ਮਰਕੁਸ 5
5
ਭ੍ਰਿਸ਼ਟ ਆਤਮਾ ਨਾਲ ਜਕੜੇ ਗਿਰਸੇਨੀ ਮਨੁੱਖ ਦਾ ਚੰਗਾ ਹੋਣਾ
1ਫਿਰ ਉਹ ਝੀਲ ਦੇ ਪਾਰ ਗਿਰਸੇਨੀਆਂ ਦੇ ਇਲਾਕੇ ਵਿੱਚ ਆਏ। 2ਜਦੋਂ ਉਹ ਕਿਸ਼ਤੀ ਵਿੱਚੋਂ ਉੱਤਰਿਆ ਤਾਂ ਤੁਰੰਤ ਉਸ ਨੂੰ ਕਬਰਾਂ ਵਿੱਚੋਂ ਇੱਕ ਭ੍ਰਿਸ਼ਟ ਆਤਮਾ ਨਾਲ ਜਕੜਿਆ ਹੋਇਆ ਮਨੁੱਖ ਆ ਮਿਲਿਆ 3ਜਿਹੜਾ ਕਬਰਾਂ ਵਿੱਚ ਰਹਿੰਦਾ ਸੀ ਅਤੇ ਹੁਣ ਉਸ ਨੂੰ ਕੋਈ ਸੰਗਲਾਂ ਨਾਲ ਵੀ ਨਹੀਂ ਬੰਨ੍ਹ ਸਕਦਾ ਸੀ, 4ਕਿਉਂਕਿ ਉਸ ਨੂੰ ਕਈ ਵਾਰ ਸੰਗਲਾਂ ਅਤੇ ਬੇੜੀਆਂ ਨਾਲ ਬੰਨ੍ਹਿਆ ਗਿਆ ਸੀ ਪਰ ਉਹ ਸੰਗਲਾਂ ਨੂੰ ਤੋੜ ਸੁੱਟਦਾ ਅਤੇ ਬੇੜੀਆਂ ਦੇ ਟੋਟੇ-ਟੋਟੇ ਕਰ ਦਿੰਦਾ ਸੀ ਅਤੇ ਕੋਈ ਉਸ ਨੂੰ ਕਾਬੂ ਨਹੀਂ ਕਰ ਸਕਦਾ ਸੀ। 5ਉਹ ਰਾਤ-ਦਿਨ ਲਗਾਤਾਰ ਕਬਰਾਂ ਅਤੇ ਪਹਾੜਾਂ ਵਿੱਚ ਚੀਕਾਂ ਮਾਰਦਾ ਅਤੇ ਆਪਣੇ ਆਪ ਨੂੰ ਪੱਥਰਾਂ ਨਾਲ ਜ਼ਖਮੀ ਕਰਦਾ ਸੀ।
6ਜਦੋਂ ਉਸ ਨੇ ਦੂਰੋਂ ਯਿਸੂ ਨੂੰ ਵੇਖਿਆ ਤਾਂ ਦੌੜ ਕੇ ਆਇਆ ਅਤੇ ਉਸ ਨੂੰ ਮੱਥਾ ਟੇਕਿਆ 7ਅਤੇ ਉੱਚੀ ਅਵਾਜ਼ ਨਾਲ ਚੀਕ ਕੇ ਬੋਲਿਆ, “ਹੇ ਯਿਸੂ, ਅੱਤ ਮਹਾਨ ਪਰਮੇਸ਼ਰ ਦੇ ਪੁੱਤਰ! ਤੇਰਾ ਮੇਰੇ ਨਾਲ ਕੀ ਕੰਮ? ਮੈਂ ਤੈਨੂੰ ਪਰਮੇਸ਼ਰ ਦੀ ਸੌਂਹ ਦਿੰਦਾ ਹਾਂ, ਮੈਨੂੰ ਦੁੱਖ ਨਾ ਦੇ।” 8ਕਿਉਂਕਿ ਯਿਸੂ ਨੇ ਉਸ ਨੂੰ ਕਿਹਾ ਸੀ,“ਹੇ ਭ੍ਰਿਸ਼ਟ ਆਤਮਾ, ਇਸ ਮਨੁੱਖ ਵਿੱਚੋਂ ਨਿੱਕਲ ਜਾ।” 9ਫਿਰ ਯਿਸੂ ਨੇ ਉਸ ਨੂੰ ਪੁੱਛਿਆ,“ਤੇਰਾ ਨਾਮ ਕੀ ਹੈ?” ਉਸ ਨੇ ਕਿਹਾ, “ਮੇਰਾ ਨਾਮ ਲਸ਼ਕਰ ਹੈ ਕਿਉਂਕਿ ਅਸੀਂ ਬਹੁਤ ਹਾਂ।” 10ਤਦ ਉਹ ਉਸ ਦੀ ਬਹੁਤ ਮਿੰਨਤ ਕਰਨ ਲੱਗਾ ਕਿ ਸਾਨੂੰ ਇਸ ਇਲਾਕੇ ਵਿੱਚੋਂ ਬਾਹਰ ਨਾ ਭੇਜ।
11ਉੱਥੇ ਪਹਾੜ ਦੇ ਨੇੜੇ ਸੂਰਾਂ ਦਾ ਇੱਕ ਵੱਡਾ ਝੁੰਡ ਚਰਦਾ ਸੀ। 12ਉਨ੍ਹਾਂ ਨੇ#5:12 ਕੁਝ ਹਸਤਲੇਖਾਂ ਵਿੱਚ “ਉਨ੍ਹਾਂ ਨੇ” ਦੇ ਸਥਾਨ 'ਤੇ “ਸਭ ਭ੍ਰਿਸ਼ਟ ਆਤਮਾਵਾਂ ਨੇ” ਲਿਖਿਆ ਹੈ। ਉਸ ਨੂੰ ਇਹ ਕਹਿੰਦੇ ਹੋਏ ਮਿੰਨਤ ਕੀਤੀ, “ਸਾਨੂੰ ਸੂਰਾਂ ਵਿੱਚ ਭੇਜ ਦੇ ਤਾਂਕਿ ਅਸੀਂ ਉਨ੍ਹਾਂ ਵਿੱਚ ਜਾ ਵੜੀਏ।” 13ਤਦ ਉਸ ਨੇ#5:13 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਤੁਰੰਤ” ਲਿਖਿਆ ਹੈ। ਉਨ੍ਹਾਂ ਨੂੰ ਆਗਿਆ ਦੇ ਦਿੱਤੀ ਅਤੇ ਭ੍ਰਿਸ਼ਟ ਆਤਮਾਵਾਂ ਨਿੱਕਲ ਕੇ ਸੂਰਾਂ ਵਿੱਚ ਜਾ ਵੜੀਆਂ ਅਤੇ ਲਗਭਗ ਦੋ ਹਜ਼ਾਰ ਸੂਰਾਂ ਦਾ ਉਹ ਝੁੰਡ ਢਲਾਣ ਤੋਂ ਹੇਠਾਂ ਤੇਜੀ ਨਾਲ ਝੀਲ ਵੱਲ ਦੌੜਿਆ ਅਤੇ ਝੀਲ ਵਿੱਚ ਜਾ ਡੁੱਬਿਆ।
14ਤਦ ਸੂਰਾਂ ਨੂੰ ਚਰਾਉਣ ਵਾਲੇ ਦੌੜੇ ਅਤੇ ਨਗਰ ਅਤੇ ਪਿੰਡਾਂ ਵਿੱਚ ਜਾ ਕੇ ਖ਼ਬਰ ਦਿੱਤੀ ਅਤੇ ਲੋਕ ਵੇਖਣ ਲਈ ਆਏ ਜੋ ਕੀ ਹੋਇਆ ਹੈ। 15ਜਦੋਂ ਉਹ ਯਿਸੂ ਕੋਲ ਆਏ ਤਾਂ ਉਨ੍ਹਾਂ ਨੇ ਉਸ ਦੁਸ਼ਟ ਆਤਮਾ ਨਾਲ ਜਕੜੇ ਹੋਏ ਮਨੁੱਖ ਨੂੰ ਜਿਸ ਵਿੱਚ ਲਸ਼ਕਰ ਸੀ, ਕੱਪੜੇ ਪਹਿਨੀ ਅਤੇ ਸੁਰਤ ਸੰਭਾਲੀ ਬੈਠਾ ਵੇਖਿਆ ਅਤੇ ਉਹ ਡਰ ਗਏ। 16ਤਦ ਵੇਖਣ ਵਾਲਿਆਂ ਨੇ ਉਨ੍ਹਾਂ ਨੂੰ ਵਿਸਥਾਰ ਨਾਲ ਦੱਸਿਆ ਕਿ ਉਸ ਦੁਸ਼ਟ ਆਤਮਾ ਦੇ ਜਕੜੇ ਹੋਏ ਮਨੁੱਖ ਨਾਲ ਅਤੇ ਸੂਰਾਂ ਨਾਲ ਕੀ ਵਾਪਰਿਆ ਸੀ। 17ਤਦ ਉਹ ਯਿਸੂ ਦੀ ਮਿੰਨਤ ਕਰਨ ਲੱਗੇ ਕਿ ਉਹ ਉਨ੍ਹਾਂ ਦੇ ਇਲਾਕੇ ਵਿੱਚੋਂ ਚਲਾ ਜਾਵੇ।
18ਜਦੋਂ ਯਿਸੂ ਕਿਸ਼ਤੀ ਉੱਤੇ ਚੜ੍ਹਨ ਲੱਗਾ ਤਾਂ ਉਸ ਦੁਸ਼ਟ ਆਤਮਾ ਨਾਲ ਜਕੜੇ ਹੋਏ ਮਨੁੱਖ ਨੇ ਉਸ ਦੀ ਮਿੰਨਤ ਕੀਤੀ ਕਿ ਉਹ ਉਸ ਨੂੰ ਆਪਣੇ ਨਾਲ ਰਹਿਣ ਦੇਵੇ। 19ਪਰ ਯਿਸੂ ਨੇ ਉਸ ਨੂੰ ਆਗਿਆ ਨਾ ਦਿੱਤੀ ਸਗੋਂ ਉਸ ਨੂੰ ਕਿਹਾ,“ਆਪਣੇ ਘਰ ਆਪਣੇ ਲੋਕਾਂ ਕੋਲ ਜਾ ਅਤੇ ਉਨ੍ਹਾਂ ਨੂੰ ਦੱਸ ਜੋ ਪ੍ਰਭੂ ਨੇ ਤੇਰੇ ਲਈ ਕਿੰਨੇ ਵੱਡੇ ਕੰਮ ਕੀਤੇ ਅਤੇ ਤੇਰੇ ਉੱਤੇ ਕਿਹੋ ਜਿਹੀ ਦਇਆ ਕੀਤੀ।” 20ਤਦ ਉਹ ਚਲਾ ਗਿਆ ਅਤੇ ਦਿਕਾਪੁਲਿਸ ਵਿੱਚ ਉਸ ਸਭ ਦਾ ਪ੍ਰਚਾਰ ਕਰਨ ਲੱਗਾ ਜੋ ਯਿਸੂ ਨੇ ਉਸ ਦੇ ਲਈ ਕੀਤਾ ਸੀ ਅਤੇ ਸਭ ਹੈਰਾਨ ਰਹਿ ਗਏ।
ਮਰੀ ਹੋਈ ਲੜਕੀ ਅਤੇ ਲਹੂ ਦੇ ਵਹਾਅ ਤੋਂ ਦੁਖੀ ਔਰਤ
21ਜਦੋਂ ਯਿਸੂ ਕਿਸ਼ਤੀ ਰਾਹੀਂ ਫੇਰ ਪਾਰ ਲੰਘਿਆ ਤਾਂ ਇੱਕ ਵੱਡੀ ਭੀੜ ਉਸ ਕੋਲ ਇਕੱਠੀ ਹੋ ਗਈ ਅਤੇ ਉਹ ਝੀਲ ਦੇ ਕਿਨਾਰੇ ਸੀ। 22ਤਦ ਸਭਾ-ਘਰ ਦੇ ਆਗੂਆਂ ਵਿੱਚੋਂ ਜੈਰੁਸ ਨਾਮਕ ਇੱਕ ਵਿਅਕਤੀ ਆਇਆ ਅਤੇ ਉਸ ਨੂੰ ਵੇਖ ਕੇ ਉਸ ਦੇ ਚਰਨਾਂ ਉੱਤੇ ਡਿੱਗ ਪਿਆ 23ਅਤੇ ਇਹ ਕਹਿੰਦੇ ਹੋਏ ਉਸ ਦੀ ਬਹੁਤ ਮਿੰਨਤ ਕਰਨ ਲੱਗਾ, “ਮੇਰੀ ਬੱਚੀ ਮਰਨ ਕੰਢੇ ਹੈ; ਤੁਸੀਂ ਆ ਕੇ ਉਸ ਉੱਤੇ ਹੱਥ ਰੱਖ ਦਿਓ ਤਾਂਕਿ ਉਹ ਚੰਗੀ ਹੋ ਜਾਵੇ ਅਤੇ ਜੀਉਂਦੀ ਰਹੇ।” 24ਤਦ ਉਹ ਉਸ ਦੇ ਨਾਲ ਗਿਆ। ਇੱਕ ਵੱਡੀ ਭੀੜ ਉਸ ਦੇ ਪਿੱਛੇ ਚੱਲ ਪਈ ਅਤੇ ਉਸ ਨੂੰ ਦਬਾਈ ਜਾਂਦੀ ਸੀ।
25ਇੱਕ ਔਰਤ ਸੀ ਜਿਸ ਨੂੰ ਬਾਰਾਂ ਸਾਲਾਂ ਤੋਂ ਲਹੂ ਵਹਿਣ ਦਾ ਰੋਗ ਸੀ। 26ਉਸ ਨੇ ਕਈ ਵੈਦਾਂ ਦੇ ਹੱਥੋਂ ਬਹੁਤ ਦੁੱਖ ਝੱਲਿਆ ਅਤੇ ਆਪਣਾ ਸਭ ਕੁਝ ਖਰਚ ਕਰ ਦਿੱਤਾ ਪਰ ਕੁਝ ਲਾਭ ਨਾ ਹੋਇਆ, ਸਗੋਂ ਉਸ ਦੀ ਦਸ਼ਾ ਹੋਰ ਵੀ ਜ਼ਿਆਦਾ ਬੁਰੀ ਹੋ ਗਈ। 27ਉਹ ਯਿਸੂ ਦੇ ਬਾਰੇ ਸੁਣ ਕੇ ਭੀੜ ਵਿੱਚ ਪਿੱਛੋਂ ਦੀ ਆਈ ਅਤੇ ਉਸ ਦਾ ਕੱਪੜਾ ਛੂਹ ਲਿਆ। 28ਕਿਉਂਕਿ ਉਸ ਨੇ ਕਿਹਾ, “ਜੇ ਮੈਂ ਉਸ ਦੇ ਵਸਤਰ ਹੀ ਛੂਹ ਲਵਾਂ ਤਾਂ ਮੈਂ ਚੰਗੀ ਹੋ ਜਾਵਾਂਗੀ।” 29ਤੁਰੰਤ ਉਸ ਦੇ ਲਹੂ ਦਾ ਵਹਾਅ ਬੰਦ ਹੋ ਗਿਆ ਅਤੇ ਉਸ ਨੇ ਆਪਣੇ ਸਰੀਰ ਵਿੱਚ ਜਾਣ ਲਿਆ ਕਿ ਉਹ ਇਸ ਬਿਮਾਰੀ ਤੋਂ ਚੰਗੀ ਹੋ ਗਈ ਹੈ।
30ਉਸੇ ਵੇਲੇ ਯਿਸੂ ਨੇ ਆਪਣੇ ਮਨ ਵਿੱਚ ਜਾਣ ਲਿਆ ਕਿ ਉਸ ਵਿੱਚੋਂ ਸਮਰੱਥਾ ਨਿੱਕਲੀ ਹੈ ਅਤੇ ਭੀੜ ਵੱਲ ਮੁੜ ਕੇ ਪੁੱਛਿਆ,“ਮੇਰੇ ਕੱਪੜੇ ਨੂੰ ਕਿਸ ਨੇ ਛੂਹਿਆ?” 31ਉਸ ਦੇ ਚੇਲਿਆਂ ਨੇ ਉਸ ਨੂੰ ਕਿਹਾ, “ਤੂੰ ਵੇਖਦਾ ਹੈਂ ਕਿ ਭੀੜ ਤੈਨੂੰ ਦਬਾਈ ਜਾਂਦੀ ਹੈ ਅਤੇ ਤੂੰ ਪੁੱਛਦਾ ਹੈਂ, ‘ਮੈਨੂੰ ਕਿਸ ਨੇ ਛੂਹਿਆ’?” 32ਪਰ ਉਹ ਇਹ ਕੰਮ ਕਰਨ ਵਾਲੀ ਨੂੰ ਵੇਖਣ ਲਈ ਆਲੇ-ਦੁਆਲੇ ਤੱਕਣ ਲੱਗਾ। 33ਤਦ ਉਹ ਔਰਤ ਇਹ ਜਾਣ ਕੇ ਜੋ ਉਸ ਨਾਲ ਕੀ ਹੋਇਆ, ਡਰਦੀ ਅਤੇ ਕੰਬਦੀ ਹੋਈ ਆਈ ਅਤੇ ਉਸ ਦੇ ਚਰਨਾਂ 'ਤੇ ਡਿੱਗ ਕੇ ਸਾਰੀ ਸਚਾਈ ਉਸ ਨੂੰ ਦੱਸ ਦਿੱਤੀ। 34ਤਦ ਯਿਸੂ ਨੇ ਉਸ ਨੂੰ ਕਿਹਾ,“ਬੇਟੀ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ। ਸ਼ਾਂਤੀ ਨਾਲ ਜਾ ਅਤੇ ਆਪਣੀ ਬਿਮਾਰੀ ਤੋਂ ਬਚੀ ਰਹਿ।”
35ਉਹ ਅਜੇ ਬੋਲਦਾ ਹੀ ਸੀ ਕਿ ਸਭਾ-ਘਰ ਦੇ ਆਗੂ ਦੇ ਘਰੋਂ ਲੋਕਾਂ ਨੇ ਆ ਕੇ ਕਿਹਾ, “ਤੇਰੀ ਬੇਟੀ ਮਰ ਗਈ ਹੈ, ਹੁਣ ਤੂੰ ਗੁਰੂ ਨੂੰ ਕਿਉਂ ਖੇਚਲ ਦਿੰਦਾ ਹੈ?” 36ਪਰ ਯਿਸੂ ਨੇ ਕਹੀ ਜਾ ਰਹੀ ਇਸ ਗੱਲ ਨੂੰ ਅਣਸੁਣਿਆ ਕਰਦੇ ਹੋਏ ਸਭਾ-ਘਰ ਦੇ ਆਗੂ ਨੂੰ ਕਿਹਾ,“ਨਾ ਡਰ, ਕੇਵਲ ਵਿਸ਼ਵਾਸ ਰੱਖ।” 37ਤਦ ਉਸ ਨੇ ਪਤਰਸ, ਯਾਕੂਬ ਅਤੇ ਯਾਕੂਬ ਦੇ ਭਰਾ ਯੂਹੰਨਾ ਤੋਂ ਇਲਾਵਾ ਹੋਰ ਕਿਸੇ ਨੂੰ ਆਪਣੇ ਨਾਲ ਨਾ ਆਉਣ ਦਿੱਤਾ।
38ਜਦੋਂ ਉਹ ਸਭਾ-ਘਰ ਦੇ ਆਗੂ ਦੇ ਘਰ ਆਏ ਤਾਂ ਉਸ ਨੇ ਰੌਲ਼ਾ ਪਿਆ ਹੋਇਆ ਅਤੇ ਲੋਕਾਂ ਨੂੰ ਬਹੁਤ ਰੋਂਦੇ ਅਤੇ ਵਿਰਲਾਪ ਕਰਦੇ ਵੇਖਿਆ 39ਅਤੇ ਅੰਦਰ ਜਾ ਕੇ ਉਨ੍ਹਾਂ ਨੂੰ ਕਿਹਾ,“ਤੁਸੀਂ ਕਿਉਂ ਰੌਲ਼ਾ ਪਾਉਂਦੇ ਅਤੇ ਰੋਂਦੇ ਹੋ? ਬੱਚੀ ਮਰੀ ਨਹੀਂ, ਸਗੋਂ ਸੌਂ ਰਹੀ ਹੈ।” 40ਤਦ ਉਹ ਉਸ ਦਾ ਮਖੌਲ ਉਡਾਉਣ ਲੱਗੇ, ਪਰ ਉਸ ਨੇ ਸਾਰਿਆਂ ਨੂੰ ਬਾਹਰ ਕੱਢ ਦਿੱਤਾ ਅਤੇ ਬੱਚੀ ਦੇ ਮਾਤਾ-ਪਿਤਾ ਅਤੇ ਆਪਣੇ ਸਾਥੀਆਂ ਨੂੰ ਲੈ ਕੇ ਅੰਦਰ ਗਿਆ ਜਿੱਥੇ ਉਹ ਬੱਚੀ#5:40 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਪਈ” ਲਿਖਿਆ ਹੈ। ਸੀ। 41ਫਿਰ ਉਸ ਨੇ ਬੱਚੀ ਦਾ ਹੱਥ ਫੜ ਕੇ ਉਸ ਨੂੰ ਕਿਹਾ,“ਤਲੀਥਾ ਕੂਮੀ” ਜਿਸ ਦਾ ਅਰਥ ਹੈ,“ਹੇ ਲੜਕੀ, ਮੈਂ ਤੈਨੂੰ ਕਹਿੰਦਾ ਹਾਂ, ਉੱਠ!” 42ਤਦ ਲੜਕੀ ਤੁਰੰਤ ਉੱਠੀ ਅਤੇ ਤੁਰਨ-ਫਿਰਨ ਲੱਗੀ ਕਿਉਂਕਿ ਉਹ ਬਾਰਾਂ ਸਾਲਾਂ ਦੀ ਸੀ ਅਤੇ ਲੋਕ ਅਤਿਅੰਤ ਹੈਰਾਨ ਰਹਿ ਗਏ। 43ਉਸ ਨੇ ਉਨ੍ਹਾਂ ਨੂੰ ਸਖ਼ਤੀ ਨਾਲ ਹੁਕਮ ਦਿੱਤਾ ਕਿ ਇਸ ਬਾਰੇ ਕੋਈ ਨਾ ਜਾਣੇ ਅਤੇ ਕਿਹਾ ਕਿ ਲੜਕੀ ਨੂੰ ਖਾਣ ਲਈ ਕੁਝ ਦਿੱਤਾ ਜਾਵੇ।
Nu geselecteerd:
ਮਰਕੁਸ 5: PSB
Markering
Deel
Kopiëren

Wil je jouw markerkingen op al je apparaten opslaan? Meld je aan of log in
PUNJABI STANDARD BIBLE©
Copyright © 2023 by Global Bible Initiative