ਰਸੂਲਾਂ ਦੇ ਕਰਤੱਬ 7
7
ਇਸਤੀਫ਼ਾਨ ਦਾ ਉਪਦੇਸ਼ ਅਤੇ ਮੌਤ
1ਤਦ ਸਰਦਾਰ ਜਾਜਕ ਨੇ ਪੁੱਛਿਆ ਕਿ ਏਹ ਗੱਲਾਂ ਏਵੇਂ ਹੀ ਹਨ? 2ਤਾਂ ਉਹ ਬੋਲਿਆ, ਹੇ ਭਾਈਓ ਅਤੇ ਹੇ ਪਿਤਰੋ, ਸੁਣੋ । ਸਾਡੇ ਪਿਤਾ ਅਬਰਾਹਾਮ ਨੂੰ ਹਾਰਾਨ ਵਿੱਚ ਵੱਸਣ ਤੋਂ ਅੱਗੇ ਜਦ ਉਹ ਮਸੋਪੋਤਾਮਿਯਾ ਵਿੱਚ ਸੀ ਤੇਜ ਰੂਪ ਪਰਮੇਸ਼ੁਰ ਵਿਖਾਈ ਦਿੱਤਾ 3ਅਤੇ ਉਹ ਨੂੰ ਆਖਿਆ, ਤੂੰ ਆਪਣੇ ਦੇਸ ਅਤੇ ਆਪਣੇ ਸਾਕਾਂ ਵਿੱਚੋਂ ਨਿੱਕਲ ਕੇ ਹਾਰਾਨ ਵਿੱਚ ਜਿਹੜਾ ਮੈਂ ਤੈਨੂੰ ਵਿਖਾਵਾਂਗਾ ਚੱਲਿਆ ਆ 4ਤਦ ਉਹ ਕਲਦੀਆਂ ਦੇ ਦੇਸ਼ ਤੋਂ ਨਿੱਕਲ ਕੇ ਹਾਰਾਨ ਵਿੱਚ ਜਾ ਵੱਸਿਆ ਅਤੇ ਉਹ ਦੇ ਪਿਓ ਦੇ ਮਰਨ ਪਿੱਛੋਂ ਪਰਮੇਸ਼ੁਰ ਨੇ ਉਹ ਨੂੰ ਉੱਥੋਂ ਲਿਆ ਕੇ ਐਸ ਦੇਸ ਵਿੱਚ ਵਸਾਇਆ ਜਿੱਥੇ ਹੁਣ ਤੁਸੀਂ ਰਹਿੰਦੇ ਹੋ 5ਇਹ ਦੇ ਵਿੱਚ ਕੁਝ ਅਧਿਕਾਰ ਸਗੋਂ ਪੈਰ ਰੱਖਣ ਦਾ ਥਾਂ ਵੀ ਨਾ ਦਿੱਤੀ ਪਰ ਉਸ ਨੇ ਕਰਾਰ ਕੀਤਾ ਜੋ ਮੈਂ ਇਹ ਧਰਤੀ ਤੈਨੂੰ ਅਤੇ ਤੇਰੇ ਪਿੱਛੋਂ ਤੇਰੀ ਅੰਸ ਨੂੰ ਦਿਆਂਗਾ ਭਾਵੇਂ ਉਹ ਦਾ ਬਾਲਕ ਅਜੇ ਹੈ ਨਹੀਂ ਸੀ 6ਪਰਮੇਸ਼ੁਰ ਨੇ ਐਉਂ ਆਖਿਆ ਭਈ ਤੇਰੀ ਅੰਸ ਪਰਦੇਸ਼ ਵਿੱਚ ਜਾ ਰਹੇਗੀ ਅਤੇ ਓਹ ਉਸ ਨੂੰ ਗੁਲਾਮ ਬਣਾ ਕੇ ਰੱਖਣਗੇ ਅਰ ਚਾਰ ਸੌਂ ਵਰਿਹਾਂ ਤੀਕ ਦੁਖ ਦੇਣਗੇ 7ਫੇਰ ਪਰਮੇਸ਼ੁਰ ਨੇ ਆਖਿਆ, ਮੈਂ ਉਸ ਕੌਮ ਉੱਤੇ ਜਿਹ ਦੇ ਓਹ ਗੁਲਾਮ ਹੋਣਗੇ ਡੰਨ ਲਾਵਾਂਗਾ ਅਰ ਉਹ ਦੇ ਪਿੱਛੋਂ ਓਹ ਨਿੱਕਲ ਆਉਣਗੇ ਅਤੇ ਇਸੇ ਥਾਂ ਵਿੱਚ ਮੇਰੀ ਉਪਾਸਨਾ ਕਰਨਗੇ 8ਅਤੇ ਉਸ ਨੇ ਉਹ ਦੇ ਨਾਲ ਸੁੰਨਤ ਨਾ ਨੇਮ ਕੀਤਾ। ਸੋ ਇਸ ਤਰਾਂ ਉਹ ਦੇ ਇਸਹਾਕ ਜੰਮਿਆ ਅਤੇ ਉਹ ਨੇ ਅੱਠਵੇਂ ਦਿਨ ਉਹ ਦੀ ਸੁੰਨਤ ਕੀਤੀ ਅਤੇ ਇਸਹਾਕ ਦੇ ਯਾਕੂਬ ਅਰ ਯਾਕੂਬ ਦੇ ਘਰ ਬਾਰਾਂ ਗੋਤਾਂ ਦੇ ਸਰਦਾਰ ਜੰਮੇ 9ਅਤੇ ਉਨ੍ਹਾਂ ਸਰਦਾਰਾਂ ਨੇ ਯੂਸੁਫ਼ ਨਾਲ ਖੁਣਸ ਕਰ ਕੇ ਉਹ ਨੂੰ ਵੇਚ ਦਿੱਤਾ ਕਿ ਮਿਸਰ ਵਿੱਚ ਲੈ ਜਾਣ ਪਰ ਪਰਮੇਸ਼ੁਰ ਉਹ ਦੇ ਨਾਲ ਸੀ 10ਅਤੇ ਉਹ ਨੇ ਉਹ ਦੇ ਸਾਰੇ ਕਸ਼ਟਾਂ ਤੋਂ ਛੁਡਾਇਆ ਅਤੇ ਉਹ ਨੂੰ ਮਿਸਰ ਦੇ ਪਾਤਸ਼ਾਹ ਫ਼ਿਰਊਨ ਨੇ ਸਾਹਮਣੇ ਕਿਰਪਾ ਅਰ ਬੁੱਧ ਦਿੱਤੀ ਅਤੇ ਉਸ ਨੇ ਉਹ ਨੂੰ ਮਿਸਰ ਦਾ ਅਤੇ ਆਪਣੇ ਸਾਰੇ ਘਰ ਦਾ ਹਾਕਮ ਬਣਾਇਆ 11ਫੇਰ ਸਾਰੇ ਮਿਸਰ ਅਤੇ ਕਨਾਨ ਵਿੱਚ ਕਾਲ ਪਿਆ ਅਰ ਵੱਡਾ ਕਸ਼ਟ ਆਇਆ ਅਤੇ ਸਾਡੇ ਪਿਉ ਦਾਦਿਆਂ ਨੂੰ ਅੰਨ ਨਹੀਂ ਸੀ ਲੱਭਦਾ 12ਪਰ ਜਾਂ ਯਾਕੂਬ ਨੇ ਸੁਣਿਆ ਭਈ ਮਿਸਰ ਵਿੱਚ ਅਨਾਜ ਹੈ ਤਾਂ ਸਾਡੇ ਪਿਉ ਦਾਦਿਆਂ ਨੂੰ ਪਹਿਲੀ ਵਾਰ ਘੱਲਿਆ 13ਅਤੇ ਦੂਈ ਵਾਰ ਭਾਈਆਂ ਉੱਤੇ ਯੂਸੁਫ਼ ਪਰਗਟ ਹੋ ਗਿਆ ਅਰ ਯੂਸੁਫ਼ ਦਾ ਘਰਾਣਾ ਫ਼ਿਰਊਨ ਨੂੰ ਮਲੂਮ ਹੋ ਗਿਆ 14ਤਦ ਯੂਸੁਫ਼ ਨੇ ਆਪਣੇ ਪਿਉ ਯਾਕੂਬ ਨੂੰ ਅਤੇ ਆਪਣੇ ਸਾਰੇ ਕੋੜਮੇ ਨੂੰ ਜੋ ਪੰਝੱਤਰ ਪ੍ਰਾਣੀ ਸਨ ਮੰਗਾ ਲਿਆ 15ਸੋ ਯਾਕੂਬ ਮਿਸਰ ਵਿੱਚ ਗਿਆ ਅਤੇ ਉਹ ਆਪ ਮਰ ਗਿਆ ਅਰ ਸਾਡੇ ਪਿਉ ਦਾਦੇ ਵੀ 16ਅਤੇ ਓਹ ਸ਼ਕਮ ਵਿੱਚ ਪੁਚਾਏ ਗਏ ਅਰ ਉਸ ਕਬਰਸਥਾਨ ਵਿੱਚ ਦੱਬੇ ਗਏ ਜਿਹੜਾ ਅਬਰਾਹਾਮ ਨੇ ਸ਼ਕਮ ਵਿੱਚ ਹਮੋਰ ਦੇ ਪੁੱਤ੍ਰਾਂ ਤੋਂ ਰੁਪਏ ਦੇ ਕੇ ਮੁੱਲ ਲਿਆ ਸੀ 17ਪਰ ਜਾਂ ਉਸ ਕਰਾਰ ਦਾ ਵੇਲਾ ਜਿਹ ਦਾ ਪਰਮੇਸ਼ੁਰ ਨੇ ਅਬਰਾਹਾਮ ਨਾਲ ਨੇਮ ਕੀਤਾ ਸੀ ਨੇੜੇ ਆਇਆ ਤਾਂ ਓਹ ਲੋਕ ਮਿਸਰ ਵਿੱਚ ਵਧਣ ਅਤੇ ਬਹੁਤ ਹੋਣ ਲੱਗੇ 18ਉਸ ਵੇਲੇ ਤੀਕੁਰ ਕਿ ਮਿਸਰ ਦਾ ਇੱਕ ਹੋਰ ਪਾਤਸ਼ਾਹ ਹੋਇਆ ਜਿਹੜਾ ਯੂਸੁਫ਼ ਨੂੰ ਨਾ ਜਾਣਦਾ ਸੀ 19ਉਹ ਨੇ ਸਾਡੀ ਕੌਮ ਨਾਲ ਚਤਰਾਈ ਕਰ ਕੇ ਸਾਡੇ ਪਿਉ ਦਾਦਿਆਂ ਨੂੰ ਤੰਗ ਕੀਤਾ ਭਈ ਓਹ ਆਪਣਿਆਂ ਬਾਲਕਾਂ ਨੂੰ ਬਾਹਰ ਸੁੱਟ ਦੇਣ ਕਿ ਜੀਉਂਦੇ ਨਾ ਰਹਿਣ 20ਉਸ ਸਮੇਂ ਮੂਸਾ ਜੰਮਿਆ ਜੋ ਅੱਤ ਸੋਹਣਾ#7:20 ਅਥਵਾ ਪਰਮੇਸ਼ੁਰ ਅੱਗੇ ਸੋਹਣਾ ਸੀ । ਉਹ ਤਿੰਨਾਂ ਮਹੀਨਿਆਂ ਤੀਕੁਰ ਆਪਣੇ ਪਿਉ ਦੇ ਘਰ ਵਿੱਚ ਪਲਦਾ ਰਿਹਾ 21ਅਤੇ ਜਾਂ ਉਹ ਬਾਹਰ ਸੁੱਟਿਆ ਗਿਆ ਤਾਂ ਫ਼ਿਰਊਨ ਦੀ ਧੀ ਨੇ ਉਹ ਨੂੰ ਉਠਾ ਲਿਆ ਅਤੇ ਉਹ ਨੂੰ ਆਪਣਾ ਪੁੱਤ੍ਰ ਕਰਕੇ ਪਾਲਿਆ 22ਸੋ ਮੂਸਾ ਨੇ ਮਿਸਰੀਆਂ ਦੀ ਸਾਰੀ ਵਿੱਦਿਆ ਸਿੱਖੀ ਅਤੇ ਆਪਣਿਆਂ ਬਚਨਾਂ ਅਤੇ ਕਰਨੀਆਂ ਵਿੱਚ ਸਮਰਥ ਸੀ 23ਜਦ ਉਹ ਪੂਰਿਆਂ ਚਾਹਲੀਆਂ ਵਰਿਹਾਂ ਦਾ ਹੋਣ ਲੱਗਾ ਤਦ ਉਹ ਦੇ ਮਨ ਵਿੱਚ ਆਇਆ ਭਈ ਮੈਂ ਜਾ ਕੇ ਆਪਣੇ ਭਾਈ ਇਸਰਾਏਲੀਆਂ ਦੀ ਖਬਰ ਲਵਾਂ 24ਤਦ ਇੱਕ ਉੱਤੇ ਵਾਧਾ ਹੁੰਦਾ ਵੇਖ ਕੇ ਉਹ ਦੀ ਸਹਾਇਤਾ ਕੀਤੀ ਅਤੇ ਮਿਸਰੀ ਨੂੰ ਜਾਨੋਂ ਮਾਰਿਆ ਅਰ ਜਿਹ ਦੇ ਨਾਲ ਜ਼ੋਰਾਵਰੀ ਹੋਈ ਸੀ ਉਹ ਦਾ ਵੱਟਾ ਲਿਆ 25ਤਾਂ ਉਹ ਨੇ ਸੋਚਿਆ ਭਈ ਮੇਰੇ ਭਾਈ ਸਮਝਣਗੇ ਜੋ ਪਰਮੇਸ਼ੁਰ ਮੇਰੇ ਹੱਥੀਂ ਉਨ੍ਹਾਂ ਨੂੰ ਛੁਟਕਾਰਾ ਦੇਣ ਲੱਗਾ ਹੈ, ਪਰ ਓਹ ਨਾ ਸਮਝੇ 26ਫੇਰ ਅਗਲੇ ਭਲਕ ਜਾਂ ਓਹ ਲੜਦੇ ਸਨ ਤਾਂ ਉਨ੍ਹਾਂ ਨੂੰ ਵਿਖਾਈ ਦਿੱਤਾ ਅਤੇ ਇਹ ਕਹਿ ਕੇ ਉਨ੍ਹਾਂ ਵਿੱਚ ਮੇਲ ਕਰਾਉਣਾ ਚਾਹਿਆ ਕਿ ਹੇ ਪੁਰਖੋ ਤੁਸੀਂ ਤਾਂ ਭਾਈ ਭਾਈ ਹੋ। ਕਿਉਂ ਇੱਕ ਦੂਏ ਦੇ ਉੱਤੇ ਵਾਧਾ ਕਰਦੇ ਹੋ ? 27ਪਰ ਜਿਹੜਾ ਆਪਣੇ ਗੁਆਂਢੀ ਦੇ ਉੱਤੇ ਵਾਧਾ ਕਰਦਾ ਸੀ ਉਸ ਨੇਉਹ ਨੂੰ ਧੱਕਾ ਦੇ ਕੇ ਆਖਿਆ ਭਈ ਤੈਨੂੰ ਕਿਨ ਸਾਡੇ ਉੱਤੇ ਹਾਕਮ ਅਤੇ ਨਿਆਈ ਬਣਾਇਆ ਹੈ? 28ਭਲਾ, ਤੂੰ ਮੈਨੂੰ ਭੀ ਮਾਰਿਆ ਚਾਹੁੰਦਾ ਹੈਂ ਜਿਵੇਂ ਤੈਂ ਕੱਲ ਉਸ ਮਿਸਰੀ ਨੂੰ ਮਾਰ ਸੁੱਟਿਆ ਸੀ? 29ਇਸ ਗੱਲ ਉੱਤੇ ਮੂਸਾ ਭੱਜ ਗਿਆ ਅਤੇ ਮਿਦਯਾਨ ਦੇਸ ਵਿੱਚ ਜਾ ਰਿਹਾ। ਉੱਥੇ ਉਹ ਦੇ ਦੋ ਪੁੱਤ੍ਰ ਜੰਮੇ 30ਅਤੇ ਜਾਂ ਚਾਹਲੀ ਵਰਹੇ ਬੀਤ ਗਏ ਤਾਂ ਸੀਨਈ ਦੇ ਪਹਾੜ ਦੀ ਉਜਾੜ ਵਿੱਚ ਇੱਕ ਦੂਤ ਅੱਗ ਦੀ ਲੋ ਵਿੱਚ ਝਾੜੀ ਵਿੱਚੋਂ ਉਹ ਨੂੰ ਵਿਖਾਈ ਦਿੱਤਾ 31ਮੂਸਾ ਨੇ ਵੇਖ ਕੇ ਉਸ ਦਰਸ਼ਣ ਤੋਂ ਅਚਰਜ ਮੰਨਿਆ ਅਤੇ ਜਾਂ ਤੱਕਣ ਲਈ ਨੇੜੇ ਢੁਕਿਆ ਤਾਂ ਪ੍ਰਭੁ ਦੀ ਅਵਾਜ਼ ਆਈ 32ਭਈ ਮੈਂ ਤੇਰੇ ਪਿਉ ਦਾਦਿਆਂ ਦਾ ਪਰਮੇਸ਼ੁਰ ਹਾਂ, ਅਬਰਾਹਾਮ ਦਾ ਅਤੇ ਇਸਹਾਕ ਦਾ ਅਤੇ ਯਾਕੂਬ ਦਾ ਪਰਮੇਸ਼ੁਰ। ਤਦ ਮੂਸਾ ਕੰਬ ਉੱਠਿਆ ਅਤੇ ਉਹ ਨੂੰ ਤੱਕਣ ਦਾ ਹਿਆਉ ਨਾ ਪਿਆ 33ਤਦ ਪ੍ਰਭੁ ਨੇ ਉਹ ਨੂੰ ਆਖਿਆ ਕਿ ਆਪਣਿਆਂ ਪੈਰਾਂ ਦੀ ਜੁੱਤੀ ਲਾਹ ਕਿਉਂ ਜੋ ਇਹ ਥਾਂ ਜਿੱਥੇ ਤੂੰ ਖਲੋਤਾ ਹੈਂ ਪਵਿੱਤ੍ਰ ਧਰਤੀ ਹੈ 34ਮੈਂ ਦ੍ਰਿਸ਼ਟ ਕਰ ਕੇ ਆਪਣੇ ਲੋਕਾਂ ਦਾ ਜਿਹੜੇ ਮਿਸਰ ਵਿੱਚ ਹਨ ਕਸ਼ਟ ਵੇਖਿਆ ਅਤੇ ਮੈਂ ਉਨ੍ਹਾਂ ਦੇ ਹੌਕੇ ਸੁਣ ਕੇ ਉਨ੍ਹਾਂ ਨੂੰ ਛੁਡਾਉਣ ਉੱਤਰਿਆ ਹਾਂ ਸੋ ਹੁਣ ਆ, ਮੈਂ ਤੈਨੂੰ ਮਿਸਰ ਵਿੱਚ ਘੱਲਾਂਗਾ 35ਓਸੇ ਮੂਸਾ ਨੂੰ ਜਿਸ ਤੋਂ ਉਨ੍ਹਾਂ ਨੇ ਇਨਕਾਰ ਕਰ ਕੇ ਕਿਹਾ ਜੋ ਤੈਨੂੰ ਕਿਹ ਨੇ ਹਾਕਮ ਅਤੇ ਨਿਆਈ ਬਣਾਇਆ? ਉਸੇ ਨੇ ਪਰਮੇਸ਼ੁਰ ਨੇ ਉਸ ਦੂਤ ਦੇ ਹੱਥੀਂ ਜੋ ਉਹ ਨੂੰ ਝਾੜੀ ਵਿੱਚ ਵਿਖਾਈ ਦਿੱਤਾ ਸੀ ਹਾਕਮ ਅਤੇ ਛੁਟਕਾਰਾ ਦੇਣ ਵਾਲਾ ਕਰਕੇ ਘੱਲਿਆ 36ਇਹੋ ਮਨੁੱਖ ਮਿਸਰ ਵਿੱਚ ਅਤੇ ਲਾਲ ਸਮੁੰਦਰ ਵਿੱਚ ਅਤੇ ਉਜਾੜ ਵਿੱਚ ਚਾਹਲੀਆਂ ਵਰਿਹਾਂ ਤੀਕੁਰ ਅਚੰਭੇ ਅਤੇ ਨਿਸ਼ਾਨ ਵਿਖਾ ਕੇ ਉਨ੍ਹਾਂ ਨੂੰ ਕੱਢ ਲਿਆਇਆ 37ਇਹ ਉਹੋ ਮੂਸਾ ਹੈ ਜਿਨ ਇਸਰਾਏਲ ਦਿਆਂ ਪੁੱਤ੍ਰਾਂ ਨੂੰ ਆਖਿਆ ਭਈ ਪਰਮੇਸ਼ੁਰ ਤੁਹਾਡੇ ਭਾਈਆਂ ਵਿੱਚੋਂ ਤੁਹਾਡੇ ਲਈ ਮੇਰੇ ਜਿਹਾ ਇੱਕ ਨਬੀ ਖੜਾ ਕਰੇਗਾ 38ਇਹ ਉਹੋ ਹੈ ਜੋ ਉਜਾੜ ਦੀ ਕਲੀਸਿਯਾ ਵਿੱਚ ਉਸ ਦੂਤ ਦੇ ਸੰਗ ਜਿਹੜਾ ਸੀਨਈ ਦੇ ਪਹਾੜ ਵਿੱਚ ਉਹ ਦੇ ਨਾਲ ਬੋਲਿਆ ਅਤੇ ਸਾਡੇ ਪਿਉ ਦਾਦਿਆਂ ਦੇ ਸੰਗ ਸੀ, ਅਤੇ ਉਸ ਨੇ ਜੀਉਂਦੇ ਬਚਨ ਪਾਏ ਭਈ ਸਾਨੂੰ ਸੌਂਪ ਦੇਵੇ 39ਪਰ ਸਾਡੇ ਪਿਉ ਦਾਦਿਆਂ ਨੇ ਉਹ ਦੇ ਅਧੀਨ ਹੋਣਾ ਨਾ ਚਾਹਿਆ ਸਗੋਂ ਉਹ ਨੂੰ ਧੱਕਾ ਦਿੱਤਾ ਅਤੇ ਉਨ੍ਹਾਂ ਦਾ ਦਿਲ ਮਿਸਰ ਦੀ ਵੱਲ ਫਿਰਿਆ 40ਅਤੇ ਉਨ੍ਹਾਂ ਹਾਰੂਨ ਨੂੰ ਆਖਿਆ ਭਈ ਸਾਡੇ ਲਈ ਠਾਕਰ ਬਣਾ ਜਿਹੜੇ ਸਾਡੇ ਅੱਗੇ ਅੱਗੇ ਚੱਲਣ ਕਿਉੰ ਜੋ ਉਹ ਮੂਸਾ ਜਿਹੜਾ ਸਾਨੂੰ ਮਿਸਰ ਦੇਸ ਵਿੱਚੋਂ ਕੱਢ ਲਿਆਇਆ ਸਾਨੂੰ ਪਤਾ ਨਹੀਂ ਭਈ ਉਹ ਨੂੰ ਕੀ ਹੋਇਆ 41ਉਨ੍ਹੀਂ ਦਿਨੀਂ ਉਨ੍ਹਾਂ ਨੇ ਇੱਕ ਵੱਛਾ ਬਣਾਇਆ ਅਤੇ ਉਸ ਮੂਰਤ ਨੂੰ ਬਲੀਦਾਨ ਚੜ੍ਹਾਇਆ ਅਤੇ ਆਪਣੇ ਹੱਥਾਂ ਦੇ ਕੰਮ ਉੱਤੇ ਖੁਸ਼ੀ ਮਨਾਈ 42ਪਰ ਪਰਮੇਸ਼ੁਰ ਉਨ੍ਹਾਂ ਤੋਂ ਫਿਰ ਗਿਆ ਅਤੇ ਉਨ੍ਹਾਂ ਨੂੰ ਛੱਡ ਦਿੱਤਾ ਕਿ ਅਕਾਸ਼ਦੀ ਸੈਨਾ ਨੂੰ ਪੂਜਣ ਜਿਵੇਂ ਨਬੀਆਂ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ, #ਆਮੋਸ 5:25-27-
ਹੇ ਇਸਰਾਏਲ ਦੇ ਘਰਾਣੇ,
ਕੀ ਤੁਸਾਂ ਮੈਨੂੰ ਉਜਾੜ ਵਿੱਚ ਚਾਹਲੀ ਵਰਹੇ,
ਪਸੂ ਭੇਟ ਅਤੇ ਬਲੀਦਾਨ ਚੜ੍ਹਾਏ?
43ਅਰ ਤੁਸੀਂ ਮਲੋਖ ਦੇ ਤੰਬੂ,
ਅਤੇ ਰਿਫ਼ਾਨ ਦਿਓਤੇ ਦੇ ਤਾਰੇ ਨੂੰ,
ਅਰਥਾਤ ਉਨ੍ਹਾਂ ਮੂਰਤਾਂ ਨੂੰ ਚੁੱਕੀ ਫਿਰਦੇ ਸਾਓ
ਜਿਹੜੀਆਂ ਤੁਸਾਂ ਪੂਜਣ ਲਈ ਬਣਾਈਆਂ,
ਅਤੇ ਮੈਂ ਤੁਹਾਨੂੰ ਕੱਢ ਕੇ ਬਾਬੁਲ ਤੋਂ ਪਰੇ ਲੈ ਜਾ
ਕੇ ਵਸਾਵਾਂਗਾ।।
44ਸਾਖੀ ਦਾ ਤੰਬੂ ਉਜਾੜ ਵਿੱਚ ਸਾਡੇ ਪਿਉ ਦਾਦਿਆਂ ਦੇ ਕੋਲ ਸੀ ਜਿਵੇਂ ਉਸੇ ਨੇ ਆਗਿਆ ਦਿੱਤੀ ਜਿਨ ਮੂਸਾ ਨੂੰ ਆਖਿਆ ਸੀ ਭਈ ਉਹ ਨੂੰ ਉਸ ਖਾਕੇ ਉੱਤੇ ਬਣਾ ਜੋ ਤੈਂ ਵੇਖਿਆ ਹੈ 45ਅਤੇ ਉਸ ਨੂੰ ਸਾਡੇ ਪਿਉ ਦਾਦੇ ਅਗਲਿਆਂ ਤੋਂ ਪਾ ਕੇ ਯਹੋਸ਼ੁਆ ਦੇ ਨਾਲ ਤਦ ਐੱਥੇ ਲਿਆਏ ਜਦ ਉਨ੍ਹਾਂ ਕੌਮਾਂ ਦੀ ਮਿਲਖ ਪਾਈ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਸਾਡੇ ਪਿਉ ਦਾਦਿਆਂ ਦੇ ਅੱਗਿਓ ਕੱਢ ਦਿੱਤਾ ਅਤੇ ਉਹ ਦਾਊਦ ਦੇ ਦਿਨਾਂ ਤੀਕ ਰਿਹਾ 46ਉਹ ਨੇ ਪਰਮੇਸ਼ੁਰ ਦੇ ਹਜ਼ੂਰੋਂ ਕਿਰਪਾ ਪਾ ਕੇ ਚਾਹਿਆ ਜੋ ਯਾਕੂਬ ਦੇ ਪਰਮੇਸ਼ੁਰ ਦੇ ਲਈ ਇੱਕ ਅਸਥਾਨ ਬਣਾਵੇ 47ਪਰ ਸੁਲੇਮਾਨ ਨੇ ਉਹ ਦੇ ਲਈ ਇੱਕ ਭਵਨ ਬਣਾਇਆ 48ਪਰ ਅੱਤ ਮਹਾਨ ਹੱਥਾਂ ਦੀਆਂ ਬਣੀਆਂ ਹੋਈਆਂ ਹੈਕਲਾਂ ਵਿੱਚ ਨਹੀਂ ਵੱਸਦਾ ਜਿਵੇਂ ਨਬੀ ਕਹਿੰਦਾ ਹੈ, #ਯਸ. 66:1,2-
49ਅਕਾਸ਼ ਮੇਰਾ ਸਿੰਘਾਸਣ,
ਅਤੇ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ ਹੈ।
ਤੁਸੀਂ ਮੇਰੇ ਲਈ ਕਿਹੋ ਜਿਹਾ ਭਵਨ ਬਣਾਓਗੇ,
ਪ੍ਰਭੁ ਆਖਦਾ ਹੈ,
ਯਾ ਕਿਹੜਾ ਥਾਂ ਮੇਰੇ ਅਰਾਮ ਦਾ ਹੈ?
50ਕੀ ਮੇਰੇ ਹੱਥਾਂ ਨੇ ਏਹ ਸਭ ਵਸਤਾਂ ਨਹੀਂ
ਬਣਾਈਆਂ?।।
51ਹੇ ਹਠੀ ਅਤੇ ਮਨ ਅਰ ਕੰਨ ਦੇ ਬੇ ਸੁੰਨਤੀ ਲੋਕੋ, ਤੁਸੀਂ ਸਦਾ ਪਵਿੱਤ੍ਰ ਆਤਮਾ ਦਾ ਸਾਹਮਣਾ ਕਰਦੇ ਹੋ! ਜਿਵੇਂ ਤੁਹਾਡੇ ਪਿਉ ਦਾਦਿਆਂ ਨੇ ਕੀਤਾ ਤਿਹਾ ਤੁਸੀਂ ਵੀ ਕਰਦੇ ਹੋ 52ਨਬੀਆਂ ਵਿੱਚੋਂ ਕਿਹ ਨੂੰ ਤੁਹਾਡੇ ਪਿਉ ਦਾਦਿਆਂ ਨੇ ਨਹੀਂ ਸਤਾਇਆ? ਸਗੋਂ ਉਨ੍ਹਾਂ ਨੇ ਉਸ ਧਰਮੀ ਦੇ ਆਉਣ ਦੀ ਖਬਰ ਦੇਣ ਵਾਲਿਆਂ ਨੂੰ ਵੱਢ ਸੁੱਟਿਆ ਜਿਹ ਦੇ ਹੁਣ ਤੁਸੀਂ ਫੜਵਾਉਣ ਵਾਲੇ ਅਤੇ ਖੂਨੀ ਹੋਏ 53ਤੁਸਾਂ ਸ਼ਰਾ ਨੂੰ ਜਿਹੀ ਦੂਤਾਂ ਦੇ ਰਾਹੀਂ ਠਹਿਰਾਈ ਗਈ ਸੀ ਪਾਇਆ ਪਰ ਉਹ ਦੀ ਪਾਲਨਾ ਨਾ ਕੀਤੀ।।
54ਏਹ ਗੱਲਾਂ ਸੁਣਦੇ ਹੀ ਓਹ ਮਨ ਵਿੱਚ ਸੜ ਗਏ ਅਤੇ ਉਸ ਉੱਤੇ ਦੰਦ ਪੀਹਣ ਲੱਗੇ 55ਪਰ ਉਹ ਨੇ ਪਵਿੱਤ੍ਰ ਆਤਮਾ ਨਾਲ ਭਰਪੂਰ ਹੋ ਕੇ ਅਕਾਸ਼ ਦੀ ਵੱਲ ਨਜ਼ਰ ਲਾਈ ਹੋਈ ਪਰਮੇਸ਼ੁਰ ਦੇ ਤੇਜ ਅਤੇ ਯਿਸੂ ਨੂੰ ਪਰਮੇਸ਼ੁਰ ਦੇ ਸੱਜੇ ਹੱਥ ਖੜਾ ਵੇਖਿਆ 56ਅਤੇ ਕਿਹਾ ਵੇਖੋ, ਮੈਂ ਅਕਾਸ਼ ਨੂੰ ਖੁਲ੍ਹਾ ਅਤੇ ਮਨੁੱਖ ਦੇ ਪੁੱਤ੍ਰ ਨੂੰ ਪਰਮੇਸ਼ੁਰ ਦੇ ਸੱਜੇ ਹੱਥ ਖੜਾ ਵੇਖਦਾ ਹਾਂ! 57ਪਰ ਉਨ੍ਹਾਂ ਨੇ ਉੱਚੀ ਅਵਾਜ਼ ਨਾਲ ਡੰਡ ਪਾ ਕੇ ਆਪਣੇ ਕੰਨ ਬੰਦ ਕੀਤੇ ਅਤੇ ਇੱਕ ਮਨ ਹੋ ਕੇ ਉਹ ਦੇ ਉੱਤੇ ਟੁੱਟ ਪਏ 58ਅਤੇ ਸ਼ਹਿਰੋਂ ਬਾਹਰ ਕੱਢ ਕੇ ਉਹ ਨੂੰ ਪਥਰਾਹ ਕੀਤਾ ਅਰ ਗਵਾਹਾਂ ਨੇ ਆਪਣੇ ਬਸਤਰ ਸੌਲੁਸ ਨਾਮੇ ਇੱਕ ਜੁਆਨ ਦੇ ਪੈਰਾਂ ਕੋਲ ਲਾਹ ਕੇ ਰੱਖ ਦਿੱਤੇ 59ਸੋ ਉਨ੍ਹਾਂ ਨੇ ਇਸਤੀਫ਼ਾਨ ਨੂੰ ਪਥਰਾਹ ਕੀਤਾ ਜੋ ਬੇਨਤੀ ਕਰਦਾ ਅਤੇ ਇਹ ਆਖਦਾ ਸੀ ਕਿ ਹੇ ਪ੍ਰਭੁ ਯਿਸੂ, ਮੇਰੇ ਆਤਮਾ ਨੂੰ ਆਪਣੇ ਕੋਲ ਲੈ ਲੈ! 60ਫੇਰ ਉਹ ਗੋਡੇ ਟੇਕ ਕੇ ਉੱਚੀ ਬੋਲਿਆ ਕਿ ਹੇ ਪ੍ਰਭੁ ਇਹ ਪਾਪ ਉਨ੍ਹਾਂ ਦੇ ਜੁੰਮੇ ਨਾ ਲਾ! ਅਤੇ ਇਹ ਕਹਿ ਕੇ ਉਹ ਸੌਂ ਗਿਆ, ਅਰ ਸੌਲੁਸ ਉਹ ਦੇ ਮਾਰ ਦੇਣ ਉੱਤੇ ਰਾਜ਼ੀ ਸੀ।।
Voafantina amin'izao fotoana izao:
ਰਸੂਲਾਂ ਦੇ ਕਰਤੱਬ 7: PUNOVBSI
Asongadina
Hizara
Dika mitovy

Tianao hovoatahiry amin'ireo fitaovana ampiasainao rehetra ve ireo nasongadina? Hisoratra na Hiditra
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.