ਯੂਹੰਨਾ 2
2
ਕਾਨਾ ਪਿੰਡ ਵਿੱਚ ਵਿਆਹ
1ਤੀਜੇ ਦਿਨ ਗਲੀਲ ਦੇ ਇਲਾਕੇ ਦੇ ਕਾਨਾ ਪਿੰਡ ਵਿੱਚ ਇੱਕ ਵਿਆਹ ਸੀ । ਯਿਸੂ ਦੀ ਮਾਂ ਮਰਿਯਮ ਉੱਥੇ ਸੀ । 2ਯਿਸੂ ਅਤੇ ਉਹਨਾਂ ਦੇ ਚੇਲੇ ਵੀ ਉਸ ਵਿਆਹ ਵਿੱਚ ਸੱਦੇ ਗਏ ਸਨ । 3ਜਦੋਂ ਮੈਅ ਮੁੱਕ ਗਈ ਤਾਂ ਯਿਸੂ ਦੀ ਮਾਂ ਨੇ ਯਿਸੂ ਨੂੰ ਕਿਹਾ, “ਉਹਨਾਂ ਕੋਲ ਹੋਰ ਮੈਅ ਨਹੀਂ ਹੈ ।” 4ਯਿਸੂ ਨੇ ਉੱਤਰ ਦਿੱਤਾ, “ਬੀਬੀ ਜੀ,#2:4 ਯੂਨਾਨੀ ਭਾਸ਼ਾ ਵਿੱਚ ਇੱਥੇ ‘ਗੁਨੇ’ ਸ਼ਬਦ ਹੈ ਜਿਸ ਦਾ ਅਰਥ ਹੈ ‘ਔਰਤ’ ਜੋ ਯੂਨਾਨੀ ਲੋਕਾਂ ਲਈ ਇੱਕ ਸਤਿਕਾਰ ਵਾਲੀ ਪਦਵੀ ਹੈ । ਇਸ ਤੋਂ ਤੁਹਾਨੂੰ ਅਤੇ ਮੈਨੂੰ ਕੀ ? ਅਜੇ ਮੇਰਾ ਸਮਾਂ ਨਹੀਂ ਆਇਆ ।” 5ਪਰ ਯਿਸੂ ਦੀ ਮਾਂ ਨੇ ਸੇਵਕਾਂ ਨੂੰ ਕਿਹਾ, “ਜਿਸ ਤਰ੍ਹਾਂ ਉਹ ਤੁਹਾਨੂੰ ਕਹੇ ਉਸੇ ਤਰ੍ਹਾਂ ਕਰਨਾ ।”
6ਯਹੂਦੀਆਂ ਦੇ ਸ਼ੁੱਧ ਕਰਨ#2:6 ਖਾਣਾ ਖਾਣ ਤੋਂ ਪਹਿਲਾਂ ਹੱਥ ਪੈਰ ਧੋਣ ਦੀ ਰੀਤ ਦੀ ਰੀਤ ਅਨੁਸਾਰ ਉੱਥੇ ਪੱਥਰ ਦੇ ਛੇ ਮੱਟ ਰੱਖੇ ਹੋਏ ਸਨ । ਹਰ ਇੱਕ ਮੱਟ ਵਿੱਚ ਲਗਭਗ ਇੱਕ ਕੁਵਿੰਟਲ ਪਾਣੀ ਪੈ ਸਕਦਾ ਸੀ । 7ਯਿਸੂ ਨੇ ਸੇਵਕਾਂ ਨੂੰ ਕਿਹਾ, “ਮੱਟਾਂ ਨੂੰ ਪਾਣੀ ਦੇ ਨਾਲ ਭਰ ਦਿਓ ।” ਉਹਨਾਂ ਨੇ ਮੱਟਾਂ ਨੂੰ ਪਾਣੀ ਦੇ ਨਾਲ ਮੂੰਹ ਤੱਕ ਭਰ ਦਿੱਤਾ । 8ਫਿਰ ਯਿਸੂ ਨੇ ਸੇਵਕਾਂ ਨੂੰ ਕਿਹਾ, “ਥੋੜ੍ਹਾ ਜਿਹਾ ਪਾਣੀ ਬਾਹਰ ਕੱਢੋ ਅਤੇ ਭੋਜ ਦੇ ਪ੍ਰਧਾਨ ਕੋਲ ਲੈ ਜਾਓ ।” ਉਹ ਲੈ ਗਏ । 9ਪ੍ਰਧਾਨ ਨੇ ਉਸ ਪਾਣੀ ਦਾ ਸੁਆਦ ਚੱਖਿਆ ਜਿਹੜਾ ਮੈਅ ਬਣ ਚੁੱਕਾ ਸੀ । ਉਹ ਨਹੀਂ ਜਾਣਦਾ ਸੀ ਕਿ ਇਹ ਮੈਅ ਕਿੱਥੋਂ ਆਈ ਹੈ ਪਰ ਉੁਹ ਸੇਵਕ ਜਿਹਨਾਂ ਨੇ ਇਹ ਪਾਣੀ ਕੱਢਿਆ ਸੀ, ਜਾਣਦੇ ਸਨ । ਇਸ ਲਈ ਪ੍ਰਧਾਨ ਨੇ ਲਾੜੇ ਨੂੰ ਸੱਦਿਆ 10ਅਤੇ ਕਿਹਾ, “ਹਰ ਕੋਈ ਪਹਿਲਾਂ ਵਧੀਆ ਮੈਅ ਪ੍ਰਾਹੁਣਿਆਂ ਦੇ ਅੱਗੇ ਰੱਖਦਾ ਹੈ ਅਤੇ ਜਦੋਂ ਉਹ ਮਤਵਾਲੇ ਹੋ ਜਾਂਦੇ ਹਨ ਤਦ ਘਟੀਆ ਮੈਅ ਰੱਖਦਾ ਹੈ ਪਰ ਤੂੰ ਹੁਣ ਤੱਕ ਵਧੀਆ ਮੈਅ ਬਚਾ ਕੇ ਰੱਖੀ ਹੋਈ ਹੈ ।” 11ਇਸ ਪ੍ਰਕਾਰ ਯਿਸੂ ਨੇ ਆਪਣੇ ਚਮਤਕਾਰੀ ਚਿੰਨ੍ਹਾਂ ਦਾ ਆਰੰਭ ਗਲੀਲ ਦੇ ਇਸ ਪਿੰਡ ਕਾਨਾ ਵਿੱਚ ਕਰ ਕੇ ਆਪਣੀ ਮਹਿਮਾ ਪ੍ਰਗਟ ਕੀਤੀ ਅਤੇ ਯਿਸੂ ਦੇ ਚੇਲਿਆਂ ਨੇ ਉਹਨਾਂ ਵਿੱਚ ਵਿਸ਼ਵਾਸ ਕੀਤਾ ।
12 #
ਮੱਤੀ 4:13
ਇਸ ਦੇ ਬਾਅਦ ਯਿਸੂ, ਉਹਨਾਂ ਦੀ ਮਾਂ, ਭਰਾ ਅਤੇ ਚੇਲੇ ਕਫ਼ਰਨਾਹੂਮ ਵਿੱਚ ਆਏ ਅਤੇ ਕੁਝ ਦਿਨ ਉੱਥੇ ਰਹੇ ।
ਪ੍ਰਭੂ ਯਿਸੂ ਦਾ ਹੈਕਲ ਵਿੱਚ ਜਾਣਾ
(ਮੱਤੀ 21:12-13, ਮਰਕੁਸ 11:15-17, ਲੂਕਾ 19:45-46)
13 #
ਕੂਚ 12:1-27
ਯਹੂਦੀਆਂ ਦੇ ਪਸਾਹ ਦਾ ਤਿਉਹਾਰ ਨੇੜੇ ਸੀ ਇਸ ਲਈ ਯਿਸੂ ਯਰੂਸ਼ਲਮ ਨੂੰ ਗਏ । 14ਉੱਥੇ ਯਿਸੂ ਨੇ ਹੈਕਲ ਵਿੱਚ ਪਸ਼ੂਆਂ, ਭੇਡਾਂ ਅਤੇ ਕਬੂਤਰਾਂ ਦੇ ਵੇਚਣ ਵਾਲਿਆਂ ਅਤੇ ਸਰਾਫ਼ਾਂ#2:14 ਪੈਸਾ ਬਦਲਣ ਦੇ ਵਪਾਰੀ ਨੂੰ ਬੈਠੇ ਦੇਖਿਆ । 15ਯਿਸੂ ਨੇ ਰੱਸੀਆਂ ਦਾ ਇੱਕ ਕੋਰੜਾ ਬਣਾਇਆ ਅਤੇ ਉਸ ਦੇ ਨਾਲ ਸਾਰੇ ਪਸ਼ੂਆਂ ਅਤੇ ਭੇਡਾਂ ਨੂੰ ਹੈਕਲ ਦੇ ਵਿੱਚੋਂ ਬਾਹਰ ਕੱਢ ਦਿੱਤਾ ਅਤੇ ਸਰਾਫ਼ਾਂ ਦੇ ਪੈਸੇ ਅਤੇ ਗੱਦੀਆਂ ਉਲਟਾ ਦਿੱਤੀਆਂ । 16ਫਿਰ ਯਿਸੂ ਨੇ ਕਬੂਤਰ ਵੇਚਣ ਵਾਲਿਆਂ ਨੂੰ ਕਿਹਾ, “ਇਹਨਾਂ ਨੂੰ ਇੱਥੋਂ ਲੈ ਜਾਓ । ਮੇਰੇ ਪਿਤਾ ਦੇ ਘਰ ਨੂੰ ਮੰਡੀ ਨਾ ਬਣਾਓ !” 17#ਭਜਨ 69:9ਉਸ ਸਮੇਂ ਯਿਸੂ ਦੇ ਚੇਲਿਆਂ ਨੂੰ ਪਵਿੱਤਰ-ਗ੍ਰੰਥ ਦੇ ਇਹ ਸ਼ਬਦ ਯਾਦ ਆਏ, “ਹੇ ਪਰਮੇਸ਼ਰ, ਤੁਹਾਡੇ ਘਰ ਦੀ ਅਣਖ ਮੈਨੂੰ ਖਾ ਜਾਵੇਗੀ ।”
18ਯਹੂਦੀਆਂ ਨੇ ਯਿਸੂ ਤੋਂ ਪੁੱਛਿਆ, “ਤੂੰ ਸਾਨੂੰ ਕਿਹੜਾ ਚਿੰਨ੍ਹ ਦਿਖਾ ਸਕਦਾ ਹੈਂ ਕਿ ਸਾਨੂੰ ਪਤਾ ਲੱਗੇ ਕਿ ਤੈਨੂੰ ਇਹ ਕਰਨ ਦਾ ਅਧਿਕਾਰ ਹੈ ?” 19#ਮੱਤੀ 26:61, 27:40, ਮਰ 14:58, 15:29ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਇਸ ਹੈਕਲ ਨੂੰ ਤੁਸੀਂ ਢਾਹ ਦਿਓ, ਮੈਂ ਇਸ ਨੂੰ ਫਿਰ ਤਿੰਨ ਦਿਨਾਂ ਵਿੱਚ ਖੜ੍ਹਾ ਕਰ ਦੇਵਾਂਗਾ ।” 20ਯਹੂਦੀਆਂ ਨੇ ਉੱਤਰ ਦਿੱਤਾ, “ਇਸ ਹੈਕਲ ਨੂੰ ਬਣਾਉਣ ਵਿੱਚ ਛਿਆਲੀ ਸਾਲ ਲੱਗੇ ਹਨ, ਕੀ ਤੂੰ ਇਸ ਨੂੰ ਤਿੰਨ ਦਿਨਾਂ ਵਿੱਚ ਖੜ੍ਹਾ ਕਰ ਦੇਵੇਂਗਾ ?”
21ਪਰ ਹੈਕਲ ਜਿਸ ਦੇ ਬਾਰੇ ਯਿਸੂ ਨੇ ਕਿਹਾ ਸੀ, ਉਹ ਉਹਨਾਂ ਦਾ ਆਪਣਾ ਸਰੀਰ ਸੀ । 22ਇਸ ਲਈ ਜਦੋਂ ਯਿਸੂ ਮੁਰਦਿਆਂ ਵਿੱਚੋਂ ਜੀਅ ਉੱਠੇ ਤਾਂ ਉਹਨਾਂ ਦੇ ਚੇਲਿਆਂ ਨੂੰ ਯਿਸੂ ਦੇ ਕਹੇ ਹੋਏ ਇਹ ਸ਼ਬਦ ਯਾਦ ਆਏ ਅਤੇ ਉਹਨਾਂ ਨੇ ਪਵਿੱਤਰ-ਗ੍ਰੰਥ ਅਤੇ ਉਹਨਾਂ ਸ਼ਬਦਾਂ ਉੱਤੇ ਜਿਹੜੇ ਯਿਸੂ ਨੇ ਕਹੇ ਸਨ, ਵਿਸ਼ਵਾਸ ਕੀਤਾ ।
ਪ੍ਰਭੂ ਯਿਸੂ ਸਾਰਿਆਂ ਦੇ ਮਨਾਂ ਨੂੰ ਜਾਣਦੇ ਹਨ
23ਜਦੋਂ ਯਿਸੂ ਪਸਾਹ ਦੇ ਤਿਉਹਾਰ ਦੇ ਦਿਨਾਂ ਵਿੱਚ ਯਰੂਸ਼ਲਮ ਵਿੱਚ ਸਨ ਤਾਂ ਬਹੁਤ ਸਾਰੇ ਲੋਕਾਂ ਨੇ ਉਹਨਾਂ ਦੇ ਚਮਤਕਾਰੀ ਚਿੰਨ੍ਹਾਂ ਨੂੰ ਦੇਖ ਕੇ ਜਿਹੜੇ ਉਹਨਾਂ ਨੇ ਉੱਥੇ ਦਿਖਾਏ ਸਨ, ਉਹਨਾਂ ਦੇ ਨਾਮ ਵਿੱਚ ਵਿਸ਼ਵਾਸ ਕੀਤਾ । 24ਪਰ ਯਿਸੂ ਨੇ ਉਹਨਾਂ ਦਾ ਭਰੋਸਾ ਨਾ ਕੀਤਾ ਕਿਉਂਕਿ ਉਹ ਸਾਰਿਆਂ ਨੂੰ ਜਾਣਦੇ ਸਨ । 25ਯਿਸੂ ਨੂੰ ਇਸ ਦੀ ਕੋਈ ਲੋੜ ਨਹੀਂ ਸੀ ਕਿ ਕੋਈ ਉਹਨਾਂ ਨੂੰ ਮਨੁੱਖਾਂ ਦੇ ਬਾਰੇ ਦੱਸੇ ਕਿਉਂਕਿ ਉਹ ਆਪ ਮਨੁੱਖ ਦੇ ਮਨ ਦੇ ਵਿਚਾਰਾਂ ਨੂੰ ਜਾਣਦੇ ਸਨ ।
Punjabi Common Language (North American Version):
Text © 2021 Canadian Bible Society and Bible Society of India