Logo YouVersion
Icona Cerca

ਯੂਹੰਨਾ 18

18
ਪ੍ਰਭੁ ਦਾ ਫੜਿਆ ਜਾਣਾ ਅਤੇ ਪੇਸ਼ੀਆਂ
1ਯਿਸੂ ਏਹ ਗੱਲਾਂ ਕਹਿ ਕੇ ਆਪਣੇ ਚੇਲਿਆਂ ਸਣੇ ਕਿਦਰੋਨ ਦੇ ਨਾਲੇ ਦੇ ਪਾਰ ਚੱਲਿਆ ਗਿਆ । ਉੱਥੇ ਇੱਕ ਬਾਗ ਸੀ ਜਿਹ ਦੇ ਵਿੱਚ ਉਹ ਅਤੇ ਉਹ ਦੇ ਚੇਲੇ ਜਾ ਵੜੇ 2ਅਰ ਯਹੂਦੀ ਭੀ ਜਿਹੜਾ ਉਹ ਦਾ ਫੜਾਉਣ ਵਾਲਾ ਹੈਸੀ ਉਸ ਥਾਂ ਨੂੰ ਜਾਣਦਾ ਸੀ ਕਿਉਂ ਜੋ ਯਿਸੂ ਆਪਣਿਆਂ ਚੇਲਿਆਂ ਨਾਲ ਉੱਥੇ ਬਹੁਤ ਵੇਰੀ ਜਾਂਦਾ ਹੁੰਦਾ ਸੀ 3ਉਪਰੰਤ ਯਹੂਦਾ ਸਿਪਾਹੀਆਂ ਦਾ ਇੱਕ ਜੱਥਾ ਅਤੇ ਪਰਧਾਨ ਜਾਜਕਾਂ ਅਤੇ ਫ਼ਰੀਸੀਆਂ ਦੀ ਵੱਲੋਂ ਪਿਆਦੇ ਲੈ ਕੇ ਦੀਵਿਆਂ ਅਰ ਮਸਾਲਾਂ ਅਰ ਸ਼ਸਤਰਾਂ ਨਾਲ ਉੱਥੇ ਆਇਆ 4ਤਾਂ ਯਿਸੂ ਸਭ ਕੁਝ ਜੋ ਉਹ ਦੇ ਉੱਤੇ ਬੀਤਣਾ ਸੀ ਜਾਣ ਕੇ ਬਾਹਰ ਨਿੱਕਲਿਆ ਅਤੇ ਉਨ੍ਹਾਂ ਨੂੰ ਆਖਿਆ, ਤੁਸੀਂ ਕਿਹਨੂੰ ਭਾਲਦੇ ਹੋ? 5ਉਨ੍ਹਾਂ ਉਸ ਨੂੰ ਉੱਤਰ ਦਿੱਤਾ, ਯਿਸੂ ਨਾਸਰੀ ਨੂੰ । ਯਿਸੂ ਨੇ ਉਨ੍ਹਾਂ ਨੂੰ ਆਖਿਆ, ਉਹ ਮੈਂ ਹੀ ਹਾਂ ਅਤੇ ਉਹ ਦਾ ਫੜਾਉਣ ਵਾਲਾ ਯਹੂਦਾ ਭੀ ਉਨ੍ਹਾਂ ਦੇ ਨਾਲ ਖੜਾ ਸੀ 6ਸੋ ਜਾਂ ਉਸ ਨੇ ਉਨ੍ਹਾਂ ਨੂੰ ਆਖਿਆ ਮੈਂ ਹੀ ਹਾਂ ਤਾਂ ਓਹ ਪਿਛਾਹਾਂ ਨੂੰ ਹਟ ਗਏ ਅਤੇ ਭੁੰਞੇਂ ਡਿੱਗ ਪਏ 7ਇਸ ਲਈ ਉਸ ਨੇ ਉਨ੍ਹਾਂ ਨੂੰ ਫੇਰ ਪੁੱਛਿਆ, ਤੁਸੀਂ ਕਿਹਨੂੰ ਭਾਲਦੋ ਹੋ? ਤਾਂ ਓਹ ਬੋਲੇ, ਯਿਸੂ ਨਾਸਰੀ ਨੂੰ 8ਯਿਸੂ ਨੇ ਅੱਗੋਂ ਆਖਿਆ, ਮੈਂ ਤਾਂ ਤੁਹਾਨੂੰ ਦੱਸ ਦਿੱਤਾ ਜੋ ਮੈਂ ਹੀ ਹਾਂ ਸੋ ਜੇ ਤੁਸੀਂ ਮੈਨੂੰ ਭਾਲਦੋ ਹੋ ਤਾਂ ਏਹਨਾਂ ਨੂੰ ਜਾਣ ਦਿਓ 9ਇਹ ਇਸ ਕਰਕੇ ਹੋਇਆ ਭਈ ਉਹ ਬਚਨ ਜੋ ਉਸ ਨੇ ਕਿਹਾ ਸੀ ਪੂਰਾ ਹੋਵੇ ਕਿ ਜਿਹੜੇ ਤੈਂ ਮੈਨੂੰ ਦਿੱਤੇ ਹਨ ਉਨ੍ਹਾਂ ਵਿੱਚੋਂ ਮੈਂ ਇੱਕ ਵੀ ਨਹੀਂ ਗੁਆਇਆ 10ਤਾਂ ਸ਼ਮਊਨ ਪਤਰਸ ਨੇ ਤਲਵਾਰ ਜੋ ਉਹ ਦੇ ਕੋਲ ਸੀ ਧੂਈ ਅਤੇ ਸਰਦਾਰ ਜਾਜਕ ਦੇ ਚਾਕਰ ਉੱਤੇ ਚਲਾਈ ਅਰ ਉਹ ਦਾ ਸੱਜਾ ਕੰਨ ਉਡਾ ਦਿੱਤਾ । ਉਸ ਚਾਕਰ ਦਾ ਨਾਉਂ ਸੀ ਮਲਖੁਸ 11ਤਦ ਯਿਸੂ ਨੇ ਪਤਰਸ ਨੂੰ ਆਖਿਆ, ਤਲਵਾਰ ਮਿਆਨ ਕਰ! ਜਿਹੜਾ ਪਿਆਲਾ ਪਿਤਾ ਨੇ ਮੈਨੂੰ ਦਿੱਤਾ, ਕੀ ਮੈਂ ਉਹ ਨਾ ਪਿਆਂ?।।
12ਉਪਰੰਤ ਸਿਪਾਹੀਆਂ ਨੇ ਅਤੇ ਫੌਜ ਦੇ ਸਰਦਾਰ ਅਤੇ ਯਹੂਦੀਆਂ ਦੇ ਪਿਆਦੀਆਂ ਨੇ ਯਿਸੂ ਨੂੰ ਫੜ ਕੇ ਬੰਨ੍ਹ ਲਿਆ 13ਅਤੇ ਪਹਿਲਾਂ ਉਹ ਨੂੰ ਅੰਨਾਸ ਕੋਲ ਲੈ ਗਏ ਕਿਉਂ ਜੋ ਉਹ ਕਯਾਫ਼ਾ ਦਾ ਸੌਹਰਾ ਸੀ ਜਿਹੜਾ ਉਸ ਸਾਲ ਸਰਦਾਰ ਜਾਜਕ ਸੀ 14ਅਤੇ ਕਯਾਫ਼ਾ ਉਹੋ ਹੈ ਜਿਨ ਯਹੂਦੀਆਂ ਨੂੰ ਸਲਾਹ ਦਿੱਤੀ ਸੀ ਭਈ ਲੋਕਾਂ ਦੇ ਬਦਲੇ ਇੱਕ ਮਨੁੱਖ ਦਾ ਮਰਨਾ ਚੰਗਾ ਹੈ।।
15ਸ਼ਮਊਨ ਪਤਰਸ ਯਿਸੂ ਦੇ ਮਗਰ ਹੋ ਤੁਰਿਆ, ਨਾਲੇ ਇੱਕ ਹੋਰ ਚੇਲਾ ਵੀ। ਉਹ ਚੇਲਾ ਸਰਦਾਰ ਜਾਜਕ ਦਾ ਜਾਣੂ ਪਛਾਣੂ ਸੀ ਅਤੇ ਯਿਸੂ ਦੇ ਨਾਲ ਸਰਦਾਰ ਜਾਜਕ ਦੇ ਵੇਹੜੇ ਵਿੱਚ ਗਿਆ 16ਪਰ ਪਤਰਸ ਬਾਹਰ ਬੂਹੇ ਕੋਲ ਖਲੋਤਾ ਰਿਹਾ। ਫੇਰ ਉਹ ਦੂਜਾ ਚੇਲਾ ਜਿਹੜਾ ਸਰਦਾਰ ਜਾਜਕ ਦਾ ਜਾਣੂ ਪਛਾਣੂ ਸੀ ਬਾਹਰ ਨਿੱਕਲਿਆ ਅਤੇ ਦਰਬਾਨਣ ਨੂੰ ਕਹਿ ਕੇ ਪਤਰਸ ਨੂੰ ਅੰਦਰ ਲਿਆਇਆ 17ਤਾਂ ਉਸ ਗੋੱਲੀ ਨੇ ਜੋ ਦਰਬਾਨਣ ਸੀ ਪਤਰਸ ਨੂੰ ਆਖਿਆ, ਕੀ ਤੂੰ ਭੀ ਐਸ ਮਨੁੱਖ ਦੇ ਚੇਲਿਆਂ ਵਿੱਚੋਂ ਹੈਂ? ਉਹ ਬੋਲਿਆ, ਮੈਂ ਨਹੀਂ ਹਾਂ 18ਅਤੇ ਚਾਕਰ ਅਰ ਸਿਪਾਹੀ ਕੋਲਿਆਂ ਦੀ ਅੱਗ ਬਾਲ ਕੇ ਖੜੇ ਸੇਕ ਰਹੇ ਸਨ ਕਿਉਂ ਜੋ ਪਾਲਾ ਪੈਂਦਾ ਸੀ ਅਤੇ ਪਤਰਸ ਭੀ ਉਨ੍ਹਾਂ ਦੇ ਨਾਲ ਖੜਾ ਸੇਕ ਰਿਹਾ ਸੀ।।
19ਉਪਰੰਤ ਸਰਦਾਰ ਜਾਜਕ ਨੇ ਯਿਸੂ ਤੋਂ ਉਹ ਦੇ ਚੇਲਿਆਂ ਅਤੇ ਉਹ ਦੀ ਸਿੱਖਿਆ ਦੇ ਵਿਖੇ ਪੁੱਛਿਆ 20ਯਿਸੂ ਨੇ ਉਸ ਨੂੰ ਉੱਤਰ ਦਿੱਤਾ ਕਿ ਮੈਂ ਜਗਤ ਨਾਲ ਖੋਲ੍ਹ ਕੇ ਗੱਲਾਂ ਕੀਤੀਆਂ ਹਨ । ਮੈਂ ਸਮਾਜ ਅਤੇ ਹੈਕਲ ਵਿੱਚ ਜਿੱਥੇ ਸਭ ਯਹੂਦੀ ਇਕੱਠੇ ਹੁੰਦੇ ਹਨ ਸਦਾ ਉਪਦੇਸ਼ ਕੀਤਾ ਹੈ ਅਤੇ ਮੈਂ ਓਹਲੇ ਵਿੱਚ ਕੁਝ ਨਹੀਂ ਕਿਹਾ 21ਤੂੰ ਮੈਥੋਂ ਕਿਉ ਪੁੱਛਦਾ ਹੈਂ? ਜਿਨ੍ਹਾਂ ਸੁਣਿਆ ਹੈ ਉਨ੍ਹਾਂ ਕੋਲੋਂ ਪੁੱਛ ਲੈ ਜੋ ਮੈਂ ਉਨ੍ਹਾਂ ਨੂੰ ਕੀ ਆਖਿਆ। ਵੇਖੋ ਮੈਂ ਜੋ ਕੁਝ ਆਖਿਆ ਸੋ ਓਹ ਜਾਣਦੇ ਹਨ 22ਅਰ ਜਦ ਉਹ ਨੇ ਇਉਂ ਕਿਹਾ ਤਦ ਸਿਪਾਹੀਆਂ ਵਿੱਚੋਂ ਇੱਕ ਨੇ ਜਿਹੜਾ ਕੋਲ ਖੜੋਤਾ ਸੀ ਯਿਸੂ ਨੂੰ ਚਪੇੜ ਮਾਰ ਕੇ ਕਿਹਾ, ਤੂੰ ਸਰਦਾਰ ਜਾਜਕ ਨੂੰ ਇਉਂ ਉੱਤਰ ਦਿੰਦਾ ਹੈਂ? 23ਯਿਸੂ ਨੇ ਉਹ ਨੂੰ ਉੱਤਰ ਦਿੱਤਾ, ਜੇ ਮੈਂ ਬੁਰਾ ਕਿਹਾ ਤਾਂ ਤੂੰ ਬੁਰੇ ਦੀ ਗਵਾਹੀ ਦਿਹ ਪਰ ਜੇ ਮੈਂ ਚੰਗਾ ਕਿਹਾ ਤਾਂ ਮੈਨੂੰ ਕਿਉਂ ਮਾਰਦਾ ਹੈਂ? 24ਤਾਂ ਅੰਨਾਸ ਨੇ ਉਹ ਨੂੰ ਬੱਧਾ ਹੋਇਆ ਕਯਾਫ਼ਾ ਸਰਦਾਰ ਜਾਜਕ ਦੇ ਕੋਲ ਘੱਲਿਆ।।
25ਅਤੇ ਸ਼ਮਊਨ ਪਤਰਸ ਖੜਾ ਸੇਕਦਾ ਸੀ। ਸੋ ਉਨ੍ਹਾਂ ਉਸ ਨੂੰ ਪੁੱਛਿਆ, ਕੀ ਤੂੰ ਉਹ ਦੇ ਚੇਲਿਆਂ ਵਿੱਚੋਂ ਹੈਂ? ਉਹ ਮੁੱਕਰ ਗਿਆ ਅਤੇ ਬੋਲਿਆ, ਮੈਂ ਨਹੀਂ ਹਾਂ 26ਸਰਦਾਰ ਜਾਜਕ ਦੇ ਚਾਕਰਾਂ ਵਿੱਚੋਂ ਇੱਕ ਨੇ ਜਿਹੜਾ ਉਸ ਮਨੁੱਖ ਦਾ ਸਾਕ ਸੀ ਜਿਹ ਦਾ ਕੰਨ ਪਤਰਸ ਨੇ ਉਡਾ ਦਿੱਤਾ ਸੀ ਆਖਿਆ, ਭਲਾ ਮੈਂ ਤੈਨੂੰ ਉਹ ਦੇ ਨਾਲ ਬਾਗ ਵਿੱਚ ਨਹੀਂ ਵੇਖਿਆ? 27ਤਦ ਪਤਰਸ ਫੇਰ ਮੁੱਕਰ ਗਿਆ ਅਤੇ ਝੱਟ ਕੁੱਕੜ ਨੇ ਬਾਂਗ ਦਿੱਤੀ।।
28ਫੇਰ ਯਿਸੂ ਨੂੰ ਕਯਾਫ਼ਾ ਦੇ ਕੋਲੋਂ ਹਾਕਮ ਦੀ ਕਚਹਿਰੀ ਲੈ ਗਏ ਅਤੇ ਸਞੇਰ ਦਾ ਵੇਲਾ ਸੀ ਉਹ ਆਪ ਕਚਹਿਰੀ ਦੇ ਅੰਦਰ ਨਾ ਗਏ ਭਈ ਕਿਤੇ ਭ੍ਰਿਸ਼ਟ ਨਾ ਹੋ ਜਾਣ ਪਰ ਪਸਾਹ ਦਾ ਭੋਜਨ ਖਾ ਸੱਕਣ 29ਉਪਰੰਤ ਪਿਲਾਤੁਸ ਨੇ ਉਨ੍ਹਾਂ ਦੇ ਕੋਲ ਬਾਹਰ ਆਣ ਕੇ ਆਖਿਆ, ਤੁਸੀਂ ਐਸ ਮਨੁੱਖ ਦੇ ਜੁੰਮੇ ਕੀ ਦੋਸ਼ ਲਾਉਂਦੇ ਹੋ? 30ਉਨ੍ਹਾਂ ਉੱਤਰ ਦੇ ਕੇ ਉਸ ਨੂੰ ਆਖਿਆ, ਜੇ ਇਹ ਬੁਰਿਆਰ ਨਾ ਹੁੰਦਾ ਤਾਂ ਅਸੀਂ ਉਹ ਨੂੰ ਤੁਹਾਡੇ ਹਵਾਲੇ ਨਾ ਕਰਦੇ 31ਤਦ ਪਿਲਾਤੁਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਆਪੋ ਇਹ ਨੂੰ ਲੈ ਜਾਓ ਅਤੇ ਆਪਣੀ ਸ਼ਰਾ ਅਨੁਸਾਰ ਉਹ ਦਾ ਨਿਬੇੜਾ ਕਰੋ। ਯਹੂਦੀਆਂ ਨੇ ਉਹ ਨੂੰ ਆਖਿਆ ਭਈ ਕਿਸੇ ਨੂੰ ਕਤਲ ਕਰਨਾ ਸਾਡੇ ਵੱਸ ਨਹੀਂ 32ਇਹ ਇਸ ਲਈ ਹੋਇਆ ਕਿ ਯਿਸੂ ਦਾ ਉਹ ਬਚਨ ਪੂਰਾ ਹੋਵੇ ਜਿਹੜਾ ਓਨ ਇਸ ਗੱਲ ਦਾ ਪਤਾ ਦੇਣ ਨੂੰ ਕਿਹਾ ਸੀ ਭਈ ਮੈਂ ਕਿਹੜੀ ਮੌਤ ਨਾਲ ਮਰਨਾ ਹੈ।।
33ਫੇਰ ਪਿਲਾਤੁਸ ਕਚਹਿਰੀ ਦੇ ਅੰਦਰ ਗਿਆ ਅਤੇ ਯਿਸੂ ਨੂੰ ਸੱਦ ਕੇ ਉਹ ਨੂੰ ਕਿਹਾ, ਭਲਾ, ਯਹੂਦੀਆਂ ਦਾ ਪਾਤਸ਼ਾਹ ਤੂੰਏਂ ਹੈਂ? 34ਯਿਸੂ ਨੇ ਉੱਤਰ ਦਿੱਤਾ, ਕੀ ਤੂੰ ਇਹ ਗੱਲ ਆਪੇ ਆਖਦਾ ਹੈਂ ਯਾ ਹੋਰਨਾਂ ਮੇਰੇ ਵਿਖੇ ਤੈਨੂੰ ਦੱਸੀ ਹੈ? 35ਪਿਲਾਤੁਸ ਨੇ ਅੱਗੋਂ ਕਿਹਾ, ਭਲਾ, ਮੈਂ ਯਹੂਦੀ ਹਾਂ? ਤੇਰੀ ਹੀ ਕੌਮ ਅਤੇ ਪਰਧਾਨ ਜਾਜਕਾਂ ਨੇ ਤੈਨੂੰ ਮੇਰੇ ਹਵਾਲੇ ਕੀਤਾ ਹੈ। ਤੈਂ ਕੀ ਕੀਤਾ? 36ਯਿਸੂ ਨੇ ਉੱਤਰ ਦਿੱਤਾ ਕਿ ਮੇਰੀ ਪਾਤਸ਼ਾਹੀ ਇਸ ਜਗਤ ਤੋਂ ਨਹੀਂ । ਜੇ ਮੇਰੀ ਪਾਤਸ਼ਾਹੀ ਇਸ ਜਗਤ ਤੋਂ ਹੁੰਦੀ ਤਾਂ ਮੇਰੇ ਨੌਕਰ ਲੜਦੇ ਜੋ ਮੈਂ ਯਹੂਦੀਆਂ ਦੇ ਹਵਾਲੇ ਨਾ ਕੀਤਾ ਜਾਂਦਾ ਪਰ ਹੁਣ ਮੇਰੀ ਪਾਤਸ਼ਾਹੀ ਤਾਂ ਐਥੋਂ ਦੀ ਨਹੀਂ 37ਅੱਗੋਂ ਪਿਲਾਤੁਸ ਨੇ ਉਹ ਨੂੰ ਆਖਿਆ, ਤਾਂ ਫੇਰ ਤੂੰ ਪਾਤਸ਼ਾਹ ਹੈਂ? ਯਿਸੂ ਨੇ ਉੱਤਰ ਦਿੱਤਾ, ਸਤ ਬਚਨ, ਮੈਂ ਪਾਤਸ਼ਾਹ ਹੀ ਹਾਂ । ਮੈਂ ਇਸ ਲਈ ਜਨਮ ਧਾਰਿਆ ਅਤੇ ਇਸੇ ਲਈ ਜਗਤ ਵਿੱਚ ਆਇਆ ਹਾਂ ਭਈ ਸਚਿਆਈ ਉੱਤੇ ਸਾਖੀ ਦਿਆਂ । ਹਰੇਕ ਜੋ ਸਚਿਆਈ ਦਾ ਹੈ ਮੇਰਾ ਬਚਨ ਸੁਣਦਾ ਹੈ 38ਪਿਲਾਤੁਸ ਨੇ ਉਹ ਨੂੰ ਆਖਿਆ, ਸਚਿਆਈ ਹੁੰਦੀ ਕੀ ਹੈ।।
ਅਤੇ ਇਹ ਕਹਿ ਕੇ ਉਹ ਫੇਰ ਯਹੂਦੀਆਂ ਕੋਲ ਬਾਹਰ ਨਿੱਕਲਿਆ ਅਤੇ ਉਨ੍ਹਾਂ ਨੂੰ ਆਖਿਆ, ਮੈਂ ਉਹ ਦਾ ਕੋਈ ਦੋਸ਼ ਨਹੀਂ ਵੇਖਦਾ 39ਪਰ ਤੁਹਾਡਾ ਇਹ ਦਸਤੂਰ ਹੈ ਜੋ ਮੈਂ ਤੁਹਾਡੇ ਲਈ ਪਸਾਹ ਦੇ ਸਮੇਂ ਇੱਕ ਨੂੰ ਛੱਡ ਦਿਆਂ । ਸੋ ਕੀ ਤੁਸੀਂ ਚਾਹੁੰਦੇ ਹੋ ਜੋ ਮੈਂ ਤੁਹਾਡੇ ਲਈ ਯਹੂਦੀਆਂ ਦੇ ਪਾਤਸ਼ਾਹ ਨੂੰ ਛੱਡ ਦਿਆਂ? 40ਤਾਂ ਉਨ੍ਹਾਂ ਫੇਰ ਡੰਡ ਪਾ ਕੇ ਆਖਿਆ, ਇਸ ਨੂੰ ਨਹੀਂ ਪਰ ਬਰੱਬਾਸ ਨੂੰ ! ਅਤੇ ਬਰੱਬਾਸ ਇੱਕ ਡਾਕੂ ਸੀ।।

Attualmente Selezionati:

ਯੂਹੰਨਾ 18: PUNOVBSI

Evidenziazioni

Condividi

Copia

None

Vuoi avere le tue evidenziazioni salvate su tutti i tuoi dispositivi?Iscriviti o accedi