ਮਰਕੁਸ 7
7
ਪੁਰਖਿਆਂ ਦੀ ਰੀਤ
1ਫ਼ਰੀਸੀ ਅਤੇ ਯਰੂਸ਼ਲਮ ਤੋਂ ਆਏ ਕੁਝ ਸ਼ਾਸਤਰੀ ਉਸ ਦੇ ਕੋਲ ਇਕੱਠੇ ਹੋਏ 2ਅਤੇ ਉਸ ਦੇ ਕੁਝ ਚੇਲਿਆਂ ਨੂੰ ਅਸ਼ੁੱਧ ਭਾਵ ਅਣਧੋਤੇ ਹੱਥਾਂ ਨਾਲ ਰੋਟੀ ਖਾਂਦੇ ਵੇਖਿਆ#7:2 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਜੋ ਕਿ ਅਣਉਚਿਤ ਸੀ” ਲਿਖਿਆ ਹੈ।। 3ਕਿਉਂਕਿ ਫ਼ਰੀਸੀ ਅਤੇ ਸਭ ਯਹੂਦੀ ਆਪਣੇ ਪੁਰਖਿਆਂ ਦੀ ਰੀਤ ਨੂੰ ਮੰਨਦੇ ਹੋਏ ਉਦੋਂ ਤੱਕ ਨਹੀਂ ਖਾਂਦੇ ਜਦੋਂ ਤੱਕ ਆਪਣੇ ਹੱਥਾਂ ਨੂੰ ਮਲ-ਮਲ ਕੇ ਧੋ ਨਾ ਲੈਣ। 4ਇਸੇ ਤਰ੍ਹਾਂ ਉਹ ਬਜ਼ਾਰੋਂ ਆ ਕੇ ਉਦੋਂ ਤੱਕ ਨਹੀਂ ਖਾਂਦੇ ਜਦੋਂ ਤੱਕ ਇਸ਼ਨਾਨ ਨਾ ਕਰ ਲੈਣ ਅਤੇ ਹੋਰ ਵੀ ਬਹੁਤ ਸਾਰੀਆਂ ਰੀਤਾਂ ਹਨ ਜਿਹੜੀਆਂ ਉਨ੍ਹਾਂ ਨੂੰ ਮੰਨਣ ਲਈ ਮਿਲੀਆਂ ਹਨ; ਜਿਵੇਂ ਕਿ ਪਿਆਲਿਆਂ, ਮਟਕਿਆਂ, ਤਾਂਬੇ ਦੇ ਬਰਤਨਾਂ ਅਤੇ ਆਸਣਾਂ ਦਾ ਧੋਣਾ। 5ਤਦ ਫ਼ਰੀਸੀਆਂ ਅਤੇ ਸ਼ਾਸਤਰੀਆਂ ਨੇ ਉਸ ਨੂੰ ਪੁੱਛਿਆ, “ਤੇਰੇ ਚੇਲੇ ਪੁਰਖਿਆਂ ਦੀ ਰੀਤ ਅਨੁਸਾਰ ਕਿਉਂ ਨਹੀਂ ਚੱਲਦੇ, ਸਗੋਂ ਅਸ਼ੁੱਧ#7:5 ਕੁਝ ਹਸਤਲੇਖਾਂ ਵਿੱਚ “ਅਸ਼ੁੱਧ” ਦੇ ਸਥਾਨ 'ਤੇ “ਅਣਧੋਤੇ” ਲਿਖਿਆ ਹੈ। ਹੱਥਾਂ ਨਾਲ ਰੋਟੀ ਖਾਂਦੇ ਹਨ?”
6ਉਸ ਨੇ ਉਨ੍ਹਾਂ ਨੂੰ ਕਿਹਾ,“ਤੁਹਾਡੇ ਪਖੰਡੀਆਂ ਦੇ ਵਿਖੇ ਯਸਾਯਾਹ ਨੇ ਠੀਕ ਭਵਿੱਖਬਾਣੀ ਕੀਤੀ, ਜਿਵੇਂ ਕਿ ਲਿਖਿਆ ਹੈ:
ਇਹ ਲੋਕ ਬੁੱਲ੍ਹਾਂ ਨਾਲ ਮੇਰਾ ਆਦਰ ਕਰਦੇ ਹਨ,
ਪਰ ਇਨ੍ਹਾਂ ਦਾ ਦਿਲ ਮੇਰੇ ਤੋਂ ਦੂਰ ਹੈ।
7 ਇਹ ਵਿਅਰਥ ਮੇਰੀ ਉਪਾਸਨਾ ਕਰਦੇ ਹਨ,
ਇਹ ਮਨੁੱਖਾਂ ਦੇ ਹੁਕਮਾਂ ਨੂੰ ਧਾਰਮਿਕ ਸਿੱਖਿਆ ਦੀ ਤਰ੍ਹਾਂ ਸਿਖਾਉਂਦੇ ਹਨ। #
ਯਸਾਯਾਹ 29:13
8 ਤੁਸੀਂ ਪਰਮੇਸ਼ਰ ਦੇ ਹੁਕਮ ਨੂੰ ਛੱਡ ਕੇ ਮਨੁੱਖਾਂ ਦੀ ਰੀਤ ਨੂੰ ਮੰਨਦੇ ਹੋ # 7:8 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਜਿਵੇਂ ਕਿ ਬਰਤਨਾਂ ਅਤੇ ਪਿਆਲਿਆਂ ਦਾ ਧੋਣਾ ਆਦਿ ਅਤੇ ਹੋਰ ਵੀ ਇਹੋ ਜਿਹੇ ਬਹੁਤ ਸਾਰੇ ਕੰਮ” ਲਿਖਿਆ ਹੈ। ।” 9ਫਿਰ ਉਸ ਨੇ ਉਨ੍ਹਾਂ ਨੂੰ ਕਿਹਾ,“ਤੁਸੀਂ ਪਰਮੇਸ਼ਰ ਦੇ ਹੁਕਮ ਨੂੰ ਚੰਗੀ ਤਰ੍ਹਾਂ ਟਾਲ ਦਿੰਦੇ ਹੋ ਤਾਂਕਿ ਤੁਹਾਡੀ ਰੀਤ ਕਾਇਮ ਰਹੇ, 10ਕਿਉਂਕਿ ਮੂਸਾ ਨੇ ਕਿਹਾ ਸੀ, ‘ਆਪਣੇ ਪਿਤਾ ਅਤੇ ਆਪਣੀ ਮਾਤਾ ਦਾ ਆਦਰ ਕਰ’ ਅਤੇ ‘ਜਿਹੜਾ ਪਿਤਾ ਜਾਂ ਮਾਤਾ ਨੂੰ ਬੁਰਾ ਬੋਲੇ, ਉਹ ਜਾਨੋਂ ਮਾਰਿਆ ਜਾਵੇ’। 11ਪਰ ਤੁਸੀਂ ਕਹਿੰਦੇ ਹੋ, ‘ਜੇ ਮਨੁੱਖ ਆਪਣੇ ਪਿਤਾ ਜਾਂ ਆਪਣੀ ਮਾਤਾ ਨੂੰ ਕਹੇ ਕਿ ਜੋ ਕੁਝ ਤੁਹਾਨੂੰ ਮੇਰੇ ਤੋਂ ਮਿਲ ਸਕਦਾ ਸੀ ਉਹ “ਕੁਰਬਾਨ” ਅਰਥਾਤ ਪਰਮੇਸ਼ਰ ਨੂੰ ਅਰਪਣ ਹੈ’ 12ਤਾਂ ਤੁਸੀਂ ਉਸ ਨੂੰ ਉਸ ਦੇ ਪਿਤਾ ਜਾਂ ਮਾਤਾ ਲਈ ਕੁਝ ਨਹੀਂ ਕਰਨ ਦਿੰਦੇ। 13ਤੁਸੀਂ ਆਪਣੀ ਰੀਤ ਨਾਲ ਜੋ ਤੁਸੀਂ ਦਿੱਤੀ ਹੈ, ਪਰਮੇਸ਼ਰ ਦੇ ਵਚਨ ਨੂੰ ਵਿਅਰਥ ਕਰਦੇ ਹੋ ਅਤੇ ਇਹੋ ਜਿਹੇ ਬਹੁਤ ਸਾਰੇ ਕੰਮ ਤੁਸੀਂ ਕਰਦੇ ਹੋ।”
ਮਨੁੱਖ ਨੂੰ ਭ੍ਰਿਸ਼ਟ ਕਰਨ ਵਾਲੀਆਂ ਗੱਲਾਂ
14ਤਦ ਉਸ ਨੇ ਲੋਕਾਂ ਨੂੰ ਫੇਰ ਕੋਲ ਬੁਲਾ ਕੇ ਉਨ੍ਹਾਂ ਨੂੰ ਕਿਹਾ,“ਤੁਸੀਂ ਸਭ ਮੇਰੀ ਸੁਣੋ ਅਤੇ ਸਮਝੋ; 15ਅਜਿਹਾ ਕੁਝ ਨਹੀਂ ਹੈ ਜੋ ਬਾਹਰੋਂ ਮਨੁੱਖ ਦੇ ਅੰਦਰ ਜਾ ਕੇ ਉਸ ਨੂੰ ਭ੍ਰਿਸ਼ਟ ਕਰ ਸਕੇ, ਪਰ ਜੋ ਗੱਲਾਂ ਮਨੁੱਖ ਦੇ ਅੰਦਰੋਂ ਨਿੱਕਲਦੀਆਂ ਹਨ ਉਹੀ ਉਸ ਨੂੰ ਭ੍ਰਿਸ਼ਟ ਕਰਦੀਆਂ ਹਨ। 16[ਜੇ ਕਿਸੇ ਦੇ ਸੁਣਨ ਦੇ ਕੰਨ ਹੋਣ ਤਾਂ ਉਹ ਸੁਣ ਲਵੇ।”]#7:16 ਕੁਝ ਹਸਤਲੇਖਾਂ ਵਿੱਚ ਇਹ ਆਇਤ ਨਹੀਂ ਹੈ।
17ਜਦੋਂ ਉਹ ਭੀੜ ਦੇ ਕੋਲੋਂ ਘਰ ਵਿੱਚ ਗਿਆ ਤਾਂ ਉਸ ਦੇ ਚੇਲੇ ਉਸ ਤੋਂ ਉਸ ਦ੍ਰਿਸ਼ਟਾਂਤ ਬਾਰੇ ਪੁੱਛਣ ਲੱਗੇ। 18ਉਸ ਨੇ ਉਨ੍ਹਾਂ ਨੂੰ ਕਿਹਾ,“ਕੀ ਤੁਸੀਂ ਵੀ ਅਜਿਹੇ ਬੇਸਮਝ ਹੋ? ਕੀ ਤੁਸੀਂ ਨਹੀਂ ਸਮਝਦੇ ਕਿ ਜੋ ਕੁਝ ਬਾਹਰੋਂ ਮਨੁੱਖ ਦੇ ਅੰਦਰ ਜਾਂਦਾ ਹੈ, ਉਸ ਨੂੰ ਭ੍ਰਿਸ਼ਟ ਨਹੀਂ ਕਰ ਸਕਦਾ? 19ਕਿਉਂਕਿ ਇਹ ਉਸ ਦੇ ਦਿਲ ਵਿੱਚ ਨਹੀਂ ਪਰ ਪੇਟ ਵਿੱਚ ਜਾਂਦਾ ਹੈ ਅਤੇ ਪਖਾਨੇ ਵਿੱਚ ਨਿੱਕਲ ਜਾਂਦਾ ਹੈ।” ਇਸ ਤਰ੍ਹਾਂ ਉਸ ਨੇ ਸਾਰੇ ਭੋਜਨ ਸ਼ੁੱਧ ਠਹਿਰਾਏ। 20ਫਿਰ ਉਸ ਨੇ ਕਿਹਾ,“ਜੋ ਮਨੁੱਖ ਦੇ ਅੰਦਰੋਂ ਨਿੱਕਲਦਾ ਹੈ ਉਹੀ ਮਨੁੱਖ ਨੂੰ ਭ੍ਰਿਸ਼ਟ ਕਰਦਾ ਹੈ। 21ਕਿਉਂਕਿ ਅੰਦਰੋਂ ਮਨੁੱਖ ਦੇ ਦਿਲ ਵਿੱਚੋਂ ਬੁਰੇ ਵਿਚਾਰ, ਵਿਭਚਾਰ, ਚੋਰੀਆਂ, ਹੱਤਿਆਵਾਂ, 22ਹਰਾਮਕਾਰੀਆਂ, ਲੋਭ, ਬਦੀਆਂ, ਧੋਖਾ, ਲੁੱਚਪੁਣਾ, ਬੁਰੀ ਨਜ਼ਰ, ਨਿੰਦਾ, ਹੰਕਾਰ ਅਤੇ ਮੂਰਖਤਾ ਨਿੱਕਲਦੀ ਹੈ। 23ਇਹ ਸਾਰੀਆਂ ਬੁਰਾਈਆਂ ਅੰਦਰੋਂ ਨਿੱਕਲਦੀਆਂ ਹਨ ਅਤੇ ਮਨੁੱਖ ਨੂੰ ਭ੍ਰਿਸ਼ਟ ਕਰਦੀਆਂ ਹਨ।”
ਸੂਰੁਫੈਨੀਕਣ ਔਰਤ ਦਾ ਵਿਸ਼ਵਾਸ
24ਫਿਰ ਯਿਸੂ ਉੱਥੋਂ ਉੱਠ ਕੇ ਸੂਰ#7:24 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਅਤੇ ਸੈਦਾ” ਲਿਖਿਆ ਹੈ। ਦੇ ਇਲਾਕੇ ਵਿੱਚ ਆਇਆ। ਜਦੋਂ ਉਹ ਇੱਕ ਘਰ ਵਿੱਚ ਗਿਆ ਤਾਂ ਉਹ ਨਹੀਂ ਚਾਹੁੰਦਾ ਸੀ ਕਿ ਕੋਈ ਇਸ ਬਾਰੇ ਜਾਣੇ ਪਰ ਉਹ ਗੁੱਝਾ ਨਾ ਰਹਿ ਸਕਿਆ। 25ਉਸੇ ਸਮੇਂ ਇੱਕ ਔਰਤ ਜਿਸ ਦੀ ਬੇਟੀ ਵਿੱਚ ਭ੍ਰਿਸ਼ਟ ਆਤਮਾ ਸੀ, ਉਸ ਦੇ ਬਾਰੇ ਸੁਣ ਕੇ ਆਈ ਅਤੇ ਉਸ ਦੇ ਚਰਨਾਂ 'ਤੇ ਡਿੱਗ ਪਈ। 26ਉਹ ਸੂਰੁਫੈਨੀਕੀ ਮੂਲ ਦੀ ਇੱਕ ਯੂਨਾਨੀ ਔਰਤ ਸੀ ਅਤੇ ਉਸ ਨੇ ਯਿਸੂ ਨੂੰ ਬੇਨਤੀ ਕੀਤੀ ਕਿ ਉਹ ਉਸ ਦੀ ਬੇਟੀ ਵਿੱਚੋਂ ਦੁਸ਼ਟ ਆਤਮਾ ਨੂੰ ਕੱਢ ਦੇਵੇ। 27ਪਰ ਯਿਸੂ ਨੇ ਉਸ ਨੂੰ ਕਿਹਾ,“ਪਹਿਲਾਂ ਬੱਚਿਆਂ ਨੂੰ ਰੱਜ ਲੈਣ ਦੇ, ਕਿਉਂਕਿ ਬੱਚਿਆਂ ਦੀ ਰੋਟੀ ਲੈ ਕੇ ਕਤੂਰਿਆਂ ਨੂੰ ਪਾਉਣੀ ਠੀਕ ਨਹੀਂ।” 28ਉਸ ਨੇ ਉੱਤਰ ਦਿੱਤਾ, “ਸੱਚ ਹੈ ਪ੍ਰਭੂ, ਪਰ ਕਤੂਰੇ ਵੀ ਤਾਂ ਮੇਜ਼ ਦੇ ਹੇਠੋਂ ਬੱਚਿਆਂ ਦੇ ਚੂਰ-ਭੂਰ ਵਿੱਚੋਂ ਖਾਂਦੇ ਹਨ।” 29ਤਦ ਯਿਸੂ ਨੇ ਉਸ ਨੂੰ ਕਿਹਾ,“ਇਸ ਗੱਲ ਦੇ ਕਾਰਨ ਚਲੀ ਜਾ; ਦੁਸ਼ਟ ਆਤਮਾ ਤੇਰੀ ਬੇਟੀ ਵਿੱਚੋਂ ਨਿੱਕਲ ਗਈ ਹੈ।” 30ਉਸ ਨੇ ਆਪਣੇ ਘਰ ਜਾ ਕੇ ਵੇਖਿਆ ਕਿ ਬੱਚੀ ਮੰਜੀ ਉੱਤੇ ਪਈ ਹੋਈ ਹੈ ਅਤੇ ਦੁਸ਼ਟ ਆਤਮਾ ਨਿੱਕਲ ਗਈ ਹੈ।
ਬੋਲ਼ੇ ਅਤੇ ਥਥਲੇ ਵਿਅਕਤੀ ਦਾ ਚੰਗਾ ਹੋਣਾ
31ਤਦ ਉਹ ਫੇਰ ਸੂਰ ਦੇ ਇਲਾਕੇ ਵਿੱਚੋਂ ਨਿੱਕਲ ਕੇ ਸੈਦਾ ਰਾਹੀਂ ਦਿਕਾਪੁਲਿਸ ਦੇ ਇਲਾਕੇ ਵਿੱਚੋਂ ਹੁੰਦਾ ਹੋਇਆ ਗਲੀਲ ਦੀ ਝੀਲ 'ਤੇ ਆਇਆ। 32ਲੋਕ ਇੱਕ ਵਿਅਕਤੀ ਨੂੰ ਉਸ ਕੋਲ ਲਿਆਏ ਜਿਹੜਾ ਬੋਲ਼ਾ ਅਤੇ ਥਥਲਾ ਸੀ ਅਤੇ ਉਨ੍ਹਾਂ ਨੇ ਉਸ ਦੀ ਮਿੰਨਤ ਕੀਤੀ ਕਿ ਉਹ ਉਸ ਉੱਤੇ ਹੱਥ ਰੱਖੇ। 33ਤਦ ਯਿਸੂ ਨੇ ਉਸ ਨੂੰ ਭੀੜ ਤੋਂ ਅਲੱਗ ਲਿਜਾ ਕੇ ਆਪਣੀਆਂ ਉਂਗਲਾਂ ਉਸ ਦੇ ਕੰਨਾਂ ਵਿੱਚ ਪਾਈਆਂ ਅਤੇ ਥੁੱਕ ਕੇ ਉਸ ਦੀ ਜੀਭ ਨੂੰ ਛੂਹਿਆ। 34ਫਿਰ ਉਸ ਨੇ ਅਕਾਸ਼ ਵੱਲ ਵੇਖ ਕੇ ਹਉਕਾ ਭਰਿਆ ਅਤੇ ਉਸ ਨੂੰ ਕਿਹਾ,“ਇੱਫਤਾ” ਜਿਸ ਦਾ ਅਰਥ ਹੈ, “ਖੁੱਲ੍ਹ ਜਾ”! 35ਤਦ ਉਸੇ ਵੇਲੇ ਉਸ ਦੇ ਕੰਨ ਖੁੱਲ੍ਹ ਗਏ, ਉਸ ਦੀ ਜੀਭ ਦਾ ਬੰਨ੍ਹ ਜਾਂਦਾ ਰਿਹਾ ਅਤੇ ਉਹ ਸਾਫ-ਸਾਫ ਬੋਲਣ ਲੱਗ ਪਿਆ।
36ਉਸ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਉਹ ਕਿਸੇ ਨੂੰ ਨਾ ਦੱਸਣ ਪਰ ਉਹ ਜਿੰਨਾ ਉਨ੍ਹਾਂ ਨੂੰ ਮਨ੍ਹਾ ਕਰਦਾ ਸੀ ਉਹ ਓਨਾ ਜ਼ਿਆਦਾ ਪ੍ਰਚਾਰ ਕਰਦੇ ਸਨ। 37ਉਹ ਅਤਿਅੰਤ ਹੈਰਾਨ ਹੋ ਕੇ ਬੋਲੇ, “ਉਸ ਨੇ ਸਭ ਕੁਝ ਭਲਾ ਕੀਤਾ ਹੈ! ਉਹ ਬੋਲ਼ਿਆਂ ਨੂੰ ਸੁਣਨ ਅਤੇ ਗੂੰਗਿਆਂ ਨੂੰ ਬੋਲਣ ਦੀ ਸ਼ਕਤੀ ਦਿੰਦਾ ਹੈ!”
Nu geselecteerd:
ਮਰਕੁਸ 7: PSB
Markering
Deel
Kopiëren

Wil je jouw markerkingen op al je apparaten opslaan? Meld je aan of log in
PUNJABI STANDARD BIBLE©
Copyright © 2023 by Global Bible Initiative