ਲੂਕਾ 18
18
ਪ੍ਰਾਰਥਨਾ ਦੇ ਵਿਖੇ: ਹਾਠੀ ਵਿਧਵਾ ਅਤੇ ਫ਼ਰੀਸੀ ਅਰ ਮਸੂਲੀਆ
1ਉਸ ਨੇ ਉਨ੍ਹਾਂ ਨੂੰ ਇਸ ਮਤਲਬ ਦਾ ਇੱਕ ਦ੍ਰਿਸ਼ਟਾਂਤ ਦਿੱਤਾ ਜੋ ਸਦਾ ਪ੍ਰਾਰਥਨਾ ਵਿੱਚ ਲੱਗਿਆ ਰਹਿਣਾ ਅਤੇ ਸੁਸਤੀ ਨਹੀਂ ਕਰਨੀ ਚਾਹੀਦੀ 2ਕਿ ਕਿਸੇ ਨਗਰ ਵਿੱਚ ਇੱਕ ਹਾਕਮ ਸੀ ਜਿਹ ਨੂੰ ਨਾ ਪਰਮੇਸ਼ੁਰ ਦਾ ਭੈ, ਨਾ ਮਨੁੱਖ ਦੀ ਪਰਵਾਹ ਸੀ 3ਅਰ ਉਸੇ ਨਗਰ ਵਿੱਚ ਇੱਕ ਵਿਧਵਾ ਸੀ ਅਤੇ ਉਹ ਉਸ ਦੇ ਕੋਲ ਇਹ ਕਹਿੰਦੀ ਆਉਂਦੀ ਸੀ ਜੋ ਮੇਰੇ ਵੈਰੀ ਤੋਂ ਮੇਰਾ ਬਦਲਾ ਲੈ ਦਿਹ 4ਕਿੰਨਾਕੁ ਚਿਰ ਤਾਂ ਉਹ ਨੇ ਨਾ ਚਾਹਿਆ ਪਰ ਪਿੱਛੋਂ ਆਪਣੇ ਮਨ ਵਿੱਚ ਕਿਹਾ ਕਿ ਭਾਵੇਂ ਮੈਂ ਨਾ ਪਰਮੇਸ਼ੁਰ ਦਾ ਭੈ ਕਰਦਾ, ਨਾ ਮਨੁੱਖ ਦੀ ਪਰਵਾਹ ਰੱਖਦਾ ਹਾਂ 5ਤਾਂ ਭੀ ਇਸ ਲਈ ਜੋ ਇਹ ਵਿਧਵਾ ਮੈਨੂੰ ਜਿੱਚ ਕਰਦੀ ਹੈ ਮੈਂ ਉਹ ਦਾ ਬਦਲਾ ਲੈ ਦਿਆਂਗਾ ਅਜਿਹਾ ਨਾ ਹੋਵੇ ਜੋ ਉਹ ਘੜੀ ਮੁੜੀ ਆਣ ਕੇ ਮੇਰਾ ਸਿਰ ਖਾਵੇ 6ਪ੍ਰਭੁ ਨੇ ਆਖਿਆ, ਸੁਣੋ ਕਿ ਇਹ ਬੇਇਨਸਾਫ਼ ਹਾਕਮ ਕੀ ਕਹਿੰਦਾ ਹੈ 7ਫੇਰ ਭਲਾ, ਪਰਮੇਸ਼ੁਰ ਆਪਣੇ ਚੁਣਿਆਂ ਹੋਇਆਂ ਦਾ ਬਦਲਾ ਲੈ ਨਾ ਦੇਵੇਗਾ ਜਿਹੜੇ ਰਾਤ ਦਿਨ ਉਹ ਦੀ ਦੁਹਾਈ ਦਿੰਦੇ ਹਨ, ਭਾਵੇਂ ਉਹ ਚੋਖਾ ਚਿਰ ਉਨ੍ਹਾਂ ਦੀ ਜਰਦਾ ਹੈ?।।
8ਮੈਂ ਤੁਹਾਨੂੰ ਆਖਦਾ ਹਾਂ ਜੋ ਉਹ ਸ਼ਤਾਬੀ ਉਨ੍ਹਾਂ ਦਾ ਬਦਲਾ ਲੈ ਦੇਵੇਗਾ। ਪਰ ਜਦ ਮਨੁੱਖ ਦਾ ਪੁੱਤ੍ਰ ਆਵੇਗਾ ਤਦ ਕੀ ਉਹ ਧਰਤੀ ਉੱਤੇ ਨਿਹਚਾ ਪਾਵੇਗਾ? 9ਉਸ ਨੇ ਕਈਆਂ ਨੂੰ ਜਿਹੜੇ ਆਪਣੇ ਉੱਤੇ ਭਰੋਸਾ ਰੱਖਦੇ ਸਨ ਭਈ ਅਸੀਂ ਧਰਮੀ ਹਾਂ ਅਤੇ ਹੋਰਨਾਂ ਨੂੰ ਤੁੱਛ ਜਾਣਦੇ ਸਨ ਇਹ ਦ੍ਰਿਸ਼ਟਾਂਤ ਵੀ ਦਿੱਤਾ 10ਕਿ ਦੋ ਮਨੁੱਖ ਪ੍ਰਾਰਥਨਾ ਕਰਨ ਲਈ ਹੈਕਲ ਵਿੱਚ ਆਏ, ਇੱਕ ਫ਼ਰੀਸੀ ਅਤੇ ਦੂਆ ਮਸੂਲੀਆ 11ਫ਼ਰੀਸੀ ਨੇ ਖਲੋ ਕੇ ਆਪਣੇ ਜੀ ਵਿੱਚ ਇਉਂ ਪ੍ਰਾਰਥਨਾ ਕੀਤੀ ਕਿ ਹੇ ਪਰਮੇਸ਼ੁਰ ਮੈਂ ਤੇਰਾ ਸ਼ੁਕਰ ਕਰਦਾ ਹਾਂ ਭਈ ਮੈਂ ਹੋਰਨਾਂ ਵਾਂਙੁ ਨਹੀਂ ਹਾਂ ਜੋ ਲੁਟੇਰੇ, ਕੁਧਰਮੀ ਅਤੇ ਜ਼ਨਾਹਕਾਰ ਹਨ ਅਤੇ ਨਾ ਇਸ ਮਸੂਲੀਏ ਵਰਗਾ ਹਾਂ! 12ਮੈਂ ਸਾਤੇ ਵਿੱਚ ਦੋ ਵਾਰੀ ਵਰਤ ਰੱਖਦਾ ਹਾਂ ਅਤੇ ਆਪਣੀ ਸਾਰੀ ਕਮਾਈ ਵਿੱਚੋਂ ਦਸੌਂਧ ਦਿੰਦਾ ਹਾਂ 13ਪਰ ਉਸ ਮਸੂਲੀਏ ਨੇ ਕੁਝ ਫ਼ਰਕ ਨਾਲ ਖੜੋ ਕੋ ਐੱਨਾ ਵੀ ਨਾ ਚਾਹਿਆ ਜੋ ਆਪਣੀਆਂ ਅੱਖੀਆਂ ਅਕਾਸ਼ ਦੀ ਵੱਲ ਚੁੱਕੇ ਸਗੋਂ ਆਪਣੀ ਛਾਤੀ ਪਿੱਟਦਾ ਅਤੇ ਏਹ ਕਹਿੰਦਾ ਸੀ ਕਿ ਹੇ ਪਰਮੇਸ਼ੁਰ ਮੈਂ ਪਾਪੀ ਉੱਤੇ ਦਯਾ ਕਰ! 14ਮੈਂ ਤੁਹਾਨੂੰ ਆਖਦਾ ਹਾਂ ਜੋ ਉਹ ਨਹੀਂ ਪਰ ਇਹ ਧਰਮੀ ਠਹਿਰ ਕੇ ਆਪਣੇ ਘਰ ਗਿਆ ਕਿਉਂਕਿ ਹਰੇਕ ਜੋ ਆਪਣੇ ਆਪ ਨੂੰ ਉੱਚਾ ਕਰਦਾ ਹੈ ਸੋ ਨੀਵਾਂ ਕੀਤਾ ਜਾਵੇਗਾ ਪਰ ਜੋ ਆਪ ਨੂੰ ਨੀਵਾਂ ਕਰਦਾ ਹੈ ਸੋ ਉੱਚਾ ਕੀਤਾ ਜਾਵੇਗਾ।।
15ਲੋਕ ਆਪਣੇ ਨਿਆਣਿਆਂ ਨੂੰ ਵੀ ਉਹ ਦੇ ਕੋਲ ਲਿਆਏ ਤਾਂ ਜੋ ਉਹ ਉਨ੍ਹਾਂ ਨੂੰ ਛੋਹੇ ਪਰ ਚੇਲਿਆਂ ਨੇ ਵੇਖ ਕੇ ਉਨ੍ਹਾਂ ਨੂੰ ਝਿੜਕਿਆ 16ਪਰ ਯਿਸੂ ਨੇ ਉਨ੍ਹਾਂ ਨੂੰ ਆਪਣੇ ਕੋਲ ਸੱਦ ਕੇ ਕਿਹਾ, ਛੋਟਿਆਂ ਬਾਲਕਾਂ ਨੂੰ ਮੇਰੇ ਕੋਲ ਆਉਣ ਦਿਓ ਅਤੇ ਉਨ੍ਹਾਂ ਨੂੰ ਨਾ ਵਰਜੋ ਕਿਉਂ ਜੋ ਪਰਮੇਸ਼ੁਰ ਦਾ ਰਾਜ ਏਹੋ ਜਿਹਿਆਂ ਦਾ ਹੈ 17ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਜੇ ਕੋਈ ਪਰਮੇਸ਼ੁਰ ਦੇ ਰਾਜ ਨੂੰ ਛੋਟੇ ਬਾਲਕ ਦੀ ਨਿਆਈਂ ਕਬੂਲ ਨਾ ਕਰੇ ਉਹ ਉਸ ਵਿੱਚ ਕਦੇ ਨਾ ਵੜੇਗਾ।।
18ਇੱਕ ਸਰਦਾਰ ਨੇ ਉਸ ਅੱਗੇ ਅਰਜ਼ ਕਰ ਕੇ ਆਖਿਆ, ਸਤ ਗੁਰੂ ਜੀ, ਮੈਂ ਕੀ ਕਰਾਂ ਜੋ ਸਦੀਪਕ ਜੀਉਣ ਦਾ ਅਧਿਕਾਰੀ ਹੋਵਾਂ? 19ਯਿਸੂ ਨੇ ਉਹ ਨੂੰ ਕਿਹਾ, ਤੂੰ ਮੈਨੂੰ ਸਤ ਕਿਉਂ ਆਖਦਾ ਹੈਂ? ਸਤ ਕੋਈ ਨਹੀਂ ਪਰ ਨਿਰਾ ਇੱਕੋ ਪਰਮੇਸ਼ੁਰ 20ਤੂੰ ਹੁਕਮਾਂ ਨੂੰ ਜਾਣਦਾ ਹੈਂ, ਜ਼ਨਾਹ ਨਾ ਕਰ, ਖੂਨ ਨਾ ਕਰ, ਚੋਰੀ ਨਾ ਕਰ, ਝੂਠੀ ਗਵਾਹੀ ਨਾ ਦਿਹ, ਆਪਣੇ ਪਿਤਾ ਅਤੇ ਮਾਤਾ ਦਾ ਆਦਰ ਕਰ 21ਓਨ ਆਖਿਆ, ਮੈਂ ਆਪਣੇ ਬਾਲਕਪੁਣੇ ਤੋਂ ਇਨ੍ਹਾਂ ਸਭਨਾਂ ਨੂੰ ਮੰਨਦਾ ਆਇਆ ਹਾਂ 22ਯਿਸੂ ਨੇ ਸੁਣ ਕੇ ਉਹ ਨੂੰ ਆਖਿਆ, ਅਜੇ ਤੇਰੇ ਵਿੱਚ ਇੱਕ ਗੱਲ ਦਾ ਘਾਟਾ ਹੈ। ਜੋ ਕੁਝ ਤੇਰਾ ਹੈ ਵੇਚ ਅਤੇ ਕੰਗਾਲਾਂ ਨੂੰ ਦੇ ਦੇਹ ਤਾਂ ਤੈਨੂੰ ਸੁਰਗ ਵਿੱਚ ਧਨ ਮਿਲੇਗਾ ਅਤੇ ਆ ਮੇਰੇ ਪਿੱਛੇ ਹੋ ਤੁਰ 23ਪਰ ਉਹ ਇਹ ਸੁਣ ਕੇ ਬਹੁਤ ਉਦਾਸ ਹੋਇਆ ਕਿਉਂ ਜੋ ਉਹ ਵੱਡਾ ਧਨਵਾਨ ਸੀ 24ਯਿਸੂ ਨੇ ਉਹ ਨੂੰ ਵੇਖ ਕੇ ਆਖਿਆ ਕਿ ਜਿਹੜੇ ਦੌਲਤ ਰੱਖਦੇ ਹਨ ਉਨ੍ਹਾਂ ਦਾ ਪਰਮੇਸ਼ੁਰ ਦੇ ਰਾਜ ਵਿੱਚ ਵੜਨਾ ਕੇਡਾ ਹੀ ਔਖਾ ਹੋਵੇਗਾ! 25ਕਿਉਂ ਜੋ ਸੂਈ ਦੇ ਨੱਕੇ ਵਿੱਚੋਂ ਦੀ ਊਠ ਦਾਵੜਨਾ ਏਸ ਨਾਲੋਂ ਸੁਖਾਲਾ ਹੈ ਜੋ ਧਨਵਾਨ ਮਨੁੱਖ ਪਰਮੇਸ਼ੁਰ ਦੇ ਰਾਜ ਵਿੱਚ ਵੜੇ 26ਤਾਂ ਸੁਣਨ ਵਾਲਿਆਂ ਨੇ ਕਿਹਾ, ਤਾਂ ਫੇਰ ਕਿਹ ਦੀ ਮੁਕਤੀ ਹੋ ਸੱਕਦੀ ਹੈ? 27ਪਰ ਓਸ ਆਖਿਆ ਕਿ ਜਿਹੜੀਆਂ ਗੱਲਾਂ ਮਨੁੱਖਾਂ ਤੋਂ ਅਣਹੋਣੀਆਂ ਹਨ ਓਹ ਪਰਮੇਸ਼ੁਰ ਤੋਂ ਹੋ ਸੱਕਦੀਆਂ ਹਨ 28ਤਦ ਪਤਰਸ ਨੇ ਕਿਹਾ, ਵੇਖ ਅਸੀਂ ਆਪਣਾ ਸੱਭੋ ਕੁਝ ਛੱਡ ਕੇ ਤੇਰੇ ਮਗਰ ਹੋ ਤੁਰੇ ਹਾਂ 29ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਅਜਿਹਾ ਕੋਈ ਨਹੀਂ ਕਿ ਜਿਹ ਨੇ ਘਰ ਯਾ ਤੀਵੀਂ ਯਾ ਭਾਈਆਂ ਯਾ ਮਾਪਿਆਂ ਯਾ ਬਾਲ ਬੱਚਿਆਂ ਨੂੰ ਪਰਮੇਸ਼ੁਰ ਦੇ ਰਾਜ ਦੇ ਕਾਰਨ ਛੱਡਿਆ ਹੈ 30ਜਿਹੜਾ ਇਸ ਸਮੇ ਵਿੱਚ ਬਹੁਤ ਗੁਣਾ ਅਤੇ ਅਗਲੇ ਜੁਗ ਵਿੱਚ ਸਦੀਪਕ ਜੀਉਣ ਨਾ ਪਾਵੇ।।
31ਉਸ ਨੇ ਬਾਰਾਂ ਚੇਲਿਆਂ ਨੂੰ ਲੈ ਕੇ ਉਨ੍ਹਾਂ ਨੂੰ ਆਖਿਆ, ਵੇਖੋ ਅਸੀਂ ਯਰੂਸ਼ਲਮ ਨੂੰ ਜਾਂਦੇ ਹਾਂ ਅਤੇ ਸਭ ਕੁਝ ਜੋ ਨਬੀਆਂ ਦੇ ਰਾਹੀਂ ਲਿੱਖਿਆ ਹੋਇਆ ਹੈ ਮਨੁੱਖ ਦੇ ਪੁੱਤ੍ਰ ਦੇ ਹੱਕ ਵਿੱਚ ਪੂਰਾ ਕੀਤਾ ਜਾਵੇਗਾ 32ਕਿਉਂਕਿ ਉਹ ਪਰਾਈਆਂ ਕੌਮਾਂ ਦੇ ਹੱਥ ਫੜਵਾਇਆ ਜਾਵੇਗਾ ਅਤੇ ਉਹ ਦੇ ਉੱਤੇ ਠੱਠਾ ਮਾਰਿਆ ਜਾਵੇਗਾ ਅਰ ਉਹ ਦੀ ਪਤ ਲਾਹੀ ਜਾਵੇਗੀ ਅਰ ਉਸ ਪੁਰ ਥੁੱਕਿਆ ਜਾਵੇਗਾ 33ਓਹ ਕੋਰੜੇ ਮਾਰਨਗੇ, ਨਾਲੇ ਉਸ ਨੂੰ ਮਾਰ ਸੁੱਟਣਗੇ ਅਤੇ ਉਹ ਤੀਏ ਦਿਨ ਫੇਰ ਜੀ ਉੱਠੇਗਾ 34ਉਨ੍ਹਾਂ ਨੇ ਇਨ੍ਹਾਂ ਗੱਲਾਂ ਵਿੱਚੋਂ ਕੁਝ ਨਾ ਸਮਝਿਆ ਅਤੇ ਇਹ ਗੱਲ ਉਨ੍ਹਾਂ ਤੋਂ ਗੁਪਤ ਰਹੀ ਅਰ ਜਿਹੜੀਆਂ ਗੱਲਾਂ ਕਹੀਆਂ ਜਾਂਦੀਆਂ ਸਨ ਉਨ੍ਹਾਂ ਨੂੰ ਜਾਣਿਆਂ।।
35ਇਉਂ ਹੋਇਆ ਕਿ ਜਾਂ ਉਹ ਯਰੀਹੋ ਦੇ ਨੇੜੇ ਅੱਪੜਿਆ ਤਾਂ ਇੱਕ ਅੰਨ੍ਹਾ ਸੜਕ ਦੇ ਕੰਢੇ ਬੈਠਾ ਭੀਖ ਮੰਗਦਾ ਸੀ 36ਅਤੇ ਉਹ ਨੇ ਭੀੜ ਲੰਘਦੀ ਸੁਣ ਕੇ ਪੁੱਛਿਆ ਭਈ ਇਹ ਕੀ ਹੈ? 37ਲੋਕਾਂ ਨੇ ਉਹ ਨੂੰ ਖਬਰ ਦਿੱਤੀ ਜੋ ਯਿਸੂ ਨਾਸਰੀ ਲੰਘ ਰਿਹਾ ਹੈ 38ਤਦ ਉਹ ਨੇ ਪੁਕਾਰ ਕੇ ਆਖਿਆ, ਹੇ ਯਿਸੂ ਦਾਊਦ ਦੇ ਪੁੱਤ੍ਰ, ਮੇਰੇ ਉੱਤੇ ਦਯਾ ਕਰ! 39ਜਿਹੜੇ ਅੱਗੇ ਜਾਂਦੇ ਸਨ ਉਨ੍ਹਾਂ ਉਸ ਨੂੰ ਝਿੜਕਿਆ ਭਈ ਚੁੱਪ ਕਰ ਪਰ ਉਹ ਸਗੋਂ ਹੋਰ ਵੀ ਉੱਚੀ ਦੇ ਕੇ ਬੋਲਿਆ, ਹੇ ਦਾਊਦ ਦੇ ਪੁੱਤ੍ਰ, ਮੇਰੇ ਉੱਤੇ ਦਯਾ ਕਰ! 40ਤਦ ਯਿਸੂ ਨੇ ਖੜੋ ਕੇ ਉਹ ਨੂੰ ਆਪਣੇ ਕੋਲ ਲਿਆਉਣ ਦਾ ਹੁਕਮ ਕੀਤਾ ਅਤੇ ਜਾਂ ਉਹ ਨੇੜੇ ਆਇਆ ਤਾਂ ਉਹ ਨੂੰ ਪੁੱਛਿਆ 41ਤੂੰ ਕੀ ਚਾਹੁੰਦਾ ਹੈ ਜੋ ਮੈਂ ਤੇਰੇ ਲਈ ਕਰਾਂ? ਉਹ ਨੇ ਕਿਹਾ, ਪ੍ਰਭੁ ਜੀ ਮੈਂ ਸੁਜਾਖਾ ਹੋ ਜਾਵਾਂ! 42ਤਾਂ ਯਿਸੂ ਨੇ ਉਹ ਨੂੰ ਕਿਹਾ, ਸੁਜਾਖਾ ਹੋ ਜਾਹ, ਤੇਰੀ ਨਿਹਚਾ ਨੇ ਤੈਨੂੰ ਬਚਾਇਆ 43ਅਤੇ ਓਵੇਂ ਉਹ ਸੁਜਾਖਾ ਹੋ ਗਿਆ ਅਤੇ ਪਰਮੇਸ਼ੁਰ ਦੀ ਵਡਿਆਈ ਕਰਦਾ ਹੋਇਆ ਉਸ ਦੇ ਮਗਰ ਤੁਰ ਪਿਆ ਅਰ ਸਭਨਾਂ ਲੋਕਾਂ ਨੇ ਵੇਖ ਕੇ ਪਰਮੇਸ਼ੁਰ ਦੀ ਉਸਤਤ ਕੀਤੀ।।
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.