ਲੂਕਾ 18
18
ਵਿਧਵਾ ਅਤੇ ਕੁਧਰਮੀ ਨਿਆਂਈ ਦਾ ਦ੍ਰਿਸ਼ਟਾਂਤ
1ਫਿਰ ਯਿਸੂ ਨੇ ਇਸ ਸੰਬੰਧ ਵਿੱਚ ਕਿ ਉਨ੍ਹਾਂ ਨੂੰ ਹਮੇਸ਼ਾ ਪ੍ਰਾਰਥਨਾ ਕਰਨਾ ਅਤੇ ਨਿਰਾਸ਼ ਨਾ ਹੋਣਾ ਕਿੰਨਾ ਜ਼ਰੂਰੀ ਹੈ, ਇਹ ਦ੍ਰਿਸ਼ਟਾਂਤ ਦਿੱਤਾ, 2“ਕਿਸੇ ਨਗਰ ਵਿੱਚ ਇੱਕ ਨਿਆਂਕਾਰ ਰਹਿੰਦਾ ਸੀ ਜੋ ਨਾ ਪਰਮੇਸ਼ਰ ਤੋਂ ਡਰਦਾ ਅਤੇ ਨਾ ਹੀ ਮਨੁੱਖ ਦੀ ਪਰਵਾਹ ਕਰਦਾ ਸੀ। 3ਉਸੇ ਨਗਰ ਵਿੱਚ ਇੱਕ ਵਿਧਵਾ ਸੀ ਅਤੇ ਉਹ ਬਾਰ-ਬਾਰ ਆ ਕੇ ਉਸ ਨੂੰ ਕਹਿੰਦੀ ਸੀ ਕਿ ਮੇਰੇ ਮੁਦਈ ਦੇ ਵਿਰੁੱਧ ਮੈਨੂੰ ਨਿਆਂ ਦਿਓ। 4ਕੁਝ ਸਮੇਂ ਤੱਕ ਤਾਂ ਉਸ ਨੇ ਨਾ ਚਾਹਿਆ, ਪਰ ਬਾਅਦ ਵਿੱਚ ਉਸ ਨੇ ਮਨ ਵਿੱਚ ਕਿਹਾ, ‘ਭਾਵੇਂ ਕਿ ਮੈਂ ਪਰਮੇਸ਼ਰ ਤੋਂ ਨਹੀਂ ਡਰਦਾ ਅਤੇ ਨਾ ਹੀ ਕਿਸੇ ਮਨੁੱਖ ਦੀ ਪਰਵਾਹ ਕਰਦਾ ਹਾਂ; 5ਫਿਰ ਵੀ, ਕਿਉਂਕਿ ਇਹ ਵਿਧਵਾ ਮੈਨੂੰ ਪਰੇਸ਼ਾਨ ਕਰਦੀ ਹੈ, ਮੈਂ ਇਸ ਨੂੰ ਨਿਆਂ ਦਿਆਂਗਾ। ਕਿਤੇ ਅਜਿਹਾ ਨਾ ਹੋਵੇ ਕਿ ਇਹ ਬਾਰ-ਬਾਰ ਆ ਕੇ ਮੈਨੂੰ ਅਕਾ ਦੇਵੇ’।”
6ਪ੍ਰਭੂ ਨੇ ਕਿਹਾ,“ਸੁਣੋ, ਇਹ ਕੁਧਰਮੀ ਨਿਆਂਕਾਰ ਕੀ ਕਹਿੰਦਾ ਹੈ; 7ਫਿਰ ਕੀ ਪਰਮੇਸ਼ਰ ਆਪਣੇ ਚੁਣੇ ਹੋਇਆਂ ਦਾ ਜਿਹੜੇ ਰਾਤ-ਦਿਨ ਉਸ ਨੂੰ ਪੁਕਾਰਦੇ ਹਨ, ਨਿਆਂ ਨਾ ਕਰੇਗਾ? ਕੀ ਉਹ ਉਨ੍ਹਾਂ ਲਈ ਦੇਰ ਕਰੇਗਾ? 8ਮੈਂ ਤੁਹਾਨੂੰ ਕਹਿੰਦਾ ਹਾਂ ਕਿ ਉਹ ਛੇਤੀ ਉਨ੍ਹਾਂ ਦਾ ਨਿਆਂ ਕਰੇਗਾ। ਪਰ ਜਦੋਂ ਮਨੁੱਖ ਦਾ ਪੁੱਤਰ ਆਵੇਗਾ, ਕੀ ਉਹ ਧਰਤੀ ਉੱਤੇ ਵਿਸ਼ਵਾਸ ਪਾਵੇਗਾ?”
ਫ਼ਰੀਸੀ ਅਤੇ ਮਸੂਲੀਏ ਦਾ ਦ੍ਰਿਸ਼ਟਾਂਤ
9ਉਸ ਨੇ ਕਈਆਂ ਨੂੰ ਜਿਹੜੇ ਆਪਣੇ ਆਪ ਉੱਤੇ ਭਰੋਸਾ ਰੱਖਦੇ ਸਨ ਕਿ ਅਸੀਂ ਧਰਮੀ ਹਾਂ ਅਤੇ ਦੂਜਿਆਂ ਨੂੰ ਤੁੱਛ ਸਮਝਦੇ ਸਨ, ਇਹ ਦ੍ਰਿਸ਼ਟਾਂਤ ਦਿੱਤਾ; 10“ਦੋ ਮਨੁੱਖ ਪ੍ਰਾਰਥਨਾ ਕਰਨ ਲਈ ਹੈਕਲ ਵਿੱਚ ਗਏ; ਇੱਕ ਫ਼ਰੀਸੀ ਅਤੇ ਦੂਜਾ ਮਹਿਸੂਲੀਆ। 11ਫ਼ਰੀਸੀ ਖੜ੍ਹਾ ਹੋ ਕੇ ਆਪਣੇ ਮਨ ਵਿੱਚ ਇਹ ਪ੍ਰਾਰਥਨਾ ਕਰਨ ਲੱਗਾ, ‘ਪਰਮੇਸ਼ਰ, ਮੈਂ ਤੇਰਾ ਧੰਨਵਾਦ ਕਰਦਾ ਹਾਂ ਕਿ ਮੈਂ ਦੂਜੇ ਮਨੁੱਖਾਂ ਵਰਗਾ ਲੁਟੇਰਾ, ਅਧਰਮੀ ਅਤੇ ਵਿਭਚਾਰੀ ਨਹੀਂ ਹਾਂ ਅਤੇ ਨਾ ਹੀ ਇਸ ਮਹਿਸੂਲੀਏ ਵਰਗਾ ਹਾਂ। 12ਮੈਂ ਹਫ਼ਤੇ ਵਿੱਚ ਦੋ ਵਾਰ ਵਰਤ ਰੱਖਦਾ ਹਾਂ; ਜਿੰਨਾ ਮੈਨੂੰ ਮਿਲਦਾ ਹੈ ਉਸ ਸਭ ਦਾ ਦਸਵੰਧ ਦਿੰਦਾ ਹਾਂ’। 13ਪਰ ਮਹਿਸੂਲੀਏ ਨੇ ਦੂਰ ਖੜ੍ਹੇ ਰਹਿ ਕੇ ਆਪਣੀਆਂ ਅੱਖਾਂ ਵੀ ਅਕਾਸ਼ ਵੱਲ ਚੁੱਕਣੀਆਂ ਨਾ ਚਾਹੀਆਂ, ਸਗੋਂ ਛਾਤੀ ਪਿੱਟਦਾ ਹੋਇਆ ਕਹਿਣ ਲੱਗਾ, ‘ਹੇ ਪਰਮੇਸ਼ਰ, ਮੇਰੇ ਪਾਪੀ ਉੱਤੇ ਦਇਆ ਕਰ’। 14ਮੈਂ ਤੁਹਾਨੂੰ ਕਹਿੰਦਾ ਹਾਂ ਕਿ ਉਸ ਫ਼ਰੀਸੀ ਨਾਲੋਂ ਇਹ ਮਨੁੱਖ ਧਰਮੀ ਠਹਿਰ ਕੇ ਆਪਣੇ ਘਰ ਗਿਆ, ਕਿਉਂਕਿ ਹਰੇਕ ਜਿਹੜਾ ਆਪਣੇ ਆਪ ਨੂੰ ਉੱਚਾ ਕਰਦਾ ਹੈ ਉਹ ਨੀਵਾਂ ਕੀਤਾ ਜਾਵੇਗਾ, ਪਰ ਜਿਹੜਾ ਆਪਣੇ ਆਪ ਨੂੰ ਨੀਵਾਂ ਕਰਦਾ ਹੈ ਉਹ ਉੱਚਾ ਕੀਤਾ ਜਾਵੇਗਾ।”
ਯਿਸੂ ਅਤੇ ਬੱਚੇ
15ਲੋਕ ਆਪਣੇ ਬੱਚਿਆਂ ਨੂੰ ਵੀ ਉਸ ਕੋਲ ਲਿਆ ਰਹੇ ਸਨ ਤਾਂਕਿ ਉਹ ਉਨ੍ਹਾਂ ਨੂੰ ਛੂਹੇ, ਪਰ ਚੇਲੇ ਇਹ ਵੇਖ ਕੇ ਉਨ੍ਹਾਂ ਨੂੰ ਝਿੜਕਣ ਲੱਗੇ। 16ਯਿਸੂ ਨੇ ਉਨ੍ਹਾਂ ਨੂੰ ਕੋਲ ਬੁਲਾ ਕੇ ਕਿਹਾ,“ਬੱਚਿਆਂ ਨੂੰ ਮੇਰੇ ਕੋਲ ਆਉਣ ਦਿਓ ਅਤੇ ਉਨ੍ਹਾਂ ਨੂੰ ਨਾ ਰੋਕੋ, ਕਿਉਂਕਿ ਪਰਮੇਸ਼ਰ ਦਾ ਰਾਜ ਇਹੋ ਜਿਹਿਆਂ ਦਾ ਹੀ ਹੈ। 17ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੋ ਕੋਈ ਪਰਮੇਸ਼ਰ ਦੇ ਰਾਜ ਨੂੰ ਇੱਕ ਬੱਚੇ ਵਾਂਗ ਸਵੀਕਾਰ ਨਹੀਂ ਕਰਦਾ, ਉਹ ਕਦੇ ਵੀ ਉਸ ਵਿੱਚ ਪ੍ਰਵੇਸ਼ ਨਹੀਂ ਕਰੇਗਾ।”
ਇੱਕ ਧਨੀ ਪ੍ਰਧਾਨ ਅਤੇ ਸਦੀਪਕ ਜੀਵਨ
18ਫਿਰ ਕਿਸੇ ਪ੍ਰਧਾਨ ਨੇ ਉਸ ਤੋਂ ਪੁੱਛਿਆ, “ਹੇ ਉੱਤਮ ਗੁਰੂ, ਮੈਂ ਕੀ ਕਰਾਂ ਕਿ ਸਦੀਪਕ ਜੀਵਨ ਦਾ ਅਧਿਕਾਰੀ ਹੋਵਾਂ?” 19ਯਿਸੂ ਨੇ ਉਸ ਨੂੰ ਕਿਹਾ,“ਤੂੰ ਮੈਨੂੰ ਉੱਤਮ ਕਿਉਂ ਕਹਿੰਦਾ ਹੈਂ? ਇੱਕ ਪਰਮੇਸ਼ਰ ਦੇ ਬਿਨਾਂ ਹੋਰ ਕੋਈ ਉੱਤਮ ਨਹੀਂ। 20ਤੂੰ ਹੁਕਮਾਂ ਨੂੰ ਜਾਣਦਾ ਹੈਂ:ਵਿਭਚਾਰ ਨਾ ਕਰ, ਖੂਨ ਨਾ ਕਰ, ਚੋਰੀ ਨਾ ਕਰ, ਝੂਠੀ ਗਵਾਹੀ ਨਾ ਦੇ, ਆਪਣੇ ਮਾਤਾ-ਪਿਤਾ ਦਾ ਆਦਰ ਕਰ।”#ਕੂਚ 20:12-16; ਬਿਵਸਥਾ 5:16-20 21ਉਸ ਨੇ ਕਿਹਾ, “ਮੈਂ ਤਾਂ ਬਚਪਨ ਤੋਂ ਹੀ ਇਨ੍ਹਾਂ ਸਭਨਾਂ ਦੀ ਪਾਲਣਾ ਕਰਦਾ ਆਇਆ ਹਾਂ।” 22ਇਹ ਸੁਣ ਕੇ ਯਿਸੂ ਨੇ ਉਸ ਨੂੰ ਕਿਹਾ,“ਤੇਰੇ ਵਿੱਚ ਅਜੇ ਵੀ ਇੱਕ ਕਮੀ ਹੈ; ਜੋ ਕੁਝ ਤੇਰੇ ਕੋਲ ਹੈ ਵੇਚ ਅਤੇ ਗਰੀਬਾਂ ਵਿੱਚ ਵੰਡ ਦੇ ਤਾਂ ਤੈਨੂੰ ਸਵਰਗ ਵਿੱਚ ਧਨ ਮਿਲੇਗਾ ਅਤੇ ਮੇਰੇ ਪਿੱਛੇ ਹੋ ਤੁਰ।” 23ਪਰ ਇਹ ਗੱਲਾਂ ਸੁਣ ਕੇ ਉਹ ਬਹੁਤ ਉਦਾਸ ਹੋਇਆ, ਕਿਉਂਕਿ ਉਹ ਬਹੁਤ ਧਨਵਾਨ ਸੀ।
24ਤਦ ਯਿਸੂ ਨੇ ਉਸ ਨੂੰ ਉਦਾਸ ਹੋਏ ਵੇਖ ਕੇ ਕਿਹਾ,“ਧਨਵਾਨਾਂ ਦਾ ਪਰਮੇਸ਼ਰ ਦੇ ਰਾਜ ਵਿੱਚ ਪ੍ਰਵੇਸ਼ ਕਰਨਾ ਕਿੰਨਾ ਔਖਾ ਹੈ! 25ਕਿਉਂਕਿ ਪਰਮੇਸ਼ਰ ਦੇ ਰਾਜ ਵਿੱਚ ਇੱਕ ਧਨਵਾਨ ਦੇ ਪ੍ਰਵੇਸ਼ ਕਰਨ ਨਾਲੋਂ ਊਠ ਦਾ ਸੂਈ ਦੇ ਨੱਕੇ ਵਿੱਚੋਂ ਦੀ ਲੰਘਣਾ ਸੌਖਾ ਹੈ।” 26ਤਦ ਸੁਣਨ ਵਾਲਿਆਂ ਨੇ ਕਿਹਾ, “ਫਿਰ ਕੌਣ ਬਚ ਸਕੇਗਾ?” 27ਯਿਸੂ ਨੇ ਕਿਹਾ,“ਜੋ ਗੱਲਾਂ ਮਨੁੱਖਾਂ ਲਈ ਅਸੰਭਵ ਹਨ, ਪਰਮੇਸ਼ਰ ਲਈ ਸੰਭਵ ਹਨ।” 28ਪਤਰਸ ਨੇ ਕਿਹਾ, “ਵੇਖ, ਅਸੀਂ ਆਪਣਾ ਸਭ ਕੁਝ ਛੱਡ ਕੇ ਤੇਰੇ ਪਿੱਛੇ ਹੋ ਤੁਰੇ ਹਾਂ।” 29ਤਦ ਉਸ ਨੇ ਉਨ੍ਹਾਂ ਨੂੰ ਕਿਹਾ,“ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਅਜਿਹਾ ਕੋਈ ਨਹੀਂ ਹੈ ਜਿਸ ਨੇ ਪਰਮੇਸ਼ਰ ਦੇ ਰਾਜ ਦੀ ਖਾਤਰ ਆਪਣਾ ਘਰ ਜਾਂ ਪਤਨੀ ਜਾਂ ਭਰਾਵਾਂ ਜਾਂ ਮਾਤਾ-ਪਿਤਾ ਜਾਂ ਬੱਚਿਆਂ ਨੂੰ ਛੱਡਿਆ ਹੋਵੇ। 30ਅਤੇ ਇਸ ਸਮੇਂ ਵਿੱਚ ਕਈ ਗੁਣਾ ਜ਼ਿਆਦਾ ਅਤੇ ਆਉਣ ਵਾਲੇ ਯੁਗ ਵਿੱਚ ਸਦੀਪਕ ਜੀਵਨ ਨਾ ਪਾਵੇ।”
ਯਿਸੂ ਦੁਆਰਾ ਆਪਣੀ ਮੌਤ ਅਤੇ ਜੀ ਉੱਠਣ ਬਾਰੇ ਤੀਜੀ ਵਾਰ ਭਵਿੱਖਬਾਣੀ
31ਫਿਰ ਯਿਸੂ ਨੇ ਬਾਰ੍ਹਾਂ ਨੂੰ ਵੱਖਰੇ ਲਿਜਾ ਕੇ ਉਨ੍ਹਾਂ ਨੂੰ ਕਿਹਾ,“ਵੇਖੋ, ਅਸੀਂ ਯਰੂਸ਼ਲਮ ਨੂੰ ਜਾ ਰਹੇ ਹਾਂ ਅਤੇ ਜੋ ਕੁਝ ਮਨੁੱਖ ਦੇ ਪੁੱਤਰ ਬਾਰੇ ਨਬੀਆਂ ਦੁਆਰਾ ਲਿਖਿਆ ਹੈ ਉਹ ਸਭ ਪੂਰਾ ਹੋਵੇਗਾ। 32ਕਿਉਂਕਿ ਉਹ ਪਰਾਈਆਂ ਕੌਮਾਂ ਦੇ ਹੱਥ ਫੜਵਾਇਆ ਜਾਵੇਗਾ, ਉਸ ਦਾ ਮਖੌਲ ਉਡਾਇਆ ਜਾਵੇਗਾ, ਉਸ ਨਾਲ ਦੁਰਵਿਹਾਰ ਕੀਤਾ ਜਾਵੇਗਾ ਅਤੇ ਉਸ 'ਤੇ ਥੁੱਕਿਆ ਜਾਵੇਗਾ। 33ਉਹ ਉਸ ਨੂੰ ਕੋਰੜੇ ਮਾਰਨਗੇ ਅਤੇ ਮਾਰ ਸੁੱਟਣਗੇ ਅਤੇ ਤੀਜੇ ਦਿਨ ਉਹ ਫੇਰ ਜੀ ਉੱਠੇਗਾ।” 34ਪਰ ਉਹ ਇਨ੍ਹਾਂ ਗੱਲਾਂ ਵਿੱਚੋਂ ਕੋਈ ਗੱਲ ਨਾ ਸਮਝੇ ਅਤੇ ਇਹ ਗੱਲ ਉਨ੍ਹਾਂ ਤੋਂ ਗੁਪਤ ਰੱਖੀ ਗਈ ਅਤੇ ਜੋ ਗੱਲਾਂ ਕਹੀਆਂ ਗਈਆਂ ਸਨ, ਉਹ ਉਨ੍ਹਾਂ ਦੀ ਸਮਝ ਵਿੱਚ ਨਾ ਆਈਆਂ।
ਅੰਨ੍ਹੇ ਭਿਖਾਰੀ ਦਾ ਚੰਗਾ ਹੋਣਾ
35ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਉਹ ਯਰੀਹੋ ਦੇ ਨੇੜੇ ਪਹੁੰਚਿਆ ਤਾਂ ਇੱਕ ਅੰਨ੍ਹਾ ਮਨੁੱਖ ਰਾਹ ਕਿਨਾਰੇ ਬੈਠਾ ਭੀਖ ਮੰਗ ਰਿਹਾ ਸੀ। 36ਕੋਲੋਂ ਭੀੜ ਲੰਘਦੀ ਸੁਣ ਕੇ ਉਹ ਪੁੱਛਣ ਲੱਗਾ “ਇਹ ਕੀ ਹੋ ਰਿਹਾ ਹੈ?” 37ਉਨ੍ਹਾਂ ਉਸ ਨੂੰ ਦੱਸਿਆ, “ਯਿਸੂ ਨਾਸਰੀ ਲੰਘ ਰਿਹਾ ਹੈ।” 38ਤਦ ਉਸ ਨੇ ਪੁਕਾਰ ਕੇ ਕਿਹਾ, “ਹੇ ਯਿਸੂ, ਦਾਊਦ ਦੇ ਪੁੱਤਰ, ਮੇਰੇ ਉੱਤੇ ਦਇਆ ਕਰ!” 39ਜਿਹੜੇ ਉਸ ਦੇ ਅੱਗੇ-ਅੱਗੇ ਜਾ ਰਹੇ ਸਨ ਉਹ ਉਸ ਨੂੰ ਝਿੜਕਣ ਲੱਗੇ ਕਿ ਉਹ ਚੁੱਪ ਰਹੇ, ਪਰ ਉਹ ਹੋਰ ਵੀ ਜ਼ਿਆਦਾ ਪੁਕਾਰ ਕੇ ਕਹਿਣ ਲੱਗਾ, “ਹੇ ਦਾਊਦ ਦੇ ਪੁੱਤਰ, ਮੇਰੇ ਉੱਤੇ ਦਇਆ ਕਰ!” 40ਤਦ ਯਿਸੂ ਨੇ ਰੁਕ ਕੇ ਉਸ ਨੂੰ ਆਪਣੇ ਕੋਲ ਲਿਆਉਣ ਦੀ ਆਗਿਆ ਦਿੱਤੀ। ਜਦੋਂ ਉਹ ਕੋਲ ਆਇਆ ਤਾਂ ਯਿਸੂ ਨੇ ਉਸ ਨੂੰ ਪੁੱਛਿਆ, 41“ਤੂੰ ਕੀ ਚਾਹੁੰਦਾ ਹੈਂ ਕਿ ਮੈਂ ਤੇਰੇ ਲਈ ਕਰਾਂ?” ਉਸ ਨੇ ਕਿਹਾ, “ਪ੍ਰਭੂ, ਇਹ ਕਿ ਮੈਂ ਸੁਜਾਖਾ ਹੋ ਜਾਵਾਂ!” 42ਯਿਸੂ ਨੇ ਉਸ ਨੂੰ ਕਿਹਾ,“ਸੁਜਾਖਾ ਹੋ ਜਾ; ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ।” 43ਉਹ ਤੁਰੰਤ ਸੁਜਾਖਾ ਹੋ ਗਿਆ ਅਤੇ ਪਰਮੇਸ਼ਰ ਦੀ ਵਡਿਆਈ ਕਰਦਾ ਹੋਇਆ ਉਸ ਦੇ ਪਿੱਛੇ ਚੱਲ ਪਿਆ ਅਤੇ ਸਭਨਾਂ ਲੋਕਾਂ ਨੇ ਇਹ ਵੇਖ ਕੇ ਪਰਮੇਸ਼ਰ ਦੀ ਉਸਤਤ ਕੀਤੀ।
Nke Ahọpụtara Ugbu A:
ਲੂਕਾ 18: PSB
Mee ka ọ bụrụ isi
Kesaa
Mapịa

Ịchọrọ ka echekwaara gị ihe ndị gasị ị mere ka ha pụta ìhè ná ngwaọrụ gị niile? Debanye aha gị ma ọ bụ mee mbanye
PUNJABI STANDARD BIBLE©
Copyright © 2023 by Global Bible Initiative