ਯੂਹੰਨਾ 14

14
ਪਵਿੱਤ੍ਰ ਆਤਮਾ ਲਈ ਬਚਨ
1ਤੁਹਾਡਾ ਦਿਲ ਨਾ ਘਬਰਾਵੇ। ਪਰਮੇਸ਼ੁਰ ਉੱਤੇ ਨਿਹਚਾ ਕਰੋ ਅਰ ਮੇਰੇ ਉੱਤੇ ਵੀ ਨਿਹਚਾ ਕਰੋ 2ਮੇਰੇ ਪਿਤਾ ਦੇ ਘਰ ਵਿੱਚ ਬਹੁਤ ਸਾਰੇ ਨਿਵਾਸ ਹਨ ਨਹੀਂ ਤਾਂ ਮੈਂ ਤੁਹਾਨੂੰ ਕਹਿੰਦਾ ਕਿਉਂ ਜੋ ਮੈਂ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਜਾਂਦਾ ਹਾਂ 3ਅਰ ਜੇ ਮੈਂ ਜਾ ਕੇ ਤੁਹਾਡੇ ਲਈ ਜਗ੍ਹਾ ਤਿਆਰ ਕਰਾਂ ਤਾਂ ਫੇਰ ਆਣ ਕੇ ਤੁਹਾਨੂੰ ਆਪਣੇ ਕੋਲ ਲੈ ਲਵਾਂਗਾ ਭਈ ਜਿੱਥੇ ਮੈਂ ਹਾਂ ਤੁਸੀਂ ਭੀ ਹੋਵੋ 4ਅਰ ਜਿੱਥੇ ਮੈਂ ਜਾਂਦਾ ਹਾਂ ਤੁਸੀਂ ਉਹ ਦਾ ਰਾਹ ਜਾਣਦੇ ਹੋ 5ਥੋਮਾ ਨੇ ਉਹ ਨੂੰ ਆਖਿਆ, ਪ੍ਰਭੁ ਜੀ ਸਾਨੂੰ ਇਹੋ ਪਤਾ ਨਹੀਂ ਤੂੰ ਕਿੱਥੇ ਜਾਂਦਾ ਹੈਂ, ਫੇਰ ਰਾਹ ਕਿੱਕੁਰ ਜਾਣੀਏ? 6ਯਿਸੂ ਨੇ ਉਹ ਨੂੰ ਆਖਿਆ, ਰਾਹ ਅਤੇ ਸਚਿਆਈ ਅਤੇ ਜੀਉਣ ਮੈਂ ਹਾਂ। ਕੋਈ ਮੇਰੇ ਵਸੀਲੇ ਬਿਨਾ ਪਿਤਾ ਦੇ ਕੋਲ ਨਹੀਂ ਆਉਂਦਾ 7ਜੇ ਤੁਸੀਂ ਮੈਨੂੰ ਜਾਣਦੇ ਤਾਂ ਮੇਰੇ ਪਿਤਾ ਨੂੰ ਭੀ ਜਾਣਦੇ । ਏਦੋਂ ਅੱਗੇ ਤੁਸੀਂ ਉਹ ਨੂੰ ਜਾਣਦੇ ਅਤੇ ਉਹ ਨੂੰ ਵੇਖ ਲਿਆ ਹੈ 8ਫ਼ਿਲਿਪੁੱਸ ਨੇ ਉਹ ਨੂੰ ਆਖਿਆ, ਪ੍ਰਭੁ ਜੀ ਪਿਤਾ ਦਾ ਸਾਨੂੰ ਦਰਸ਼ਣ ਕਰਾ ਤਾਂ ਸਾਨੂੰ ਤ੍ਰਿਪਤ ਆਊ 9ਯਿਸੂ ਨੇ ਉਹ ਨੂੰ ਆਖਿਆ, ਫ਼ਿਲਿਪੁੱਸ ਐੱਨੇ ਚਿਰ ਤੋਂ ਮੈਂ ਤੁਹਾਡੇ ਨਾਲ ਹਾਂ ਅਰ ਕੀ ਤੈਂ ਮੈਨੂੰ ਨਹੀਂ ਜਾਣਿਆ? ਜਿਨ ਮੈਨੂੰ ਵੇਖਿਆ ਓਨ ਪਿਤਾ ਨੂੰ ਵੇਖਿਆ ਹੈ। ਤੂੰ ਕਿੱਕੂੰ ਆਖਦਾ ਹੈਂ ਭਈ ਸਾਨੂੰ ਪਿਤਾ ਦਾ ਦਰਸ਼ਣ ਕਰਾ? 10ਕੀ ਤੂੰ ਸਤ ਨਹੀਂ ਮੰਨਦਾ ਜੋ ਮੈਂ ਪਿਤਾ ਵਿੱਚ ਅਰ ਪਿਤਾ ਮੇਰੇ ਵਿੱਚ ਹੈ? ਏਹ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਆਖਦਾ ਹਾਂ ਆਪ ਤੋਂ ਨਹੀਂ ਆਖਦਾ ਪਰ ਪਿਤਾ ਮੇਰੇ ਵਿੱਚ ਰਹਿੰਦਿਆ ਆਪਣੇ ਕੰਮ ਕਰਦਾ ਹੈ 11ਮੇਰੀ ਪਰਤੀਤ ਕਰੋ ਕਿ ਮੈਂ ਪਿਤਾ ਅਰ ਪਿਤਾ ਮੇਰੇ ਵਿੱਚ ਹੈ, ਨਹੀਂ ਤਾਂ ਕੰਮਾਂ ਹੀ ਦੇ ਕਾਰਨ ਮੇਰੀ ਪਰਤੀਤ ਕਰੋ 12ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਜੋ ਮੇਰੇ ਉੱਤੇ ਨਿਹਚਾ ਕਰਦਾ ਹੈ ਸੋ ਇਹ ਕੰਮ ਜਿਹੜੇ ਮੈਂ ਕਰਦਾ ਹਾਂ ਉਹ ਭੀ ਕਰੇਗਾ ਸਗੋਂ ਇਨ੍ਹਾਂ ਨਾਲੋਂ ਵੱਡੇ ਕੰਮ ਕਰੇਗਾ ਕਿਉਂ ਜੋ ਮੈਂ ਪਿਤਾ ਦੇ ਕੋਲ ਜਾਂਦਾ ਹਾਂ 13ਅਰ ਤੁਸੀਂ ਮੇਰਾ ਨਾਮ ਲੈ ਕੇ ਜੋ ਕੁਝ ਮੰਗੋਗੇ ਮੈਂ ਸੋਈ ਕਰਾਂਗਾ ਤਾਂ ਜੋ ਪੁੱਤ੍ਰ ਵਿੱਚ ਪਿਤਾ ਦੀ ਵਡਿਆਈ ਹੋਵੇ 14ਜੇ ਤੁਸੀਂ ਮੇਰਾ ਨਾਮ ਲੈ ਕੇ ਮੈਥੋਂ ਕੁਝ ਮੰਗੋਗੇ ਤਾਂ ਮੈਂ ਉਹੋ ਕਰਾਂਗਾ 15ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਮੇਰੇ ਹੁਕਮਾਂ ਦੀ ਪਾਲਨਾ ਕਰੋਗੇ 16ਅਤੇ ਮੈਂ ਆਪਣੇ ਪਿਤਾ ਤੋਂ ਮੰਗਾਂਗਾ ਅਰ ਉਹ ਤੁਹਾਨੂੰ ਦੂਜਾ ਸਹਾਇਕ ਬਖ਼ਸ਼ੇਗਾ ਭਈ ਉਹ ਸਦਾ ਤੁਹਾਡੇ ਸੰਗ ਰਹੇ 17ਅਰਥਾਤ ਸਚਿਆਈ ਦਾ ਆਤਮਾ ਜਿਹ ਨੂੰ ਜਗਤ ਨਹੀਂ ਪਾ ਸੱਕਦਾ ਕਿਉਂ ਜੋ ਉਹ ਉਸ ਨੂੰ ਵੇਖਦਾ ਨਹੀਂ, ਨਾ ਉਸ ਨੂੰ ਜਾਣਦਾ ਹੈ। ਤੁਸੀਂ ਉਸ ਨੂੰ ਜਾਣਦੇ ਹੋ ਕਿਉਂਕਿ ਉਹ ਤੁਹਾਡੇ ਸੰਗ ਰਹਿੰਦਾ ਹੈ ਅਤੇ ਤੁਹਾਡੇ ਵਿੱਚ ਹੋਵੇਗਾ 18ਮੈਂ ਤੁਹਾਨੂੰ ਅਨਾਥ ਨਾ ਛੱਡਾਂਗਾ। ਮੈਂ ਤੁਹਾਡੇ ਕੋਲ ਆਵਾਂਗਾ 19ਹੁਣ ਥੋੜੇ ਚਿਰ ਪਿੱਛੋਂ ਜਗਤ ਮੈਨੂੰ ਫੇਰ ਨਾ ਵੇਖੇਗਾ ਪਰ ਤੁਸੀਂ ਮੈਨੂੰ ਵੇਖੋਗੇ। ਇਸ ਕਰਕੇ ਜੋ ਮੈਂ ਜੀਉਂਦਾ ਹਾਂ ਤੁਸੀਂ ਭੀ ਜੀਓਗੇ 20ਉਸ ਦਿਨ ਤੁਸੀਂ ਜਾਣੋਗੇ ਭਈ ਮੈਂ ਆਪਣੇ ਪਿਤਾ ਵਿੱਚ ਅਰ ਤੁਸੀਂ ਮੇਰੇ ਵਿੱਚ ਅਤੇ ਮੈਂ ਤੁਹਾਡੇ ਵਿੱਚ ਹਾਂ 21ਜਿਹ ਦੇ ਕੋਲ ਮੇਰੇ ਹੁਕਮ ਹਨ ਅਤੇ ਉਹ ਉਨ੍ਹਾਂ ਦੀ ਪਾਲਨਾ ਕਰਦਾ ਹੈ ਸੋਈ ਹੈ ਜੋ ਮੈਨੂੰ ਪਿਆਰ ਕਰਦਾ ਹੈ ਅਤੇ ਜਿਹੜਾ ਮੈਨੂੰ ਪਿਆਰ ਕਰਦਾ ਹੈ ਉਹ ਮੇਰੇ ਪਿਤਾ ਦਾ ਪਿਆਰਾ ਹੋਵੇਗਾ ਅਰ ਮੈਂ ਉਹ ਦੇ ਨਾਲ ਪਿਆਰ ਕਰਾਂਗਾ ਅਤੇ ਆਪਣੇ ਤਾਈਂ ਉਸ ਉੱਤੇ ਪਰਗਟ ਕਰਾਂਗਾ 22ਯਹੂਦਾ, ਨਾ ਇਸਕਰਿਯੋਤੀ, ਨੇ ਉਹ ਨੂੰ ਆਖਿਆ, ਪ੍ਰਭੁ ਜੀ ਕੀ ਹੋਇਆ ਹੈ ਜੋ ਤੂੰ ਆਪਣਾ ਆਪ ਸਾਡੇ ਉੱਤੇ ਪਰਗਟ ਕਰੇਂਗਾ ਅਰ ਜਗਤ ਉੱਤੇ ਨਹੀਂ? 23ਯਿਸੂ ਨੇ ਉਹ ਨੂੰ ਉੱਤਰ ਦਿੱਤਾ, ਜੇ ਕੋਈ ਮੈਨੂੰ ਪਿਆਰ ਕਰਦਾ ਹੈ ਉਹ ਮੇਰੇ ਬਚਨ ਦੀ ਪਾਲਨਾ ਕਰੇਗਾ ਅਤੇ ਮੇਰਾ ਪਿਤਾ ਉਹ ਨੂੰ ਪਿਆਰ ਕਰੇਗਾ ਅਤੇ ਅਸੀਂ ਉਹ ਦੇ ਕੋਲ ਆਵਾਂਗੇ ਅਰ ਉਹ ਦੇ ਨਾਲ ਵਾਸ ਕਰਾਂਗੇ 24ਜਿਹੜਾ ਮੈਨੂੰ ਪਿਆਰ ਨਹੀਂ ਕਰਦਾ ਉਹ ਮੇਰੇ ਬਚਨਾਂ ਦੀ ਪਾਲਨਾ ਨਹੀਂ ਕਰਦਾ ਅਤੇ ਇਹ ਬਚਨ ਜੋ ਤੁਸੀਂ ਸੁਣਦੇ ਹੋ ਮੇਰਾ ਨਹੀਂ ਸਗੋਂ ਪਿਤਾ ਦਾ ਹੈ ਜਿਨ ਮੈਨੂੰ ਘੱਲਿਆ।।
25ਮੈਂ ਏਹ ਗਲਾਂ ਤੁਹਾਡੇ ਨਾਲ ਰਹਿੰਦਿਆਂ ਤੁਹਾਨੂੰ ਆਖੀਆਂ ਹਨ 26ਪਰ ਉਹ ਸਹਾਇਕ ਅਰਥਾਤ ਪਵਿੱਤ੍ਰ ਆਤਮਾ ਜਿਹ ਨੂੰ ਪਿਤਾ ਮੇਰੇ ਨਾਲ ਉੱਤੇ ਘੱਲੇਗਾ ਸੋ ਤੁਹਾਨੂੰ ਸੱਭੋ ਕੁਝ ਸਿਖਾਲੇਗਾ ਅਤੇ ਸੱਭੋ ਕੁਝ ਜੋ ਮੈਂ ਤੁਹਾਨੂੰ ਆਖਿਆ ਹੈ ਤੁਹਾਨੂੰ ਚੇਤੇ ਕਰਾਵੇਗਾ 27ਮੈਂ ਤੁਹਾਨੂੰ ਸ਼ਾਂਤੀ ਦੇ ਜਾਂਦਾ ਹਾਂ । ਆਪਣੀ ਸ਼ਾਂਤੀ ਮੈਂ ਤੁਹਾਨੂੰ ਦਿੰਦਾ ਹਾਂ । ਜਿਸ ਤਰਾਂ ਸੰਸਾਰ ਦਿੰਦਾ ਹੈ ਮੈਂ ਉਸ ਤਰਾਂ ਤੁਹਾਨੂੰ ਨਹੀਂ ਦਿੰਦਾ ਹਾਂ। ਤੁਹਾਡਾ ਦਿਲ ਨਾ ਘਬਰਾਵੇ ਅਤੇ ਨਾ ਡਰੇ 28ਤੁਸਾਂ ਸੁਣਿਆ ਜੋ ਮੈਂ ਤੁਹਾਨੂੰ ਆਖਿਆ ਸੀ ਭਈ ਮੈਂ ਚੱਲਿਆ ਜਾਂਦਾ ਹਾਂ, ਫੇਰ ਤੁਹਾਡੇ ਕੋਲ ਆਉਂਦਾ ਹਾਂ। ਜੇ ਤੁਸੀਂ ਮੇਰੇ ਨਾਲ ਪਿਆਰ ਕਰਦੇ ਤਾਂ ਐਸ ਤੋਂ ਅਨੰਦ ਹੁੰਦੇ ਜੋ ਮੈਂ ਪਿਤਾ ਕੋਲ ਜਾਂਦਾ ਹਾਂ ਕਿਉਂ ਜੋ ਪਿਤਾ ਮੈਥੋਂ ਵੱਡਾ ਹੈ 29ਅਤੇ ਹੁਣ ਉਸ ਗੱਲ ਦੇ ਹੋਣ ਤੋਂ ਅੱਗੇ ਮੈਂ ਤੁਹਾਨੂੰ ਦੱਸਿਆ ਹੈ ਤਾਂ ਜਦ ਉਹ ਹੋ ਲਵੇ ਤਦ ਤੁਸੀਂ ਪਰਤੀਤ ਕਰੋ 30ਮੈਂ ਫੇਰ ਤੁਹਾਡੇ ਨਾਲ ਬਹੁਤੀਆਂ ਗੱਲਾਂ ਨਾ ਕਰਾਂਗਾ ਇਸ ਲਈ ਜੋ ਜਗਤ ਦਾ ਸਰਦਾਰ ਆਉਂਦਾ ਹੈ ਅਤੇ ਮੇਰੇ ਵਿੱਚ ਉਹ ਦਾ ਕੁਝ ਨਹੀਂ ਹੈ 31ਪਰ ਇਸ ਲਈ ਜੋ ਜਗਤ ਨੂੰ ਮਲੂਮ ਹੋਵੇ ਭਈ ਮੈਂ ਪਿਤਾ ਨਾਲ ਪਿਆਰ ਕਰਦਾ ਹਾਂ, ਤਾਂ ਜਿਵੇਂ ਪਿਤਾ ਨੇ ਮੈਨੂੰ ਆਗਿਆ ਦਿੱਤੀ ਹੈ ਮੈਂ ਤਿਵੇਂ ਕਰਦਾ ਹਾਂ। ਉੱਠੋ, ਐਥੋਂ ਚੱਲੀਏ।।

Podkreślenie

Udostępnij

Kopiuj

None

Chcesz, aby twoje zakreślenia były zapisywane na wszystkich twoich urządzeniach? Zarejestruj się lub zaloguj