Logo YouVersion
Icona Cerca

ਉਤਪਤ 7

7
ਜਲ ਪਰਲੋ
1ਫੇਰ ਯਹੋਵਾਹ ਨੇ ਨੂਹ ਨੂੰ ਆਖਿਆ ਕਿ ਤੂੰ ਅਰ ਤੇਰਾ ਸਾਰਾ ਟੱਬਰ ਕਿਸ਼ਤੀ ਵਿੱਚ ਜਾਓ ਕਿਉਂ ਜੋ ਮੈਂ ਤੈਨੂੰ ਆਪਣੇ ਅੱਗੇ ਏਸ ਪੀੜ੍ਹੀ ਵਿੱਚ ਧਰਮੀ ਵੇਖਿਆ ਹੈ 2ਸਾਰੇ ਸ਼ੁੱਧ ਪਸੂਆਂ ਵਿੱਚੋਂ ਸੱਤ ਸੱਤ ਆਪਣੇ ਨਾਲ ਲੈ ਲੈ ਨਰ ਅਰ ਉਨ੍ਹਾਂ ਦੀਆਂ ਨਾਰੀਆਂ ਅਤੇ ਅਸ਼ੁੱਧ ਪਸੂਆਂ ਵਿੱਚੋਂ ਦੋ ਦੋ ਨਰ ਅਰ ਉਨ੍ਹਾਂ ਦੀਆਂ ਨਾਰੀਆਂ 3ਅਤੇ ਅਕਾਸ਼ ਦੇ ਪੰਛੀਆਂ ਵਿੱਚੋਂ ਸੱਤ ਸੱਤ ਨਰ ਨਾਰੀਆਂ ਲੈ ਤਾਂਜੋ ਸਾਰੀ ਧਰਤੀ ਉੱਤੇ ਅੰਸ ਜੀਉਂਦੀ ਰਹੇ 4ਕਿਉਂਕਿ ਸੱਤ ਦਿਨ ਅਜੇ ਬਾਕੀ ਹਨ ਤਾਂ ਮੈਂ ਧਰਤੀ ਉੱਤੇ ਚਾਲੀ ਦਿਨ ਅਰ ਚਾਲੀ ਰਾਤ ਮੀਂਹ ਵਰ੍ਹਾਉਣ ਵਾਲਾ ਹਾਂ ਅਤੇ ਮੈਂ ਸਰਬੱਤ ਜਾਨਾਂ ਨੂੰ ਜੋ ਮੈਂ ਬਣਾਈਆਂ ਹਨ ਜ਼ਮੀਨ ਦੇ ਉੱਤੋਂ ਮੇਟ ਦਿਆਂਗਾ 5ਤਾਂ ਜਿਵੇਂ ਯਹੋਵਾਹ ਨੇ ਆਗਿਆ ਦਿੱਤੀ ਨੂਹ ਨੇ ਸਭ ਕੁਝ ਤਿਵੇਂ ਹੀ ਕੀਤਾ ।।
6ਨੂਹ ਛੇ ਸੌ ਵਰਿਹਾਂ ਦਾ ਸੀ ਜਦ ਜਲ ਪਰਲੋ ਧਰਤੀ ਉੱਤੇ ਆਈ 7ਅਤੇ ਨੂਹ ਅਰ ਉਹ ਦੇ ਪੁੱਤ੍ਰ ਅਰ ਤੀਵੀਂ ਅਰ ਉਹ ਦੀਆਂ ਨੂੰਹਾਂ ਪਰਲੋ ਦੇ ਪਾਣੀ ਦੇ ਕਾਰਨ ਉਹ ਦੇ ਨਾਲ ਕਿਸ਼ਤੀ ਵਿੱਚ ਗਏ 8ਅਤੇ ਸ਼ੁੱਧ ਡੰਗਰਾਂ ਵਿੱਚੋਂ ਤੇ ਅਸ਼ੁੱਧ ਡੰਗਰਾਂ ਵਿੱਚੋਂ ਅਰ ਪੰਛੀਆਂ ਵਿੱਚੋਂ ਅਰ ਸਭ ਜ਼ਮੀਨ ਉੱਤੇ ਘਿੱਸਰਨ ਵਾਲਿਆਂ ਵਿੱਚੋਂ 9ਦੋ ਦੋ ਨਰ ਨਾਰੀ ਕਿਸ਼ਤੀ ਵਿੱਚ ਨੂਹ ਕੋਲ ਗਏ ਜਿਵੇਂ ਪਰਮੇਸ਼ੁਰ ਨੇ ਨੂਹ ਨੂੰ ਆਗਿਆ ਦਿੱਤੀ ਸੀ 10ਤਾਂ ਐਉਂ ਹੋਇਆ ਕਿ ਸੱਤਾਂ ਦਿਨਾਂ ਦੇ ਪਿੱਛੋਂ ਪਰਲੋ ਦੇ ਪਾਣੀ ਧਰਤੀ ਉੱਤੇ ਆਏ 11ਨੂਹ ਦੇ ਜੀਵਣ ਦੇ ਛੇ ਸੌਵੇਂ ਵਰਹੇ ਦੇ ਦੂਜੇ ਮਹੀਨੇ ਦੇ ਸਤਾਰਵੇਂ ਦਿਨ ਹੀ ਵੱਡੀ ਡੁੰਘਿਆਈ ਦੇ ਸਾਰੇ ਸੋਤੇ ਫੁੱਟ ਨਿੱਕਲੇ ਅਰ ਅਕਾਸ਼ ਦੀਆਂ ਖਿੜਕੀਆਂ ਖੁੱਲ੍ਹ ਗਈਆਂ 12ਅਤੇ ਧਰਤੀ ਉੱਤੇ ਚਾਲੀ ਦਿਨ ਅਰ ਚਾਲੀ ਰਾਤ ਵਰਖਾ ਹੁੰਦੀ ਰਹੀ 13ਉਸੇ ਦਿਨ ਨੂਹ ਅਰ ਸ਼ੇਮ ਅਰ ਹਾਮ ਅਰ ਯਾਫ਼ਥ ਨੂਹ ਦੇ ਪੁੱਤ੍ਰ ਅਰ ਨੂਹ ਦੀ ਤੀਵੀਂ ਅਰ ਉਹ ਦੀਆਂ ਤਿੰਨੇ ਨੂਹਾਂ ਉਹ ਦੇ ਨਾਲ ਕਿਸ਼ਤੀ ਵਿੱਚ ਵੜੇ 14ਏਹ ਅਤੇ ਹਰ ਜੰਗਲੀ ਜਾਨਵਰ ਉਹ ਦੀ ਜਿਨਸ ਦੇ ਅਨੁਸਾਰ, ਹਰ ਡੰਗਰ ਉਹ ਦੀ ਜਿਨਸ ਦੇ ਅਨੁਸਾਰ ਅਤੇ ਹਰ ਧਰਤੀ ਪੁਰ ਘਿੱਸਰਨ ਵਾਲਾ ਉਹ ਦੀ ਜਿਨਸ ਦੇ ਅਨੁਸਾਰ ਅਤੇ ਹਰ ਪੰਛੀ ਉਹ ਦੀ ਜਿਨਸ ਦੇ ਅਨੁਸਾਰ ਅਰ ਹਰ ਪਰਕਾਰ ਦੇ ਪੰਖੇਰੂ ਵੀ ਵੜੇ 15ਅਤੇ ਓਹ ਜੋੜਾ ਜੋੜਾ ਸਾਰੇ ਸਰੀਰਾਂ ਵਿੱਚੋਂ ਜਿਨ੍ਹਾਂ ਦੇ ਵਿੱਚ ਜੀਵਣ ਦਾ ਸਾਹ ਸੀ ਕਿਸ਼ਤੀ ਵਿੱਚ ਨੂਹ ਕੋਲ ਆਏ 16ਜੋ ਆਏ ਨਰ ਨਾਰੀ ਸਾਰੇ ਸਰੀਰਾਂ ਵਿੱਚੋਂ ਆਏ ਜਿਵੇਂ ਪਰਮੇਸ਼ੁਰ ਨੇ ਉਹ ਨੂੰ ਆਗਿਆ ਦਿੱਤੀ ਸੀ ਅਤੇ ਯਹੋਵਾਹ ਨੇ ਉਸ ਨੂੰ ਅੰਦਰ ਬੰਦ ਕੀਤਾ 17ਤਾਂ ਪਰਲੋ ਚਾਲੀ ਦਿਨ ਧਰਤੀ ਉੱਤੇ ਰਹੀ ਅਤੇ ਪਾਣੀ ਵਧ ਗਿਆ ਅਰ ਕਿਸ਼ਤੀ ਨੂੰ ਚੁੱਕ ਲਿਆ ਸੋ ਉਹ ਧਰਤੀ ਉੱਤੋਂ ਉਤਾਂਹਾਂ ਹੋ ਗਈ 18ਫੇਰ ਪਾਣੀ ਹੀ ਪਾਣੀ ਹੋ ਗਿਆ ਅਤੇ ਉਹ ਧਰਤੀ ਦੇ ਉੱਤੇ ਬਹੁਤ ਵਧ ਗਿਆ ਪਰ ਕਿਸ਼ਤੀ ਪਾਣੀ ਉੱਤੇ ਤਰਦੀ ਰਹੀ 19ਅਤੇ ਧਰਤੀ ਉੱਤੇ ਪਾਣੀ ਹੀ ਪਾਣੀ, ਪਾਣੀ ਹੀ ਪਾਣੀ ਹੋ ਗਿਆ ਅਤੇ ਸਾਰੇ ਉੱਚੇ ਉੱਚੇ ਪਹਾੜ ਜੋ ਸਾਰੇ ਅਕਾਸ਼ ਦੇ ਹੇਠ ਸਨ ਢਕੇ ਗਏ 20ਉਨ੍ਹਾਂ ਤੋਂ ਪੰਦਰਾਂ ਹੱਥ ਉੱਚਾ ਪਾਣੀ ਹੀ ਪਾਣੀ ਹੋ ਗਿਆ ਅਤੇ ਪਹਾੜ ਢਕੇ ਗਏ 21ਸੋ ਸਰਬੱਤ ਸਰੀਰ ਜਿਹੜੇ ਧਰਤੀ ਉੱਤੇ ਚਲਦੇ ਸਨ ਮਰ ਗਏ ਕੀ ਪੰਛੀ ਕੀ ਡੰਗਰ ਨਾਲੇ ਜੰਗਲੀ ਜਾਨਵਰ ਅਤੇ ਸਾਰੇ ਜੀ ਜੰਤੁ ਜਿਨ੍ਹਾਂ ਨਾਲ ਧਰਤੀ ਭਰੀ ਹੋਈ ਸੀ ਅਤੇ ਸਾਰੇ ਆਦਮੀ ਵੀ 22ਜਿਨ੍ਹਾਂ ਦੀਆਂ ਨਾਸਾਂ ਵਿੱਚ ਜੀਵਣ ਦਾ ਸਾਹ ਸੀ ਜਿਹੜੇ ਖੁਸ਼ਕੀ ਉੱਤੇ ਸਨ ਓਹ ਸਾਰੇ ਮਰ ਗਏ 23ਹਰ ਪ੍ਰਾਣੀ ਜਿਹੜਾ ਜ਼ਮੀਨ ਦੇ ਉੱਤੇ ਸੀ ਕੀ ਆਦਮੀ ਕੀ ਡੰਗਰ ਕੀ ਘਿੱਸਰਨ ਵਾਲਾ ਤੇ ਕੀ ਅਕਾਸ਼ ਦਾ ਪੰਛੀ ਮਿਟ ਗਿਆ । ਓਹ ਧਰਤੀ ਤੋਂ ਮਿਟ ਹੀ ਗਏ ਪਰ ਨੂਹ ਅਰ ਓਹ ਜੋ ਉਸ ਦੇ ਨਾਲ ਕਿਸ਼ਤੀ ਵਿੱਚ ਸਨ ਬਚ ਰਹੇ 24ਡੇਢ ਸੌ ਦਿਨਾਂ ਤੀਕਰ ਧਰਤੀ ਉੱਤੇ ਪਾਣੀ ਹੀ ਪਾਣੀ ਰਿਹਾ।।

Attualmente Selezionati:

ਉਤਪਤ 7: PUNOVBSI

Evidenziazioni

Condividi

Copia

None

Vuoi avere le tue evidenziazioni salvate su tutti i tuoi dispositivi?Iscriviti o accedi

Video per ਉਤਪਤ 7