ਯੂਹੰਨਾ 7
7
ਪ੍ਰਭੂ ਯਿਸੂ ਅਤੇ ਉਹਨਾਂ ਦੇ ਭਰਾ
1ਇਹਨਾਂ ਗੱਲਾਂ ਦੇ ਬਾਅਦ ਯਿਸੂ ਗਲੀਲ ਦੇ ਇਲਾਕੇ ਵਿੱਚ ਯਾਤਰਾ ਕਰਨ ਗਏ । ਉਹ ਯਹੂਦਿਯਾ ਦੇ ਇਲਾਕੇ ਵਿੱਚ ਨਹੀਂ ਜਾਣਾ ਚਾਹੁੰਦੇ ਸਨ ਕਿਉਂਕਿ ਯਹੂਦੀ ਉਹਨਾਂ ਨੂੰ ਜਾਨੋਂ ਮਾਰਨਾ ਚਾਹੁੰਦੇ ਸਨ । 2#ਲੇਵੀ 23:34, ਵਿਵ 16:13ਯਹੂਦੀਆਂ ਦਾ ਤੰਬੂਆਂ ਦਾ ਤਿਉਹਾਰ ਨੇੜੇ ਸੀ । 3ਇਸ ਲਈ ਯਿਸੂ ਦੇ ਭਰਾਵਾਂ ਨੇ ਉਹਨਾਂ ਨੂੰ ਕਿਹਾ, “ਇਸ ਥਾਂ ਨੂੰ ਛੱਡ ਕੇ ਯਹੂਦਿਯਾ ਦੇ ਇਲਾਕੇ ਵਿੱਚ ਜਾ ਤਾਂ ਜੋ ਤੇਰੇ ਚੇਲੇ ਇਹ ਸਾਰੇ ਕੰਮ ਦੇਖਣ ਜਿਹੜੇ ਤੂੰ ਕਰ ਰਿਹਾ ਹੈਂ । 4ਜੇਕਰ ਕੋਈ ਪ੍ਰਸਿੱਧ ਹੋਣਾ ਚਾਹੁੰਦਾ ਹੈ ਤਾਂ ਉਹ ਉਹਨਾਂ ਕੰਮਾਂ ਨੂੰ ਲੁਕਾਉਂਦਾ ਨਹੀਂ ਜਿਹੜੇ ਉਹ ਕਰਦਾ ਹੈ । ਜੇਕਰ ਤੂੰ ਅਜਿਹੇ ਕੰਮ ਕਰਦਾ ਹੈਂ ਤਾਂ ਆਪਣੇ ਆਪ ਨੂੰ ਸਾਰੇ ਸੰਸਾਰ ਦੇ ਸਾਹਮਣੇ ਪ੍ਰਗਟ ਹੋਣ ਦੇ ।” 5(ਕਿਉਂਕਿ ਯਿਸੂ ਦੇ ਭਰਾ ਵੀ ਉਹਨਾਂ ਵਿੱਚ ਵਿਸ਼ਵਾਸ ਨਹੀਂ ਕਰਦੇ ਸਨ ।) 6ਯਿਸੂ ਨੇ ਉਹਨਾਂ ਨੂੰ ਕਿਹਾ, “ਮੇਰਾ ਉਚਿਤ ਸਮਾਂ ਅਜੇ ਨਹੀਂ ਆਇਆ ਪਰ ਤੁਹਾਡੇ ਲਈ ਹਰ ਸਮਾਂ ਉਚਿਤ ਹੈ । 7ਸੰਸਾਰ ਤੁਹਾਨੂੰ ਨਫ਼ਰਤ ਨਹੀਂ ਕਰ ਸਕਦਾ ਪਰ ਮੈਨੂੰ ਨਫ਼ਰਤ ਕਰਦਾ ਹੈ ਕਿਉਂਕਿ ਮੈਂ ਉਸ ਦੇ ਬੁਰੇ ਕੰਮਾਂ ਬਾਰੇ ਗਵਾਹੀ ਦਿੰਦਾ ਹਾਂ । 8ਤੁਸੀਂ ਤਿਉਹਾਰ ਦੇ ਲਈ ਜਾਓ, ਮੈਂ ਇਸ ਤਿਉਹਾਰ ਦੇ ਲਈ ਅਜੇ ਨਹੀਂ ਜਾ ਰਿਹਾ ਕਿਉਂਕਿ ਮੇਰਾ ਉਚਿਤ ਸਮਾਂ ਅਜੇ ਨਹੀਂ ਆਇਆ ।” 9ਉਹਨਾਂ ਨੂੰ ਇਹ ਕਹਿ ਕੇ ਯਿਸੂ ਗਲੀਲ ਵਿੱਚ ਹੀ ਰਹਿ ਗਏ ।
ਪ੍ਰਭੂ ਯਿਸੂ ਤੰਬੂਆਂ ਦੇ ਤਿਉਹਾਰ ਵਿੱਚ
10ਜਦੋਂ ਯਿਸੂ ਦੇ ਭਰਾ ਤਿਉਹਾਰ ਦੇ ਲਈ ਚਲੇ ਗਏ ਤਾਂ ਉਹ ਵੀ ਉੱਥੇ ਗਏ ਪਰ ਖੁਲ੍ਹੇਆਮ ਨਹੀਂ ਸਗੋਂ ਗੁਪਤ ਵਿੱਚ । 11ਇਸ ਲਈ ਯਹੂਦੀ ਆਗੂ ਉਹਨਾਂ ਨੂੰ ਤਿਉਹਾਰ ਵਿੱਚ ਲੱਭ ਰਹੇ ਸਨ । ਉਹ ਪੁੱਛ ਰਹੇ ਸਨ, “ਉਹ ਕਿੱਥੇ ਹੈ ?” 12ਲੋਕਾਂ ਵਿੱਚ ਯਿਸੂ ਦੇ ਬਾਰੇ ਬਹੁਤ ਕਾਨਾਫੂਸੀ ਹੋ ਰਹੀ ਸੀ, ਕੁਝ ਕਹਿੰਦੇ ਸਨ, “ਉਹ ਇੱਕ ਭਲਾ ਆਦਮੀ ਹੈ,” ਕੁਝ ਹੋਰ ਕਹਿੰਦੇ ਸਨ, “ਨਹੀਂ, ਉਹ ਲੋਕਾਂ ਨੂੰ ਭਰਮਾਉਂਦਾ ਹੈ ।” 13ਪਰ ਕੋਈ ਵੀ ਖੁਲ੍ਹੇਆਮ ਉਹਨਾਂ ਦੇ ਬਾਰੇ ਕੁਝ ਨਹੀਂ ਕਹਿੰਦਾ ਸੀ ਕਿਉਂਕਿ ਉਹ ਯਹੂਦੀ ਆਗੂਆਂ ਤੋਂ ਡਰਦੇ ਸਨ ।
14ਜਦੋਂ ਤਿਉਹਾਰ ਦੇ ਅੱਧੇ ਦਿਨ ਸਮਾਪਤ ਹੋ ਗਏ ਤਾਂ ਯਿਸੂ ਹੈਕਲ ਵਿੱਚ ਗਏ ਅਤੇ ਲੋਕਾਂ ਨੂੰ ਸਿੱਖਿਆ ਦੇਣ ਲੱਗੇ । 15ਤਦ ਯਹੂਦੀ ਬਹੁਤ ਹੈਰਾਨ ਹੋ ਕੇ ਕਹਿਣ ਲੱਗੇ, “ਬਿਨਾਂ ਪੜ੍ਹਾਈ ਕੀਤੇ ਇਸ ਨੇ ਇਹ ਗਿਆਨ ਕਿੱਥੋਂ ਲਿਆ ?” 16ਯਿਸੂ ਨੇ ਉੱਤਰ ਦਿੱਤਾ, “ਜੋ ਸਿੱਖਿਆ ਮੈਂ ਦਿੰਦਾ ਹਾਂ, ਇਹ ਮੇਰੀ ਨਹੀਂ ਸਗੋਂ ਮੇਰੇ ਭੇਜਣ ਵਾਲੇ ਦੀ ਹੈ । 17ਜਿਹੜਾ ਕੋਈ ਪਰਮੇਸ਼ਰ ਦੀ ਇੱਛਾ ਪੂਰੀ ਕਰਨਾ ਚਾਹੁੰਦਾ ਹੈ, ਉਹ ਇਸ ਸਿੱਖਿਆ ਦੇ ਬਾਰੇ ਜਾਣ ਜਾਵੇਗਾ ਕਿ ਇਹ ਪਰਮੇਸ਼ਰ ਦੇ ਵੱਲੋਂ ਹੈ ਜਾਂ ਮੈਂ ਆਪਣੇ ਵੱਲੋਂ ਕਹਿ ਰਿਹਾ ਹਾਂ । 18ਜਿਹੜਾ ਆਪਣੇ ਵੱਲੋਂ ਬੋਲਦਾ ਹੈ, ਉਹ ਆਪਣੀ ਵਡਿਆਈ ਚਾਹੁੰਦਾ ਹੈ । ਪਰ ਜਿਹੜਾ ਆਪਣੇ ਭੇਜਣ ਵਾਲੇ ਦੀ ਵਡਿਆਈ ਚਾਹੁੰਦਾ ਹੈ, ਉਹ ਸੱਚਾ ਹੈ ਅਤੇ ਉਸ ਵਿੱਚ ਕੋਈ ਕਪਟ ਨਹੀਂ ਹੈ । 19ਕੀ ਮੂਸਾ ਨੇ ਤੁਹਾਨੂੰ ਵਿਵਸਥਾ ਨਹੀਂ ਦਿੱਤੀ ? ਪਰ ਤੁਹਾਡੇ ਵਿੱਚੋਂ ਕੋਈ ਵੀ ਉਸ ਉੱਤੇ ਨਹੀਂ ਚੱਲਦਾ । ਤੁਸੀਂ ਮੈਨੂੰ ਮਾਰਨ ਦੀ ਕੋਸ਼ਿਸ਼ ਕਿਉਂ ਕਰ ਰਹੇ ਹੋ ?” 20ਭੀੜ ਨੇ ਉੱਤਰ ਦਿੱਤਾ, “ਤੇਰੇ ਵਿੱਚ ਅਸ਼ੁੱਧ ਆਤਮਾ ਹੈ ! ਕੌਣ ਤੈਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ?” 21ਯਿਸੂ ਨੇ ਉਹਨਾਂ ਨੂੰ ਕਿਹਾ, “ਮੈਂ ਇੱਕ ਹੀ ਕੰਮ ਕੀਤਾ ਹੈ ਅਤੇ ਤੁਸੀਂ ਹੈਰਾਨ ਹੋ । 22#ਉਤ 17:10, ਲੇਵੀ 12:3ਮੂਸਾ ਨੇ ਤੁਹਾਨੂੰ ਸੁੰਨਤ ਦੀ ਰੀਤ ਦਿੱਤੀ (ਭਾਵੇਂ ਅਸਲ ਵਿੱਚ ਮੂਸਾ ਤੋਂ ਨਹੀਂ ਸਗੋਂ ਤੁਹਾਡੇ ਪੁਰਖਿਆਂ ਤੋਂ ਇਸ ਦਾ ਆਰੰਭ ਹੋਇਆ) ਅਤੇ ਤੁਸੀਂ ਸਬਤ ਦੇ ਦਿਨ ਬਾਲਕ ਦੀ ਸੁੰਨਤ ਕਰਦੇ ਹੋ । 23#ਯੂਹ 5:9ਜੇਕਰ ਤੁਸੀਂ ਬਾਲਕ ਦੀ ਸੁੰਨਤ ਸਬਤ ਵਾਲੇ ਦਿਨ ਇਸ ਲਈ ਕਰਦੇ ਹੋ ਕਿ ਮੂਸਾ ਦੀ ਵਿਵਸਥਾ ਦੀ ਉਲੰਘਣਾ ਨਾ ਹੋਵੇ, ਫਿਰ ਤੁਸੀਂ ਮੇਰੇ ਉੱਤੇ ਗੁੱਸੇ ਕਿਉਂ ਹੋ ਰਹੇ ਹੋ ਕਿ ਮੈਂ ਇੱਕ ਆਦਮੀ ਨੂੰ ਸਬਤ ਦੇ ਦਿਨ ਚੰਗਾ ਕੀਤਾ ਹੈ ? 24ਬਾਹਰੀ ਰੂਪ ਦੇਖ ਕੇ ਨਿਆਂ ਨਾ ਕਰੋ ਸਗੋਂ ਸੱਚਾ ਨਿਆਂ ਸੱਚਾਈ ਨਾਲ ਕਰੋ ।”
ਕੀ ਇਹ ਮਸੀਹ ਹਨ ?
25ਯਰੂਸ਼ਲਮ ਦੇ ਕੁਝ ਰਹਿਣ ਵਾਲਿਆਂ ਨੇ ਕਿਹਾ, “ਕੀ ਇਹ ਉਹ ਹੀ ਨਹੀਂ ਹਨ ਜਿਹਨਾਂ ਨੂੰ ਅਧਿਕਾਰੀ ਮਾਰਨਾ ਚਾਹੁੰਦੇ ਹਨ ? 26ਪਰ ਦੇਖੋ, ਇਹ ਖੁਲ੍ਹੇਆਮ ਬੋਲ ਰਹੇ ਹਨ ਅਤੇ ਕੋਈ ਵੀ ਇਹਨਾਂ ਨੂੰ ਕੁਝ ਨਹੀਂ ਕਹਿੰਦਾ । ਕਿਤੇ ਅਧਿਕਾਰੀ ਲੋਕ ਸੱਚ ਹੀ ਤਾਂ ਨਹੀਂ ਮੰਨ ਗਏ ਕਿ ਇਹ ਹੀ ਮਸੀਹ ਹਨ ? 27ਇਸ ਦੇ ਬਾਰੇ ਅਸੀਂ ਜਾਣਦੇ ਹਾਂ ਕਿ ਇਹ ਕਿੱਥੋਂ ਆਏ ਹਨ । ਪਰ ਜਦੋਂ ਮਸੀਹ ਆਉਣਗੇ, ਕੋਈ ਨਹੀਂ ਜਾਣੇਗਾ ਕਿ ਉਹ ਕਿੱਥੋਂ ਆਏ ਹਨ ।”
28ਯਿਸੂ ਨੇ ਹੈਕਲ ਵਿੱਚ ਸਿੱਖਿਆ ਦਿੰਦੇ ਹੋਏ ਉੱਚੀ ਆਵਾਜ਼ ਦੇ ਨਾਲ ਕਿਹਾ, “ਤੁਸੀਂ ਮੈਨੂੰ ਜਾਣਦੇ ਹੋ ਪਰ ਕੀ ਤੁਸੀਂ ਜਾਣਦੇ ਹੋ ਕਿ ਮੈਂ ਕਿੱਥੋਂ ਆਇਆ ਹਾਂ ? ਮੈਂ ਆਪਣੇ ਆਪ ਨਹੀਂ ਆਇਆ । ਜਿਹਨਾਂ ਨੇ ਮੈਨੂੰ ਭੇਜਿਆ ਹੈ ਉਹ ਸੱਚੇ ਹਨ ਪਰ ਤੁਸੀਂ ਉਹਨਾਂ ਨੂੰ ਨਹੀਂ ਜਾਣਦੇ । 29ਮੈਂ ਉਹਨਾਂ ਨੂੰ ਜਾਣਦਾ ਹਾਂ ਕਿਉਂਕਿ ਮੈਂ ਉਹਨਾਂ ਦੇ ਵੱਲੋਂ ਆਇਆ ਹਾਂ ਅਤੇ ਉਹਨਾਂ ਨੇ ਮੈਨੂੰ ਭੇਜਿਆ ਹੈ ।” 30ਤਦ ਲੋਕਾਂ ਨੇ ਯਿਸੂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਕੋਈ ਵੀ ਉਹਨਾਂ ਉੱਤੇ ਹੱਥ ਨਾ ਪਾ ਸਕਿਆ ਕਿਉਂਕਿ ਅਜੇ ਉਹਨਾਂ ਦਾ ਸਮਾਂ ਨਹੀਂ ਆਇਆ ਸੀ । 31ਪਰ ਭੀੜ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਯਿਸੂ ਵਿੱਚ ਵਿਸ਼ਵਾਸ ਕੀਤਾ । ਉਹ ਕਹਿਣ ਲੱਗੇ, “ਜਦੋਂ ਮਸੀਹ ਆਵੇਗਾ, ਕੀ ਉਹ ਇਸ ਆਦਮੀ ਨਾਲੋਂ ਵੱਧ ਚਮਤਕਾਰੀ ਚਿੰਨ੍ਹ ਦਿਖਾਵੇਗਾ ?”
ਹੈਕਲ ਦੇ ਪਹਿਰੇਦਾਰਾਂ ਦਾ ਪ੍ਰਭੂ ਯਿਸੂ ਨੂੰ ਫੜਨ ਲਈ ਭੇਜਿਆ ਜਾਣਾ
32 ਫ਼ਰੀਸੀਆਂ ਨੇ ਲੋਕਾਂ ਨੂੰ ਯਿਸੂ ਦੇ ਬਾਰੇ ਇਹ ਗੱਲਾਂ ਕਰਦੇ ਸੁਣਿਆ ਤਾਂ ਮਹਾਂ-ਪੁਰੋਹਿਤਾਂ ਅਤੇ ਫ਼ਰੀਸੀਆਂ ਨੇ ਹੈਕਲ ਦੇ ਪਹਿਰੇਦਾਰਾਂ ਨੂੰ ਯਿਸੂ ਨੂੰ ਫੜਨ ਲਈ ਭੇਜਿਆ । 33ਪਰ ਯਿਸੂ ਨੇ ਲੋਕਾਂ ਨੂੰ ਕਿਹਾ, “ਥੋੜ੍ਹੇ ਸਮੇਂ ਦੇ ਲਈ ਮੈਂ ਤੁਹਾਡੇ ਨਾਲ ਹਾਂ, ਫਿਰ ਮੈਂ ਉਹਨਾਂ ਕੋਲ ਜਾਵਾਂਗਾ ਜਿਹਨਾਂ ਨੇ ਮੈਨੂੰ ਭੇਜਿਆ ਹੈ । 34ਤੁਸੀਂ ਮੈਨੂੰ ਲੱਭੋਗੇ ਪਰ ਲੱਭ ਨਹੀਂ ਸਕੋਗੇ । ਕਿਉਂਕਿ ਜਿੱਥੇ ਮੈਂ ਹੋਵਾਂਗਾ, ਤੁਸੀਂ ਉੱਥੇ ਨਹੀਂ ਆ ਸਕੋਗੇ ।” 35ਤਦ ਯਹੂਦੀ ਆਪਸ ਵਿੱਚ ਕਹਿਣ ਲੱਗੇ, “ਇਹ ਕਿੱਥੇ ਜਾਣ ਦੀ ਸੋਚ ਰਿਹਾ ਹੈ ਕਿ ਅਸੀਂ ਇਸ ਨੂੰ ਨਹੀਂ ਲੱਭ ਸਕਾਂਗੇ । ਕੀ ਇਹ ਸਾਡੇ ਲੋਕਾਂ ਕੋਲ ਯੂਨਾਨੀ ਸ਼ਹਿਰਾਂ ਵਿੱਚ ਜਾਵੇਗਾ ਅਤੇ ਯੂਨਾਨੀਆਂ ਨੂੰ ਵੀ ਸਿੱਖਿਆ ਦੇਵੇਗਾ ? 36ਇਸ ਦੇ ਇਹਨਾਂ ਸ਼ਬਦਾਂ ਦਾ ਕੀ ਅਰਥ ਹੈ ਕਿ, ‘ਤੁਸੀਂ ਮੈਨੂੰ ਲੱਭੋਗੇ, ਪਰ ਨਹੀਂ ਲੱਭ ਸਕੋਗੇ’ ਅਤੇ ‘ਜਿੱਥੇ ਮੈਂ ਹੋਵਾਂਗਾ ਤੁਸੀਂ ਉੱਥੇ ਨਹੀਂ ਆ ਸਕੋਗੇ’ ?”
ਜੀਵਨ ਜਲ ਦੀਆਂ ਨਦੀਆਂ
37 #
ਲੇਵੀ 23:36
ਤਿਉਹਾਰ ਦੇ ਅੰਤਮ ਅਤੇ ਪ੍ਰਮੁੱਖ ਦਿਨ ਯਿਸੂ ਨੇ ਖੜ੍ਹੇ ਹੋ ਕੇ ਉੱਚੀ ਆਵਾਜ਼ ਨਾਲ ਕਿਹਾ, “ਜੇਕਰ ਕੋਈ ਪਿਆਸਾ ਹੈ ਤਾਂ ਉਹ ਮੇਰੇ ਕੋਲ ਆਵੇ ਅਤੇ ਪੀਵੇ । 38#ਹਿਜ਼ 47:1, ਜ਼ਕਰ 14:8ਜਿਸ ਤਰ੍ਹਾਂ ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੋਇਆ ਹੈ, ‘ਉਹ ਜਿਹੜਾ ਮੇਰੇ ਵਿੱਚ ਵਿਸ਼ਵਾਸ ਕਰਦਾ ਹੈ, ਉਸ ਦੇ ਅੰਦਰੋਂ ਜੀਵਨ ਦੇ ਜਲ ਦੀਆਂ ਨਦੀਆਂ ਵਗ ਪੈਣਗੀਆਂ ।’” 39ਯਿਸੂ ਨੇ ਇਹ ਪਵਿੱਤਰ ਆਤਮਾ ਦੇ ਬਾਰੇ ਕਿਹਾ ਜਿਸ ਨੂੰ ਉਹਨਾਂ ਦੇ ਵਿਸ਼ਵਾਸੀ ਪ੍ਰਾਪਤ ਕਰਨ ਵਾਲੇ ਸਨ ਕਿਉਂਕਿ ਅਜੇ ਤੱਕ ਪਵਿੱਤਰ ਆਤਮਾ ਕਿਸੇ ਨੂੰ ਨਹੀਂ ਦਿੱਤਾ ਗਿਆ ਸੀ ਕਿਉਂਕਿ ਯਿਸੂ ਅਜੇ ਤੱਕ ਆਪਣੀ ਮਹਿਮਾ ਤੱਕ ਨਹੀਂ ਪਹੁੰਚੇ ਸਨ ।
ਪ੍ਰਭੂ ਯਿਸੂ ਦੇ ਬਾਰੇ ਲੋਕਾਂ ਦੇ ਵੱਖ-ਵੱਖ ਵਿਚਾਰ
40ਉਹਨਾਂ ਨੂੰ ਇਹ ਕਹਿੰਦੇ ਹੋਏ ਸੁਣ ਕੇ ਭੀੜ ਵਿੱਚੋਂ ਕੁਝ ਲੋਕਾਂ ਨੇ ਕਿਹਾ, “ਇਹ ਆਦਮੀ ਸੱਚਮੁੱਚ ਨਬੀ ਹੈ !” 41ਕੁਝ ਹੋਰਨਾਂ ਨੇ ਕਿਹਾ, “ਇਹ ਮਸੀਹ ਹੈ ।” ਪਰ ਕੁਝ ਲੋਕ ਕਹਿਣ ਲੱਗੇ, “ਕੀ ਮਸੀਹ ਗਲੀਲ ਵਿੱਚੋਂ ਆਵੇਗਾ ? 42#2 ਸਮੂ 7:12, ਮੀਕਾ 5:2ਕੀ ਪਵਿੱਤਰ-ਗ੍ਰੰਥ ਇਸ ਦੇ ਬਾਰੇ ਇਸ ਤਰ੍ਹਾਂ ਨਹੀਂ ਕਹਿੰਦਾ, ਮਸੀਹ ਦਾਊਦ ਦੀ ਕੁਲ ਵਿੱਚੋਂ ਹੋਵੇਗਾ ਅਤੇ ਉਹ ਬੈਤਲਹਮ ਪਿੰਡ ਵਿੱਚ ਪੈਦਾ ਹੋਵੇਗਾ ਜਿੱਥੇ ਦਾਊਦ ਆਪ ਰਹਿੰਦਾ ਸੀ ?” 43ਇਸ ਤਰ੍ਹਾਂ ਯਿਸੂ ਦੇ ਕਾਰਨ ਭੀੜ ਵਿੱਚ ਫੁੱਟ ਪੈ ਗਈ । 44ਕੁਝ ਲੋਕ ਉਹਨਾਂ ਨੂੰ ਫੜਨਾ ਚਾਹੁੰਦੇ ਸਨ ਪਰ ਉਹਨਾਂ ਨੂੰ ਕਿਸੇ ਨੇ ਹੱਥ ਨਾ ਲਾਇਆ ।
ਯਹੂਦੀ ਅਧਿਕਾਰੀਆਂ ਦਾ ਅਵਿਸ਼ਵਾਸ
45ਇਸ ਲਈ ਹੈਕਲ ਦੇ ਪਹਿਰੇਦਾਰ ਮਹਾਂ-ਪੁਰੋਹਿਤਾਂ ਅਤੇ ਫ਼ਰੀਸੀਆਂ ਕੋਲ ਵਾਪਸ ਚਲੇ ਗਏ । ਉਹਨਾਂ ਨੇ ਪਹਿਰੇਦਾਰਾਂ ਤੋਂ ਪੁੱਛਿਆ, “ਤੁਸੀਂ ਉਸ ਨੂੰ ਆਪਣੇ ਨਾਲ ਕਿਉਂ ਨਹੀਂ ਲਿਆਏ ?” 46ਪਹਿਰੇਦਾਰਾਂ ਨੇ ਉੱਤਰ ਦਿੱਤਾ, “ਇਸ ਮਨੁੱਖ ਦੇ ਵਾਂਗ ਅੱਜ ਤੱਕ ਕਿਸੇ ਨੇ ਵੀ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕੀਤੀਆਂ ।” 47ਫ਼ਰੀਸੀਆਂ ਨੇ ਉਹਨਾਂ ਨੂੰ ਕਿਹਾ, “ਕੀ ਤੁਸੀਂ ਵੀ ਕਿਤੇ ਭਰਮ ਵਿੱਚ ਤਾਂ ਨਹੀਂ ਫਸ ਗਏ ? 48ਕੀ ਅਧਿਕਾਰੀਆਂ ਵਿੱਚੋਂ ਕਿਸੇ ਨੇ ਜਾਂ ਫ਼ਰੀਸੀਆਂ ਵਿੱਚੋਂ ਕਿਸੇ ਨੇ ਉਸ ਵਿੱਚ ਵਿਸ਼ਵਾਸ ਕੀਤਾ ਹੈ ? 49ਬਾਕੀ ਰਹੀ ਭੀੜ ਦੀ ਗੱਲ, ਇਹ ਤਾਂ ਵਿਵਸਥਾ ਨੂੰ ਨਹੀਂ ਜਾਣਦੀ, ਇਹ ਤਾਂ ਪਰਮੇਸ਼ਰ ਦੇ ਸਰਾਪ ਹੇਠ ਹੈ ।” 50#ਯੂਹ 3:1-2ਨਿਕੁਦੇਮੁਸ ਜਿਹੜਾ ਉਹਨਾਂ ਵਿੱਚੋਂ ਇੱਕ ਸੀ ਅਤੇ ਉਹ ਯਿਸੂ ਕੋਲ ਪਹਿਲਾਂ ਜਾ ਚੁੱਕਾ ਸੀ, ਉਸ ਨੇ ਉਹਨਾਂ ਨੂੰ ਕਿਹਾ, 51“ਕੀ ਸਾਡੀ ਵਿਵਸਥਾ ਕਿਸੇ ਆਦਮੀ ਨੂੰ, ਜਦੋਂ ਤੱਕ ਕਿ ਪਹਿਲਾਂ ਉਸ ਦੀ ਸੁਣ ਨਾ ਲਵੇ ਅਤੇ ਜਾਣ ਨਾ ਲਵੇ ਕਿ ਉਹ ਕੀ ਕਰਦਾ ਹੈ, ਦੋਸ਼ੀ ਸਿੱਧ ਕਰਦੀ ਹੈ ?” 52ਉਹਨਾਂ ਨੇ ਨਿਕੁਦੇਮੁਸ ਨੂੰ ਉੱਤਰ ਦਿੱਤਾ, “ਕੀ ਤੂੰ ਵੀ ਗਲੀਲ ਦਾ ਰਹਿਣ ਵਾਲਾ ਹੈਂ ? ਪਵਿੱਤਰ-ਗ੍ਰੰਥ ਨੂੰ ਧਿਆਨ ਨਾਲ ਪੜ੍ਹ ਅਤੇ ਦੇਖ ਕਿ ਕੋਈ ਵੀ ਨਬੀ ਗਲੀਲ ਵਿੱਚ ਪੈਦਾ ਨਹੀਂ ਹੋਇਆ ।”
[53ਇਸ ਦੇ ਬਾਅਦ ਹਰ ਕੋਈ ਆਪਣੇ ਆਪਣੇ ਘਰ ਨੂੰ ਚਲਾ ਗਿਆ ।
Punjabi Common Language (North American Version):
Text © 2021 Canadian Bible Society and Bible Society of India