੁੱਟ ਪੈ ਜਾਵੇ, ਉਹ ਬਰਬਾਦ ਹੋ ਜਾਂਦਾ ਹੈ, ਇਸੇ ਤਰ੍ਹਾਂ ਜਿਸ ਘਰ ਵਿੱਚ ਫੁੱਟ ਪੈ ਜਾਵੇ, ਉਹ ਵੀ ਖ਼ਤਮ ਹੋ ਜਾਂਦਾ ਹੈ । 18ਇਸ ਲਈ ਜੇਕਰ ਸ਼ੈਤਾਨ ਆਪ ਹੀ ਆਪਣਾ ਵਿਰੋਧੀ ਬਣ ਜਾਵੇ ਤਾਂ ਉਸ ਦਾ ਰਾਜ ਕਿਸ ਤਰ੍ਹਾਂ ਕਾਇਮ ਰਹੇਗਾ ? ਤੁਸੀਂ ਕਹਿੰਦੇ ਹੋ ਮੈਂ ਬਾਲਜ਼ਬੂਲ ਦੀ ਮਦਦ ਨਾਲ ਅਸ਼ੁੱਧ ਆਤਮਾਵਾਂ ਨੂੰ ਕੱਢਦਾ ਹਾਂ । 19ਜੇਕਰ ਇਹ ਸੱਚ ਹੈ ਤਾਂ ਤੁਹਾਡੇ ਚੇਲੇ ਕਿਸ ਦੀ ਮਦਦ ਨਾਲ ਅਸ਼ੁੱਧ ਆਤਮਾਵਾਂ ਨੂੰ ਕੱਢਦੇ ਹਨ ? ਉਹ ਹੀ ਇਹ ਸਿੱਧ ਕਰਦੇ ਹਨ ਕਿ ਤੁਸੀਂ ਗ਼ਲਤ ਹੋ । 20ਪਰ ਜੇਕਰ ਮੈਂ ਪਰਮੇਸ਼ਰ ਦੀ ਸਮਰੱਥਾ ਨਾਲ ਅਸ਼ੁੱਧ ਆਤਮਾਵਾਂ ਨੂੰ ਕੱਢਦਾ ਹਾਂ ਤਾਂ ਪਰਮੇਸ਼ਰ ਦਾ ਰਾਜ ਤੁਹਾਡੇ ਕੋਲ ਆ ਪਹੁੰਚਿਆ ਹੈ ।
21“ਜਦੋਂ ਇੱਕ ਤਾਕਤਵਰ ਆਦਮੀ ਹਥਿਆਰਬੰਦ ਹੋ ਕੇ ਆਪਣੇ ਘਰ ਦੀ ਸੁਰੱਖਿਆ ਕਰਦਾ ਹੈ ਤਾਂ ਉਸ ਦਾ ਮਾਲ ਸੁਰੱਖਿਅਤ ਰਹਿੰਦਾ ਹੈ । 22ਪਰ ਜੇਕਰ ਉਸ ਤੋਂ ਵੀ ਤਾਕਤਵਰ ਆਦਮੀ ਉਸ ਉੱਤੇ ਹਮਲਾ ਕਰ ਕੇ ਉਸ ਨੂੰ ਹਰਾ ਦਿੰਦਾ ਹੈ ਅਤੇ ਉਸ ਦੇ ਉਹ ਸਾਰੇ ਹਥਿਆਰ ਖੋਹ ਲੈਂਦਾ ਹੈ, ਜਿਹਨਾਂ ਉੱਤੇ ਉਸ ਨੂੰ ਭਰੋਸਾ ਸੀ ਤਾਂ ਉਹ ਬਹੁਤ ਤਾਕਤਵਰ ਆਦਮੀ ਉਸ ਦਾ ਮਾਲ ਲੁੱਟ ਲੈਂਦਾ ਹੈ ਅਤੇ ਆਪਣੇ ਸਾਥੀਆਂ ਨੂੰ ਵੰਡ ਦਿੰਦਾ ਹੈ ।
23 #
ਮਰ 9:40
“ਜਿਹੜਾ ਮੇਰੇ ਨਾਲ ਨਹੀਂ, ਉਹ ਮੇਰਾ ਵਿਰੋਧੀ ਹੈ । ਜਿਹੜਾ ਮੇਰੇ ਨਾਲ ਇਕੱਠਾ ਕਰਨ ਵਿੱਚ ਮੇਰੀ ਮਦਦ ਨਹੀਂ ਕਰਦਾ, ਉਹ ਖਿਲਾਰਦਾ ਹੈ ।”
ਅਸ਼ੁੱਧ ਆਤਮਾ ਦੀ ਵਾਪਸੀ
(ਮੱਤੀ 12:43-45)
24“ਜਦੋਂ ਅਸ਼ੁੱਧ ਆਤਮਾ ਕਿਸੇ ਮਨੁੱਖ ਵਿੱਚੋਂ ਨਿੱਕਲ ਜਾਂਦੀ ਹੈ ਤਾਂ ਉਹ ਸੁੰਨਸਾਨ ਥਾਵਾਂ ਵਿੱਚ ਅਰਾਮ ਦੇ ਲਈ ਥਾਂ ਲੱਭਦੀ ਹੈ । ਜੇਕਰ ਉਸ ਨੂੰ ਅਰਾਮ ਵਾਲੀ ਥਾਂ ਨਹੀਂ ਮਿਲਦੀ ਤਾਂ ਉਹ ਫਿਰ ਕਹਿੰਦੀ ਹੈ, ‘ਜਿਸ ਘਰ ਵਿੱਚੋਂ ਮੈਂ ਨਿਕਲੀ ਸੀ ਮੈਂ ਉਸ ਵਿੱਚ ਹੀ ਵਾਪਸ ਚਲੀ ਜਾਵਾਂਗੀ ।’ 25ਉਹ ਫਿਰ ਉਸ ਘਰ ਵਿੱਚ ਆਉਂਦੀ ਹੈ । ਉਹ ਉਸ ਘਰ ਨੂੰ ਝਾੜਿਆ ਅਤੇ ਸਜਿਆ ਹੋਇਆ ਦੇਖਦੀ ਹੈ, 26ਫਿਰ ਉਹ ਜਾ ਕੇ ਆਪਣੇ ਨਾਲੋਂ ਵੀ ਜ਼ਿਆਦਾ ਦੁਸ਼ਟ ਸੱਤ ਹੋਰ ਆਤਮਾਵਾਂ ਨੂੰ ਲੈ ਆਉਂਦੀ ਹੈ । ਫਿਰ ਉਹ ਉੱਥੇ ਰਹਿਣ ਲੱਗ ਪੈਂਦੀਆਂ ਹਨ । ਇਸ ਕਾਰਨ ਉਸ ਮਨੁੱਖ ਦੀ ਹਾਲਤ ਪਹਿਲਾਂ ਨਾਲੋਂ ਵੀ ਖ਼ਰਾਬ ਹੋ ਜਾਂਦੀ ਹੈ ।”
ਧੰਨ ਕੌਣ ਹੈ
27ਜਦੋਂ ਯਿਸੂ ਇਹ ਗੱਲਾਂ ਕਹਿ ਰਹੇ ਸਨ ਤਾਂ ਭੀੜ ਵਿੱਚੋਂ ਇੱਕ ਔਰਤ ਨੇ ਪੁਕਾਰ ਕੇ ਕਿਹਾ, “ਧੰਨ ਹੈ ਉਹ ਮਾਂ ਜਿਸ ਨੇ ਤੁਹਾਨੂੰ ਜਨਮ ਦਿੱਤਾ ਅਤੇ ਜਿਸ ਨੇ ਤੁਹਾਨੂੰ ਦੁੱਧ ਪਿਲਾਇਆ ਹੈ ।” 28ਯਿਸੂ ਨੇ ਉੱਤਰ ਦਿੱਤਾ, “ਪਰ ਉਹ ਲੋਕ ਜ਼ਿਆਦਾ ਧੰਨ ਹਨ ਜਿਹੜੇ ਪਰਮੇਸ਼ਰ ਦਾ ਵਚਨ ਸੁਣਦੇ ਅਤੇ ਉਸ ਦੀ ਪਾਲਣਾ ਕਰਦੇ ਹਨ ।”
ਚਮਤਕਾਰ ਦੀ ਮੰਗ
(ਮੱਤੀ 12:38-42)
29 #
ਮੱਤੀ 16:4, ਮਰ 8:12 ਯਿਸੂ ਦੇ ਕੋਲ ਹੋਰ ਜ਼ਿਆਦਾ ਭੀੜ ਇਕੱਠੀ ਹੋ ਰਹੀ ਸੀ । ਉਹਨਾਂ ਨੇ ਕਿਹਾ, “ਇਸ ਪੀੜ੍ਹੀ ਦੇ ਲੋਕ ਕਿੰਨੇ ਬੁਰੇ ਹਨ । ਇਹ ਚਿੰਨ੍ਹ ਦੇ ਰੂਪ ਵਿੱਚ ਕੋਈ ਚਮਤਕਾਰ ਦੇਖਣਾ ਚਾਹੁੰਦੇ ਹਨ । ਇਹਨਾਂ ਲੋਕਾਂ ਨੂੰ ਯੋਨਾਹ ਨਬੀ ਦੇ ਚਿੰਨ੍ਹ ਤੋਂ ਸਿਵਾਏ, ਹੋਰ ਕੋਈ ਚਿੰਨ੍ਹ ਨਹੀਂ ਦਿੱਤਾ ਜਾਵੇਗਾ । 30#ਯੋਨਾ 3:4ਜਿਸ ਤਰ੍ਹਾਂ ਨੀਨਵਾਹ ਸ਼ਹਿਰ ਦੇ ਲੋਕਾਂ ਲਈ ਯੋਨਾਹ ਨਬੀ ਇੱਕ ਚਿੰਨ੍ਹ ਸੀ, ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਇਸ ਪੀੜ੍ਹੀ ਦੇ ਲੋਕਾਂ ਲਈ ਇੱਕ ਚਿੰਨ੍ਹ ਠਹਿਰੇਗਾ । 31#1 ਰਾਜਾ 10:1-10, 2 ਇਤਿ 9:1-12ਨਿਆਂ ਵਾਲੇ ਦਿਨ ਦੱਖਣ ਦੀ ਮਹਾਰਾਣੀ ਖੜ੍ਹੀ ਹੋਵੇਗੀ ਅਤੇ ਉਹ ਇਸ ਪੀੜ੍ਹੀ ਦੇ ਲੋਕਾਂ ਨੂੰ ਦੋਸ਼ੀ ਸਿੱਧ ਕਰੇਗੀ । ਉਹ ਰਾਜਾ ਸੁਲੇਮਾਨ ਦੀਆਂ ਬੁੱਧੀ ਵਾਲੀਆਂ ਗੱਲਾਂ ਸੁਣਨ ਦੇ ਲਈ ਧਰਤੀ ਦੇ ਦੂਜੇ ਪਾਰ ਤੋਂ ਆਈ ਸੀ । ਪਰ ਦੇਖੋ, ਇੱਥੇ ਸੁਲੇਮਾਨ ਤੋਂ ਵੀ ਵੱਡਾ ਕੋਈ ਹੈ । 32#ਯੋਨਾ 3:5ਨੀਨਵਾਹ ਸ਼ਹਿਰ ਦੇ ਲੋਕ ਨਿਆਂ ਵਾਲੇ ਦਿਨ ਖੜ੍ਹੇ ਹੋਣਗੇ ਅਤੇ ਇਸ ਪੀੜ੍ਹੀ ਦੇ ਲੋਕਾਂ ਨੂੰ ਦੋਸ਼ੀ ਸਿੱਧ ਕਰਨਗੇ ਕਿਉਂਕਿ ਉਹਨਾਂ ਨੇ ਯੋਨਾਹ ਨਬੀ ਦੇ ਸੰਦੇਸ਼ ਨੂੰ ਸੁਣ ਕੇ ਆਪਣੇ ਪਾਪਾਂ ਤੋਂ ਤੋਬਾ ਕੀਤੀ ਸੀ । ਪਰ ਦੇਖੋ, ਇੱਥੇ ਯੋਨਾਹ ਨਬੀ ਤੋਂ ਵੀ ਵੱਡਾ ਕੋਈ ਹੈ ।
ਸਰੀਰ ਦਾ ਦੀਵਾ
(ਮੱਤੀ 5:15, 6:22-23)
33 #
ਮੱਤੀ 5:15, ਮਰ 4:21, ਲੂਕਾ 8:16 “ਕੋਈ ਦੀਵਾ ਬਾਲ ਕੇ ਲੁਕਾਉਂਦਾ ਨਹੀਂ ਜਾਂ ਭਾਂਡੇ#11:33 ਯੂਨਾਨੀ ਭਾਸ਼ਾ ਵਿੱਚ ‘ਮੋਡਿਆਨ’ ਦਾ ਅਰਥ ਉਸ ਭਾਂਡੇ ਤੋਂ ਹੈ, 8 ਲੀਟਰ, ਜਾਂ 2 ਗੈਲਨ । ਦੇ ਥੱਲੇ ਨਹੀਂ ਰੱਖਦਾ ਸਗੋਂ ਸ਼ਮਾਦਾਨ#11:33 ਦੀਵਾ ਰੱਖਣ ਦੀ ਥਾਂ । ਉੱਤੇ ਰੱਖਦਾ ਹੈ ਤਾਂ ਜੋ ਉਸ ਤੋਂ ਘਰ ਦੇ ਅੰਦਰ ਆਉਣ ਵਾਲਿਆਂ ਨੂੰ ਚਾਨਣ ਮਿਲੇ । 34ਤੇਰੇ ਸਰੀਰ ਦਾ ਦੀਵਾ ਤੇਰੀ ਅੱਖ ਹੈ । ਜੇਕਰ ਤੇਰੀ ਅੱਖ ਠੀਕ ਹੈ ਤਾਂ ਤੇਰਾ ਸਾਰਾ ਸਰੀਰ ਪ੍ਰਕਾਸ਼ਵਾਨ ਹੈ ਪਰ ਜੇਕਰ ਤੇਰੀ ਅੱਖ ਖ਼ਰਾਬ ਹੈ ਤਾਂ ਤੇਰਾ ਸਰੀਰ ਹਨੇਰਾ ਹੈ । 35ਇਸ ਲਈ ਸੁਚੇਤ ਰਹਿ, ਤੇਰੇ ਅੰਦਰ ਦਾ ਚਾਨਣ ਹਨੇਰਾ ਨਾ ਹੋ ਜਾਵੇ । 36ਜੇਕਰ ਤੇਰਾ ਸਾਰਾ ਸਰੀਰ ਪ੍ਰਕਾਸ਼ਵਾਨ ਹੈ ਅਤੇ ਉਸ ਦਾ ਕੋਈ ਭਾਗ ਵੀ ਹਨੇਰੇ ਵਿੱਚ ਨਹੀਂ ਤਾਂ ਉਹ ਸਾਰਾ ਪ੍ਰਕਾਸ਼ਵਾਨ ਹੋਵੇਗਾ ਜਿਸ ਤਰ੍ਹਾਂ ਦੀਵਾ ਆਪਣੀ ਲੋ ਨਾਲ ਤੈਨੂੰ ਪ੍ਰਕਾਸ਼ਿਤ ਕਰ ਦਿੰਦਾ ਹੈ ।”
ਫ਼ਰੀਸੀਆਂ ਅਤੇ ਵਿਵਸਥਾ ਦੇ ਸਿੱਖਿਅਕਾਂ ਦੀ ਅਲੋਚਨਾ
(ਮੱਤੀ 23:1-36, ਮਰਕੁਸ 12:38-40)
37ਜਦੋਂ ਯਿਸੂ ਆਪਣਾ ਉਪਦੇਸ਼ ਸਮਾਪਤ ਕਰ ਚੁੱਕੇ ਤਾਂ ਫ਼ਰੀਸੀ ਦਲ ਦੇ ਇੱਕ ਆਦਮੀ ਨੇ ਉਹਨਾਂ ਨੂੰ ਆਪਣੇ ਘਰ ਭੋਜਨ ਕਰਨ ਲਈ ਸੱਦਾ ਦਿੱਤਾ । ਯਿਸੂ ਉੱਥੇ ਗਏ ਅਤੇ ਭੋਜਨ ਕਰਨ ਲਈ ਬੈਠ ਗਏ । 38ਉਸ ਫ਼ਰੀਸੀ ਨੂੰ ਇਹ ਦੇਖ ਕੇ ਬੜੀ ਹੈਰਾਨੀ ਹੋਈ ਕਿ ਯਿਸੂ ਨੇ ਭੋਜਨ ਕਰਨ ਤੋਂ ਪਹਿਲਾਂ ਰੀਤ ਅਨੁਸਾਰ ਆਪਣੇ ਹੱਥ ਪੈਰ ਨਹੀਂ ਧੋਤੇ । 39ਇਸ ਲਈ ਪ੍ਰਭੂ ਯਿਸੂ ਨੇ ਉਸ ਫ਼ਰੀਸੀ ਨੂੰ ਕਿਹਾ, “ਤੁਸੀਂ ਫ਼ਰੀਸੀ ਲੋਕ ਪਿਆਲਿਆਂ ਅਤੇ ਥਾਲੀਆਂ ਨੂੰ ਬਾਹਰੋਂ ਤਾਂ ਚੰਗੀ ਤਰ੍ਹਾਂ ਮਾਂਜਦੇ ਹੋ ਪਰ ਤੁਹਾਡੇ ਸਰੀਰ ਦੇ ਅੰਦਰ ਲੋਭ ਅਤੇ ਬੁਰਾਈ ਭਰੀ ਹੋਈ ਹੈ । 40ਹੇ ਮੂਰਖੋ ! ਜਿਸ ਪਰਮੇਸ਼ਰ ਨੇ ਸਰੀਰ ਦੇ ਬਾਹਰਲੇ ਅੰਗ ਬਣਾਏ ਹਨ, ਕੀ ਉਹਨਾਂ ਨੇ ਅੰਦਰਲੇ ਅੰਗ ਨਹੀਂ ਬਣਾਏ ? 41ਪਰ ਜੋ ਭੋਜਨ ਤੁਹਾਡੇ ਪਿਆਲਿਆਂ ਅਤੇ ਥਾਲੀਆਂ ਵਿੱਚ ਹੈ ਉਸ ਨੂੰ ਗ਼ਰੀਬਾਂ ਵਿੱਚ ਵੰਡ ਦਿਓ ਤਾਂ ਜੋ ਤੁਹਾਡੇ ਲਈ ਸਭ ਕੁਝ ਸ਼ੁੱਧ ਹੋ ਜਾਵੇ ।
42 #
ਲੇਵੀ 27:30
“ਫ਼ਰੀਸੀਓ, ਤੁਹਾਡੇ ਉੱਤੇ ਹਾਏ ! ਕਿਉਂਕਿ ਤੁਸੀਂ ਪੁਦੀਨਾ, ਹਰਮਲ#11:42 ਸਰ੍ਹੋਂ ਵਰਗਾ ਇੱਕ ਪੌਦਾ ਅਤੇ ਹਰ ਪ੍ਰਕਾਰ ਦੀਆਂ ਜੜੀ ਬੂਟੀਆਂ ਦਾ ਦਸਵਾਂ ਹਿੱਸਾ#11:42 ਭਾਵ ਦਸਵੰਧ ਤਾਂ ਪਰਮੇਸ਼ਰ ਦੇ ਅੱਗੇ ਚੜ੍ਹਾਉਂਦੇ ਹੋ ਪਰ ਪਰਮੇਸ਼ਰ ਦੇ ਪਿਆਰ ਅਤੇ ਨਿਆਂ ਦੀ ਉਲੰਘਣਾ ਕਰਦੇ ਹੋ । ਚੰਗਾ ਹੁੰਦਾ ਕਿ ਤੁਸੀਂ ਪਰਮੇਸ਼ਰ ਨੂੰ ਦਸਵਾਂ ਹਿੱਸਾ ਦਿੰਦੇ ਅਤੇ ਉਹਨਾਂ ਦੇ ਪਿਆਰ ਅਤੇ ਨਿਆਂ ਦੀ ਉਲੰਘਣਾ ਵੀ ਨਾ ਕਰਦੇ ।
43“ਫ਼ਰੀਸੀਓ, ਤੁਹਾਡੇ ਉੱਤੇ ਹਾਏ ! ਤੁਸੀਂ ਪ੍ਰਾਰਥਨਾ ਘਰਾਂ ਵਿੱਚ ਪ੍ਰਮੁੱਖ ਥਾਵਾਂ ਉੱਤੇ ਬੈਠਣਾ ਪਸੰਦ ਕਰਦੇ ਹੋ । ਤੁਸੀਂ ਬਜ਼ਾਰਾਂ ਵਿੱਚ ਲੋਕਾਂ ਕੋਲੋਂ ਨਮਸਕਾਰ ਕਰਵਾਉਣਾ ਪਸੰਦ ਕਰਦੇ ਹੋ । 44ਤੁਹਾਡੇ ਉੱਤੇ ਹਾਏ ! ਕਿਉਂਕਿ ਤੁਸੀਂ ਉਹਨਾਂ ਕਬਰਾਂ ਵਰਗੇ ਹੋ ਜਿਹੜੀਆਂ ਦਿਖਾਈ ਨਹੀਂ ਦਿੰਦੀਆਂ ਹਨ । ਇਸ ਲਈ ਲੋਕ ਉਹਨਾਂ ਉੱਤੇ ਅਣਜਾਣੇ ਹੀ ਚੱਲਦੇ ਫਿਰਦੇ ਹਨ ।”
45ਇੱਕ ਵਿਵਸਥਾ ਦੇ ਸਿੱਖਿਅਕ ਨੇ ਯਿਸੂ ਨੂੰ ਉੱਤਰ ਦਿੱਤਾ, “ਗੁਰੂ ਜੀ, ਇਸ ਤਰ੍ਹਾਂ ਕਹਿ ਕੇ ਤੁਸੀਂ ਸਾਡਾ ਵੀ ਅਪਮਾਨ ਕਰ ਰਹੇ ਹੋ ।” 46ਯਿਸੂ ਨੇ ਕਿਹਾ, “ਵਿਵਸਥਾ ਦੇ ਸਿੱਖਿਅਕੋ, ਤੁਹਾਡੇ ਉੱਤੇ ਵੀ ਹਾਏ ! ਤੁਸੀਂ ਲੋਕਾਂ ਉੱਤੇ ਇੰਨਾ ਭਾਰ ਲੱਦ ਦਿੰਦੇ ਹੋ ਕਿ ਉਹਨਾਂ ਲਈ ਉਸ ਨੂੰ ਚੁੱਕਣਾ ਔਖਾ ਹੁੰਦਾ ਹੈ ਪਰ ਆਪ ਇੱਕ ਉਂਗਲੀ ਵੀ ਉਸ ਭਾਰ ਨੂੰ ਚੁੱਕਣ ਲਈ ਨਹੀਂ ਲਾਉਂਦੇ ਹੋ । 47ਤੁਹਾਡੇ ਉੱਤੇ ਹਾਏ ! ਕਿਉਂਕਿ ਜਿਹਨਾਂ ਨਬੀਆਂ ਦਾ ਕਤਲ ਤੁਹਾਡੇ ਪੁਰਖਿਆਂ ਨੇ ਕੀਤਾ ਸੀ, ਤੁਸੀਂ ਉਹਨਾਂ ਦੀਆਂ ਯਾਦਗਾਰਾਂ ਬਣਾਉਂਦੇ ਹੋ । 48ਇਸ ਤਰ੍ਹਾਂ ਤੁਸੀਂ ਆਪਣੇ ਪੁਰਖਿਆਂ ਦੇ ਇਹਨਾਂ ਕੰਮਾਂ ਦੇ ਗਵਾਹ ਹੋ ਅਤੇ ਤੁਸੀਂ ਸਿੱਧ ਕਰਦੇ ਹੋ ਕਿ ਤੁਹਾਡੇ ਪੁਰਖਿਆਂ ਨੇ ਨਬੀਆਂ ਨੂੰ ਕਤਲ ਕੀਤਾ ਸੀ ਅਤੇ ਤੁਸੀਂ ਉਹਨਾਂ ਨਬੀਆਂ ਦੀਆਂ ਯਾਦਗਾਰਾਂ ਬਣਾਉਂਦੇ ਹੋ । 49ਇਸ ਲਈ ਪਰਮੇਸ਼ਰ ਦਾ ਗਿਆਨ ਕਹਿੰਦਾ ਹੈ, ‘ਮੈਂ ਉਹਨਾਂ ਕੋਲ ਨਬੀਆਂ ਅਤੇ ਰਸੂਲਾਂ ਨੂੰ ਭੇਜਾਂਗਾ । ਉਹ ਉਹਨਾਂ ਵਿੱਚੋਂ ਕੁਝ ਨੂੰ ਮਾਰ ਸੁੱਟਣਗੇ ਅਤੇ ਕੁਝ ਉੱਤੇ ਅੱਤਿਆਚਾਰ ਕਰਨਗੇ ।’ 50ਇਸ ਸੰਸਾਰ ਦੇ ਸ਼ੁਰੂ ਤੋਂ ਹੀ ਕੀਤੇ ਗਏ ਨਬੀਆਂ ਦੇ ਕਤਲਾਂ ਦੀ ਸਜ਼ਾ ਇਸ ਪੀੜ੍ਹੀ ਦੇ ਲੋਕਾਂ ਨੂੰ ਦਿੱਤੀ ਜਾਵੇਗੀ । 51#ਉਤ 4:8, 2 ਇਤਿ 24:20-21ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਹਾਬਲ ਤੋਂ ਲੈ ਕੇ ਜ਼ਕਰਯਾਹ ਦੇ ਕਤਲ ਤੱਕ ਜਿਹੜਾ ਵੇਦੀ ਅਤੇ ਹੈਕਲ ਦੇ ਵਿਚਕਾਰ ਕੀਤਾ ਗਿਆ ਸੀ, ਸਭ ਦਾ ਹਿਸਾਬ ਇਸ ਪੀੜ੍ਹੀ ਦੇ ਲੋਕਾਂ ਕੋਲੋਂ ਲਿਆ ਜਾਵੇਗਾ ।
52“ਵਿਵਸਥਾ ਦੇ ਸਿੱਖਿਅਕੋ, ਤੁਹਾਡੇ ਉੱਤੇ ਹਾਏ ! ਤੁਸੀਂ ਗਿਆਨ ਦੀ ਚਾਬੀ ਸਾਂਭ ਤਾਂ ਲਈ ਹੈ ਪਰ ਤੁਸੀਂ ਨਾ ਆਪ ਅੰਦਰ ਗਏ ਹੋ ਅਤੇ ਨਾ ਹੀ ਅੰਦਰ ਜਾਣ ਵਾਲਿਆਂ ਨੂੰ ਜਾਣ ਦਿੰਦੇ ਹੋ ।”
53ਜਦੋਂ ਯਿਸੂ ਉਸ ਘਰ ਤੋਂ ਵਿਦਾ ਹੋਣ ਲੱਗੇ ਤਾਂ ਵਿਵਸਥਾ ਦੇ ਸਿੱਖਿਅਕ ਅਤੇ ਫ਼ਰੀਸੀ ਉਹਨਾਂ ਦਾ ਬਹੁਤ ਜ਼ਿਆਦਾ ਵਿਰੋਧ ਕਰਨ ਲੱਗੇ । ਉਹ ਯਿਸੂ ਤੋਂ ਕਈ ਪ੍ਰਕਾਰ ਦੇ ਪ੍ਰਸ਼ਨ ਪੁੱਛਣ ਲੱਗੇ । 54ਉਹ ਇਸ ਮੌਕੇ ਦੀ ਤਾੜ ਵਿੱਚ ਸਨ ਕਿ ਯਿਸੂ ਦੇ ਮੂੰਹ ਵਿੱਚੋਂ ਕੋਈ ਅਜਿਹੀ ਗੱਲ ਨਿੱਕਲੇ ਜਿਸ ਨਾਲ ਉਹ ਉਹਨਾਂ ਨੂੰ ਆਪਣੇ ਜਾਲ ਵਿੱਚ ਫਸਾ ਲੈਣ ।
Punjabi Common Language (North American Version):
Text © 2021 Canadian Bible Society and Bible Society of India