ਲੂਕਾ 3

3
ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸੰਦੇਸ਼
ਮੱਤੀ 3:1-12; ਮਰਕੁਸ 1:1-8; ਯੂਹੰਨਾ 1:19-28
1ਫੇਰ ਤਿਬਿਰਿਯਾਸ ਕੈਸਰ ਦੇ ਰਾਜ ਦੇ ਪੰਦਰਵੇਂ ਸਾਲ ਜਦ ਪੁੰਤਿਯੁਸ ਪਿਲਾਤੁਸ ਯਹੂਦਿਯਾ ਦਾ ਹਾਕਮ ਸੀ, ਅਤੇ ਹੇਰੋਦੇਸ ਗਲੀਲ ਦਾ ਰਾਜਾ ਅਤੇ ਉਸ ਦਾ ਭਰਾ ਫ਼ਿਲਿਪੁੱਸ ਇਤੂਰਿਯਾ ਅਤੇ ਤਰਖੋਨੀਤਿਸ ਦੇਸ ਦਾ ਰਾਜਾ ਅਤੇ ਲੁਸਾਨਿਯੁਸ ਅਬਿਲੇਨੇ ਦਾ ਰਾਜਾ ਸੀ। 2ਹੱਨਾ ਅਤੇ ਕਾਇਫਾ ਸਰਦਾਰ ਜਾਜਕਾਂ ਦੇ ਸਮੇਂ, ਪਰਮੇਸ਼ੁਰ ਦਾ ਬਚਨ ਉਜਾੜ ਵਿੱਚ ਜ਼ਕਰਯਾਹ ਦੇ ਪੁੱਤਰ ਯੂਹੰਨਾ ਨੂੰ ਪਹੁੰਚਿਆ। 3ਅਤੇ ਉਹ ਯਰਦਨ ਦੇ ਸਾਰੇ ਆਲੇ-ਦੁਆਲੇ ਦੇ ਖੇਤਰ ਵਿੱਚ ਗਿਆ ਅਤੇ ਪਾਪਾਂ ਦੀ ਮਾਫ਼ੀ ਲਈ ਤੋਬਾ ਦੇ ਬਪਤਿਸਮੇ ਦਾ ਪਰਚਾਰ ਕਰਦਾ ਰਿਹਾ। 4ਜਿਸ ਤਰ੍ਹਾਂ ਯਸਾਯਾਹ ਨਬੀ ਦੀ ਪੁਸਤਕ ਵਿੱਚ ਲਿਖਿਆ ਹੋਇਆ ਹੈ, ਉਜਾੜ ਵਿੱਚ ਇੱਕ ਪੁਕਾਰਨ ਵਾਲੇ ਦੀ ਅਵਾਜ਼, “ਪ੍ਰਭੂ ਦੇ ਰਸਤੇ ਨੂੰ ਤਿਆਰ ਕਰੋ, ਉਸ ਦੇ ਰਾਹਾਂ ਨੂੰ ਸਿੱਧੇ ਕਰੋ”। 5ਹਰੇਕ ਘਾਟੀ ਭਰ ਦਿੱਤੀ ਜਾਵੇਗੀ, ਅਤੇ ਹਰੇਕ ਪਰਬਤ ਅਤੇ ਟਿੱਬਾ ਨੀਵਾਂ ਕੀਤਾ ਜਾਵੇਗਾ, ਅਤੇ ਟੇਡੇ ਮੇਢੇ ਅਤੇ ਖੁਰਦਲੇ ਰਸਤੇ ਸਿੱਧੇ ਅਤੇ ਪੱਧਰੇ ਕੀਤੇ ਜਾਣਗੇ, 6ਅਤੇ ਸਭ ਲੋਕ ਪਰਮੇਸ਼ੁਰ ਦੀ ਮੁਕਤੀ ਵੇਖਣਗੇ। 7ਤਦ ਉਸ ਨੇ ਉਸ ਭੀੜ ਨੂੰ ਜੋ ਉਸ ਤੋਂ ਬਪਤਿਸਮਾ ਲੈਣ ਲਈ ਆਉਂਦੇ ਸਨ, ਆਖਿਆ, “ਹੇ ਸੱਪਾਂ ਦੇ ਬੱਚਿਓ! ਤੁਹਾਨੂੰ ਆਉਣ ਵਾਲੇ ਕਹਿਰ ਤੋਂ ਭੱਜਣ ਲਈ ਕਿਸ ਨੇ ਚਿਤਾਵਨੀ ਦਿੱਤੀ?” 8ਸੋ ਤੁਸੀਂ ਤੋਬਾ ਦੇ ਯੋਗ ਫਲ ਲਿਆਓ ਅਤੇ ਆਪਣੇ ਮਨ ਵਿੱਚ ਇਹ ਨਾ ਸੋਚੋ ਕਿ ਅਬਰਾਹਾਮ ਸਾਡਾ ਪਿਤਾ ਹੈ ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਕਿ ਪਰਮੇਸ਼ੁਰ ਅਬਰਾਹਾਮ ਦੇ ਲਈ ਇਨ੍ਹਾਂ ਪੱਥਰਾਂ ਵਿੱਚੋਂ ਵੀ ਸੰਤਾਨ ਪੈਦਾ ਕਰ ਸਕਦਾ ਹੈ। 9ਹੁਣ ਕੁਹਾੜਾ ਰੁੱਖਾਂ ਦੀ ਜੜ੍ਹ ਉੱਤੇ ਰੱਖਿਆ ਹੋਇਆ ਹੈ। ਸੋ ਹਰੇਕ ਰੁੱਖ ਜਿਹੜਾ ਚੰਗਾ ਫਲ ਨਹੀਂ ਦਿੰਦਾ ਉਹ ਵੱਢਿਆ ਅਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ। 10ਤਦ ਲੋਕਾਂ ਨੇ ਉਸ ਤੋਂ ਪੁੱਛਿਆ, ਫੇਰ ਅਸੀਂ ਕੀ ਕਰੀਏ? 11ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਕਿ ਜਿਸ ਦੇ ਕੋਲ ਦੋ ਕੁੜਤੇ ਹੋਣ, ਉਹ ਉਸ ਨੂੰ ਦੇ ਦੇਵੇ ਜਿਸ ਦੇ ਕੋਲ ਨਹੀਂ ਹੈ ਅਤੇ ਜਿਸ ਦੇ ਕੋਲ ਖਾਣ ਨੂੰ ਹੋਵੇ ਉਹ ਵੀ ਇਸੇ ਤਰ੍ਹਾਂ ਕਰੇ। 12ਤਦ ਚੂੰਗੀ ਲੈਣ ਵਾਲੇ ਵੀ ਉਸ ਕੋਲ ਬਪਤਿਸਮਾ ਲੈਣ ਲਈ ਆਏ ਅਤੇ ਉਸ ਨੂੰ ਕਿਹਾ, ਗੁਰੂ ਜੀ ਅਸੀਂ ਕੀ ਕਰੀਏ? 13ਉਸ ਨੇ ਉਨ੍ਹਾਂ ਨੂੰ ਆਖਿਆ, ਤੁਹਾਡੇ ਲਈ ਜੋ ਠਹਿਰਾਇਆ ਹੋਇਆ ਹੈ ਉਸ ਨਾਲੋਂ ਵੱਧ ਵਸੂਲ ਨਾ ਕਰੋ। 14ਸਿਪਾਹੀਆਂ ਨੇ ਵੀ ਉਸ ਤੋਂ ਪੁੱਛਿਆ ਕਿ “ਅਸੀਂ ਕੀ ਕਰੀਏ”? ਉਸ ਨੇ ਉਨ੍ਹਾਂ ਨੂੰ ਆਖਿਆ, ਕਿਸੇ ਉੱਤੇ ਜ਼ੁਲਮ ਨਾ ਕਰੋ, ਨਾ ਕਿਸੇ ਉੱਤੇ ਝੂਠਾ ਦੋਸ਼ ਲਾਓ ਪਰ ਆਪਣੀ ਤਨਖਾਹ ਉੱਤੇ ਸੰਤੋਖ ਕਰੋ। 15ਜਦ ਲੋਕ ਮਸੀਹ ਦੇ ਆਉਣ ਦੀ ਉਡੀਕ ਵਿੱਚ ਸਨ ਅਤੇ ਸਾਰੇ ਆਪਣੇ ਮਨ ਵਿੱਚ ਯੂਹੰਨਾ ਦੇ ਬਾਰੇ ਵਿਚਾਰ ਕਰਦੇ ਸਨ ਕਿ ਕਿਤੇ ਇਹੋ ਤਾਂ ਮਸੀਹ ਨਹੀਂ ਹੈ? 16ਤਦ ਯੂਹੰਨਾ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਤੇ ਕਿਹਾ ਕਿ ਮੈਂ ਤਾਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ, ਪਰ ਇੱਕ ਬਲਵੰਤ ਮੇਰੇ ਮਗਰੋਂ ਆਉਂਦਾ ਹੈ, ਜਿਸ ਦੀ ਜੁੱਤੀ ਦਾ ਤਸਮਾ ਖੋਲ੍ਹਣ ਦੇ ਵੀ ਮੈਂ ਯੋਗ ਨਹੀਂ ਹਾਂ, ਉਹ ਤੁਹਾਨੂੰ ਪਵਿੱਤਰ ਆਤਮਾ ਅਤੇ ਅੱਗ ਨਾਲ ਬਪਤਿਸਮਾ ਦੇਵੇਗਾ। 17ਉਹ ਦੀ ਤੰਗੁਲੀ ਉਹ ਦੇ ਹੱਥ ਵਿੱਚ ਹੈ ਕਿ ਉਹ ਆਪਣੇ ਪਿੜ ਨੂੰ ਚੰਗੀ ਤਰ੍ਹਾਂ ਸਾਫ਼ ਕਰੇਗਾ ਅਤੇ ਕਣਕ ਨੂੰ ਆਪਣੇ ਗੋਦਾਮ ਵਿੱਚ ਜਮਾਂ ਕਰੇਗਾ ਪਰ ਉਹ ਤੂੜੀ ਨੂੰ ਉਸ ਅੱਗ ਵਿੱਚ ਸਾੜੇਗਾ ਜਿਹੜੀ ਕਦੇ ਬੁਝਦੀ ਨਹੀਂ। 18ਫੇਰ ਉਹ ਹੋਰ ਬਥੇਰੀਆਂ ਗੱਲਾਂ ਨਾਲ ਲੋਕਾਂ ਨੂੰ ਉਪਦੇਸ਼ ਕਰਦਾ ਅਤੇ ਖੁਸ਼ਖਬਰੀ ਸੁਣਾਉਂਦਾ ਰਿਹਾ। 19ਪਰ ਰਾਜਾ ਹੇਰੋਦੇਸ ਨੇ ਆਪਣੇ ਭਰਾ ਦੀ ਪਤਨੀ ਹੇਰੋਦਿਯਾਸ ਦੇ ਕਾਰਨ ਅਤੇ ਸਾਰੀਆਂ ਬੁਰਾਈਆਂ ਦੇ ਕਾਰਨ ਜਿਹੜੀਆਂ ਹੇਰੋਦੇਸ ਨੇ ਕੀਤੀਆਂ ਸਨ ਉਸ ਦੇ ਕੋਲੋਂ ਬੇਇੱਜ਼ਤ ਹੋ ਕੇ 20ਸਭ ਤੋਂ ਵੱਧ ਇਹ ਵੀ ਕੀਤਾ ਜੋ ਯੂਹੰਨਾ ਨੂੰ ਕੈਦ ਕਰ ਦਿੱਤਾ।
ਯਿਸੂ ਦਾ ਬਪਤਿਸਮਾ
ਮੱਤੀ 3:3-17; ਮਰਕੁਸ 1:9-11
21ਜਦ ਸਭ ਲੋਕ ਬਪਤਿਸਮਾ ਲੈ ਹਟੇ ਅਤੇ ਯਿਸੂ ਵੀ ਬਪਤਿਸਮਾ ਲੈ ਕੇ ਪ੍ਰਾਰਥਨਾ ਕਰ ਰਿਹਾ ਸੀ ਤਾਂ ਅਜਿਹਾ ਹੋਇਆ ਕਿ ਅਕਾਸ਼ ਖੁੱਲ੍ਹ ਗਿਆ 22ਅਤੇ ਪਵਿੱਤਰ ਆਤਮਾ ਦੇਹ ਦਾ ਰੂਪ ਧਾਰ ਕੇ ਘੁੱਗੀ ਵਾਂਗੂੰ ਉਸ ਉੱਤੇ ਉੱਤਰਿਆ ਅਤੇ ਇੱਕ ਸਵਰਗੀ ਬਾਣੀ ਆਈ, ਤੂੰ ਮੇਰਾ ਪਿਆਰਾ ਪੁੱਤਰ ਹੈਂ, ਤੇਰੇ ਤੋਂ ਮੈਂ ਖੁਸ਼ ਹਾਂ।
ਯਿਸੂ ਦੀ ਵੰਸ਼ਾਵਲੀ
ਮੱਤੀ 1:1-17
23ਯਿਸੂ ਆਪ ਜਦ ਉਪਦੇਸ਼ ਦੇਣ ਲੱਗਾ ਤਾਂ ਤੀਹਾਂ ਕੁ ਸਾਲਾਂ ਦਾ ਸੀ ਅਤੇ ਜਿਵੇਂ ਲੋਕ ਸਮਝਦੇ ਸਨ ਉਹ ਯੂਸੁਫ਼ ਦਾ ਪੁੱਤਰ ਸੀ ਜਿਹੜਾ ਏਲੀ ਦਾ ਸੀ। 24ਉਹ ਮੱਥਾਤ ਦਾ, ਉਹ ਲੇਵੀ ਦਾ, ਉਹ ਮਲਕੀ ਦਾ, ਉਹ ਯੰਨਾਈ ਦਾ, ਉਹ ਯੂਸੁਫ਼ ਦਾ, 25ਉਹ ਮੱਤਿਥਯਾਹ ਦਾ, ਉਹ ਆਮੋਸ ਦਾ, ਉਹ ਨਹੂਮ ਦਾ, ਉਹ ਹਸਲੀ ਦਾ, ਉਹ ਨੱਗਈ ਦਾ, 26ਉਹ ਮਾਹਥ ਦਾ, ਉਹ ਮੱਤਿਥਯਾਹ ਦਾ, ਉਹ ਸ਼ਿਮਈ ਦਾ, ਉਹ ਯੋਸੇਕ ਦਾ, ਉਹ ਯਹੂਦਾਹ ਦਾ, 27ਉਹ ਯੋਹਾਨਾਨ ਦਾ, ਉਹ ਰੇਸਹ ਦਾ, ਉਹ ਜ਼ਰੁੱਬਾਬਲ ਦਾ, ਉਹ ਸ਼ਅਲਤੀਏਲ ਦਾ, ਉਹ ਨੇਰੀ ਦਾ, 28ਉਹ ਮਲਕੀ ਦਾ, ਉਹ ਅੱਦੀ ਦਾ, ਉਹ ਕੋਸਾਮ ਦਾ, ਉਹ ਅਲਮੋਦਾਮ ਦਾ, ਉਹ ਏਰ ਦਾ, 29ਉਹ ਯੋਸੇ ਦਾ, ਉਹ ਅਲੀਆਜ਼ਰ ਦਾ, ਉਹ ਯੋਰਾਮ ਦਾ, ਉਹ ਮੱਥਾਤ ਦਾ, ਉਹ ਲੇਵੀ ਦਾ, 30ਉਹ ਸ਼ਿਮਉਨ ਦਾ, ਉਹ ਯਹੂਦਾਹ ਦਾ, ਉਹ ਯੂਸੁਫ਼ ਦਾ, ਉਹ ਯੋਨਾਨ ਦਾ, ਉਹ ਅਲਯਾਕੀਮ ਦਾ, 31ਉਹ ਮਲਯੇ ਦਾ, ਉਹ ਮੇਨਾਨ ਦਾ, ਉਹ ਮੱਤਥੇ ਦਾ, ਉਹ ਨਾਥਾਨ ਦਾ, ਉਹ ਦਾਊਦ ਦਾ, 32ਉਹ ਯੱਸੀ ਦਾ, ਉਹ ਓਬੇਦ ਦਾ, ਉਹ ਬੋਅਜ਼ ਦਾ, ਉਹ ਸਲਮੋਨ ਦਾ, ਉਹ ਨਹਸ਼ੋਨ ਦਾ, 33ਉਹ ਅੰਮੀਨਾਦਾਬ ਦਾ, ਉਹ ਅਰਨੀ ਦਾ, ਉਹ ਹਸਰੋਨ ਦਾ, ਉਹ ਫ਼ਰਸ ਦਾ, ਉਹ ਯਹੂਦਾਹ ਦਾ, 34ਉਹ ਯਾਕੂਬ ਦਾ, ਉਹ ਇਸਹਾਕ ਦਾ, ਉਹ ਅਬਰਾਹਾਮ ਦਾ, ਉਹ ਤਾਰਹ ਦਾ, ਉਹ ਨਹੋਰ ਦਾ, 35ਉਹ ਸਰੂਗ ਦਾ, ਉਹ ਰਊ ਦਾ, ਉਹ ਪਲਗ ਦਾ, ਉਹ ਏਬਰ ਦਾ, ਉਹ ਸ਼ਲਹ ਦਾ, 36ਉਹ ਕੇਨਾਨ ਦਾ, ਉਹ ਅਰਪਕਸ਼ਾਦ ਦਾ, ਉਹ ਸ਼ੇਮ ਦਾ, ਉਹ ਨੂਹ ਦਾ, ਉਹ ਲਾਮਕ ਦਾ, 37ਉਹ ਮਥੂਸਲਹ ਦਾ, ਉਹ ਹਨੋਕ ਦਾ, ਉਹ ਯਰਦ ਦਾ, ਉਹ ਮਹਲਲੇਲ ਦਾ, ਉਹ ਕੇਨਾਨ ਦਾ, 38ਉਹ ਅਨੋਸ਼ ਦਾ, ਉਹ ਸੇਥ ਦਾ, ਉਹ ਆਦਮ ਦਾ, ਉਹ ਪਰਮੇਸ਼ੁਰ ਦਾ ਪੁੱਤਰ ਸੀ।

目前選定:

ਲੂਕਾ 3: IRVPun

醒目顯示

分享

複製

None

想在你所有裝置上儲存你的醒目顯示?註冊帳戶或登入