ਲੂਕਾ 15

15
ਗੁਆਚੀ ਹੋਈ ਭੇਡ । ਉਜਾੜੂ ਪੁੱਤ੍ਰ
1ਸਭ ਮਸੂਲੀਏ ਅਰ ਪਾਪੀ ਉਹ ਦੀ ਸੁਣਨ ਲਈ ਉਹ ਦੇ ਨੇੜੇ ਆਉਂਦੇ ਸਨ 2ਅਤੇ ਫ਼ਰੀਸੀ ਅਰ ਗ੍ਰੰਥੀ ਦੋਵੇਂ ਬੁੜਬੁੜਾ ਕੇ ਬੋਲੇ ਭਈ ਇਹ ਤਾਂ ਪਾਪੀਆਂ ਨੂੰ ਕਬੂਲ ਕਰਦਾ ਹੈ ਅਤੇ ਉਨ੍ਹਾਂ ਨਾਲ ਖਾਂਦਾ ਹੈ! 3ਤਾਂ ਉਸ ਨੇ ਉਨ੍ਹਾਂ ਨੂੰ ਇਹ ਦ੍ਰਿਸ਼ਟਾਂਤ ਦੇ ਕੇ ਆਖਿਆ, 4ਤੁਸਾਂ ਵਿੱਚੋਂ ਕਿਹੜਾ ਮਨੁੱਖ ਹੈ ਜਿਹ ਦੇ ਕੋਲ ਸੌ ਭੇਡਾਂ ਹੋਣ ਅਰ ਜੇ ਉਨ੍ਹਾਂ ਵਿੱਚੋਂ ਇੱਕ ਗੁਆਚ ਜਾਵੇ ਤਾਂ ਉਹ ਉਨ੍ਹਾਂ ਨੜਿੰਨਵਿਆਂ ਨੂੰ ਉਜਾੜ ਵਿੱਚ ਛੱਡ ਕੇ ਉਸ ਗੁਆਚੀ ਹੋਈ ਦੀ ਭਾਲ ਵਿੱਚ ਨਾ ਜਾਵੇ ਜਦ ਤਾਈਂ ਉਹ ਉਸ ਨੂੰ ਨਾ ਲੱਭੇ? 5ਅਰ ਜਾਂ ਲੱਭ ਪਵੇ ਤਾਂ ਉਹ ਨੂੰ ਖੁਸ਼ੀ ਨਾਲ ਆਪਣਿਆਂ ਮੋਢਿਆਂ ਉਤੇ ਰੱਖ ਲੈਂਦਾ 6ਅਤੇ ਘਰ ਜਾ ਕੇ ਆਪਣੇ ਮਿੱਤ੍ਰਾਂ ਅਤੇ ਗੁਆਢੀਆਂ ਨੂੰ ਇਕੱਠੇ ਬੁਲਾਉਂਦਾ ਅਤੇ ਉਨ੍ਹਾਂ ਨੂੰ ਆਖਦਾ ਹੈ ਭਈ ਮੇਰੇ ਨਾਲ ਅਨੰਦ ਕਰੋ ਕਿਉਂ ਜੋ ਮੈਂ ਆਪਣੀ ਗੁਆਚੀ ਹੋਈ ਭੇਡ ਲੱਭੀ ਹੈ 7ਮੈਂ ਤੁਹਾਨੂੰ ਆਖਦਾ ਹਾਂ ਜੋ ਇਸੇ ਤਰਾਂ ਸੁਰਗ ਵਿੱਚ ਇੱਕ ਤੋਬਾ ਕਰਨ ਵਾਲੇ ਪਾਪੀ ਦੇ ਕਾਰਨ ਨੜਿੰਨਵਿਆਂ ਧਰਮੀਆਂ ਨਾਲੋਂ ਜਿਨ੍ਹਾਂ ਨੂੰ ਤੋਬਾ ਕਰਨ ਦੀ ਲੋੜ ਨਹੀਂ ਬਹੁਤ ਖੁਸ਼ੀ ਹੋਵੇਗੀ।।
8ਕਿਹੜੀ ਤੀਵੀਂ ਹੈ ਜਿਹ ਦੇ ਕੋਲ ਦੱਸ ਅਠੰਨੀਆਂ ਹੋਣ ਜੇ ਇੱਕ ਅਠੰਨੀ ਗੁਆਚ ਜਾਵੇ ਤਾਂ ਉਹ ਦੀਵਾ ਬਾਲ ਕੇ ਅਤੇ ਘਰ ਨੂੰ ਹੂੰਝ ਹਾਂਝ ਕੇ ਉਹ ਨੂੰ ਜਤਨ ਨਾਲ ਨਾ ਢੂੰਡੇ ਜਦ ਤੀਕੁਰ ਉਹ ਨੂੰ ਨਾ ਲੱਭੇ? 9ਅਰ ਜਾਂ ਲੱਭ ਲਏ ਤਾਂ ਆਪਣੀਆਂ ਸਹੇਲੀਆਂ ਅਤੇ ਗੁਆਢਣਾਂ ਨੂੰ ਇੱਕਠੀਆਂ ਬੁਲਾ ਤੇ ਆਖਦੀ ਹੈ,ਮੇਰੇ ਨਾਲ ਅਨੰਦ ਕਰੋ ਕਿਉਂ ਜੋ ਮੈਂ ਆਪਣੀ ਗੁਆਚੀ ਹੋਈ ਅਠੰਨੀ ਲੱਭੀ ਹੈ 10ਮੈਂ ਤੁਹਾਨੂੰ ਆਖਦਾ ਹਾਂ ਭਈ ਇਸੇ ਤਰਾਂ ਪਰਮੇਸ਼ੁਰ ਦਿਆਂ ਦੂਤਾਂ ਦੇ ਅੱਗੇ ਇੱਕ ਤੋਬਾ ਕਰਨ ਵਾਲੇ ਪਾਪੀ ਦੇ ਕਾਰਨ ਖੁਸ਼ੀ ਹੁੰਦੀ ਹੈ।।
11ਫੇਰ ਉਸ ਨੇ ਕਿਹਾ ਕਿ ਇੱਕ ਮਨੁੱਖ ਦੇ ਦੋ ਪੁੱਤ੍ਰ ਸਨ 12ਅਤੇ ਉਨ੍ਹਾਂ ਵਿੱਚੋਂ ਛੋਟੇ ਨੇ ਪਿਉ ਨੂੰ ਆਖਿਆ, ਪਿਤਾ ਜੀ ਮਾਲ ਦਾ ਜਿਹੜਾ ਹਿੱਸਾ ਮੈਨੂੰ ਪਹੁੰਚਦਾ ਹੈ ਸੋ ਮੈਨੂੰ ਦੇ ਦਿਓ । ਤਾਂ ਉਸ ਨੇ ਉਨ੍ਹਾਂ ਨੂੰ ਪੂੰਜੀ ਵੰਡ ਦਿੱਤੀ 13ਥੋੜੇ ਦਿਨਾਂ ਪਿੱਛੋਂ ਛੋਟਾ ਪੁੱਤ੍ਰ ਸੱਭੋ ਕੁਝ ਇੱਕਠਾ ਕਰ ਕੇ ਦੂਰ ਦੇਸ ਨੂੰ ਚੱਲਿਆ ਗਿਆ ਅਰ ਉੱਥੇ ਆਪਣਾ ਮਾਲ ਬਦ ਚਲਣੀ ਨਾਲ ਉਡਾ ਦਿੱਤਾ 14ਜਾਂ ਉਹ ਸਭ ਖ਼ਰਚ ਕਰ ਚੁੱਕਿਆਂ ਤਾਂ ਉਸ ਦੇਸ ਵਿੱਚ ਵੱਡਾ ਕਾਲ ਪੈ ਗਿਆ ਅਤੇ ਉਹ ਮੁਹਤਾਜ ਹੋਣ ਲੱਗਾ 15ਤਾਂ ਉਹ ਉਸ ਦੇਸ ਦੇ ਕਿਸੇ ਰਹਿਣ ਵਾਲੇ ਦੇ ਕੋਲ ਜਾ ਰਿਹਾ ਅਤੇ ਉਸ ਨੇ ਉਹ ਨੂੰ ਆਪਣਿਆਂ ਖੇਤਾਂ ਵਿੱਚ ਸੂਰਾਂ ਦੇ ਚਾਰਨ ਲਈ ਘੱਲਿਆ 16ਅਰ ਉਹ ਉਨ੍ਹਾਂ ਛਿੱਲੜਾਂ ਨਾਲ ਜਿਹੜੇ ਸੂਰ ਖਾਂਦੇ ਸਨ ਆਪਣਾ ਢਿੱਡ ਭਰਨਾ ਚਾਹੁੰਦਾ ਸੀ ਪਰ ਕਿਨੇ ਉਹ ਨੂੰ ਕੁਝ ਨਾ ਦਿੱਤਾ 17ਪਰ ਉਹ ਨੇ ਸੁਰਤ ਵਿੱਚ ਆਣ ਕੇ ਕਿਹਾ ਭਈ ਮੇਰੇ ਪਿਉ ਦੇ ਕਿੰਨੇ ਹੀ ਕਾਮਿਆਂ ਲਈ ਵਾਫ਼ਰ ਰੋਟੀਆਂ ਹਨ ਅਤੇ ਮੈਂ ਐੱਥੇ ਭੁੱਖਾ ਮਰਦਾ ਹਾਂ 18ਮੈਂ ਉੱਠ ਕੇ ਆਪਣੇ ਪਿਉ ਕੋਲ ਜਾਵਾਂਗਾ ਅਤੇ ਉਸ ਨੂੰ ਆਖਾਂਗਾ, ਪਿਤਾ ਜੀ ਮੈਂ ਅਸਮਾਨ ਦੇ ਵਿਰੁੱਧ ਤੇ ਤੁਹਾਡੇ ਅੱਗੇ ਗੁਨਾਹ ਕੀਤਾ ਹੈ 19ਹੁਣ ਮੈਂ ਇਸ ਜੋਗ ਨਹੀਂ ਜੋ ਫੇਰ ਤੁਹਾਡਾ ਪੁੱਤ੍ਰ ਸਦਾਵਾਂ। ਮੈਨੂੰ ਆਪਣਿਆਂ ਕਾਮਿਆਂ ਵਿੱਚੋਂ ਇੱਕ ਜਿਹਾ ਰੱਖ ਲਓ 20ਸੋ ਉਹ ਉੱਠ ਕੇ ਆਪਣੇ ਪਿਉ ਕੋਲ ਗਿਆ ਪਰ ਉਹ ਅਜੇ ਦੂਰ ਹੀ ਸੀ ਕਿ ਉਹ ਦੇ ਪਿਉ ਨੇ ਉਹ ਨੂੰ ਡਿੱਠਾ ਅਤੇ ਉਸ ਨੂੰ ਤਰਸ ਆਇਆ ਅਰ ਦੌੜ ਕੇ ਗਲੇ ਲਾ ਲਿਆ ਅਤੇ ਉਹ ਨੂੰ ਚੁੰਮਿਆਂ 21ਅਰ ਪੁੱਤ੍ਰ ਨੇ ਉਸ ਨੂੰ ਆਖਿਆ, ਪਿਤਾ ਜੀ ਮੈਂ ਅਸਮਾਨ ਦੇ ਵਿਰੁੱਧ ਅਰ ਤੁਹਾਡੇ ਅੱਗੇ ਗੁਨਾਹ ਕੀਤਾ ਹੈ। ਹੁਣ ਮੈਂ ਜੋਗ ਨਹੀਂ ਜੋ ਫੇਰ ਤੁਹਾਡਾ ਪੁੱਤ੍ਰ ਸਦਾਵਾਂ 22ਪਰ ਪਿਤਾ ਨੇ ਆਪਣੇ ਨੌਕਰਾਂ ਨੂੰ ਕਿਹਾ ਕਿ ਸਭ ਤੋਂ ਚੰਗੇ ਬਸਤ੍ਰ ਛੇਤੀ ਕੱਢ ਕੇ ਇਹ ਨੂੰ ਪਹਿਨਾਓ ਅਰ ਇਹ ਦੇ ਹੱਥ ਵਿੱਚ ਅੰਗੂਠੀ ਅਰ ਪੈਰੀਂ ਜੁੱਤੀ ਪਾਓ
23ਅਤੇ ਪਲਿਆ ਹੋਇਆ ਵੱਛਾ ਲਿਆ ਕੇ ਕੱਟੋ ਭਈ ਖਾਈਏ ਅਤੇ ਖੁਸ਼ੀ ਕਰੀਏ 24ਕਿਉਂ ਜੋ ਮੇਰਾ ਇਹ ਪੁੱਤ੍ਰ ਮੋਇਆ ਹੋਇਆ ਸੀ ਅਤੇ ਫੇਰ ਜੀ ਪਿਆ ਹੈ, ਗੁਆਚ ਗਿਆ ਸੀ ਅਤੇ ਫੇਰ ਲੱਭ ਪਿਆ ਹੈ। ਸੋ ਓਹ ਲੱਗੇ ਖੁਸ਼ੀ ਕਰਨ।।
25ਪਰ ਉਹ ਦਾ ਵੱਡਾ ਪੁੱਤ੍ਰ ਖੇਤ ਵਿੱਚ ਸੀ ਅਰ ਜਾਂ ਉਹ ਆਣ ਕੇ ਘਰ ਦੇ ਨੇੜੇ ਅੱਪੜਿਆ ਤਾਂ ਗਾਉਣ ਬਜਾਉਣ ਤੇ ਨੱਚਣ ਦੀ ਅਵਾਜ਼ ਸੁਣੀ 26ਤਦ ਨੌਕਰਾਂ ਵਿੱਚੋਂ ਇੱਕ ਨੂੰ ਆਪਣੇ ਕੋਲ ਸੱਦ ਕੇ ਪੁੱਛਿਆ ਭਈ ਇਹ ਕੀ ਹੈ? 27ਉਸ ਨੇ ਉਹ ਨੂੰ ਆਖਿਆ, ਤੇਰਾ ਭਰਾ ਆਇਆ ਹੈ ਅਰ ਤੇਰੇ ਪਿਉ ਨੇ ਪਲਿਆ ਹੋਇਆ ਵੱਛਾ ਕੱਟਿਆ ਹੈ ਇਸ ਲਈ ਜੋ ਉਹ ਨੂੰ ਭਲਾ ਚੰਗਾ ਪਾਇਆ 28ਪਰ ਉਹ ਗੁੱਸੇ ਹੋਇਆ ਅਤੇ ਅੰਦਰ ਜਾਣ ਨੂੰ ਉਹ ਦਾ ਜੀ ਨਾ ਕੀਤਾ। ਸੋ ਉਹ ਦਾ ਪਿਉ ਬਾਹਰ ਆਣ ਕੇ ਉਹ ਨੂੰ ਮਨਾਉਣ ਲੱਗਾ 29ਪਰ ਓਨ ਆਪਣੇ ਪਿਉ ਨੂੰ ਉੱਤਰ ਦਿੱਤਾ, ਵੇਖ ਮੈਂ ਐੱਨੇ ਵਰਿਹਾਂ ਤੋਂ ਤੁਹਾਡੀ ਟਹਿਲ ਕਰਦਾ ਹਾਂ ਅਤੇ ਤੁਹਾਡਾ ਹੁਕਮ ਕਦੇ ਨਹੀਂ ਮੋੜਿਆ ਪਰ ਤੁਸਾਂ ਮੈਨੂੰ ਕਦੇ ਇੱਕ ਪਠੋਰਾ ਭੀ ਨਾ ਦਿੱਤਾ ਜੋ ਮੈਂ ਆਪਣਿਆਂ ਬੇਲੀਆਂ ਨਾਲ ਖੁਸ਼ੀ ਕਰਾਂ 30ਪਰ ਜਦ ਤੁਹਾਡਾ ਇਹ ਪੁੱਤ੍ਰ ਆਇਆ ਜਿਹ ਨੇ ਕੰਜਰੀਆਂ ਦੇ ਮੂੰਹ ਤੇਰੀ ਪੂਜੀ ਉਡਾ ਦਿੱਤੀ ਤੁਸਾਂ ਉਹ ਦੇ ਲਈ ਪਲਿਆ ਹੋਇਆ ਵੱਛਾ ਕੱਟਿਆ 31ਪਰ ਓਨ ਉਸ ਨੂੰ ਆਖਿਆ, ਬੱਚਾ ਤੂੰ ਸਦਾ ਮੇਰੇ ਨਾਲ ਹੈਂ ਅਤੇ ਮੇਰਾ ਸੱਭੋ ਕੁਝ ਤੇਰਾ ਹੈ 32ਪਰ ਖੁਸ਼ੀ ਕਰਨੀ ਅਤੇ ਅਨੰਦ ਕਰਨਾ ਜੋਗ ਸੀ ਕਿਉਂਕਿ ਤੇਰਾ ਇਹ ਭਰਾ ਮੋਇਆ ਹੋਇਆ ਸੀ ਅਤੇ ਫੇਰ ਜੀ ਪਿਆ ਹੈ ਅਰ ਗੁਆਚ ਗਿਆ ਸੀ ਅਤੇ ਹੁਣ ਲੱਭ ਪਿਆ ਹੈ।।

Podkreślenie

Udostępnij

Kopiuj

None

Chcesz, aby twoje zakreślenia były zapisywane na wszystkich twoich urządzeniach? Zarejestruj się lub zaloguj