ਯੂਹੰਨਾ 3

3
ਯਿਸੂ ਅਤੇ ਨਿਕੋਦਿਮੁਸ
1ਉੱਥੇ ਨਿਕੋਦਿਮੁਸ ਨਾਮ ਦਾ ਇੱਕ ਮਨੁੱਖ ਸੀ, ਜੋ ਫ਼ਰੀਸੀਆਂ ਵਿੱਚੋਂ ਅਤੇ ਯਹੂਦੀਆਂ ਦਾ ਮੁੱਖ ਆਗੂ ਸੀ। 2ਇੱਕ ਰਾਤ ਨਿਕੋਦਿਮੁਸ ਯਿਸੂ ਕੋਲ ਆਇਆ ਅਤੇ ਆਖਿਆ, “ਗੁਰੂ ਜੀ ਅਸੀਂ ਜਾਣਦੇ ਹਾਂ ਕਿ ਤੁਸੀਂ ਪਰਮੇਸ਼ੁਰ ਦੇ ਭੇਜੇ ਹੋਏ ਇੱਕ ਗੁਰੂ ਹੋ। ਤੁਸੀਂ ਜੋ ਚਮਤਕਾਰ ਕਰਦੇ ਹੋ ਪਰਮੇਸ਼ੁਰ ਦੀ ਸਹਾਇਤਾ ਤੋਂ ਬਿਨ੍ਹਾਂ ਕੋਈ ਨਹੀਂ ਕਰ ਸਕਦਾ।” 3ਯਿਸੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਸੱਚ ਆਖਦਾ ਹਾਂ। ਇੱਕ ਮਨੁੱਖ ਉਦੋਂ ਤੱਕ ਪਰਮੇਸ਼ੁਰ ਦੇ ਰਾਜ ਨੂੰ ਨਹੀਂ ਵੇਖ ਸਕਦਾ, ਜਿੰਨਾਂ ਚਿਰ ਉਹ ਨਵੇਂ ਸਿਰਿਓਂ ਨਹੀਂ ਜਨਮ ਲੈਂਦਾ।” 4ਨਿਕੋਦਿਮੁਸ ਨੇ ਆਖਿਆ, “ਜੇਕਰ ਕੋਈ ਵਿਅਕਤੀ ਪਹਿਲਾਂ ਹੀ ਬੁੱਢਾ ਹੈ ਤਾਂ ਉਹ ਕਿਵੇਂ ਦੁਬਾਰਾ ਜਨਮ ਸਕਦਾ ਹੈ? ਕੀ ਇਹ ਸਕਦਾ ਜੋ ਉਹ ਜਨਮ ਲੈਣ ਲਈ ਆਪਣੀ ਮਾਂ ਦੀ ਕੁੱਖ ਵਿੱਚ ਦੂਸਰੀ ਵਾਰੀ ਜਾਵੇ?” 5ਪਰ ਯਿਸੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਜੇਕਰ ਕੋਈ ਵਿਅਕਤੀ ਪਾਣੀ ਅਤੇ ਆਤਮਾ ਤੋਂ ਨਹੀਂ ਜਨਮ ਲੈਂਦਾ ਤਾਂ ਉਹ ਪਰਮੇਸ਼ੁਰ ਦੇ ਰਾਜ ਵਿੱਚ ਜਾ ਨਹੀਂ ਸਕਦਾ। 6ਸਰੀਰ ਤੋਂ ਸਰੀਰ ਪੈਦਾ ਹੁੰਦਾ ਹੈ ਅਤੇ ਆਤਮਾ ਤੋਂ ਆਤਮਾ ਜਨਮ ਲੈਂਦਾ ਹੈ। 7ਇਸ ਲਈ ਹੈਰਾਨ ਨਾ ਹੋਵੋ ਕਿ ਮੈਂ ਤੁਹਾਨੂੰ ਆਖਿਆ ਹੈ ਕਿ ‘ਤੁਹਾਨੂੰ ਨਵੇਂ ਸਿਰਿਓਂ ਜਨਮ ਲੈਣਾ ਚਾਹੀਦਾ ਹੈ।’ 8ਹਵਾ ਉਸ ਪਾਸੇ ਹੀ ਚੱਲਦੀ ਹੈ ਜਿੱਧਰ ਉਹ ਚਾਹੁੰਦੀ ਹੈ। ਤੁਸੀਂ ਹਵਾ ਦੇ ਚੱਲਣ ਦੀ ਅਵਾਜ਼ ਸੁਣ ਸਕਦੇ ਹੋ। ਪਰ ਤੁਹਾਨੂੰ ਇਹ ਨਹੀਂ ਪਤਾ ਕਿ ਹਵਾ ਕਿੱਧਰੋਂ ਆਉਂਦੀ ਹੈ ਤੇ ਕਿੱਧਰ ਜਾਂਦੀ ਹੈ। ਆਤਮਾ ਤੋਂ ਜਨਮੇ ਵਿਅਕਤੀ ਨਾਲ ਵੀ ਇਵੇਂ ਹੀ ਹੈ।” 9ਨਿਕੋਦਿਮੁਸ ਨੇ ਪੁੱਛਿਆ, “ਇਹ ਕਿਵੇਂ ਹੋ ਸਕਦਾ?” 10ਯਿਸੂ ਨੇ ਆਖਿਆ, “ਤੂੰ ਇਸਰਾਏਲ ਦਾ ਇੱਕ ਗੁਰੂ ਹੈ ਅਤੇ ਅਜੇ ਵੀ ਤੂੰ ਇਹ ਗੱਲਾਂ ਨਹੀਂ ਸਮਝਦਾ? 11ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਅਸੀਂ ਜੋ ਜਾਣਦੇ ਹਾਂ ਉਸ ਬਾਰੇ ਗਵਾਹੀ ਦਿੰਦੇ ਹਾਂ, ਅਸੀਂ ਉਸ ਬਾਰੇ ਦੱਸਦੇ ਹਾਂ ਜੋ ਅਸੀਂ ਵੇਖਿਆ ਹੈ। ਪਰ ਤੁਸੀਂ ਲੋਕ ਉਸ ਤੇ ਵਿਸ਼ਵਾਸ ਨਹੀਂ ਕਰਦੇ ਜੋ ਅਸੀਂ ਤੁਹਾਨੂੰ ਦੱਸਦੇ ਹਾਂ। 12ਮੈਂ ਤੁਹਾਨੂੰ ਇਸ ਦੁਨੀਆਂ ਦੀਆਂ ਗੱਲਾਂ ਬਾਰੇ ਦੱਸਿਆ ਹੈ। ਪਰ ਤੁਸੀਂ ਵਿਸ਼ਵਾਸ ਨਹੀਂ ਕੀਤਾ। ਇਸ ਲਈ ਜੇ ਮੈਂ ਤੁਹਾਨੂੰ ਸਵਰਗੀ ਗੱਲਾਂ ਬਾਰੇ ਦੱਸਾਂਗਾ ਤਾਂ ਫ਼ਿਰ ਤੁਸੀਂ ਕਿਵੇਂ ਵਿਸ਼ਵਾਸ ਕਰੋਂਗੇ? 13ਮਨੁੱਖ ਦੇ ਪੁੱਤਰ ਤੋਂ ਬਿਨਾਂ, ਜੋ ਕੋਈ ਸਵਰਗ ਤੋਂ ਹੇਠਾਂ ਉਤਰਿਆ, ਕੋਈ ਵੀ ਉੱਪਰ ਸਵਰਗ ਨੂੰ ਨਹੀਂ ਗਿਆ। 14ਜਿਸ ਤਰ੍ਹਾਂ ਮੂਸਾ ਨੇ ਉਜਾੜ ਵਿੱਚ ਸੱਪ ਨੂੰ ਉੱਚਾ ਕੀਤਾ ਸੀ, ਇਸੇ ਤਰ੍ਹਾਂ ਜ਼ਰੂਰੀ ਹੈ ਕਿ ਮਨੁੱਖ ਦੇ ਪੁੱਤਰ ਨੂੰ ਵੀ ਉੱਚਾ ਕੀਤਾ ਜਾਵੇ। 15ਇਉਂ ਜੋ ਹਰੇਕ ਵਿਅਕਤੀ, ਜੋ ਮਨੁੱਖ ਦੇ ਪੁੱਤਰ ਉੱਤੇ ਵਿਸ਼ਵਾਸ ਕਰੇ ਉਹ ਸਦੀਪਕ ਜੀਵਨ ਪਾਵੇ।” 16ਪਰਮੇਸ਼ੁਰ ਨੇ ਸੰਸਾਰ ਨੂੰ ਇੰਨ੍ਹਾਂ ਪਿਆਰ ਕੀਤਾ ਅਤੇ ਉਸ ਨੇ ਉਨ੍ਹਾਂ ਨੂੰ ਆਪਣਾ ਇੱਕਲੌਤਾ ਪੁੱਤਰ ਦੇ ਦਿੱਤਾ ਤਾਂ ਜੋ ਕੋਈ ਵੀ ਉਸ ਵਿੱਚ ਵਿਸ਼ਵਾਸ ਰੱਖੇ ਉਹ ਨਾਸ ਨਾ ਹੋਵੇ ਸਗੋਂ ਸਦੀਪਕ ਜੀਵਨ ਪ੍ਰਾਪਤ ਕਰੇ। 17ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਸੰਸਾਰ ਵਿੱਚ ਇਸ ਲਈ ਨਹੀਂ ਭੇਜਿਆ ਕਿ ਦੋਸ਼ੀ ਠਹਿਰਾਵੇ ਸਗੋਂ ਇਸ ਲਈ ਜੋ ਸੰਸਾਰ ਉਸ ਰਾਹੀਂ ਬਚਾਇਆ ਜਾਵੇ। 18ਜਿਹੜਾ ਵਿਅਕਤੀ ਪਰਮੇਸ਼ੁਰ ਦੇ ਪੁੱਤਰ ਉੱਤੇ ਵਿਸ਼ਵਾਸ ਕਰਦਾ ਹੈ, ਦੋਸ਼ੀ ਨਹੀਂ ਮੰਨਿਆ ਜਾਵੇਗਾ। ਪਰ ਜੋ ਵਿਅਕਤੀ ਵਿਸ਼ਵਾਸ ਨਹੀਂ ਕਰਦਾ ਉਹ ਪਹਿਲਾਂ ਤੋਂ ਹੀ ਦੋਸ਼ੀ ਮੰਨਿਆ ਗਿਆ ਹੈ। ਕਿਉਂਕਿ ਉਸ ਨੇ ਪਰਮੇਸ਼ੁਰ ਦੇ ਇਕਲੌਤੇ ਪੁੱਤਰ ਉੱਤੇ ਵਿਸ਼ਵਾਸ ਨਹੀਂ ਕੀਤਾ। 19ਲੋਕਾਂ ਦਾ ਦੋਸ਼ੀ ਬਣਨ ਦਾ ਕਾਰਨ ਇਹ ਹੈ ਕਿ ਚਾਨਣ ਸੰਸਾਰ ਵਿੱਚ ਆ ਚੁੱਕਿਆ ਹੈ, ਪਰ ਲੋਕਾਂ ਨੇ ਚਾਨਣ ਨੂੰ ਪਸੰਦ ਨਹੀਂ ਕੀਤਾ। ਉਹ ਸਿਰਫ਼ ਹਨੇਰੇ ਦੇ ਕੰਮਾਂ ਨੂੰ ਹੀ ਚਾਹੁੰਦੇ ਸਨ। ਕਿਉਂਕਿ ਜਿਹੜੀਆਂ ਗੱਲਾਂ ਉਨ੍ਹਾਂ ਨੇ ਕੀਤੀਆਂ ਉਹ ਭਰਿਸ਼ਟ ਸਨ। 20ਜਿਹੜਾ ਬੰਦਾ ਪਾਪ ਕਰਦਾ ਹੈ ਉਹ ਚਾਨਣ ਤੋਂ ਨਫ਼ਰਤ ਕਰਦਾ ਹੈ। ਉਹ ਚਾਨਣ ਵੱਲ ਨਹੀਂ ਆਉਂਦਾ, ਕਿਉਂਕਿ ਚਾਨਣ ਉਸ ਦੇ ਬੁਰੇ ਕੰਮਾਂ ਨੂੰ ਪ੍ਰਗਟ ਕਰ ਦੇਵੇਗਾ। 21ਪਰ ਜੋ ਵਿਅਕਤੀ ਸੱਚਾਈ ਤੇ ਚੱਲਦਾ ਹੈ ਉਹ ਚਾਨਣ ਕੋਲ ਆਉਂਦਾ ਹੈ। ਚਾਨਣ ਇਹ ਸਪੱਸ਼ਟ ਤੌਰ ਤੇ ਵਿਖਾਉਂਦਾ ਹੈ ਕਿ ਜਿਹੜੇ ਕੰਮ ਵਿਅਕਤੀ ਨੇ ਕੀਤੇ ਹਨ ਉਹ ਪਰਮੇਸ਼ੁਰ ਰਾਹੀਂ ਕੀਤੇ ਗਏ ਸਨ।
ਯਿਸੂ ਦੇ ਬਾਰੇ ਯੂਹੰਨਾ ਦੀ ਗਵਾਹੀ
22ਇਸ ਦੇ ਪਿਛੋਂ ਯਿਸੂ ਅਤੇ ਉਸ ਦੇ ਚੇਲੇ ਯਹੂਦਿਯਾ ਦੇ ਇਲਾਕੇ ਵਿੱਚ ਆਏ। ਉੱਥੇ ਯਿਸੂ ਆਪਣੇ ਚੇਲਿਆਂ ਨਾਲ ਰਿਹਾ ਅਤੇ ਲੋਕਾਂ ਨੂੰ ਬਪਤਿਸਮਾ ਦਿੱਤਾ। 23ਯੂਹੰਨਾ ਵੀ ਏਨੋਨ ਵਿੱਚ ਲੋਕਾਂ ਨੂੰ ਬਪਤਿਸਮਾ ਦੇ ਰਿਹਾ ਸੀ। ਏਨੋਨ ਸਾਲੇਮ ਦੇ ਨੇੜੇ ਹੈ। ਯੂਹੰਨਾ ਉੱਥੇ ਇਸ ਲਈ ਬਪਤਿਸਮਾ ਦਿੰਦਾ ਸੀ ਕਿਉਂਕਿ ਉੱਥੇ ਬਹੁਤ ਪਾਣੀ ਸੀ। ਲੋਕ ਉੱਥੇ ਬਪਤਿਸਮਾ ਲੈਣ ਲਈ ਜਾਂਦੇ ਸਨ। 24ਇਹ ਗੱਲ ਯੂਹੰਨਾ ਨੂੰ ਕੈਦ ਹੋਣ ਤੋਂ ਪਹਿਲਾਂ ਦੀ ਹੈ। 25ਫਿਰ ਯੂਹੰਨਾ ਦੇ ਚੇਲਿਆਂ ਨੇ ਇੱਕ ਹੋਰ ਯਹੂਦੀ ਨਾਲ ਬਹਿਸ ਕੀਤੀ। 26ਇਸ ਲਈ ਚੇਲੇ ਯੂਹੰਨਾ ਕੋਲ ਆਏ ਅਤੇ ਆਖਿਆ, “ਗੁਰੂ ਜੀ, ਕੀ ਤੁਹਾਨੂੰ ਉਹ ਆਦਮੀ ਯਾਦ ਹੈ ਜਿਹੜਾ ਯਰਦਨ ਦਰਿਆ ਦੇ ਪਾਰ ਤੁਹਾਡੇ ਨਾਲ ਸੀ? ਤੁਸੀਂ ਲੋਕਾਂ ਨਾਲ ਉਸ ਬਾਰੇ ਹੀ ਗੱਲਾਂ ਕਰ ਰਹੇ ਸੀ। ਉਹੀ ਆਦਮੀ ਲੋਕਾਂ ਨੂੰ ਬਪਤਿਸਮਾ ਦੇ ਰਿਹਾ ਸੀ ਅਤੇ ਬਹੁਤ ਸਾਰੇ ਲੋਕ ਉਸ ਕੋਲ ਆ ਰਹੇ ਸਨ।” 27ਯੂਹੰਨਾ ਨੇ ਉੱਤਰ ਦਿੱਤਾ, “ਇਨਸਾਨ ਨੂੰ ਉਹੀ ਮਿਲਦਾ ਹੈ ਜੋ ਉਸ ਨੂੰ ਪਰਮੇਸ਼ੁਰ ਸਵਰਗੋਂ ਦਿੰਦਾ ਹੈ।” 28ਤੁਸੀਂ ਮੈਨੂੰ ਇਹ ਕਹਿੰਦਿਆਂ ਸੁਣਿਆ ਕਿ “ਮੈਂ ਮਸੀਹ ਨਹੀਂ ਹਾਂ, ਪਰ ਮੈਂ ਪਰਮੇਸ਼ੁਰ ਦੇ ਦੁਆਰਾ ਉਸ ਵਾਸਤੇ ਰਾਹ ਬਣਾਉਣ ਲਈ ਭੇਜਿਆ ਗਿਆ ਸੀ।” 29ਲਾੜੀ ਕੇਵਲ ਲਾੜੇ ਦੀ ਹੁੰਦੀ ਹੈ, ਲਾੜੇ ਦਾ ਜੋ ਮਿੱਤਰ ਲਾੜੇ ਦਾ ਇੰਤਜ਼ਾਰ ਕਰਦਾ ਹੈ ਅਤੇ ਲਾੜੇ ਦੀਆਂ ਗੱਲਾਂ ਸੁਣਦਾ ਹੈ ਉਹ ਫਿਰ ਬਹੁਤ ਖੁਸ਼ ਹੁੰਦਾ ਹੈ। ਇਹ ਖੁਸ਼ੀ ਮੈਨੂੰ ਮਿਲੀ ਹੈ। ਮੈਂ ਹੁਣ ਬਹੁਤ ਹੀ ਪ੍ਰਸੰਨ ਹਾਂ। 30ਇਸ ਲਈ ਜ਼ਰੂਰ ਹੈ ਜੋ ਉਹ ਵਧੇ ਅਤੇ ਮੈਂ ਘਟਾਂ। 31“ਉਹ ਜੋ ਉੱਪਰੋਂ ਆਉਂਦਾ ਹੈ ਬਾਕੀ ਸਾਰਿਆਂ ਤੋਂ ਮਹਾਨ ਹੈ। ਉਹ ਜੋ ਇਸ ਧਰਤੀ ਦਾ ਹੈ ਉਹ ਧਰਤੀ ਦਾ ਹੀ ਹੈ। ਉਹ ਵਿਅਕਤੀ ਸਿਰਫ਼ ਉਹੀ ਗੱਲਾਂ ਕਰਦਾ ਹੈ ਜੋ ਧਰਤੀ ਨਾਲ ਸੰਬੰਧਿਤ ਹਨ। ਉਹ ਜਿਹੜਾ ਸਵਰਗ ਤੋਂ ਆਵੇਗਾ, ਬਾਕੀ ਸਾਰਿਆਂ ਤੋਂ ਮਹਾਨ ਹੈ। 32ਉਹ ਉਨ੍ਹਾਂ ਗੱਲਾਂ ਬਾਰੇ ਦੱਸਦਾ ਹੈ ਜੋ ਉਸ ਨੇ ਦੇਖੀਆਂ ਤੇ ਸੁਣੀਆਂ ਹਨ, ਪਰ ਲੋਕ ਉਸ ਦੇ ਸ਼ਬਦਾਂ ਤੇ ਵਿਸ਼ਵਾਸ ਨਹੀਂ ਕਰਦੇ। 33ਜੋ ਵਿਅਕਤੀ ਉਸ ਦੇ ਸ਼ਬਦਾਂ ਤੇ ਵਿਸ਼ਵਾਸ ਕਰਦਾ, ਉਹ ਉਸ ਤੇ ਕਿਰਪਾ ਕਰਦਾ ਹੈ ਕਿ ਪਰਮੇਸ਼ੁਰ ਸੱਚ ਕਹਿੰਦਾ ਹੈ। 34ਕਿਉਂਕਿ ਜਿਹੜਾ ਪਰਮੇਸ਼ੁਰ ਦੁਆਰਾ ਭੇਜਿਆ ਗਿਆ ਹੈ ਉਹ ਪਰਮੇਸ਼ੁਰ ਦੇ ਸ਼ਬਦ ਬੋਲਦਾ ਹੈ ਅਤੇ ਪਰਮੇਸ਼ੁਰ ਉਸ ਨੂੰ ਭਰਪੂਰੀ ਦਾ ਆਤਮਾ ਦਿੰਦਾ ਹੈ। 35ਪਿਤਾ ਪੁੱਤਰ ਨਾਲ ਪਿਆਰ ਕਰਦਾ ਹੈ ਅਤੇ ਪਿਤਾ ਨੇ ਪੁੱਤਰ ਨੂੰ ਸਭ ਗੱਲਾਂ ਉੱਤੇ ਅਧਿਕਾਰ ਦਿੱਤਾ ਹੋਇਆ ਹੈ। 36ਜੋ ਕੋਈ ਪੁੱਤਰ ਵਿੱਚ ਵਿਸ਼ਵਾਸ ਕਰਦਾ ਹੈ, ਉਸ ਕੋਲ ਸਦੀਪਕ ਜੀਵਨ ਹੈ; ਪਰ ਉਹ ਜੋ ਪੁੱਤਰ ਨੂੰ ਨਹੀਂ ਮੰਨਦਾ, ਉਸ ਕੋਲ ਜੀਵਨ ਨਹੀਂ ਹੋਵੇਗਾ, ਪਰਮੇਸ਼ੁਰ ਦਾ ਕ੍ਰੋਧ ਉਸ ਉੱਤੇ ਹੋਵੇਗਾ।”

Markering

Deel

Kopiëren

None

Wil je jouw markerkingen op al je apparaten opslaan? Meld je aan of log in