ਮਰਕੁਸ 6
6
ਯਿਸੂ ਦਾ ਆਪਣੇ ਨਗਰ ਵਿੱਚ ਨਿਰਾਦਰ
1ਫਿਰ ਉਹ ਉੱਥੋਂ ਨਿੱਕਲ ਕੇ ਆਪਣੇ ਨਗਰ ਵਿੱਚ ਆਇਆ ਅਤੇ ਉਸ ਦੇ ਚੇਲੇ ਵੀ ਉਸ ਦੇ ਪਿੱਛੇ ਹੋ ਤੁਰੇ। 2ਜਦੋਂ ਸਬਤ ਦਾ ਦਿਨ ਆਇਆ ਤਾਂ ਉਹ ਸਭਾ-ਘਰ ਵਿੱਚ ਉਪਦੇਸ਼ ਦੇਣ ਲੱਗਾ ਅਤੇ ਬਹੁਤ ਸਾਰੇ ਲੋਕ ਸੁਣ ਕੇ ਹੈਰਾਨ ਰਹਿ ਗਏ ਅਤੇ ਕਹਿਣ ਲੱਗੇ, “ਇਹ ਗੱਲਾਂ ਇਸ ਨੂੰ ਕਿੱਥੋਂ ਆਈਆਂ ਅਤੇ ਇਹ ਕਿਹੜਾ ਗਿਆਨ ਹੈ ਜੋ ਇਸ ਨੂੰ ਦਿੱਤਾ ਗਿਆ ਹੈ ਕਿ ਇਸ ਦੇ ਹੱਥੋਂ ਇਹੋ ਜਿਹੇ ਚਮਤਕਾਰ ਹੁੰਦੇ ਹਨ? 3ਕੀ ਇਹ ਤਰਖਾਣ ਨਹੀਂ ਹੈ; ਮਰਿਯਮ ਦਾ ਪੁੱਤਰ ਅਤੇ ਯਾਕੂਬ, ਯੋਸੇਸ, ਯਹੂਦਾ ਅਤੇ ਸ਼ਮਊਨ ਦਾ ਭਰਾ? ਅਤੇ ਕੀ ਇਸ ਦੀਆਂ ਭੈਣਾਂ ਇੱਥੇ ਸਾਡੇ ਵਿਚਕਾਰ ਨਹੀਂ ਹਨ?” ਇਸ ਲਈ ਉਨ੍ਹਾਂ ਉਸ ਤੋਂ ਠੋਕਰ ਖਾਧੀ। 4ਯਿਸੂ ਨੇ ਉਨ੍ਹਾਂ ਨੂੰ ਕਿਹਾ,“ਇੱਕ ਨਬੀ ਦਾ ਆਪਣੇ ਨਗਰ, ਆਪਣੇ ਰਿਸ਼ਤੇਦਾਰਾਂ ਅਤੇ ਆਪਣੇ ਘਰ ਤੋਂ ਬਿਨਾਂ ਹੋਰ ਕਿਤੇ ਨਿਰਾਦਰ ਨਹੀਂ ਹੁੰਦਾ।” 5ਕੁਝ ਬਿਮਾਰਾਂ 'ਤੇ ਹੱਥ ਰੱਖ ਕੇ ਉਨ੍ਹਾਂ ਨੂੰ ਚੰਗੇ ਕਰਨ ਤੋਂ ਇਲਾਵਾ ਉਹ ਉੱਥੇ ਕੋਈ ਹੋਰ ਚਮਤਕਾਰ ਨਾ ਕਰ ਸਕਿਆ। 6ਉਹ ਉਨ੍ਹਾਂ ਦੇ ਅਵਿਸ਼ਵਾਸ ਉੱਤੇ ਹੈਰਾਨ ਸੀ। ਫਿਰ ਉਹ ਉਪਦੇਸ਼ ਦਿੰਦਾ ਹੋਇਆ ਆਲੇ-ਦੁਆਲੇ ਦੇ ਪਿੰਡਾਂ ਵਿੱਚ ਘੁੰਮਦਾ ਰਿਹਾ।
ਰਸੂਲਾਂ ਦਾ ਭੇਜਿਆ ਜਾਣਾ
7ਫਿਰ ਉਸ ਨੇ ਬਾਰ੍ਹਾਂ ਨੂੰ ਕੋਲ ਬੁਲਾਇਆ ਅਤੇ ਉਨ੍ਹਾਂ ਨੂੰ ਦੋ-ਦੋ ਕਰਕੇ ਭੇਜਣ ਲੱਗਾ ਅਤੇ ਉਨ੍ਹਾਂ ਨੂੰ ਭ੍ਰਿਸ਼ਟ ਆਤਮਾਵਾਂ ਉੱਤੇ ਅਧਿਕਾਰ ਦਿੱਤਾ। 8ਉਸ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਉਹ ਰਾਹ ਲਈ ਇੱਕ ਲਾਠੀ ਬਿਨਾਂ ਕੁਝ ਨਾ ਲੈਣ; ਨਾ ਰੋਟੀ, ਨਾ ਥੈਲਾ ਅਤੇ ਨਾ ਹੀ ਕਮਰਬੰਦ ਵਿੱਚ ਪੈਸੇ। 9ਪਰ ਜੁੱਤੀ ਪਾਓ ਅਤੇ ਦੋ ਕੁੜਤੇ ਨਾ ਪਹਿਨੋ। 10ਫਿਰ ਉਸ ਨੇ ਉਨ੍ਹਾਂ ਨੂੰ ਕਿਹਾ,“ਜਿੱਥੇ ਵੀ ਤੁਸੀਂ ਕਿਸੇ ਘਰ ਵਿੱਚ ਜਾਓ ਤਾਂ ਵਿਦਾ ਹੋਣ ਤੱਕ ਉੱਥੇ ਹੀ ਠਹਿਰੋ। 11ਜਿਸ ਥਾਂ ਲੋਕ ਤੁਹਾਨੂੰ ਸਵੀਕਾਰ ਨਾ ਕਰਨ ਅਤੇ ਨਾ ਹੀ ਤੁਹਾਡੀ ਸੁਣਨ, ਉੱਥੋਂ ਨਿੱਕਲਦੇ ਹੋਏ ਆਪਣੇ ਪੈਰਾਂ ਹੇਠਲੀ ਧੂੜ ਝਾੜ ਦਿਓ ਕਿ ਉਨ੍ਹਾਂ ਉੱਤੇ ਗਵਾਹੀ ਹੋਵੇ।”#6:11 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਨਿਆਂ ਦੇ ਦਿਨ ਉਸ ਨਗਰ ਨਾਲੋਂ ਸਦੂਮ ਅਤੇ ਅਮੂਰਾਹ ਦਾ ਹਾਲ ਵਧੀਕ ਝੱਲਣ ਯੋਗ ਹੋਵੇਗਾ।” ਲਿਖਿਆ ਹੈ।
12ਤਦ ਉਨ੍ਹਾਂ ਨੇ ਜਾ ਕੇ ਪ੍ਰਚਾਰ ਕੀਤਾ ਕਿ ਲੋਕ ਤੋਬਾ ਕਰਨ। 13ਉਨ੍ਹਾਂ ਨੇ ਬਹੁਤ ਸਾਰੀਆਂ ਦੁਸ਼ਟ ਆਤਮਾਵਾਂ ਨੂੰ ਕੱਢਿਆ ਅਤੇ ਬਹੁਤ ਸਾਰੇ ਬਿਮਾਰਾਂ ਨੂੰ ਤੇਲ ਮਲ ਕੇ ਚੰਗਾ ਕੀਤਾ।
ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਹੱਤਿਆ
14ਰਾਜਾ ਹੇਰੋਦੇਸ ਨੇ ਵੀ ਸੁਣਿਆ ਕਿਉਂਕਿ ਯਿਸੂ ਦਾ ਨਾਮ ਬਹੁਤ ਪ੍ਰਸਿੱਧ ਹੋ ਗਿਆ ਸੀ ਅਤੇ ਲੋਕ ਕਹਿ ਰਹੇ ਸਨ, “ਯੂਹੰਨਾ ਬਪਤਿਸਮਾ ਦੇਣ ਵਾਲਾ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਇਸੇ ਕਰਕੇ ਉਸ ਦੇ ਰਾਹੀਂ ਇਹ ਚਮਤਕਾਰੀ ਕੰਮ ਹੋ ਰਹੇ ਹਨ।” 15ਪਰ ਕਈ ਕਹਿ ਰਹੇ ਸਨ, “ਉਹ ਏਲੀਯਾਹ ਹੈ” ਅਤੇ ਕਈ ਕਹਿ ਰਹੇ ਸਨ, “ਉਹ ਨਬੀਆਂ ਵਿੱਚੋਂ ਇੱਕ ਨਬੀ ਜਿਹਾ ਹੈ।” 16ਪਰ ਹੇਰੋਦੇਸ ਨੇ ਇਹ ਸੁਣ ਕੇ ਕਿਹਾ, “ਯੂਹੰਨਾ, ਜਿਸ ਦਾ ਸਿਰ ਮੈਂ ਵਢਵਾਇਆ ਸੀ, ਉਹੀ#6:16 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਮੁਰਦਿਆਂ ਵਿੱਚੋਂ” ਲਿਖਿਆ ਹੈ। ਜੀ ਉੱਠਿਆ ਹੈ।”
17ਹੇਰੋਦੇਸ ਨੇ ਆਪਣੇ ਭਰਾ ਫ਼ਿਲਿੱਪੁਸ ਦੀ ਪਤਨੀ ਹੇਰੋਦਿਯਾਸ ਦੇ ਕਾਰਨ ਜਿਸ ਨੂੰ ਉਸ ਨੇ ਵਿਆਹ ਲਿਆ ਸੀ, ਆਪ ਸਿਪਾਹੀ ਭੇਜ ਕੇ ਯੂਹੰਨਾ ਨੂੰ ਫੜਵਾਇਆ ਅਤੇ ਉਸ ਨੂੰ ਬੰਨ੍ਹ ਕੇ ਕੈਦਖ਼ਾਨੇ ਵਿੱਚ ਪਾਇਆ ਸੀ, 18ਕਿਉਂਕਿ ਯੂਹੰਨਾ ਨੇ ਹੇਰੋਦੇਸ ਨੂੰ ਕਿਹਾ ਸੀ, “ਤੇਰੇ ਲਈ ਆਪਣੇ ਭਰਾ ਦੀ ਪਤਨੀ ਨੂੰ ਰੱਖਣਾ ਯੋਗ ਨਹੀਂ ਹੈ।” 19ਇਸੇ ਕਰਕੇ ਹੇਰੋਦਿਯਾਸ ਉਸ ਨਾਲ ਵੈਰ ਰੱਖਦੀ ਸੀ ਅਤੇ ਉਸ ਨੂੰ ਮਾਰਨਾ ਚਾਹੁੰਦੀ ਸੀ, ਪਰ ਅਜਿਹਾ ਕਰ ਨਾ ਸਕੀ। 20ਕਿਉਂਕਿ ਹੇਰੋਦੇਸ ਯੂਹੰਨਾ ਨੂੰ ਇੱਕ ਧਰਮੀ ਅਤੇ ਪਵਿੱਤਰ ਵਿਅਕਤੀ ਜਾਣ ਕੇ ਉਸ ਤੋਂ ਡਰਦਾ ਸੀ ਅਤੇ ਉਸ ਦਾ ਬਚਾਅ ਕਰ ਰਿਹਾ ਸੀ। ਉਹ ਉਸ ਦੀ ਸੁਣ ਕੇ ਬਹੁਤ ਦੁਬਿਧਾ ਵਿੱਚ ਪੈ ਜਾਂਦਾ ਸੀ, ਫਿਰ ਵੀ#6:20 ਕੁਝ ਹਸਤਲੇਖਾਂ ਵਿੱਚ “ਬਹੁਤ ਦੁਬਿਧਾ ਵਿੱਚ ਪੈ ਜਾਂਦਾ ਸੀ, ਫਿਰ ਵੀ” ਦੇ ਸਥਾਨ 'ਤੇ “ਬਹੁਤ ਕੰਮ ਕਰਦਾ ਸੀ ਅਤੇ” ਲਿਖਿਆ ਹੈ। ਖੁਸ਼ੀ ਨਾਲ ਉਸ ਦੀ ਸੁਣਦਾ ਸੀ।
21ਫਿਰ ਉਹ ਉਚਿਤ ਸਮਾਂ ਆ ਗਿਆ ਜਦੋਂ ਹੇਰੋਦੇਸ ਨੇ ਆਪਣੇ ਜਨਮ ਦਿਨ 'ਤੇ ਆਪਣੇ ਉੱਚ-ਅਧਿਕਾਰੀਆਂ, ਸੈਨਾਪਤੀਆਂ ਅਤੇ ਗਲੀਲ ਦੇ ਮੁਖੀਆਂ ਨੂੰ ਦਾਅਵਤ ਦਿੱਤੀ। 22ਤਦ ਹੇਰੋਦਿਯਾਸ ਦੀ ਬੇਟੀ ਅੰਦਰ ਆਈ ਅਤੇ ਉਸ ਨੇ ਨੱਚ ਕੇ ਹੇਰੋਦੇਸ ਅਤੇ ਉਸ ਦੇ ਨਾਲ ਬੈਠਣ ਵਾਲਿਆਂ ਨੂੰ ਖੁਸ਼ ਕੀਤਾ। ਰਾਜੇ ਨੇ ਉਸ ਲੜਕੀ ਨੂੰ ਕਿਹਾ, “ਤੂੰ ਜੋ ਚਾਹੇਂ, ਮੇਰੇ ਤੋਂ ਮੰਗ ਅਤੇ ਮੈਂ ਤੈਨੂੰ ਦਿਆਂਗਾ।” 23ਉਸ ਨੇ ਸੌਂਹ ਖਾ ਕੇ ਉਸ ਨੂੰ ਕਿਹਾ, “ਤੂੰ ਜੋ ਕੁਝ ਵੀ ਮੇਰੇ ਤੋਂ ਮੰਗੇਂ, ਚਾਹੇ ਉਹ ਮੇਰਾ ਅੱਧਾ ਰਾਜ ਵੀ ਕਿਉਂ ਨਾ ਹੋਵੇ, ਮੈਂ ਤੈਨੂੰ ਦੇ ਦਿਆਂਗਾ।” 24ਉਸ ਨੇ ਬਾਹਰ ਜਾ ਕੇ ਆਪਣੀ ਮਾਂ ਨੂੰ ਕਿਹਾ, “ਮੈਂ ਕੀ ਮੰਗਾਂ?” ਉਸ ਨੇ ਕਿਹਾ, “ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ।” 25ਉਹ ਉਸੇ ਵੇਲੇ ਫੁਰਤੀ ਨਾਲ ਰਾਜੇ ਕੋਲ ਅੰਦਰ ਆਈ ਅਤੇ ਇਹ ਕਹਿੰਦੇ ਹੋਏ ਆਪਣੀ ਮੰਗ ਰੱਖੀ, “ਮੈਂ ਚਾਹੁੰਦੀ ਹਾਂ ਕਿ ਤੁਸੀਂ ਇਸੇ ਸਮੇਂ ਮੈਨੂੰ ਇੱਕ ਥਾਲ ਵਿੱਚ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਦੇ ਦਿਓ।” 26ਤਦ ਰਾਜਾ ਬਹੁਤ ਉਦਾਸ ਹੋਇਆ ਪਰ ਆਪਣੀ ਸੌਂਹ ਅਤੇ ਨਾਲ ਬੈਠੇ ਹੋਏ#6:26 ਕੁਝ ਹਸਤਲੇਖਾਂ ਵਿੱਚ “ਨਾਲ ਬੈਠੇ ਹੋਏ” ਨਹੀਂ ਹੈ। ਮਹਿਮਾਨਾਂ ਦੇ ਕਾਰਨ ਉਸ ਨੂੰ ਇਨਕਾਰ ਕਰਨਾ ਨਾ ਚਾਹਿਆ। 27ਫਿਰ ਰਾਜੇ ਨੇ ਤੁਰੰਤ ਇੱਕ ਜੱਲਾਦ ਨੂੰ ਭੇਜ ਕੇ ਯੂਹੰਨਾ ਦਾ ਸਿਰ ਲਿਆਉਣ ਦਾ ਹੁਕਮ ਦਿੱਤਾ। ਤਦ ਉਸ ਨੇ ਕੈਦਖ਼ਾਨੇ ਵਿੱਚ ਜਾ ਕੇ ਉਸ ਦਾ ਸਿਰ ਵੱਢਿਆ 28ਅਤੇ ਇੱਕ ਥਾਲ ਵਿੱਚ ਲਿਆ ਕੇ ਲੜਕੀ ਨੂੰ ਦਿੱਤਾ ਅਤੇ ਲੜਕੀ ਉਸ ਨੂੰ ਆਪਣੀ ਮਾਂ ਕੋਲ ਲੈ ਗਈ। 29ਇਹ ਸੁਣ ਕੇ ਯੂਹੰਨਾ ਦੇ ਚੇਲੇ ਆਏ ਅਤੇ ਉਸ ਦੀ ਲਾਸ਼ ਨੂੰ ਲਿਜਾ ਕੇ ਇੱਕ ਕਬਰ ਵਿੱਚ ਰੱਖ ਦਿੱਤਾ।
ਪੰਜ ਹਜ਼ਾਰ ਨੂੰ ਭੋਜਨ ਖੁਆਉਣਾ
30ਫਿਰ ਰਸੂਲ ਯਿਸੂ ਕੋਲ ਇਕੱਠੇ ਹੋਏ ਅਤੇ ਜੋ ਉਨ੍ਹਾਂ ਨੇ ਕੀਤਾ ਅਤੇ ਸਿਖਾਇਆ ਸੀ, ਸਭ ਉਸ ਨੂੰ ਦੱਸਿਆ। 31ਤਦ ਉਸ ਨੇ ਉਨ੍ਹਾਂ ਨੂੰ ਕਿਹਾ,“ਆਓ, ਤੁਸੀਂ ਅਲੱਗ ਕਿਸੇ ਇਕਾਂਤ ਥਾਂ 'ਤੇ ਚੱਲ ਕੇ ਥੋੜ੍ਹਾ ਅਰਾਮ ਕਰੋ।” ਕਿਉਂਕਿ ਬਹੁਤ ਸਾਰੇ ਲੋਕ ਆ ਜਾ ਰਹੇ ਸਨ ਅਤੇ ਉਨ੍ਹਾਂ ਨੂੰ ਭੋਜਨ ਖਾਣ ਦਾ ਵੀ ਮੌਕਾ ਨਹੀਂ ਮਿਲ ਰਿਹਾ ਸੀ।
32ਸੋ ਉਹ ਕਿਸ਼ਤੀ ਵਿੱਚ ਅਲੱਗ ਕਿਸੇ ਇਕਾਂਤ ਥਾਂ 'ਤੇ ਚਲੇ ਗਏ। 33ਪਰ ਬਹੁਤਿਆਂ ਨੇ ਉਨ੍ਹਾਂ ਨੂੰ ਜਾਂਦੇ ਹੋਏ ਵੇਖਿਆ ਅਤੇ ਪਛਾਣ ਲਿਆ#6:33 ਕੁਝ ਹਸਤਲੇਖਾਂ ਦੇ ਅਨੁਸਾਰ ਇਸ ਵਾਕ ਦਾ ਅਨੁਵਾਦ ਇਸ ਤਰ੍ਹਾਂ ਹੈ “ਭੀੜ ਨੇ ਉਨ੍ਹਾਂ ਨੂੰ ਜਾਂਦੇ ਹੋਏ ਵੇਖਿਆ ਅਤੇ ਬਹੁਤਿਆਂ ਨੇ ਉਸ ਨੂੰ ਪਛਾਣ ਲਿਆ”। ਤਦ ਉਹ ਸਾਰਿਆਂ ਨਗਰਾਂ ਤੋਂ ਪੈਦਲ ਹੀ ਦੌੜ ਕੇ ਉਨ੍ਹਾਂ ਤੋਂ ਪਹਿਲਾਂ ਉੱਥੇ ਜਾ ਪਹੁੰਚੇ।
34ਯਿਸੂ ਨੇ ਕਿਸ਼ਤੀ ਵਿੱਚੋਂ ਉੱਤਰ ਕੇ ਵੱਡੀ ਭੀੜ ਨੂੰ ਵੇਖਿਆ ਅਤੇ ਉਸ ਨੂੰ ਉਨ੍ਹਾਂ 'ਤੇ ਤਰਸ ਆਇਆ ਕਿਉਂਕਿ ਉਹ ਉਨ੍ਹਾਂ ਭੇਡਾਂ ਵਾਂਗ ਸਨ ਜਿਨ੍ਹਾਂ ਦਾ ਚਰਵਾਹਾ ਨਾ ਹੋਵੇ। ਤਦ ਉਹ ਉਨ੍ਹਾਂ ਨੂੰ ਬਹੁਤ ਸਾਰੀਆਂ ਗੱਲਾਂ ਸਿਖਾਉਣ ਲੱਗਾ।
35ਹੁਣ ਜਦੋਂ ਸਮਾਂ ਬਹੁਤ ਹੋ ਗਿਆ ਤਾਂ ਉਸ ਦੇ ਚੇਲਿਆਂ ਨੇ ਕੋਲ ਆ ਕੇ ਉਸ ਨੂੰ ਕਿਹਾ, “ਇਹ ਉਜਾੜ ਥਾਂ ਹੈ ਅਤੇ ਹੁਣ ਸਮਾਂ ਵੀ ਬਹੁਤ ਹੋ ਗਿਆ ਹੈ। 36ਉਨ੍ਹਾਂ ਨੂੰ ਵਿਦਾ ਕਰ ਤਾਂਕਿ ਉਹ ਆਲੇ-ਦੁਆਲੇ ਦੀਆਂ ਬਸਤੀਆਂ ਅਤੇ ਪਿੰਡਾਂ ਵਿੱਚ ਜਾ ਕੇ ਆਪਣੇ ਖਾਣ ਲਈ ਕੁਝ#6:36 ਕੁਝ ਹਸਤਲੇਖਾਂ ਵਿੱਚ “ਕੁਝ” ਦੇ ਸਥਾਨ 'ਤੇ “ਰੋਟੀ” ਲਿਖਿਆ ਹੈ। ਖਰੀਦ ਸਕਣ।” 37ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ,“ਤੁਸੀਂ ਹੀ ਉਨ੍ਹਾਂ ਨੂੰ ਖਾਣ ਲਈ ਦਿਓ।” ਉਨ੍ਹਾਂ ਨੇ ਉਸ ਨੂੰ ਕਿਹਾ, “ਕੀ ਅਸੀਂ ਜਾ ਕੇ ਦੋ ਸੌ ਦੀਨਾਰਾਂ#6:37 ਇੱਕ ਦੀਨਾਰ ਦਾ ਮੁੱਲ ਇੱਕ ਦਿਨ ਦੀ ਮਜ਼ਦੂਰੀ ਦੇ ਬਰਾਬਰ ਸੀ। ਦੀਆਂ ਰੋਟੀਆਂ ਖਰੀਦੀਏ ਅਤੇ ਉਨ੍ਹਾਂ ਨੂੰ ਖਾਣ ਲਈ ਦੇਈਏ?” 38ਉਸ ਨੇ ਕਿਹਾ,“ਜਾਓ ਵੇਖੋ, ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ?” ਤਦ ਉਨ੍ਹਾਂ ਨੇ ਪਤਾ ਕਰਕੇ ਕਿਹਾ, “ਪੰਜ ਰੋਟੀਆਂ ਅਤੇ ਦੋ ਮੱਛੀਆਂ।” 39ਫਿਰ ਉਸ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਉਹ ਸਾਰਿਆਂ ਨੂੰ ਹਰੇ ਘਾਹ ਉੱਤੇ ਸਮੂਹਾਂ ਵਿੱਚ ਬਿਠਾ ਦੇਣ। 40ਤਦ ਉਹ ਸੌ-ਸੌ ਅਤੇ ਪੰਜਾਹ-ਪੰਜਾਹ ਦੇ ਸਮੂਹਾਂ ਵਿੱਚ ਬੈਠ ਗਏ। 41ਉਸ ਨੇ ਪੰਜ ਰੋਟੀਆਂ ਅਤੇ ਦੋ ਮੱਛੀਆਂ ਲਈਆਂ ਅਤੇ ਅਕਾਸ਼ ਵੱਲ ਵੇਖ ਕੇ ਬਰਕਤ ਦਿੱਤੀ। ਫਿਰ ਉਹ ਰੋਟੀਆਂ ਤੋੜ ਕੇ ਚੇਲਿਆਂ ਨੂੰ ਦਿੰਦਾ ਗਿਆ ਤਾਂਕਿ ਉਹ ਲੋਕਾਂ ਨੂੰ ਵਰਤਾਉਣ ਅਤੇ ਦੋ ਮੱਛੀਆਂ ਵੀ ਉਸ ਨੇ ਸਾਰਿਆਂ ਨੂੰ ਵੰਡ ਦਿੱਤੀਆਂ, 42ਤਦ ਉਹ ਸਾਰੇ ਖਾ ਕੇ ਰੱਜ ਗਏ। 43ਅਤੇ ਉਨ੍ਹਾਂ ਨੇ ਰੋਟੀਆਂ ਦੇ ਟੁਕੜਿਆਂ ਅਤੇ ਮੱਛੀਆਂ ਨਾਲ ਭਰੀਆਂ ਬਾਰਾਂ ਟੋਕਰੀਆਂ ਚੁੱਕੀਆਂ। 44ਰੋਟੀਆਂ ਖਾਣ ਵਾਲਿਆਂ ਵਿੱਚੋਂ ਪੰਜ ਹਜ਼ਾਰ ਤਾਂ ਆਦਮੀ ਹੀ ਸਨ।
ਪ੍ਰਭੂ ਯਿਸੂ ਦਾ ਪਾਣੀ ਉੱਤੇ ਤੁਰਨਾ
45ਫਿਰ ਉਸ ਨੇ ਤੁਰੰਤ ਆਪਣੇ ਚੇਲਿਆਂ ਨੂੰ ਕਿਸ਼ਤੀ ਉੱਤੇ ਚੜ੍ਹ ਕੇ ਉਸ ਤੋਂ ਪਹਿਲਾਂ ਦੂਜੇ ਪਾਸੇ ਬੈਤਸੈਦਾ ਨੂੰ ਜਾਣ ਲਈ ਜ਼ੋਰ ਪਾਇਆ, ਜਦਕਿ ਉਹ ਭੀੜ ਨੂੰ ਵਿਦਾ ਕਰਦਾ ਰਿਹਾ। 46ਉਨ੍ਹਾਂ ਨੂੰ ਵਿਦਾ ਕਰਨ ਤੋਂ ਬਾਅਦ ਉਹ ਪ੍ਰਾਰਥਨਾ ਕਰਨ ਲਈ ਪਹਾੜ ਉੱਤੇ ਚਲਾ ਗਿਆ। 47ਜਦੋਂ ਸ਼ਾਮ ਹੋਈ ਤਾਂ ਕਿਸ਼ਤੀ ਝੀਲ ਦੇ ਵਿਚਕਾਰ ਸੀ ਅਤੇ ਉਹ ਕੰਢੇ 'ਤੇ ਇਕੱਲਾ ਸੀ। 48ਉਨ੍ਹਾਂ ਨੂੰ ਚੱਪੂ ਚਲਾਉਣ ਵਿੱਚ ਮੁਸ਼ਕਲ ਹੁੰਦੀ ਵੇਖ ਕੇ, ਕਿਉਂਕਿ ਹਵਾ ਸਾਹਮਣੀ ਸੀ, ਉਹ ਰਾਤ ਦੇ ਲਗਭਗ ਤਿੰਨ ਵਜੇ ਝੀਲ ਉੱਤੇ ਤੁਰਦਾ ਹੋਇਆ ਉਨ੍ਹਾਂ ਵੱਲ ਆਇਆ; ਉਹ ਉਨ੍ਹਾਂ ਤੋਂ ਅੱਗੇ ਲੰਘਣਾ ਚਾਹੁੰਦਾ ਸੀ। 49ਪਰ ਉਨ੍ਹਾਂ ਉਸ ਨੂੰ ਝੀਲ ਉੱਤੇ ਤੁਰਦਿਆਂ ਵੇਖ ਕੇ ਸਮਝਿਆ ਕਿ ਕੋਈ ਭੂਤ ਹੈ ਅਤੇ ਉਹ ਚੀਕ ਉੱਠੇ, 50ਕਿਉਂਕਿ ਸਾਰੇ ਉਸ ਨੂੰ ਵੇਖ ਕੇ ਘਬਰਾ ਗਏ ਸਨ। ਪਰ ਉਸ ਨੇ ਤੁਰੰਤ ਉਨ੍ਹਾਂ ਨੂੰ ਕਿਹਾ,“ਹੌਸਲਾ ਰੱਖੋ! ਮੈਂ ਹਾਂ; ਡਰੋ ਨਾ।” 51ਫਿਰ ਉਹ ਉਨ੍ਹਾਂ ਕੋਲ ਕਿਸ਼ਤੀ ਉੱਤੇ ਚੜ੍ਹ ਗਿਆ ਅਤੇ ਹਵਾ ਥੰਮ੍ਹ ਗਈ। ਤਦ ਉਹ ਆਪਣੇ ਮਨਾਂ ਵਿੱਚ ਬਹੁਤ ਹੈਰਾਨ ਹੋਏ#6:51 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਅਤੇ ਅਚੰਭਾ ਕਰਨ ਲੱਗੇ” ਵੀ ਲਿਖਿਆ ਹੈ।। 52ਕਿਉਂਕਿ ਉਨ੍ਹਾਂ ਨੇ ਰੋਟੀਆਂ ਦੀ ਘਟਨਾ ਬਾਰੇ ਵੀ ਨਹੀਂ ਸਮਝਿਆ ਸੀ; ਅਸਲ ਵਿੱਚ ਉਨ੍ਹਾਂ ਦੇ ਦਿਲ ਕਠੋਰ ਹੋ ਗਏ ਸਨ।
ਗੰਨੇਸਰਤ ਵਿੱਚ ਬਿਮਾਰਾਂ ਨੂੰ ਚੰਗਾ ਕਰਨਾ
53ਫਿਰ ਉਹ ਪਾਰ ਲੰਘ ਕੇ ਗੰਨੇਸਰਤ ਦੀ ਧਰਤੀ ਉੱਤੇ ਆਏ ਅਤੇ ਕਿਸ਼ਤੀ ਕੰਢੇ 'ਤੇ ਲਾ ਦਿੱਤੀ। 54ਜਦੋਂ ਉਹ ਕਿਸ਼ਤੀ ਵਿੱਚੋਂ ਉੱਤਰੇ ਤਾਂ ਲੋਕਾਂ ਨੇ ਤੁਰੰਤ ਉਸ ਨੂੰ ਪਛਾਣ ਲਿਆ 55ਲੋਕ ਆਲੇ-ਦੁਆਲੇ ਦੇ ਇਲਾਕੇ ਨੂੰ ਦੌੜੇ ਅਤੇ ਜਿੱਥੇ ਕਿਤੇ ਵੀ ਉਨ੍ਹਾਂ ਨੇ ਯਿਸੂ ਦੇ ਹੋਣ ਬਾਰੇ ਸੁਣਿਆ, ਉਹ ਰੋਗੀਆਂ ਨੂੰ ਬਿਸਤਰਿਆਂ ਉੱਤੇ ਪਾ ਕੇ ਲਿਆਉਣ ਲੱਗੇ। 56ਉਹ ਜਿੱਥੇ ਵੀ ਪਿੰਡਾਂ, ਨਗਰਾਂ ਜਾਂ ਬਸਤੀਆਂ ਵਿੱਚ ਜਾਂਦਾ ਸੀ, ਲੋਕ ਬਿਮਾਰਾਂ ਨੂੰ ਬਜ਼ਾਰਾਂ ਵਿੱਚ ਰੱਖ ਦਿੰਦੇ ਅਤੇ ਉਸ ਦੀ ਮਿੰਨਤ ਕਰਦੇ ਸਨ ਕਿ ਉਨ੍ਹਾਂ ਨੂੰ ਆਪਣੇ ਵਸਤਰ ਦਾ ਪੱਲਾ ਹੀ ਛੂਹਣ ਦੇਵੇ ਅਤੇ ਜਿੰਨੇ ਉਸ ਨੂੰ ਛੂੰਹਦੇ ਸਨ ਉਹ ਚੰਗੇ ਹੋ ਜਾਂਦੇ ਸਨ।
Nu geselecteerd:
ਮਰਕੁਸ 6: PSB
Markering
Deel
Kopiëren

Wil je jouw markerkingen op al je apparaten opslaan? Meld je aan of log in
PUNJABI STANDARD BIBLE©
Copyright © 2023 by Global Bible Initiative