ਉਤਪਤ 7

7
ਹੜ੍ਹ ਦਾ ਆਰੰਭ ਹੋਣਾ
1ਫ਼ੇਰ ਯਹੋਵਾਹ ਨੇ ਨੂਹ ਨੂੰ ਆਖਿਆ, “ਮੈਂ ਦੇਖਿਆ ਹੈ ਕਿ ਤੂੰ ਚੰਗਾ ਆਦਮੀ ਹੈਂ, ਇਸ ਸਮੇਂ ਦੇ ਮੰਦੇ ਲੋਕਾਂ ਵਿੱਚ ਰਹਿੰਦਾ ਹੋਇਆ ਵੀ। ਇਸ ਲਈ ਆਪਣੇ ਸਾਰੇ ਪਰਿਵਾਰ ਨੂੰ ਇਕੱਠਿਆਂ ਕਰਕੇ ਕਿਸ਼ਤੀ ਵਿੱਚ ਲੈ ਜਾ। 2ਸਾਰੇ ਪਾਕ ਜਾਨਵਰਾਂ ਦੇ ਸੱਤ ਜੋੜੇ (ਨਰ ਅਤੇ ਮਾਦਾ) ਜੋ ਬਲੀ ਦੇ ਲਾਇੱਕ ਹੋਣ ਅਤੇ ਹੋਰ ਸਾਰੇ ਜਾਨਵਰਾਂ ਦਾ ਇੱਕ ਜੋੜਾ (ਇੱਕ ਨਰ ਤੇ ਸੱਤ ਮਾਦਾ) ਇਸ ਤਰ੍ਹਾਂ ਇਹ ਸਾਰੇ ਜਾਨਵਰ ਜਿਉਂਦੇ ਰਹਿਣਗੇ। 3-4ਅੱਜ ਤੋਂ ਸੱਤਾਂ ਦਿਨਾਂ ਬਾਅਦ ਮੈਂ ਧਰਤੀ ਉੱਤੇ ਭਾਰੀ ਬਾਰਿਸ਼ ਭੇਜਾਂਗਾ। ਚਾਲੀ ਦਿਨਾਂ ਅਤੇ ਚਾਲੀ ਰਾਤਾਂ ਤੱਕ ਬਾਰਿਸ਼ ਹੁੰਦੀ ਰਹੇਗੀ। ਅਤੇ ਮੈਂ ਧਰਤੀ ਦੇ ਚਿਹਰੇ ਉੱਤੋਂ ਹਰ ਸ਼ੈਅ ਨੂੰ ਪੂੰਝ ਸੁੱਟਾਂਗਾ। ਮੈਂ ਹਰ ਓਸ ਚੀਜ਼ ਨੂੰ ਤਬਾਹ ਕਰ ਦਿਆਂਗਾ ਜਿਸ ਨੂੰ ਮੈਂ ਸਾਜਿਆ ਸੀ।” 5ਨੂਹ ਨੇ ਹਰ ਉਹ ਗੱਲ ਕੀਤੀ ਜਿਸਦਾ ਯਹੋਵਾਹ ਨੇ ਉਸ ਨੂੰ ਕਰਨ ਲਈ ਹੁਕਮ ਦਿੱਤਾ ਸੀ।
6ਜਦੋਂ ਹੜ੍ਹ ਆਏ, ਨੂਹ 600 ਵਰ੍ਹਿਆਂ ਦਾ ਸੀ। 7ਨੂਹ ਅਤੇ ਉਸ ਦਾ ਪਰਿਵਾਰ ਹੜ੍ਹ ਤੋਂ ਬਚਣ ਲਈ ਕਿਸ਼ਤੀ ਅੰਦਰ ਚੱਲਿਆ ਗਿਆ। ਨੂਹ ਦੀ ਪਤਨੀ ਅਤੇ ਉਸ ਦੇ ਪੁੱਤਰ ਅਤੇ ਨੂਹਾਂ ਉਸ ਦੇ ਨਾਲ ਕਿਸ਼ਤੀ ਵਿੱਚ ਸਨ। 8ਸਾਰੇ ਪਾਕ ਜਾਨਵਰ, ਧਰਤੀ ਦੇ ਹੋਰ ਸਾਰੇ ਜਾਨਵਰ, ਪੰਛੀ ਅਤੇ ਧਰਤੀ ਉੱਤੇ ਰੀਂਗਣ ਵਾਲੇ ਜੀਵ, 9ਨੂਹ ਦੇ ਨਾਲ ਹੀ ਕਿਸ਼ਤੀ ਵਿੱਚ ਚੱਲੇ ਗਏ। ਏਹ ਜਾਨਵਰ ਪਰਮੇਸ਼ੁਰ ਦੇ ਆਦੇਸ਼ ਅਨੁਸਾਰ ਜੋੜਿਆਂ, ਨਰ ਅਤੇ ਮਾਦਾ, ਦੇ ਰੂਪ ਵਿੱਚ ਗਏ ਸਨ। 10ਸੱਤਾਂ ਦਿਨਾਂ ਬਾਅਦ ਹੜ੍ਹ ਸ਼ੁਰੂ ਹੋ ਗਿਆ। ਧਰਤੀ ਉੱਤੇ ਬਾਰਿਸ਼ ਹੋਣ ਲੱਗ ਪਈ।
11ਨੂਹ ਦੇ 600 ਵਰ੍ਹੇ ਦੀ ਉਮਰ ਦੇ ਦੂਸਰੇ ਮਹੀਨੇ ਦੇ 17ਵੇਂ ਦਿਨ ਨੂੰ ਧਰਤੀ ਹੇਠਲੇ ਸਮੂਜ ਝਰਨੇ ਫ਼ਟ ਕੇ ਫੁੱਟ ਪਏ ਓਸੇ ਦਿਨ, ਧਰਤੀ ਉੱਤੇ ਭਾਰੀ ਬਾਰਿਸ਼ ਹੋਣ ਲੱਗ ਪਈ ਜਿਵੇਂ ਕਿ ਅਕਾਸ਼ ਦੀਆਂ ਖਿੜਕੀਆਂ ਖੁਲ੍ਹ ਗਈਆਂ ਹੋਣ। 12ਚਾਲੀ ਦਿਨ ਤੇ ਚਾਲੀ ਰਾਤਾਂ ਭਾਰੀ ਬਾਰਿਸ਼ ਹੁੰਦੀ ਰਹੀ। 13ਓਸੇ ਦਿਨ ਨੂਹ ਅਤੇ ਉਸ ਦੀ ਪਤਨੀ, ਉਸ ਦੇ ਪੁੱਤਰ-ਸ਼ੇਮ, ਹਾਮ ਅਤੇ ਯਾਫ਼ਥ-ਅਤੇ ਉਨ੍ਹਾਂ ਦੀਆਂ ਪਤਨੀਆਂ ਕਿਸ਼ਤੀ ਵਿੱਚ ਚਲੇ ਗਏ। 14ਉਹ ਲੋਕ ਅਤੇ ਧਰਤੀ ਦੇ ਹੋਰ ਸਾਰੇ ਜਾਨਵਰ ਕਿਸ਼ਤੀ ਵਿੱਚ ਸਨ। ਹਰ ਤਰ੍ਹਾਂ ਦੇ ਪਸ਼ੂ, ਹਰ ਤਰ੍ਹਾਂ ਦੇ ਧਰਤੀ ਉੱਤੇ ਰੀਂਗਣ ਵਾਲੇ ਜਾਨਵਰ, ਅਤੇ ਹਰ ਤਰ੍ਹਾਂ ਦੇ ਪੰਛੀ ਕਿਸ਼ਤੀ ਵਿੱਚ ਸਨ। 15ਹਰ ਤਰ੍ਹਾਂ ਦੇ ਜਿਉਣ ਵਾਲੇ ਪ੍ਰਾਣੀਆਂ ਦਾ ਇੱਕ-ਇੱਕ ਜੋੜਾ ਨੂਹ ਕੋਲ ਕਿਸ਼ਤੀ ਅੰਦਰ ਆ ਗਿਆ। 16ਇਹ ਸਮੂਹ ਜਾਨਵਰ ਉਸੇ ਤਰ੍ਹਾਂ ਜੋੜਿਆਂ (ਨਰ ਅਤੇ ਮਾਦਾ) ਵਿੱਚ ਕਿਸ਼ਤੀ ਵਿੱਚ ਚੱਲੇ ਗਏ ਜਿਵੇਂ ਪਰਮੇਸ਼ੁਰ ਨੇ ਨੂਹ ਨੂੰ ਹੁਕਮ ਦਿੱਤਾ ਸੀ। ਫ਼ੇਰ ਯਹੋਵਾਹ ਨੇ ਨੂਹ ਦੇ ਪਿੱਛੇ ਦਰਵਾਜ਼ਾ ਬੰਦ ਕਰ ਦਿੱਤਾ।
17ਧਰਤੀ ਉੱਤੇ ਚਾਲੀ ਦਿਨਾਂ ਤੱਕ ਹੜ੍ਹ ਫ਼ੈਲਿਆ ਰਿਹਾ। ਪਾਣੀ ਚੜ੍ਹਣਾ ਸ਼ੁਰੂ ਹੋ ਗਿਆ ਅਤੇ ਉਸ ਨੇ ਕਿਸ਼ਤੀ ਨੂੰ ਧਰਤੀ ਤੋਂ ਉੱਪਰ ਉੱਠਾ ਦਿੱਤਾ। 18ਪਾਣੀ ਚੜ੍ਹਦਾ ਗਿਆ ਅਤੇ ਕਿਸ਼ਤੀ ਧਰਤੀ ਤੋਂ ਉੱਪਰ ਪਾਣੀ ਉੱਤੇ ਤੈਰਨ ਲਗੀ। 19ਪਾਣੀ ਇੰਨਾ ਚੜ੍ਹ ਗਿਆ ਕਿ ਸਭ ਤੋਂ ਉੱਚੇ ਪਹਾੜ ਵੀ ਪਾਣੀ ਨਾਲ ਢੱਕੇ ਗਏ। 20ਪਾਣੀ ਪਹਾੜਾਂ ਤੋਂ ਉੱਚਾ ਉੱਠਣ ਲੱਗਾ। ਪਾਣੀ ਸਭ ਤੋਂ ਉੱਚੇ ਪਹਾੜ ਤੋਂ ਵੀ 20 ਫੁੱਟ ਉੱਚਾ ਉੱਠ ਗਿਆ।
21-22ਧਰਤੀ ਉਤਲਾ ਹਰ ਜੀਵ ਮਰ ਗਿਆ-ਹਰ ਆਦਮੀ ਤੇ ਹਰ ਔਰਤ, ਹਰ ਪੰਛੀ, ਅਤੇ ਧਰਤੀ ਦਾ ਹਰ ਤਰ੍ਹਾਂ ਦਾ ਜਾਨਵਰ ਮਰ ਗਿਆ। ਸੁੱਕੀ ਧਰਤੀ ਉੱਤੇ ਰਹਿਣ ਵਾਲੀ ਅਤੇ ਸਾਹ ਲੈਣ ਵਾਲੀ ਹਰ ਸ਼ੈਅ ਮਰ ਗਈ। 23ਪਰਮੇਸ਼ੁਰ ਨੇ ਧਰਤੀ ਦੀ ਹਰ ਜਿਉਂਦੀ ਸ਼ੈਅ ਨੂੰ ਤਬਾਹ ਕਰ ਦਿੱਤਾ: ਹਰ ਆਦਮੀ, ਹਰ ਜਾਨਵਰ, ਹਰ ਰੀਂਗਣ ਵਾਲਾ ਜੀਵ ਅਤੇ ਹਰ ਪੰਛੀ। ਇਹ ਸਾਰੀਆਂ ਸ਼ੈਆਂ ਧਰਤੀ ਤੋਂ ਤਬਾਹ ਹੋ ਗਈਆਂ ਸਨ। ਜਿਹੜਾ ਜੀਵਨ ਬਚਾਇਆ ਗਿਆ ਉਹ ਨੂਹ ਅਤੇ ਉਸ ਦੇ ਨਾਲ ਕਿਸ਼ਤੀ ਵਿੱਚ ਸਵਾਰ ਲੋਕ ਅਤੇ ਜੀਵਿਤ ਪ੍ਰਾਣੀ ਸਨ। 24ਪਾਣੀ 150 ਦਿਨਾਂ ਤੱਕ ਧਰਤੀ ਉੱਤੇ ਫ਼ੈਲਿਆ ਰਿਹਾ।

Поточний вибір:

ਉਤਪਤ 7: PERV

Позначайте

Поділитись

Копіювати

None

Хочете, щоб ваші позначення зберігалися на всіх ваших пристроях? Зареєструйтеся або увійдіть