ਮੱਤੀ 13
13
ਬੀਜ ਬੀਜਣ ਵਾਲੇ ਦਾ ਦ੍ਰਿਸ਼ਟਾਂਤ
1ਉਸੇ ਦਿਨ ਯਿਸੂ ਘਰੋਂ ਨਿੱਕਲ ਕੇ ਝੀਲ ਦੇ ਕਿਨਾਰੇ ਜਾ ਬੈਠਾ 2ਅਤੇ ਉਸ ਕੋਲ ਐਨੀ ਵੱਡੀ ਭੀੜ ਇਕੱਠੀ ਹੋ ਗਈ ਕਿ ਉਸ ਨੂੰ ਕਿਸ਼ਤੀ ਉੱਤੇ ਚੜ੍ਹ ਕੇ ਬੈਠਣਾ ਪਿਆ ਅਤੇ ਸਾਰੀ ਭੀੜ ਕੰਢੇ 'ਤੇ ਖੜ੍ਹੀ ਰਹੀ। 3ਤਦ ਉਸ ਨੇ ਉਨ੍ਹਾਂ ਨੂੰ ਦ੍ਰਿਸ਼ਟਾਂਤਾਂ ਵਿੱਚ ਬਹੁਤ ਸਾਰੀਆਂ ਗੱਲਾਂ ਕਹੀਆਂ,“ਵੇਖੋ, ਇੱਕ ਬੀਜਣ ਵਾਲਾ ਬੀਜਣ ਲਈ ਨਿੱਕਲਿਆ। 4ਬੀਜਦੇ ਸਮੇਂ ਕੁਝ ਬੀਜ ਰਾਹ ਕਿਨਾਰੇ ਡਿੱਗੇ ਅਤੇ ਪੰਛੀਆਂ ਨੇ ਆ ਕੇ ਉਨ੍ਹਾਂ ਨੂੰ ਚੁਗ ਲਿਆ। 5ਪਰ ਕੁਝ ਪਥਰੀਲੀ ਥਾਂ 'ਤੇ ਡਿੱਗੇ, ਜਿੱਥੇ ਉਨ੍ਹਾਂ ਨੂੰ ਜ਼ਿਆਦਾ ਮਿੱਟੀ ਨਾ ਮਿਲੀ ਅਤੇ ਡੂੰਘੀ ਮਿੱਟੀ ਨਾ ਮਿਲਣ ਕਰਕੇ ਉਹ ਛੇਤੀ ਉੱਗ ਪਏ। 6ਪਰ ਜਦੋਂ ਸੂਰਜ ਚੜ੍ਹਿਆ ਤਾਂ ਉਹ ਝੁਲਸ ਗਏ ਅਤੇ ਜੜ੍ਹ ਨਾ ਫੜਨ ਕਰਕੇ ਸੁੱਕ ਗਏ। 7ਕੁਝ ਕੰਡਿਆਲੀਆਂ ਝਾੜੀਆਂ ਵਿੱਚ ਡਿੱਗੇ ਅਤੇ ਉਨ੍ਹਾਂ ਨੇ ਵਧਕੇ ਬੀਜ ਨੂੰ ਦਬਾ ਲਿਆ। 8ਪਰ ਕੁਝ ਚੰਗੀ ਜ਼ਮੀਨ ਵਿੱਚ ਡਿੱਗੇ ਅਤੇ ਫਲੇ; ਕੋਈ ਸੌ ਗੁਣਾ ਕੋਈ ਸੱਠ ਗੁਣਾ ਅਤੇ ਕੋਈ ਤੀਹ ਗੁਣਾ। 9ਜਿਸ ਦੇ#13:9 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਸੁਣਨ ਦੇ” ਲਿਖਿਆ ਹੈ।ਕੰਨ ਹੋਣ, ਉਹ ਸੁਣ ਲਵੇ।”
ਦ੍ਰਿਸ਼ਟਾਂਤਾਂ ਦਾ ਉਦੇਸ਼
10ਤਦ ਚੇਲਿਆਂ ਨੇ ਕੋਲ ਆ ਕੇ ਉਸ ਨੂੰ ਕਿਹਾ, “ਤੂੰ ਉਨ੍ਹਾਂ ਨਾਲ ਦ੍ਰਿਸ਼ਟਾਂਤਾਂ ਵਿੱਚ ਕਿਉਂ ਗੱਲਾਂ ਕਰਦਾ ਹੈਂ?” 11ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ,“ਕਿਉਂਕਿ ਤੁਹਾਨੂੰ ਇਹ ਬਖਸ਼ਿਆ ਗਿਆ ਹੈ ਕਿ ਤੁਸੀਂ ਸਵਰਗ ਦੇ ਰਾਜ ਦੇ ਭੇਤਾਂ ਨੂੰ ਜਾਣੋ, ਪਰ ਉਨ੍ਹਾਂ ਨੂੰ ਨਹੀਂ। 12ਕਿਉਂਕਿ ਜਿਸ ਕੋਲ ਹੈ ਉਸ ਨੂੰ ਦਿੱਤਾ ਜਾਵੇਗਾ ਅਤੇ ਉਸ ਕੋਲ ਬਹੁਤ ਹੋ ਜਾਵੇਗਾ, ਪਰ ਜਿਸ ਕੋਲ ਨਹੀਂ ਹੈ ਉਸ ਤੋਂ ਉਹ ਵੀ ਜੋ ਉਸ ਦੇ ਕੋਲ ਹੈ, ਲੈ ਲਿਆ ਜਾਵੇਗਾ। 13ਮੈਂ ਉਨ੍ਹਾਂ ਨਾਲ ਇਸ ਲਈ ਦ੍ਰਿਸ਼ਟਾਂਤਾਂ ਵਿੱਚ ਗੱਲਾਂ ਕਰਦਾ ਹਾਂ, ਕਿਉਂਕਿ ਉਹ ਵੇਖਦੇ ਹੋਏ ਵੀ ਨਹੀਂ ਵੇਖਦੇ ਅਤੇ ਸੁਣਦੇ ਹੋਏ ਵੀ ਨਹੀਂ ਸੁਣਦੇ ਅਤੇ ਨਾ ਹੀ ਸਮਝਦੇ ਹਨ। 14ਉਨ੍ਹਾਂ ਦੇ ਵਿਖੇ ਯਸਾਯਾਹ ਦੀ ਇਹ ਭਵਿੱਖਬਾਣੀ ਪੂਰੀ ਹੁੰਦੀ ਹੈ:
ਤੁਸੀਂ ਸੁਣੋਗੇ ਤਾਂ ਸਹੀ, ਪਰ ਸਮਝੋਗੇ ਨਹੀਂ;
ਵੇਖੋਗੇ ਤਾਂ ਸਹੀ, ਪਰ ਬੁੱਝੋਗੇ ਨਹੀਂ।
15 ਕਿਉਂਕਿ ਇਸ ਪਰਜਾ ਦਾ ਮਨ ਮੋਟਾ ਹੋ ਗਿਆ ਹੈ;
ਇਹ ਕੰਨਾਂ ਤੋਂ ਉੱਚਾ ਸੁਣਦੇ ਹਨ
ਅਤੇ ਇਨ੍ਹਾਂ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਹਨ,
ਕਿ ਕਿਤੇ ਅਜਿਹਾ ਨਾ ਹੋਵੇ ਜੋ
ਉਹ ਆਪਣੀਆਂ ਅੱਖਾਂ ਨਾਲ ਵੇਖਣ
ਅਤੇ ਕੰਨਾਂ ਨਾਲ ਸੁਣਨ
ਅਤੇ ਮਨ ਤੋਂ ਸਮਝਣ ਅਤੇ ਮੁੜ ਆਉਣ
ਅਤੇ ਮੈਂ ਉਨ੍ਹਾਂ ਨੂੰ ਚੰਗਾ ਕਰਾਂ। #
ਯਸਾਯਾਹ 6:9-10
16 ਪਰ ਧੰਨ ਹਨ ਤੁਹਾਡੀਆਂ ਅੱਖਾਂ ਕਿਉਂਕਿ ਉਹ ਵੇਖਦੀਆਂ ਹਨ ਅਤੇ ਤੁਹਾਡੇ ਕੰਨ ਕਿਉਂਕਿ ਉਹ ਸੁਣਦੇ ਹਨ। 17ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੋ ਤੁਸੀਂ ਵੇਖਦੇ ਹੋ ਉਹ ਬਹੁਤ ਸਾਰੇ ਨਬੀਆਂ ਅਤੇ ਧਰਮੀਆਂ ਨੇ ਵੇਖਣਾ ਚਾਹਿਆ, ਪਰ ਨਾ ਵੇਖਿਆ ਅਤੇ ਜੋ ਤੁਸੀਂ ਸੁਣਦੇ ਹੋ, ਸੁਣਨਾ ਚਾਹਿਆ ਪਰ ਨਾ ਸੁਣਿਆ।
ਬੀਜ ਬੀਜਣ ਵਾਲੇ ਦੇ ਦ੍ਰਿਸ਼ਟਾਂਤ ਦਾ ਅਰਥ
18 “ਇਸ ਲਈ ਤੁਸੀਂ ਬੀਜਣ ਵਾਲੇ ਦਾ ਦ੍ਰਿਸ਼ਟਾਂਤ ਸੁਣੋ। 19ਜਦੋਂ ਕੋਈ ਰਾਜ ਦਾ ਵਚਨ ਸੁਣਦਾ ਹੈ ਪਰ ਸਮਝਦਾ ਨਹੀਂ, ਤਦ ਜੋ ਉਸ ਦੇ ਮਨ ਵਿੱਚ ਬੀਜਿਆ ਗਿਆ ਸੀ ਦੁਸ਼ਟ ਆ ਕੇ ਉਸ ਨੂੰ ਖੋਹ ਲੈਂਦਾ ਹੈ; ਇਹ ਉਹ ਹੈ ਜੋ ਰਾਹ ਦੇ ਕਿਨਾਰੇ ਬੀਜਿਆ ਗਿਆ ਸੀ। 20ਜੋ ਪਥਰੀਲੀ ਥਾਂ 'ਤੇ ਬੀਜਿਆ ਗਿਆ, ਇਹ ਉਹ ਹੈ ਜਿਹੜਾ ਵਚਨ ਨੂੰ ਸੁਣ ਕੇ ਤੁਰੰਤ ਖੁਸ਼ੀ ਨਾਲ ਸਵੀਕਾਰ ਕਰ ਲੈਂਦਾ ਹੈ, 21ਪਰ ਆਪਣੇ ਵਿੱਚ ਜੜ੍ਹ ਨਹੀਂ ਰੱਖਦਾ ਅਤੇ ਥੋੜ੍ਹੇ ਸਮੇਂ ਲਈ ਹੁੰਦਾ ਹੈ। ਪਰ ਜਦੋਂ ਵਚਨ ਦੇ ਕਾਰਨ ਦੁੱਖ ਜਾਂ ਸਤਾਓ ਆਉਂਦਾ ਹੈ ਤਾਂ ਉਹ ਤੁਰੰਤ ਠੋਕਰ ਖਾਂਦਾ ਹੈ। 22ਜੋ ਕੰਡਿਆਲੀਆਂ ਝਾੜੀਆਂ ਵਿੱਚ ਬੀਜਿਆ ਗਿਆ, ਇਹ ਉਹ ਹੈ ਜਿਹੜਾ ਵਚਨ ਨੂੰ ਸੁਣਦਾ ਹੈ ਪਰ ਸੰਸਾਰ ਦੀ ਚਿੰਤਾ ਅਤੇ ਧਨ ਦਾ ਧੋਖਾ ਵਚਨ ਨੂੰ ਦਬਾ ਦਿੰਦਾ ਹੈ ਅਤੇ ਇਹ ਫਲਹੀਣ ਰਹਿ ਜਾਂਦਾ ਹੈ। 23ਪਰ ਜੋ ਚੰਗੀ ਜ਼ਮੀਨ ਵਿੱਚ ਬੀਜਿਆ ਗਿਆ, ਇਹ ਉਹ ਹੈ ਜਿਹੜਾ ਵਚਨ ਨੂੰ ਸੁਣਦਾ ਅਤੇ ਸਮਝਦਾ ਹੈ। ਇਹ ਜ਼ਰੂਰ ਫਲ ਦਿੰਦਾ ਹੈ; ਕੋਈ ਸੌ ਗੁਣਾ, ਕੋਈ ਸੱਠ ਗੁਣਾ ਅਤੇ ਕੋਈ ਤੀਹ ਗੁਣਾ।”
ਜੰਗਲੀ ਬੂਟੀ ਦਾ ਦ੍ਰਿਸ਼ਟਾਂਤ
24ਉਸ ਨੇ ਉਨ੍ਹਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦਿੱਤਾ,“ਸਵਰਗ ਦਾ ਰਾਜ ਉਸ ਮਨੁੱਖ ਵਰਗਾ ਹੈ ਜਿਸ ਨੇ ਆਪਣੇ ਖੇਤ ਵਿੱਚ ਚੰਗਾ ਬੀਜ ਬੀਜਿਆ। 25ਪਰ ਜਦੋਂ ਲੋਕ ਸੌਂ ਰਹੇ ਸਨ ਤਾਂ ਉਸ ਦਾ ਵੈਰੀ ਆਇਆ ਅਤੇ ਕਣਕ ਵਿੱਚ ਜੰਗਲੀ ਬੂਟੀ ਬੀਜ ਕੇ ਚਲਾ ਗਿਆ। 26ਜਦੋਂ ਕਰੂੰਬਲਾਂ ਨਿੱਕਲੀਆਂ ਅਤੇ ਸਿੱਟੇ ਲੱਗੇ ਤਾਂ ਜੰਗਲੀ ਬੂਟੀ ਵੀ ਵਿਖਾਈ ਦਿੱਤੀ। 27ਤਦ ਘਰ ਦੇ ਮਾਲਕ ਦੇ ਦਾਸਾਂ ਨੇ ਕੋਲ ਆ ਕੇ ਉਸ ਨੂੰ ਕਿਹਾ, ‘ਹੇ ਮਾਲਕ, ਕੀ ਤੁਸੀਂ ਆਪਣੇ ਖੇਤ ਵਿੱਚ ਚੰਗਾ ਬੀਜ ਨਹੀਂ ਸੀ ਬੀਜਿਆ? ਫਿਰ ਇਹ ਜੰਗਲੀ ਬੂਟੀ ਕਿੱਥੋਂ ਆਈ’? 28ਉਸ ਨੇ ਉਨ੍ਹਾਂ ਨੂੰ ਕਿਹਾ, ‘ਇਹ ਕਿਸੇ ਵੈਰੀ ਨੇ ਕੀਤਾ ਹੈ’। ਤਦ ਦਾਸਾਂ ਨੇ ਉਸ ਨੂੰ ਕਿਹਾ, ‘ਕੀ ਤੁਸੀਂ ਚਾਹੁੰਦੇ ਹੋ ਕਿ ਅਸੀਂ ਜਾ ਕੇ ਇਸ ਨੂੰ ਇਕੱਠਾ ਕਰੀਏ’? 29ਪਰ ਉਸ ਨੇ ਕਿਹਾ, ‘ਨਹੀਂ, ਕਿਤੇ ਅਜਿਹਾ ਨਾ ਹੋਵੇ ਕਿ ਜੰਗਲੀ ਬੂਟੀ ਇਕੱਠਾ ਕਰਦਿਆਂ ਤੁਸੀਂ ਇਸ ਨਾਲ ਕਣਕ ਨੂੰ ਵੀ ਪੁੱਟ ਸੁੱਟੋ। 30ਵਾਢੀ ਤੱਕ ਦੋਹਾਂ ਨੂੰ ਇਕੱਠੇ ਵਧਣ ਦਿਓ ਅਤੇ ਵਾਢੀ ਦੇ ਸਮੇਂ ਮੈਂ ਵਾਢਿਆਂ ਨੂੰ ਕਹਾਂਗਾ ਕਿ ਪਹਿਲਾਂ ਜੰਗਲੀ ਬੂਟੀ ਨੂੰ ਇਕੱਠਾ ਕਰੋ ਅਤੇ ਸਾੜਨ ਲਈ ਉਸ ਦੀਆਂ ਪੂਲੀਆਂ ਬੰਨ੍ਹੋ, ਪਰ ਕਣਕ ਨੂੰ ਮੇਰੇ ਕੋਠੇ ਵਿੱਚ ਜਮ੍ਹਾ ਕਰੋ’।”
ਰਾਈ ਦੇ ਦਾਣੇ ਅਤੇ ਖ਼ਮੀਰ ਦਾ ਦ੍ਰਿਸ਼ਟਾਂਤ
31ਉਸ ਨੇ ਉਨ੍ਹਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦਿੱਤਾ,“ਸਵਰਗ ਦਾ ਰਾਜ ਰਾਈ ਦੇ ਇੱਕ ਦਾਣੇ ਵਰਗਾ ਹੈ ਜਿਸ ਨੂੰ ਕਿਸੇ ਮਨੁੱਖ ਨੇ ਲੈ ਕੇ ਆਪਣੇ ਖੇਤ ਵਿੱਚ ਬੀਜਿਆ, 32ਜੋ ਸਭ ਬੀਜਾਂ ਨਾਲੋਂ ਛੋਟਾ ਹੁੰਦਾ ਹੈ, ਪਰ ਜਦੋਂ ਵਧਦਾ ਹੈ ਤਾਂ ਸਾਗ-ਪੱਤ ਨਾਲੋਂ ਵੱਡਾ ਹੋ ਜਾਂਦਾ ਹੈ ਅਤੇ ਇੱਕ ਅਜਿਹਾ ਦਰਖ਼ਤ ਬਣ ਜਾਂਦਾ ਹੈ ਕਿ ਅਕਾਸ਼ ਦੇ ਪੰਛੀ ਆ ਕੇ ਉਸ ਦੀਆਂ ਟਹਿਣੀਆਂ ਉੱਤੇ ਬਸੇਰਾ ਕਰਦੇ ਹਨ।”
33ਫਿਰ ਉਸ ਨੇ ਉਨ੍ਹਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦਿੱਤਾ,“ਸਵਰਗ ਦਾ ਰਾਜ ਖ਼ਮੀਰ ਵਰਗਾ ਹੈ ਜਿਸ ਨੂੰ ਕਿਸੇ ਔਰਤ ਨੇ ਲੈ ਕੇ ਤਿੰਨ ਮਾਪ#13:33 ਤਿੰਨ ਮਾਪ = ਲਗਭਗ 14 ਕਿਲੋਆਟੇ ਵਿੱਚ ਮਿਲਾਇਆ ਅਤੇ ਹੌਲੀ-ਹੌਲੀ ਉਹ ਸਾਰਾ ਖ਼ਮੀਰਾ ਹੋ ਗਿਆ।”
ਦ੍ਰਿਸ਼ਟਾਂਤਾਂ ਦਾ ਉਪਯੋਗ
34ਯਿਸੂ ਨੇ ਇਹ ਸਾਰੀਆਂ ਗੱਲਾਂ ਭੀੜ ਨੂੰ ਦ੍ਰਿਸ਼ਟਾਂਤਾਂ ਵਿੱਚ ਕਹੀਆਂ ਅਤੇ ਬਿਨਾਂ ਦ੍ਰਿਸ਼ਟਾਂਤਾਂ ਦੇ ਉਹ ਉਨ੍ਹਾਂ ਨਾਲ ਨਹੀਂ ਸੀ ਬੋਲਦਾ, 35ਤਾਂਕਿ ਉਹ ਵਚਨ ਜਿਹੜਾ ਨਬੀ ਦੇ ਰਾਹੀਂ ਕਿਹਾ ਗਿਆ ਸੀ, ਪੂਰਾ ਹੋਵੇ:
ਮੈਂ ਦ੍ਰਿਸ਼ਟਾਂਤਾਂ ਵਿੱਚ ਆਪਣਾ ਮੂੰਹ ਖੋਲ੍ਹਾਂਗਾ
ਅਤੇ ਉਨ੍ਹਾਂ ਗੱਲਾਂ ਨੂੰ ਪਰਗਟ ਕਰਾਂਗਾ #
ਜ਼ਬੂਰ 78:2
ਜਿਹੜੀਆਂ ਸੰਸਾਰ ਦੇ ਮੁੱਢ ਤੋਂ ਗੁਪਤ ਰਹੀਆਂ ਹਨ।
ਜੰਗਲੀ ਬੂਟੀ ਦੇ ਦ੍ਰਿਸ਼ਟਾਂਤ ਦਾ ਅਰਥ
36ਫਿਰ ਉਹ ਭੀੜ ਨੂੰ ਛੱਡ ਕੇ ਘਰ ਆਇਆ ਅਤੇ ਉਸ ਦੇ ਚੇਲਿਆਂ ਨੇ ਕੋਲ ਆ ਕੇ ਉਸ ਨੂੰ ਕਿਹਾ, “ਸਾਨੂੰ ਖੇਤ ਦੀ ਜੰਗਲੀ ਬੂਟੀ ਦਾ ਦ੍ਰਿਸ਼ਟਾਂਤ ਸਮਝਾ।” 37ਉਸ ਨੇ ਉੱਤਰ ਦਿੱਤਾ,“ਚੰਗਾ ਬੀਜ ਬੀਜਣ ਵਾਲਾ ਮਨੁੱਖ ਦਾ ਪੁੱਤਰ ਹੈ 38ਅਤੇ ਖੇਤ ਸੰਸਾਰ ਹੈ; ਚੰਗਾ ਬੀਜ ਰਾਜ ਦੇ ਪੁੱਤਰ ਹਨ, ਪਰ ਜੰਗਲੀ ਬੂਟੀ ਦੁਸ਼ਟ ਦੇ ਪੁੱਤਰ ਹਨ; 39ਅਤੇ ਉਹ ਵੈਰੀ ਜਿਸ ਨੇ ਇਸ ਨੂੰ ਬੀਜਿਆ, ਸ਼ੈਤਾਨ ਹੈ। ਵਾਢੀ ਸੰਸਾਰ ਦਾ ਅੰਤ ਹੈ ਅਤੇ ਵਾਢੇ ਸਵਰਗਦੂਤ ਹਨ। 40ਇਸ ਲਈ ਜਿਸ ਤਰ੍ਹਾਂ ਜੰਗਲੀ ਬੂਟੀ ਇਕੱਠੀ ਕਰਕੇ ਅੱਗ ਵਿੱਚ ਸਾੜੀ ਜਾਂਦੀ ਹੈ, ਉਸੇ ਤਰ੍ਹਾਂ ਸੰਸਾਰ ਦੇ ਅੰਤ ਵਿੱਚ ਹੋਵੇਗਾ। 41ਮਨੁੱਖ ਦਾ ਪੁੱਤਰ ਆਪਣੇ ਦੂਤਾਂ ਨੂੰ ਭੇਜੇਗਾ ਅਤੇ ਉਹ ਉਸ ਦੇ ਰਾਜ ਵਿੱਚੋਂ ਸਾਰੀਆਂ ਠੋਕਰ ਖੁਆਉਣ ਵਾਲੀਆਂ ਵਸਤਾਂ ਨੂੰ ਅਤੇ ਕੁਕਰਮੀਆਂ ਨੂੰ ਇਕੱਠਾ ਕਰਨਗੇ 42ਅਤੇ ਉਨ੍ਹਾਂ ਨੂੰ ਅੱਗ ਦੀ ਭੱਠੀ ਵਿੱਚ ਸੁੱਟ ਦੇਣਗੇ; ਉੱਥੇ ਰੋਣਾ ਅਤੇ ਦੰਦਾਂ ਦਾ ਪੀਸਣਾ ਹੋਵੇਗਾ। 43ਤਦ ਧਰਮੀ ਆਪਣੇ ਪਿਤਾ ਦੇ ਰਾਜ ਵਿੱਚ ਸੂਰਜ ਵਾਂਗ ਚਮਕਣਗੇ। ਜਿਸ ਦੇ ਕੰਨ ਹੋਣ, ਉਹ ਸੁਣ ਲਵੇ।”
ਲੁਕੇ ਹੋਏ ਖਜ਼ਾਨੇ ਅਤੇ ਕੀਮਤੀ ਮੋਤੀ ਦਾ ਦ੍ਰਿਸ਼ਟਾਂਤ
44 “ਸਵਰਗ ਦਾ ਰਾਜ ਖੇਤ ਵਿੱਚ ਲੁਕੇ ਉਸ ਖਜ਼ਾਨੇ ਵਰਗਾ ਹੈ ਜੋ ਇੱਕ ਮਨੁੱਖ ਨੂੰ ਲੱਭਿਆ ਅਤੇ ਉਸ ਨੇ ਫਿਰ ਲੁਕਾ ਦਿੱਤਾ ਅਤੇ ਖੁਸ਼ੀ ਦੇ ਮਾਰੇ ਜਾ ਕੇ ਆਪਣਾ ਸਭ ਕੁਝ ਵੇਚਿਆ ਤੇ ਉਸ ਖੇਤ ਨੂੰ ਖਰੀਦ ਲਿਆ।
45 “ਫੇਰ ਸਵਰਗ ਦਾ ਰਾਜ ਇੱਕ ਵਪਾਰੀ ਵਰਗਾ ਹੈ ਜਿਹੜਾ ਚੰਗੇ ਮੋਤੀਆਂ ਦੀ ਖੋਜ ਵਿੱਚ ਸੀ; 46ਜਦੋਂ ਉਸ ਨੂੰ ਇੱਕ ਕੀਮਤੀ ਮੋਤੀ ਮਿਲਿਆ ਤਾਂ ਉਸ ਨੇ ਜਾ ਕੇ ਆਪਣਾ ਸਭ ਕੁਝ ਵੇਚ ਦਿੱਤਾ ਅਤੇ ਉਸ ਨੂੰ ਖਰੀਦ ਲਿਆ।
ਜਾਲ ਦਾ ਦ੍ਰਿਸ਼ਟਾਂਤ
47 “ਫੇਰ ਸਵਰਗ ਦਾ ਰਾਜ ਇੱਕ ਜਾਲ਼ ਵਰਗਾ ਹੈ ਜਿਹੜਾ ਝੀਲ ਵਿੱਚ ਸੁੱਟਿਆ ਗਿਆ ਅਤੇ ਕਈ ਕਿਸਮ ਦੀਆਂ ਮੱਛੀਆਂ ਇਕੱਠੀਆਂ ਕਰ ਲਿਆਇਆ। 48ਜਦੋਂ ਇਹ ਭਰ ਗਿਆ ਤਾਂ ਲੋਕ ਇਸ ਨੂੰ ਕੰਢੇ 'ਤੇ ਖਿੱਚ ਲਿਆਏ ਅਤੇ ਬੈਠ ਕੇ ਚੰਗੀਆਂ ਮੱਛੀਆਂ ਨੂੰ ਬਰਤਨਾਂ ਵਿੱਚ ਇਕੱਠਾ ਕੀਤਾ ਅਤੇ ਖਰਾਬ ਨੂੰ ਬਾਹਰ ਸੁੱਟ ਦਿੱਤਾ। 49ਇਸੇ ਤਰ੍ਹਾਂ ਸੰਸਾਰ ਦੇ ਅੰਤ ਵਿੱਚ ਹੋਵੇਗਾ; ਸਵਰਗਦੂਤ ਆਉਣਗੇ ਅਤੇ ਦੁਸ਼ਟਾਂ ਨੂੰ ਧਰਮੀਆਂ ਤੋਂ ਅਲੱਗ ਕਰਨਗੇ 50ਅਤੇ ਉਨ੍ਹਾਂ ਨੂੰ ਅੱਗ ਦੀ ਭੱਠੀ ਵਿੱਚ ਸੁੱਟ ਦੇਣਗੇ; ਉੱਥੇ ਰੋਣਾ ਅਤੇ ਦੰਦਾਂ ਦਾ ਪੀਸਣਾ ਹੋਵੇਗਾ।
ਨਵੀਆਂ ਅਤੇ ਪੁਰਾਣੀਆਂ ਚੀਜ਼ਾਂ ਦਾ ਖਜ਼ਾਨਾ
51 “ਕੀ # 13:51 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਯਿਸੂ ਨੇ ਉਨ੍ਹਾਂ ਨੂੰ ਕਿਹਾ, ਕੀ” ਲਿਖਿਆ ਹੈ। ਤੁਹਾਨੂੰ ਇਹ ਸਭ ਗੱਲਾਂ ਸਮਝ ਆਈਆਂ?” ਉਨ੍ਹਾਂ ਉਸ ਨੂੰ ਕਿਹਾ, “ਹਾਂ ਪ੍ਰਭੂ#13:51 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਪ੍ਰਭੂ” ਨਹੀਂ ਹੈ।।” 52ਉਸ ਨੇ ਉਨ੍ਹਾਂ ਨੂੰ ਕਿਹਾ,“ਇਸ ਲਈ ਹਰੇਕ ਸ਼ਾਸਤਰੀ ਜਿਸ ਨੇ ਸਵਰਗ ਦੇ ਰਾਜ ਦੀ ਸਿੱਖਿਆ ਹਾਸਲ ਕੀਤੀ ਹੈ, ਘਰ ਦੇ ਉਸ ਮਾਲਕ ਵਰਗਾ ਹੈ ਜਿਹੜਾ ਆਪਣੇ ਖਜ਼ਾਨੇ ਵਿੱਚੋਂ ਨਵੀਆਂ ਅਤੇ ਪੁਰਾਣੀਆਂ ਚੀਜ਼ਾਂ ਕੱਢਦਾ ਹੈ।”
53ਜਦੋਂ ਯਿਸੂ ਇਹ ਦ੍ਰਿਸ਼ਟਾਂਤ ਕਹਿ ਚੁੱਕਾ ਤਾਂ ਉੱਥੋਂ ਚਲਾ ਗਿਆ।
ਨਾਸਰਤ ਵਿੱਚ ਅਵਿਸ਼ਵਾਸ
54ਫਿਰ ਉਹ ਆਪਣੇ ਨਗਰ ਵਿੱਚ ਆਇਆ ਅਤੇ ਉਨ੍ਹਾਂ ਦੇ ਸਭਾ-ਘਰ ਵਿੱਚ ਉਨ੍ਹਾਂ ਨੂੰ ਅਜਿਹਾ ਉਪਦੇਸ਼ ਦੇਣ ਲੱਗਾ ਕਿ ਉਹ ਹੈਰਾਨ ਹੋ ਕੇ ਕਹਿਣ ਲੱਗੇ, “ਇਸ ਨੂੰ ਇਹ ਗਿਆਨ ਅਤੇ ਸਮਰੱਥਾ ਕਿੱਥੋਂ ਮਿਲੀ? 55ਕੀ ਇਹ ਤਰਖਾਣ ਦਾ ਪੁੱਤਰ ਨਹੀਂ ਹੈ? ਕੀ ਇਸ ਦੀ ਮਾਤਾ ਦਾ ਨਾਮ ਮਰਿਯਮ ਨਹੀਂ ਅਤੇ ਇਸ ਦੇ ਭਰਾ ਯਾਕੂਬ, ਯੂਸੁਫ਼, ਸ਼ਮਊਨ ਅਤੇ ਯਹੂਦਾ ਨਹੀਂ? 56ਕੀ ਇਸ ਦੀਆਂ ਸੱਭੇ ਭੈਣਾਂ ਸਾਡੇ ਵਿਚਕਾਰ ਨਹੀਂ ਰਹਿੰਦੀਆਂ? ਫਿਰ ਇਹ ਸਭ ਇਸ ਨੂੰ ਕਿੱਥੋਂ ਹਾਸਲ ਹੋਇਆ?” 57ਸੋ ਉਨ੍ਹਾਂ ਉਸ ਤੋਂ ਠੋਕਰ ਖਾਧੀ। ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ,“ਨਬੀ ਦਾ ਆਪਣੇ ਨਗਰ ਅਤੇ ਆਪਣੇ ਘਰ ਤੋਂ ਬਿਨਾਂ ਹੋਰ ਕਿਤੇ ਨਿਰਾਦਰ ਨਹੀਂ ਹੁੰਦਾ।” 58ਉਨ੍ਹਾਂ ਦੇ ਅਵਿਸ਼ਵਾਸ ਦੇ ਕਾਰਨ ਉਸ ਨੇ ਉੱਥੇ ਜ਼ਿਆਦਾ ਚਮਤਕਾਰ ਨਾ ਕੀਤੇ।
Seçili Olanlar:
ਮੱਤੀ 13: PSB
Vurgu
Paylaş
Kopyala
Önemli anlarınızın tüm cihazlarınıza kaydedilmesini mi istiyorsunuz? Kayıt olun ya da giriş yapın
PUNJABI STANDARD BIBLE©
Copyright © 2023 by Global Bible Initiative