ਲੂਕਾ 2

2
ਯਿਸੂ ਦਾ ਜਨਮ
ਮੱਤੀ 1:18-25
1ਉਨ੍ਹਾਂ ਦਿਨਾਂ ਵਿੱਚ ਇਹ ਹੋਇਆ ਕਿ ਕੈਸਰ ਔਗੁਸਤੁਸ ਨੇ ਹੁਕਮ ਦਿੱਤਾ, ਜੋ ਸਾਰੀ ਦੁਨੀਆਂ ਦੇ ਲੋਕਾਂ ਦੇ ਨਾਮ ਲਿਖੇ ਜਾਣ। 2ਇਹ ਪਹਿਲੀ ਨਾਮ ਲਿਖਾਈ ਸੀ ਜੋ ਸੀਰੀਯਾ ਦੇ ਹਾਕਮ ਕੁਰੇਨਿਯੁਸ ਦੇ ਸਮੇਂ ਵਿੱਚ ਕੀਤੀ ਗਈ। 3ਅਤੇ ਸਭ ਲੋਕ ਆਪਣੇ ਨਾਮ ਲਿਖਾਉਣ ਲਈ ਆਪੋ ਆਪਣੇ ਨਗਰ ਨੂੰ ਗਏ। 4ਅਤੇ ਯੂਸੁਫ਼ ਵੀ ਇਸ ਲਈ ਜੋ ਉਹ ਦਾਊਦ ਦੇ ਘਰਾਣੇ ਅਤੇ ਵੰਸ਼ ਵਿੱਚੋਂ ਸੀ, ਗਲੀਲ ਦੇ ਨਾਸਰਤ ਸ਼ਹਿਰ ਤੋਂ ਯਹੂਦਿਯਾ ਵਿੱਚ ਦਾਊਦ ਦੇ ਸ਼ਹਿਰ ਨੂੰ ਗਿਆ, ਜੋ ਬੈਤਲਹਮ ਅਖਵਾਉਂਦਾ ਹੈ। 5ਕਿ ਆਪਣੀ ਮੰਗੇਤਰ ਮਰਿਯਮ ਨਾਲ ਜੋ ਗਰਭਵਤੀ ਸੀ ਆਪਣਾ ਨਾਮ ਲਿਖਾਵੇ। 6ਅਤੇ ਇਸ ਤਰ੍ਹਾਂ ਹੋਇਆ ਕਿ ਉਨ੍ਹਾਂ ਦੇ ਉੱਥੇ ਹੁੰਦਿਆਂ ਮਰਿਯਮ ਦੇ ਜਨਮ ਦੇਣ ਦੇ ਦਿਨ ਪੂਰੇ ਹੋ ਗਏ। 7ਅਤੇ ਉਸ ਨੇ ਆਪਣੇ ਇਕਲੌਤੇ ਪੁੱਤਰ ਨੂੰ ਜਨਮ ਦਿੱਤਾ ਅਤੇ ਉਸ ਨੂੰ ਕੱਪੜੇ ਵਿੱਚ ਲਪੇਟ ਕੇ ਖੁਰਲੀ ਵਿੱਚ ਰੱਖਿਆ, ਕਿਉਂ ਜੋ ਉਨ੍ਹਾਂ ਨੂੰ ਸਰਾਂ ਵਿੱਚ ਸਥਾਨ ਨਾ ਮਿਲਿਆ।
ਸਵਰਗ ਦੂਤਾਂ ਦੁਆਰਾ ਚਰਵਾਹਿਆਂ ਨੂੰ ਸੰਦੇਸ਼
8ਉਸ ਦੇਸ ਵਿੱਚ ਕੁਝ ਚਰਵਾਹੇ ਸਨ, ਜੋ ਰਾਤ ਨੂੰ ਖੇਤਾਂ ਵਿੱਚ ਰਹਿ ਕੇ ਆਪਣੇ ਇੱਜੜ ਦੀ ਰਖਵਾਲੀ ਕਰ ਰਹੇ ਸਨ। 9ਪ੍ਰਭੂ ਦਾ ਦੂਤ ਉਨ੍ਹਾਂ ਦੇ ਸਾਹਮਣੇ ਅਤੇ ਪ੍ਰਭੂ ਦਾ ਤੇਜ ਉਨ੍ਹਾਂ ਦੇ ਚਾਰੋਂ ਪਾਸੇ ਚਮਕਿਆ ਅਤੇ ਉਹ ਬਹੁਤ ਡਰ ਗਏ। 10ਤਦ ਦੂਤ ਨੇ ਉਨ੍ਹਾਂ ਨੂੰ ਆਖਿਆ, ਨਾ ਡਰੋ, ਕਿਉਂਕਿ ਵੇਖੋ, ਮੈਂ ਤੁਹਾਨੂੰ ਵੱਡੀ ਖੁਸ਼ੀ ਦੀ ਖ਼ਬਰ ਸੁਣਾਉਂਦਾ ਹਾਂ ਜੋ ਸਾਰੀ ਦੁਨੀਆਂ ਦੇ ਲਈ ਹੋਵੇਗੀ 11ਕਿ ਦਾਊਦ ਦੇ ਸ਼ਹਿਰ ਵਿੱਚ ਅੱਜ ਤੁਹਾਡੇ ਲਈ ਇੱਕ ਮੁਕਤੀਦਾਤਾ ਪੈਦਾ ਹੋਇਆ ਹੈ, ਜਿਹੜਾ ਮਸੀਹ ਪ੍ਰਭੂ ਹੈ। 12ਅਤੇ ਤੁਹਾਡੇ ਲਈ ਇਹ ਚਿੰਨ੍ਹ ਹੋਵੇਗਾ ਕਿ ਤੁਸੀਂ ਇੱਕ ਬਾਲਕ ਨੂੰ ਕੱਪੜੇ ਵਿੱਚ ਲਪੇਟਿਆ ਅਤੇ ਖੁਰਲੀ ਵਿੱਚ ਪਿਆ ਹੋਇਆ ਵੇਖੋਗੇ। 13ਤਦ ਇੱਕ ਦਮ ਸਵਰਗ ਦੀ ਫ਼ੌਜ ਦਾ ਇੱਕ ਦਲ ਉਸ ਦੂਤ ਦੇ ਨਾਲ ਹੋ ਕੇ ਪਰਮੇਸ਼ੁਰ ਦੀ ਵਡਿਆਈ ਕਰਦਾ ਅਤੇ ਇਹ ਕਹਿੰਦਾ ਸੀ l 14ਸਵਰਗ ਵਿੱਚ ਪਰਮੇਸ਼ੁਰ ਦੀ ਵਡਿਆਈ, ਅਤੇ ਧਰਤੀ ਤੇ ਉਨ੍ਹਾਂ ਲੋਕਾਂ ਵਿੱਚ ਸ਼ਾਂਤੀ ਜਿਨ੍ਹਾਂ ਨਾਲ ਉਹ ਖੁਸ਼ ਹੈ। 15ਜਦ ਦੂਤ ਉਨ੍ਹਾਂ ਦੇ ਕੋਲੋਂ ਸਵਰਗ ਨੂੰ ਚਲੇ ਗਏ ਤਦ ਚਰਵਾਹਿਆਂ ਨੇ ਆਪਸ ਵਿੱਚ ਆਖਿਆ, ਆਉ ਹੁਣ ਬੈਤਲਹਮ ਵੱਲ ਚੱਲੀਏ ਅਤੇ ਇਸ ਗੱਲ ਨੂੰ ਜੋ ਹੋਈ ਹੈ, ਵੇਖੀਏ, ਜਿਸ ਦੀ ਖ਼ਬਰ ਪ੍ਰਭੂ ਨੇ ਦਿੱਤੀ ਹੈ। 16ਤਦ ਉਨ੍ਹਾਂ ਨੇ ਛੇਤੀ ਨਾਲ ਆ ਕੇ ਮਰਿਯਮ ਅਤੇ ਯੂਸੁਫ਼ ਨੂੰ ਅਤੇ ਉਸ ਬਾਲਕ ਨੂੰ ਖੁਰਲੀ ਵਿੱਚ ਪਿਆ ਵੇਖਿਆ। 17ਅਤੇ ਉਨ੍ਹਾਂ ਨੇ ਉਸ ਬਚਨ ਨੂੰ ਜਿਹੜਾ ਇਸ ਬਾਲਕ ਦੇ ਬਾਰੇ ਸਵਰਗ ਦੂਤਾਂ ਨੇ ਦੱਸਿਆ ਸੀ, ਸੁਣਾਇਆ। 18ਅਤੇ ਚਰਵਾਹਿਆਂ ਦੀਆਂ ਗੱਲਾਂ ਸੁਣ ਕੇ ਸਾਰੇ ਹੈਰਾਨ ਹੋਏ। 19ਪਰ ਮਰਿਯਮ ਨੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਆਪਣੇ ਦਿਲ ਵਿੱਚ ਧਿਆਨ ਨਾਲ ਰੱਖਿਆ। 20ਅਤੇ ਚਰਵਾਹਿਆਂ ਨੇ ਇਨ੍ਹਾਂ ਸਾਰੀਆਂ ਗੱਲਾਂ ਦੇ ਵਿਖੇ ਜਿਸ ਤਰ੍ਹਾਂ ਉਨ੍ਹਾਂ ਨੂੰ ਦੱਸੀਆਂ ਗਈਆਂ ਸਨ, ਉਸੇ ਤਰ੍ਹਾਂ ਸੁਣ ਅਤੇ ਵੇਖ ਕੇ ਪਰਮੇਸ਼ੁਰ ਦੀ ਵਡਿਆਈ ਅਤੇ ਉਸਤਤ ਕਰਦੇ ਹੋਏ ਵਾਪਸ ਚਲੇ ਗਏ।
ਯਿਸੂ ਦਾ ਨਾਮ ਰੱਖਣਾ
21ਜਦ ਅੱਠ ਦਿਨ ਪੂਰੇ ਹੋਏ, ਕਿ ਉਸ ਦੀ ਸੁੰਨਤ ਹੋਵੇ ਤਦ ਉਸ ਦਾ ਨਾਮ ਯਿਸੂ ਰੱਖਿਆ ਗਿਆ, ਜੋ ਮਰਿਯਮ ਦੇ ਗਰਭ ਵਿੱਚ ਆਉਣ ਤੋਂ ਪਹਿਲਾਂ ਦੂਤ ਨੇ ਰੱਖਿਆ ਸੀ।
ਹੈਕਲ ਵਿੱਚ ਯਿਸੂ ਦਾ ਅਰਪਣ
22ਜਦ ਮੂਸਾ ਦੀ ਬਿਵਸਥਾ ਦੇ ਅਨੁਸਾਰ ਸ਼ੁੱਧ ਹੋਣ ਦੇ ਦਿਨ ਪੂਰੇ ਹੋਏ ਤਾਂ ਉਸ ਨੂੰ ਪ੍ਰਭੂ ਦੇ ਅੱਗੇ ਸਮਰਪਤ ਕਰਨ ਲਈ ਯਰੂਸ਼ਲਮ ਵਿੱਚ ਲਿਆਏ। 23ਜਿਵੇਂ ਪ੍ਰਭੂ ਦੀ ਬਿਵਸਥਾ ਵਿੱਚ ਲਿਖਿਆ ਹੋਇਆ ਹੈ, ਜੋ ਹਰੇਕ ਪਹਿਲੌਠਾ ਪ੍ਰਭੂ ਦੇ ਲਈ ਪਵਿੱਤਰ ਕਹਾਵੇਗਾ। 24ਅਤੇ ਉਸ ਗੱਲ ਅਨੁਸਾਰ ਜੋ ਪ੍ਰਭੂ ਦੀ ਬਿਵਸਥਾ ਵਿੱਚ ਲਿਖੀ ਹੋਈ ਹੈ ਅਰਥਾਤ ਘੁੱਗੀਆਂ ਦਾ ਇੱਕ ਜੋੜਾ ਜਾਂ ਕਬੂਤਰਾਂ ਦੇ ਦੋ ਬੱਚੇ ਬਲੀਦਾਨ ਕਰਨ।
ਸ਼ਿਮਉਨ ਦਾ ਗੀਤ
25ਯਰੂਸ਼ਲਮ ਵਿੱਚ ਸ਼ਮਊਨ ਨਾਮ ਦਾ ਇੱਕ ਮਨੁੱਖ ਸੀ, ਉਹ ਧਰਮੀ ਅਤੇ ਭਗਤ ਸੀ ਅਤੇ ਇਸਰਾਏਲ ਦੀ ਸ਼ਾਂਤੀ ਦੀ ਉਡੀਕ ਵਿੱਚ ਸੀ ਅਤੇ ਉਹ ਪਵਿੱਤਰ ਆਤਮਾ ਨਾਲ ਭਰਪੂਰ ਸੀ। 26ਅਤੇ ਪਵਿੱਤਰ ਆਤਮਾ ਨੇ ਉਸ ਉੱਤੇ ਪਰਗਟ ਕੀਤਾ ਕਿ ਜਦ ਤੱਕ ਤੂੰ ਪ੍ਰਭੂ ਦੇ ਮਸੀਹ ਨੂੰ ਨਾ ਵੇਖੇਂ ਤੂੰ ਨਾ ਮਰੇਂਗਾ। 27ਉਹ ਆਤਮਾ ਦੀ ਅਗਵਾਈ ਨਾਲ ਹੈਕਲ ਵਿੱਚ ਆਇਆ ਅਤੇ ਜਦ ਮਾਤਾ-ਪਿਤਾ ਉਸ ਬਾਲਕ ਯਿਸੂ ਨੂੰ ਅੰਦਰ ਲਿਆਏ, ਤਾਂ ਜੋ ਬਿਵਸਥਾ ਦੀ ਵਿਧੀ ਨੂੰ ਪੂਰਾ ਕਰਨ। 28ਉਸ ਨੇ ਉਸ ਨੂੰ ਬਾਹਾਂ ਵਿੱਚ ਲਿਆ ਅਤੇ ਪਰਮੇਸ਼ੁਰ ਦਾ ਧੰਨਵਾਦ ਕਰਕੇ ਆਖਿਆ, 29ਹੇ ਮਾਲਕ, ਹੁਣ ਤੂੰ ਆਪਣੇ ਦਾਸ ਨੂੰ ਆਪਣੇ ਬਚਨ ਅਨੁਸਾਰ ਸ਼ਾਂਤੀ ਨਾਲ ਵਿਦਿਆ ਕਰ, 30ਕਿਉਂਕਿ ਮੇਰੀਆਂ ਅੱਖਾਂ ਨੇ ਤੇਰੀ ਮੁਕਤੀ ਨੂੰ ਵੇਖ ਲਿਆ ਹੈ, 31ਜਿਸ ਨੂੰ ਤੂੰ ਸਾਰੇ ਦੇਸਾਂ ਦੇ ਲੋਕਾਂ ਅੱਗੇ ਤਿਆਰ ਕੀਤਾ ਹੈ, 32ਕਿ ਪਰਾਈਆਂ ਕੌਮਾਂ ਨੂੰ ਪ੍ਰਕਾਸ਼ ਦੇਣ ਲਈ ਜੋਤ, ਅਤੇ ਆਪਣੀ ਪਰਜਾ ਇਸਰਾਏਲ ਦੇ ਲਈ ਮਹਿਮਾ ਹੋਵੇ। 33ਉਸ ਦੇ ਪਿਤਾ ਅਤੇ ਮਾਤਾ ਉਨ੍ਹਾਂ ਗੱਲਾਂ ਤੋਂ ਜੋ ਉਸ ਦੇ ਬਾਰੇ ਆਖੀਆਂ ਗਈਆਂ ਸਨ, ਸੁਣ ਕੇ ਹੈਰਾਨ ਹੁੰਦੇ ਸਨ। 34ਤਦ ਸ਼ਮਊਨ ਨੇ ਉਨ੍ਹਾਂ ਨੂੰ ਬਰਕਤ ਦਿੱਤੀ ਅਤੇ ਉਸ ਦੀ ਮਾਤਾ ਮਰਿਯਮ ਨੂੰ ਆਖਿਆ, ਵੇਖ ਇਹ ਬਾਲਕ ਇਸਰਾਏਲ ਵਿੱਚ ਬਹੁਤਿਆਂ ਦੇ ਡਿੱਗਣ ਅਤੇ ਉੱਠਣ ਲਈ ਇੱਕ ਨਿਸ਼ਾਨ ਠਹਿਰਾਇਆ ਹੋਇਆ ਹੈ, ਜਿਸ ਦੇ ਵਿਰੁੱਧ ਗੱਲਾਂ ਹੋਣਗੀਆਂ। 35ਸਗੋਂ ਤਲਵਾਰ ਵੀ ਤੇਰੇ ਦਿਲ ਵਿੱਚ ਖੁੱਭ ਜਾਵੇਗੀ ਤਾਂ ਜੋ ਬਹੁਤਿਆਂ ਦੇ ਮਨਾਂ ਦੀਆਂ ਗੱਲਾਂ ਪਰਗਟ ਹੋ ਜਾਣ।
ਆੱਨਾ ਦੀ ਗਵਾਹੀ
36ਅਤੇ ਅਸ਼ੇਰ ਦੇ ਘਰਾਣੇ ਵਿੱਚੋਂ ਆੱਨਾ ਨਾਮ ਦੀ ਇੱਕ ਨਬੀਆ ਫ਼ਨੂਏਲ ਦੀ ਧੀ ਸੀ। ਉਹ ਬਜ਼ੁਰਗ ਸੀ ਅਤੇ ਆਪਣੇ ਵਿਆਹ ਹੋਣ ਤੋਂ ਬਾਅਦ ਸੱਤ ਸਾਲਾਂ ਤੱਕ ਹੀ ਆਪਣੇ ਪਤੀ ਨਾਲ ਰਹਿ ਸਕੀ ਸੀ। 37ਅਤੇ ਉਹ ਚੁਰਾਸੀਆਂ ਸਾਲਾਂ ਤੋਂ ਵਿਧਵਾ ਸੀ ਅਤੇ ਹੈਕਲ ਨੂੰ ਨਹੀਂ ਛੱਡਦੀ ਸੀ, ਪਰ ਵਰਤ ਰੱਖਣ ਅਤੇ ਬੇਨਤੀ ਕਰਨ ਨਾਲ ਰਾਤ-ਦਿਨ ਬੰਦਗੀ ਕਰਦੀ ਰਹਿੰਦੀ ਸੀ। 38ਉਸ ਨੇ ਉਸੇ ਸਮੇਂ ਉੱਥੇ ਆਣ ਕੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਉਸ ਦਾ ਜ਼ਿਕਰ ਉਨ੍ਹਾਂ ਸਭਨਾਂ ਨਾਲ ਕੀਤਾ ਜਿਹੜੇ ਯਰੂਸ਼ਲਮ ਦੇ ਛੁਟਕਾਰੇ ਦੀ ਉਡੀਕ ਵਿੱਚ ਸਨ।
ਨਾਸਰਤ ਨੂੰ ਵਾਪਸ ਆਉਣਾ
39ਅਤੇ ਜਦ ਉਹ ਪ੍ਰਭੂ ਦੀ ਬਿਵਸਥਾ ਦੇ ਅਨੁਸਾਰ ਸਭ ਕੁਝ ਪੂਰਾ ਕਰ ਚੁੱਕੇ ਤਾਂ ਗਲੀਲ ਵੱਲ ਆਪਣੇ ਸ਼ਹਿਰ ਨਾਸਰਤ ਨੂੰ ਵਾਪਸ ਮੁੜੇ। 40ਉਹ ਬਾਲਕ ਵਧਦਾ ਅਤੇ ਗਿਆਨ ਨਾਲ ਭਰਪੂਰ ਹੋ ਕੇ ਜ਼ੋਰ ਫੜਦਾ ਗਿਆ, ਅਤੇ ਪਰਮੇਸ਼ੁਰ ਦੀ ਕਿਰਪਾ ਉਸ ਉੱਤੇ ਸੀ।
ਬਾਲਕ ਯਿਸੂ ਹੈਕਲ ਵਿੱਚ
41ਉਸ ਦੇ ਮਾਤਾ-ਪਿਤਾ ਹਰ ਸਾਲ ਪਸਾਹ ਦੇ ਤਿਉਹਾਰ ਉੱਤੇ ਯਰੂਸ਼ਲਮ ਨੂੰ ਜਾਂਦੇ ਹੁੰਦੇ ਸਨ। 42ਜਦ ਯਿਸੂ ਬਾਰਾਂ ਸਾਲਾਂ ਦਾ ਹੋਇਆ ਤਾਂ ਉਹ ਤਿਉਹਾਰ ਦੀ ਰੀਤ ਅਨੁਸਾਰ ਯਰੂਸ਼ਲਮ ਗਏ। 43ਤਿਉਹਾਰ ਮਨਾਉਣ ਮਗਰੋਂ ਜਦ ਉਹ ਮੁੜਨ ਲੱਗੇ ਤਦ ਬਾਲਕ ਯਿਸੂ ਯਰੂਸ਼ਲਮ ਵਿੱਚ ਰਹਿ ਗਿਆ ਪਰ ਉਸ ਦੇ ਮਾਪਿਆਂ ਨੂੰ ਪਤਾ ਨਹੀਂ ਸੀ। 44ਪਰ ਇਹ ਸੋਚ ਕੇ ਕਿ ਉਹ ਕਾਫਲੇ ਵਿੱਚ ਹੋਵੇਗਾ ਉਹਨਾਂ ਨੇ ਇੱਕ ਦਿਨ ਦਾ ਸਫ਼ਰ ਪੂਰਾ ਕੀਤਾ ਅਤੇ ਤਦ ਉਸ ਨੂੰ ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਵਿੱਚ ਲੱਭਿਆ। 45ਅਤੇ ਜਦ ਉਹ ਨਾ ਲੱਭਾ ਤਦ ਉਸ ਦੀ ਖੋਜ ਵਿੱਚ ਯਰੂਸ਼ਲਮ ਨੂੰ ਮੁੜੇ। 46ਅਤੇ ਇਸ ਤਰ੍ਹਾਂ ਹੋਇਆ ਜੋ ਉਨ੍ਹਾਂ ਨੇ ਤਿੰਨਾਂ ਦਿਨਾਂ ਪਿੱਛੋਂ ਉਸ ਨੂੰ ਹੈਕਲ ਵਿੱਚ ਉਪਦੇਸ਼ਕਾਂ ਦੇ ਵਿਚਕਾਰ ਬੈਠਿਆਂ, ਉਨ੍ਹਾਂ ਨੂੰ ਸੁਣਦਿਆਂ ਅਤੇ ਉਨ੍ਹਾਂ ਤੋਂ ਪ੍ਰਸ਼ਨ ਪੁੱਛਦਿਆਂ ਵੇਖਿਆ। 47ਅਤੇ ਸਾਰੇ ਸੁਣਨ ਵਾਲੇ ਉਸ ਦੀ ਸਮਝ ਅਤੇ ਸਵਾਲ-ਜ਼ਵਾਬ ਤੋਂ ਹੈਰਾਨ ਹੋਏ। 48ਤਦ ਉਸ ਦੇ ਮਾਤਾ-ਪਿਤਾ ਉਸ ਨੂੰ ਵੇਖ ਕੇ ਹੈਰਾਨ ਹੋਏ ਅਤੇ ਉਸ ਦੀ ਮਾਤਾ ਨੇ ਉਸ ਨੂੰ ਆਖਿਆ, ਪੁੱਤਰ ਤੂੰ ਸਾਡੇ ਨਾਲ ਇਹ ਕੀ ਕੀਤਾ? ਵੇਖ ਅਸੀਂ ਫਿਕਰਮੰਦ ਹੋਏ ਤੈਨੂੰ ਲੱਭ ਰਹੇ ਸੀ। 49ਯਿਸੂ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਮੈਨੂੰ ਕਿਉਂ ਲੱਭਦੇ ਸੀ? ਕੀ ਤੁਸੀਂ ਨਹੀਂ ਜਾਣਦੇ ਜੋ ਮੇਰੇ ਲਈ ਜ਼ਰੂਰੀ ਹੈ ਕਿ ਮੈਂ ਆਪਣੇ ਪਿਤਾ ਦੇ ਘਰ ਵਿੱਚ ਰਹਾਂ? 50ਪਰ ਉਨ੍ਹਾਂ ਇਸ ਗੱਲ ਨੂੰ ਜਿਹੜੀ ਉਸ ਨੇ ਉਨ੍ਹਾਂ ਨੂੰ ਆਖੀ, ਨਹੀਂ ਸਮਝਿਆ। 51ਤਦ ਉਹ ਉਨ੍ਹਾਂ ਦੇ ਨਾਲ ਨਾਸਰਤ ਨੂੰ ਆਇਆ ਅਤੇ ਉਨ੍ਹਾਂ ਦੇ ਅਧੀਨ ਰਿਹਾ, ਅਤੇ ਉਸ ਦੀ ਮਾਤਾ ਨੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਆਪਣੇ ਦਿਲ ਵਿੱਚ ਰੱਖਿਆ। 52ਅਤੇ ਯਿਸੂ ਬੁੱਧ, ਕੱਦ ਅਤੇ ਪਰਮੇਸ਼ੁਰ ਤੇ ਮਨੁੱਖਾਂ ਦੀ ਕਿਰਪਾ ਵਿੱਚ ਵੱਧਦਾ ਗਿਆ।

目前選定:

ਲੂਕਾ 2: IRVPun

醒目顯示

分享

複製

None

想在你所有裝置上儲存你的醒目顯示?註冊帳戶或登入