ਯੂਹੰਨਾ 4
4
ਯਿਸੂ ਅਤੇ ਸਾਮਰੀ ਔਰਤ
1ਪ੍ਰਭੂ ਨੇ ਜਾਣਿਆ ਜੋ ਫ਼ਰੀਸੀਆਂ ਨੂੰ ਇਹ ਪਤਾ ਲੱਗਾ ਕਿ ਯੂਹੰਨਾ ਨਾਲੋਂ ਵੱਧ ਚੇਲੇ ਯਿਸੂ ਬਣਾ ਰਿਹਾ ਹੈ ਤੇ ਉਹ ਬਪਤਿਸਮਾ ਵੀ ਦਿੰਦਾ ਹੈ। 2ਭਾਵੇਂ ਯਿਸੂ ਆਪ ਬਪਤਿਸਮਾ ਨਹੀਂ ਦੇ ਰਿਹਾ ਸੀ, ਸਗੋਂ ਉਸ ਦੇ ਚੇਲੇ ਲੋਕਾਂ ਨੂੰ ਬਪਤਿਸਮਾ ਦਿੰਦੇ ਸਨ। 3ਫਿਰ ਯਿਸੂ ਯਹੂਦਿਯਾ ਨੂੰ ਛੱਡ ਮੁੜ ਗਲੀਲ ਨੂੰ ਚਲਿਆ ਗਿਆ। 4ਗਲੀਲ ਨੂੰ ਜਾਣ ਲੱਗਿਆਂ ਯਿਸੂ ਨੂੰ ਸਾਮਰਿਯਾ ਦੇ ਇਲਾਕੇ ਵਿੱਚੋਂ ਦੀ ਲੰਘਣਾ ਪਿਆ। 5ਸਾਮਰਿਯਾ ਵਿੱਚ ਯਿਸੂ ਸੁਖਾਰ ਨਗਰ ਕੋਲ ਆਇਆ। ਇਹ ਨਗਰ ਉਸ ਜ਼ਮੀਨ ਦੇ ਨੇੜੇ ਸੀ, ਜੋ ਯਾਕੂਬ ਨੇ ਆਪਣੇ ਪੁੱਤਰ ਯੂਸੁਫ਼ ਨੂੰ ਦਿੱਤੀ ਸੀ। 6ਯਾਕੂਬ ਦਾ ਖੂਹ ਉੱਥੇ ਸੀ, ਯਿਸੂ ਆਪਣੀ ਲੰਮੀ ਯਾਤਰਾ ਤੋਂ ਥੱਕ ਗਿਆ ਸੀ। ਇਸ ਲਈ ਉਹ ਖੂਹ ਕੋਲ ਬੈਠ ਗਿਆ, ਇਹ ਲੱਗਭਗ ਦੁਪਹਿਰ ਦਾ ਸਮਾਂ ਸੀ। 7ਇੱਕ ਸਾਮਰੀ ਔਰਤ ਖੂਹ ਤੇ ਪਾਣੀ ਭਰਨ ਲਈ ਆਈ। ਯਿਸੂ ਨੇ ਉਸ ਔਰਤ ਨੂੰ ਆਖਿਆ, “ਮੈਨੂੰ ਪਾਣੀ ਪੀਣ ਲਈ ਦੇ।” 8ਪਰ ਉਦੋਂ ਯਿਸੂ ਦੇ ਚੇਲੇ ਨਗਰ ਅੰਦਰ ਭੋਜਨ ਖਰੀਦਣ ਗਏ ਹੋਏ ਸਨ। 9ਉਸ ਸਾਮਰੀ ਔਰਤ ਨੇ ਆਖਿਆ, “ਮੈਂ ਸਾਮਰੀ ਹਾਂ, ਫਿਰ ਤੁਸੀਂ ਕਿਵੇਂ ਮੇਰੇ ਕੋਲੋਂ ਪੀਣ ਲਈ ਪਾਣੀ ਮੰਗ ਰਹੇ ਹੋ। ਤੁਸੀਂ ਇੱਕ ਯਹੂਦੀ ਹੋ।” ਯਹੂਦੀਆਂ ਦੀ ਸਾਮਰਿਯਾ ਨਾਲ ਕੋਈ ਮਿੱਤਰਤਾ ਨਹੀਂ ਹੈ। 10ਯਿਸੂ ਨੇ ਆਖਿਆ, “ਜੇ ਤੂੰ ਪਰਮੇਸ਼ੁਰ ਦੀ ਬਖਸ਼ੀਸ਼ ਨੂੰ ਜਾਣਦੀ ਤੇ ਇਹ ਵੀ ਜਾਣਦੀ ਕਿ ਮੈਂ ਜਿਸ ਨੇ ਪਾਣੀ ਮੰਗਿਆ ਹੈ, ਕੌਣ ਹੈ। ਜੇ ਤੂੰ ਜਾਣਦੀ ਹੁੰਦੀ ਤੂੰ ਮੈਨੂੰ ਪੁੱਛਿਆ ਹੁੰਦਾ ਅਤੇ ਮੈਂ ਤੈਨੂੰ ਅੰਮ੍ਰਿਤ ਜਲ ਦਿੱਤਾ ਹੁੰਦਾ।” 11ਉਸ ਔਰਤ ਨੇ ਆਖਿਆ, “ਸ਼੍ਰੀ ਮਾਨ ਜੀ, ਤੁਸੀਂ ਇਹ ਅੰਮ੍ਰਿਤ ਜਲ ਕਿਵੇਂ ਪ੍ਰਾਪਤ ਕਰੋਂਗੇ? ਖੂਹ ਬਹੁਤ ਡੂੰਘਾ ਹੈ ਅਤੇ ਤੁਹਾਡੇ ਕੋਲ ਪਾਣੀ ਖਿੱਚਣ ਲਈ ਕੋਈ ਭਾਂਡਾ ਵੀ ਨਹੀਂ ਹੈ। 12ਕੀ ਤੁਸੀਂ ਸਾਡੇ ਪਿਤਾ ਯਾਕੂਬ ਨਾਲੋਂ ਵੀ ਵੱਧ ਮਹਾਨ ਹੋ। ਯਾਕੂਬ ਨੇ ਸਾਨੂੰ ਇਹ ਖੂਹ ਦਿੱਤਾ ਹੈ। ਉਸ ਨੇ ਇਸ ਦਾ ਪਾਣੀ ਪੀਤਾ ਸੀ ਅਤੇ ਉਸ ਦੇ ਪੁੱਤਰਾਂ ਤੇ ਜਾਨਵਰਾਂ ਨੇ ਵੀ ਇਸੇ ਖੂਹ ਤੋਂ ਪਾਣੀ ਪੀਤਾ।” 13ਯਿਸੂ ਨੇ ਜ਼ਵਾਬ ਦਿੱਤਾ, “ਕੋਈ ਵੀ ਵਿਅਕਤੀ ਜੋ ਇਸ ਖੂਹ ਤੋਂ ਪਾਣੀ ਪੀਂਦਾ ਫ਼ੇਰ ਪਿਆਸਾ ਹੋ ਜਾਵੇਗਾ। 14ਪਰ ਜੋ ਕੋਈ ਵੀ ਉਹ ਪਾਣੀ ਪੀਵੇਗਾ ਜੋ ਮੈਂ ਉਸ ਨੂੰ ਦੇਣ ਵਾਲਾ ਹਾਂ, ਉਹ ਫ਼ੇਰ ਕਦੀ ਵੀ ਪਿਆਸਾ ਨਹੀਂ ਹੋਵੇਗਾ। ਇਸ ਦੀ ਜਗ੍ਹਾ ਉਹ ਪਾਣੀ ਜੋ ਮੈਂ ਉਸ ਨੂੰ ਦਿੰਦਾ ਹਾਂ ਉਸ ਦੇ ਅੰਦਰ ਪਾਣੀ ਦਾ ਚਸ਼ਮਾ ਬਣ ਜਾਵੇਗਾ ਅਤੇ ਉਸ ਨੂੰ ਸਦੀਪਕ ਜੀਵਨ ਦੇਵੇਗਾ।” 15ਉਸ ਔਰਤ ਨੇ ਯਿਸੂ ਨੂੰ ਆਖਿਆ, “ਸ਼੍ਰੀ ਮਾਨ ਜੀ, ਮੈਨੂੰ ਉਹ ਪਾਣੀ ਦਿਓ। ਫ਼ਿਰ ਮੈਂ ਵੀ ਪਿਆਸੀ ਨਹੀਂ ਰਹਾਂਗੀ ਅਤੇ ਮੈਨੂੰ ਇਸ ਖੂਹ ਤੇ ਪਾਣੀ ਖਿੱਚਣ ਲਈ ਫ਼ੇਰ ਆਉਣ ਦੀ ਕੋਈ ਜ਼ਰੂਰਤ ਨਹੀਂ ਹੋਵੇਗੀ।” 16ਯਿਸੂ ਨੇ ਉਸ ਨੂੰ ਆਖਿਆ, “ਜਾ ਆਪਣੇ ਪਤੀ ਨੂੰ ਇੱਥੇ ਸੱਦ ਲਿਆ।” 17ਉਸ ਔਰਤ ਨੇ ਉੱਤਰ ਦਿੱਤਾ, “ਮੇਰਾ ਪਤੀ ਨਹੀਂ ਹੈ।” ਯਿਸੂ ਨੇ ਉਸ ਨੂੰ ਆਖਿਆ, “ਤੂੰ ਸੱਚ ਆਖਿਆ, ਜਦੋਂ ਤੂੰ ਕਿਹਾ ਤੇਰਾ ਪਤੀ ਨਹੀਂ ਹੈ। 18ਅਸਲ ਵਿੱਚ ਤੇਰੇ ਪੰਜ ਪਤੀ ਸਨ ਅਤੇ ਤੂੰ ਜਿਸ ਆਦਮੀ ਨਾਲ ਹੁਣ ਰਹਿੰਦੀ ਹੈਂ ਉਹ ਵੀ ਤੇਰਾ ਪਤੀ ਨਹੀਂ ਹੈ। ਤੂੰ ਮੈਨੂੰ ਸੱਚ ਆਖਿਆ ਹੈ।” 19ਉਸ ਔਰਤ ਨੇ ਕਿਹਾ, “ਪ੍ਰਭੂ ਜੀ, ਮੈਨੂੰ ਲੱਗਦਾ ਹੈ ਕਿ ਤੁਸੀਂ ਇੱਕ ਨਬੀ ਹੋ। 20ਸਾਡੇ ਪਿਉ-ਦਾਦੇ ਇਸ ਪਰਬਤ ਤੇ ਬੰਦਗੀ ਕਰਦੇ ਸਨ, ਪਰ ਤੁਸੀਂ ਯਹੂਦੀ ਇਹ ਆਖਦੇ ਹੋ ਕਿ ਯਰੂਸ਼ਲਮ ਹੀ ਉਹ ਥਾਂ ਹੈ ਜਿੱਥੇ ਲੋਕਾਂ ਨੂੰ ਬੰਦਗੀ ਕਰਨੀ ਚਾਹੀਦੀ ਹੈ।” 21ਯਿਸੂ ਨੇ ਆਖਿਆ, ਹੇ “ਔਰਤ, ਮੇਰੇ ਤੇ ਵਿਸ਼ਵਾਸ ਕਰ! ਵਕਤ ਆ ਰਿਹਾ ਹੈ ਜਦੋਂ ਯਰੂਸ਼ਲਮ ਆਉਣ ਦੀ ਜਾਂ ਪਿਤਾ ਦੀ ਬੰਦਗੀ ਕਰਨ ਲਈ ਇਸ ਪਰਬਤ ਤੇ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ। 22ਤੁਸੀਂ ਸਾਮਰੀ ਲੋਕ ਉਸ ਦੀ ਬੰਦਗੀ ਕਰਦੇ ਹੋ ਜੋ ਤੁਸੀਂ ਖੁਦ ਨਹੀਂ ਜਾਣਦੇ। ਅਸੀਂ ਯਹੂਦੀ ਜਾਣਦੇ ਹਾਂ ਅਸੀਂ ਕੀ ਬੰਦਗੀ ਕਰਦੇ ਹਾਂ ਕਿਉਂਕਿ ਮੁਕਤੀ ਯਹੂਦੀਆਂ ਤੋਂ ਆਉਂਦੀ ਹੈ। 23ਉਹ ਸਮਾਂ ਆ ਰਿਹਾ ਹੈ, ਜਦੋਂ ਸੱਚੇ ਉਪਾਸਕ ਆਤਮਾ ਅਤੇ ਸਚਿਆਈ ਨਾਲ ਪਿਤਾ ਦੀ ਬੰਦਗੀ ਕਰਨਗੇ। ਉਹ ਸਮਾਂ ਆਣ ਪੁੱਜਾ ਹੈ। ਪਰਮੇਸ਼ੁਰ ਅਜਿਹੇ ਅਰਾਧਕਾਂ ਨੂੰ ਲੱਭ ਰਿਹਾ ਹੈ। 24ਪਰਮੇਸ਼ੁਰ ਆਤਮਾ ਹੈ, ਇਸ ਲਈ ਜੋ ਲੋਕ ਪਰਮੇਸ਼ੁਰ ਦੀ ਬੰਦਗੀ ਕਰਦੇ ਹਨ ਉਨ੍ਹਾਂ ਨੂੰ ਉਸ ਦੀ ਆਤਮਾ ਅਤੇ ਸਚਿਆਈ ਨਾਲ ਬੰਦਗੀ ਕਰਨੀ ਚਾਹੀਦੀ ਹੈ।” 25ਉਸ ਔਰਤ ਨੇ ਆਖਿਆ, “ਮੈਂ ਜਾਣਦੀ ਹਾਂ ਕਿ ਜੋ ਮਸੀਹਾ ਅਖਵਾਉਂਦਾ ਹੈ ਉਹ ਮਸੀਹ ਆ ਰਿਹਾ ਹੈ। ਜਦੋਂ ਉਹ ਆਵੇਗਾ, ਉਹ ਸਾਨੂੰ ਸਭ ਕੁਝ ਦੀ ਦੱਸੇਗਾ।” 26ਤਾਂ ਯਿਸੂ ਨੇ ਆਖਿਆ, “ਮੈਂ, ਜੋ ਤੇਰੇ ਨਾਲ ਗੱਲ ਕਰ ਰਿਹਾ ਹਾਂ, ਮਸੀਹ ਹਾਂ।”
ਚੇਲਿਆਂ ਦਾ ਵਾਪਸ ਆਉਣਾ
27ਐਨੇ ਨੂੰ ਉਸ ਸਮੇਂ ਯਿਸੂ ਦੇ ਚੇਲੇ ਨਗਰ ਤੋਂ ਪਰਤ ਆਏ ਉਹ ਹੈਰਾਨ ਹੋ ਗਏ ਕਿ ਯਿਸੂ ਇੱਕ ਔਰਤ ਨਾਲ ਗੱਲ ਕਰ ਰਿਹਾ ਸੀ। ਪਰ ਕਿਸੇ ਨੇ ਵੀ ਇਹ ਨਾ ਪੁੱਛਿਆ, “ਤੂੰ ਕੀ ਚਾਹੁੰਦਾ ਹੈ?” “ਤੂੰ ਉਸ ਔਰਤ ਨਾਲ ਕਿਉਂ ਗੱਲ ਕਰ ਰਿਹਾ ਹੈਂ?” 28ਉਹ ਔਰਤ ਆਪਣਾ ਘੜਾ ਉੱਥੇ ਛੱਡ ਕੇ ਨਗਰ ਨੂੰ ਪਰਤ ਗਈ ਅਤੇ ਲੋਕਾਂ ਨੂੰ ਆਖਿਆ। 29“ਇੱਕ ਮਨੁੱਖ ਨੇ ਮੈਨੂੰ ਉਹ ਕੁਝ ਦੱਸਿਆ, ਜੋ ਕੁਝ ਹੁਣ ਤੱਕ ਮੈਂ ਕੀਤਾ ਹੈ। ਆਓ, ਉਸ ਦੇ ਦਰਸ਼ਣ ਕਰੋ। ਕੀ ਉਹ ਮਸੀਹ ਤਾਂ ਨਹੀਂ?” 30ਤਦ ਉਹ ਯਿਸੂ ਨੂੰ ਵੇਖਣ ਗਏ। 31ਇੰਨ੍ਹੇ ਸਮੇਂ ਵਿੱਚ ਯਿਸੂ ਦੇ ਚੇਲੇ ਉਨ੍ਹਾਂ ਨੂੰ ਬੇਨਤੀ ਕਰ ਰਹੇ ਸਨ, “ਗੁਰੂ ਜੀ, ਭੋਜਨ ਖਾ ਲਓ।” 32ਪਰ ਯਿਸੂ ਨੇ ਆਖਿਆ, “ਮੇਰੇ ਕੋਲ ਖਾਣ ਲਈ ਉਹ ਭੋਜਨ ਹੈ ਅਤੇ ਤੁਹਾਨੂੰ ਇਸ ਬਾਰੇ ਕੁਝ ਨਹੀਂ ਪਤਾ।” 33ਤਾਂ ਚੇਲਿਆਂ ਨੇ ਆਪਸ ਵਿੱਚ ਪੁੱਛਿਆ, “ਸ਼ਾਇਦ ਉਸ ਲਈ ਕਿਸੇ ਨੇ ਭੋਜਨ ਲਿਆਂਦਾ ਹੋਵੇਗਾ?” 34ਯਿਸੂ ਨੇ ਉਨ੍ਹਾਂ ਨੂੰ ਆਖਿਆ, “ਮੇਰਾ ਭੋਜਨ ਪਰਮੇਸ਼ੁਰ ਦੀ ਇੱਛਾ ਪੂਰੀ ਕਰਨਾ ਹੈ, ਜਿਸ ਨੇ ਮੈਨੂੰ ਭੇਜਿਆ ਹੈ ਉਸ ਦੇ ਕੰਮ ਨੂੰ ਸੰਪੂਰਨ ਕਰਨਾ ਹੀ ਮੇਰਾ ਭੋਜਨ ਹੈ। 35ਜਦੋਂ ਤੁਸੀਂ ਕੁਝ ਬੀਜਦੇ ਹੋ, ਤੁਸੀਂ ਹਮੇਸ਼ਾਂ ਇਹ ਕਹਿੰਦੇ ਹੋ, ਸਾਨੂੰ ਫ਼ਸਲ ਵੱਢਣ ਲਈ ਅਜੇ ਹੋਰ ਚਾਰ ਮਹੀਨੇ ਉਡੀਕਣਾ ਪਵੇਗਾ। ਪਰ ਮੈਂ ਤੁਹਾਨੂੰ ਦੱਸਦਾ ਹਾਂ ਆਪਣੀਆਂ ਅੱਖਾਂ ਖੋਲੋ ਅਤੇ ਵੇਖੋ, ਉਹ ਪੈਲੀਆਂ ਤਿਆਰ ਹਨ ਅਤੇ ਵਾਢੀ ਲਈ ਤਿਆਰ ਹਨ। 36ਜੋ ਵਿਅਕਤੀ ਫ਼ਸਲ ਵੱਢਦਾ ਉਹ ਆਪਣੀ ਮਜ਼ਦੂਰੀ ਪਾਉਂਦਾ ਅਤੇ ਸਦੀਪਕ ਜੀਵਨ ਲਈ ਫ਼ਸਲ ਇਕੱਠੀ ਕਰਦਾ ਹੈ। ਇਸ ਲਈ ਉਹ ਵੀ ਪ੍ਰਸੰਨ ਹੈ ਜੋ ਫ਼ਸਲ ਬੀਜਦਾ ਹੈ ਤੇ ਉਹ ਵੀ ਜੋ ਫ਼ਸਲ ਦੀ ਵਾਢੀ ਕਰਦਾ ਹੈ। 37ਇਹ ਕਹਾਵਤ ਸੱਚੀ ਹੈ, ਇੱਕ ਬੀਜਦਾ ਹੈ, ਪਰ ਦੂਜਾ ਆਦਮੀ ਫਸਲ ਦੀ ਵਾਢੀ ਕਰਦਾ ਹੈ। 38ਮੈਂ ਤੁਹਾਨੂੰ ਇਸ ਫ਼ਸਲ ਦਾ ਫਲ ਪ੍ਰਾਪਤ ਕਰਨ ਲਈ ਭੇਜਿਆ, ਜਿਸ ਲਈ ਤੁਸੀਂ ਕੰਮ ਨਹੀਂ ਕੀਤਾ, ਹੋਰਾਂ ਲੋਕਾਂ ਨੇ ਇਸ ਲਈ ਕੰਮ ਕੀਤਾ ਅਤੇ ਤੁਸੀਂ ਉਨ੍ਹਾਂ ਦੀ ਮਿਹਨਤ ਦਾ ਹੀ ਲਾਭ ਕਰ ਲੈ ਹੋ।”
ਸਾਮਰੀਆਂ ਦਾ ਵਿਸ਼ਵਾਸ
39ਉਸ ਸ਼ਹਿਰ ਦੇ ਕਈ ਲੋਕਾਂ ਨੇ ਯਿਸੂ ਵਿੱਚ ਵਿਸ਼ਵਾਸ ਕੀਤਾ। ਕਿਉਂਕਿ ਔਰਤ ਨੇ ਇਹ ਗਵਾਹੀ ਦਿੱਤੀ, “ਉਸ ਨੇ ਮੈਨੂੰ ਉਹ ਸਭ ਕੁਝ ਦੱਸਿਆ ਜੋ ਮੈਂ ਕੀਤਾ ਹੈ।” 40ਇਸ ਲਈ ਇਹ ਲੋਕ ਯਿਸੂ ਕੋਲ ਆਏ ਉਨ੍ਹਾਂ ਨੇ ਉਸ ਨੂੰ ਉਨ੍ਹਾਂ ਦੇ ਨਾਲ ਠਹਿਰਣ ਲਈ ਬੇਨਤੀ ਕੀਤੀ। ਇਸ ਲਈ ਯਿਸੂ ਉੱਥੇ ਦੋ ਦਿਨ ਠਹਿਰਿਆ। 41ਉਸ ਦੇ ਸ਼ਬਦਾਂ ਕਾਰਨ ਹੋਰ ਵਧੇਰੇ ਲੋਕਾਂ ਨੇ ਵਿਸ਼ਵਾਸ ਕੀਤਾ। 42ਉਨ੍ਹਾਂ ਲੋਕਾਂ ਨੇ ਉਸ ਔਰਤ ਨੂੰ ਆਖਿਆ, “ਅਸੀਂ ਯਿਸੂ ਵਿੱਚ ਤੇਰੇ ਸ਼ਬਦਾਂ ਕਾਰਨ ਵਿਸ਼ਵਾਸ ਨਹੀਂ ਕਰਦੇ, ਸਗੋਂ ਇਸ ਲਈ ਕਿਉਂ ਜੋ ਤੁਸੀਂ ਆਪ ਉਸ ਦੇ ਸ਼ਬਦ ਸੁਣੇ ਹਨ। ਹੁਣ ਅਸੀਂ ਜਾਣ ਗਏ ਹਾਂ ਕਿ ਉਹ ਸੱਚ-ਮੁੱਚ ਸੰਸਾਰ ਦਾ ਮੁਕਤੀਦਾਤਾ ਹੈ।” 43ਦੋ ਦਿਨਾਂ ਤੋਂ ਬਾਅਦ, ਯਿਸੂ ਉੱਥੋਂ ਵਿਦਾ ਹੋ ਕੇ ਗਲੀਲ ਨੂੰ ਚਲਿਆ ਗਿਆ। 44ਪਹਿਲਾਂ ਯਿਸੂ ਇਹ ਕਹਿ ਚੁੱਕਿਆ ਸੀ ਕਿ ਨਬੀ ਦਾ ਉਸ ਦੇ ਆਪਣੇ ਦੇਸ ਤੋਂ ਇਲਾਵਾ ਹਰੇਕ ਜਗ੍ਹਾ ਆਦਰ ਹੁੰਦਾ ਹੈ। 45ਜਦੋਂ ਯਿਸੂ ਗਲੀਲ ਵਿੱਚ ਪਹੁੰਚਿਆ ਤਾਂ ਲੋਕਾਂ ਨੇ ਉਸਦਾ ਸਵਾਗਤ ਕੀਤਾ। ਕਿਉਂਕਿ ਇਹ ਲੋਕ ਉਹ ਸਾਰੀਆਂ ਗੱਲਾਂ ਦੇਖ ਚੁੱਕੇ ਸਨ, ਜੋ ਯਿਸੂ ਨੇ ਯਰੂਸ਼ਲਮ ਵਿੱਚ ਪਸਾਹ ਦੇ ਤਿਉਹਾਰ ਤੇ ਕੀਤੀਆਂ ਸਨ। ਕਿਉਂਕਿ ਇਹ ਲੋਕ ਵੀ ਉਸ ਤਿਉਹਾਰ ਤੇ ਗਏ ਹੋਏ ਸਨ।
ਇੱਕ ਅਧਿਕਾਰੀ ਦੇ ਪੁੱਤਰ ਨੂੰ ਚੰਗਾ ਕਰਨਾ
46ਇੱਕ ਵਾਰ ਫੇਰ ਯਿਸੂ ਗਲੀਲ ਵਿੱਚ ਕਾਨਾ ਨੂੰ ਗਿਆ। ਕਾਨਾ ਉਹ ਥਾਂ ਹੈ ਜਿੱਥੇ ਯਿਸੂ ਨੇ ਪਾਣੀ ਨੂੰ ਅੰਗੂਰਾਂ ਦੇ ਰਸ ਵਿੱਚ ਤਬਦੀਲ ਕੀਤਾ, ਇੱਕ ਅਧਿਕਾਰੀ ਕਫ਼ਰਨਾਹੂਮ ਵਿੱਚ ਰਹਿੰਦਾ ਸੀ, ਉਸਦਾ ਪੁੱਤਰ ਬਿਮਾਰ ਸੀ। 47ਉਸ ਨੇ ਸੁਣਿਆ ਕਿ ਯਿਸੂ ਯਹੂਦਿਯਾ ਤੋਂ ਆਇਆ ਹੈ ਅਤੇ ਹੁਣ ਗਲੀਲ ਵਿੱਚ ਸੀ ਤਾਂ ਉਹ ਆਦਮੀ ਕਾਨਾ ਵਿੱਚ ਯਿਸੂ ਕੋਲ ਗਿਆ ਅਤੇ ਉਸ ਨੇ ਯਿਸੂ ਨੂੰ ਕਫ਼ਰਨਾਹੂਮ ਵਿੱਚ ਦਰਸ਼ਣ ਦੇਣ ਅਤੇ ਉਸ ਦੇ ਪੁੱਤਰ ਨੂੰ ਤੰਦਰੁਸਤ ਕਰਨ ਦੀ ਬੇਨਤੀ ਕੀਤੀ। ਉਸਦਾ ਪੁੱਤਰ ਮਰਨ ਵਾਲਾ ਸੀ। 48ਯਿਸੂ ਨੇ ਉਸ ਨੂੰ ਆਖਿਆ, “ਜਦੋਂ ਤੱਕ ਤੁਸੀਂ ਅਚਰਜ਼ ਅਤੇ ਨਿਸ਼ਾਨ ਨਹੀਂ ਵੇਖੋਂਗੇ ਤੁਸੀਂ ਮੇਰੇ ਉੱਤੇ ਵਿਸ਼ਵਾਸ ਨਹੀਂ ਕਰੋਂਗੇ।” 49ਬਾਦਸ਼ਾਹ ਦੇ ਅਧਿਕਾਰੀ ਨੇ ਆਖਿਆ, “ਸ਼੍ਰੀ ਮਾਨ ਜੀ, ਮੇਰੇ ਪੁੱਤਰ ਦੇ ਮਰਨ ਤੋਂ ਪਹਿਲਾਂ ਮੇਰੇ ਘਰ ਚੱਲੋ।” 50ਯਿਸੂ ਨੇ ਉੱਤਰ ਦਿੱਤਾ, “ਜਾ, ਤੇਰਾ ਪੁੱਤਰ ਜਿਉਂਦਾ ਹੈ।” ਉਸ ਆਦਮੀ ਨੇ ਯਿਸੂ ਦੇ ਸ਼ਬਦਾਂ ਵਿੱਚ ਵਿਸ਼ਵਾਸ ਕੀਤਾ ਅਤੇ ਘਰ ਚਲਾ ਗਿਆ। 51ਜਦੋਂ ਉਹ ਘਰ ਜਾ ਰਿਹਾ ਸੀ ਤਾਂ ਰਾਹ ਵਿੱਚ ਉਸ ਦੇ ਨੌਕਰ ਉਸ ਨੂੰ ਮਿਲੇ। ਅਤੇ ਉਨ੍ਹਾਂ ਨੇ ਉਸ ਨੂੰ ਆਖਿਆ, “ਤੇਰਾ ਪੁੱਤਰ ਚੰਗਾ ਹੋ ਗਿਆ ਹੈ।” 52ਉਸ ਆਦਮੀ ਨੇ ਪੁੱਛਿਆ, “ਮੇਰਾ ਪੁੱਤਰ ਕਿਸ ਵਕਤ ਠੀਕ ਹੋਣਾ ਸ਼ੁਰੂ ਹੋਇਆ ਸੀ?” ਨੌਕਰ ਨੇ ਜ਼ਵਾਬ ਦਿੱਤਾ, “ਇਹ ਕੱਲ ਇੱਕ ਵਜੇ ਦੇ ਆਸ-ਪਾਸ ਦਾ ਸਮਾਂ ਸੀ, ਜਦੋਂ ਉਸਦਾ ਬੁਖਾਰ ਉਤਰ ਗਿਆ।” 53ਉਸ ਆਦਮੀ ਨੂੰ ਪਤਾ ਸੀ ਕਿ ਪੂਰਾ ਇੱਕ ਵਜੇ ਦਾ ਹੀ ਸਮਾਂ ਸੀ ਜਦੋਂ ਯਿਸੂ ਨੇ ਆਖਿਆ ਸੀ, “ਤੇਰਾ ਪੁੱਤਰ ਜਿਉਂਦਾ ਹੈ।” ਇਉਂ ਉਹ ਅਤੇ ਉਸ ਦੇ ਘਰ ਵਿੱਚ ਰਹਿੰਦੇ ਸਭ ਲੋਕਾਂ ਨੇ ਯਿਸੂ ਉੱਤੇ ਵਿਸ਼ਵਾਸ ਕੀਤਾ। 54ਇਹ ਦੂਜਾ ਚਮਤਕਾਰ ਸੀ ਜੋ ਯਿਸੂ ਨੇ ਯਹੂਦਿਯਾ ਤੋਂ ਗਲੀਲ ਆਉਣ ਤੋਂ ਬਾਅਦ ਕੀਤਾ ਸੀ।
Nu geselecteerd:
ਯੂਹੰਨਾ 4: IRVPun
Markering
Deel
Kopiëren
Wil je jouw markerkingen op al je apparaten opslaan? Meld je aan of log in
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.