ਯੂਹੰਨਾ 21
21
ਯਿਸੂ ਦਾ ਤਿਬਿਰਿਯਾਸ ਝੀਲ ਉੱਤੇ ਪਰਗਟ ਹੋਣਾ
1ਇਸ ਤੋਂ ਬਾਅਦ ਯਿਸੂ ਨੇ ਤਿਬਿਰਿਯਾਸ ਝੀਲ 'ਤੇ ਆਪਣੇ ਆਪ ਨੂੰ ਚੇਲਿਆਂ ਉੱਤੇ ਫੇਰ ਪਰਗਟ ਕੀਤਾ ਅਤੇ ਇਸ ਤਰ੍ਹਾਂ ਪਰਗਟ ਕੀਤਾ: 2ਸ਼ਮਊਨ ਪਤਰਸ ਅਤੇ ਥੋਮਾ ਜਿਹੜਾ ਦੀਦੁਮੁਸ ਕਹਾਉਂਦਾ ਹੈ ਅਤੇ ਗਲੀਲ ਦੇ ਕਾਨਾ ਤੋਂ ਨਥਾਨਿਏਲ ਅਤੇ ਜ਼ਬਦੀ ਦੇ ਪੁੱਤਰ ਅਤੇ ਯਿਸੂ ਦੇ ਚੇਲਿਆਂ ਵਿੱਚੋਂ ਦੋ ਹੋਰ ਇਕੱਠੇ ਸਨ। 3ਸ਼ਮਊਨ ਪਤਰਸ ਨੇ ਉਨ੍ਹਾਂ ਨੂੰ ਕਿਹਾ, “ਮੈਂ ਮੱਛੀਆਂ ਫੜਨ ਜਾ ਰਿਹਾ ਹਾਂ।” ਉਨ੍ਹਾਂ ਨੇ ਉਸ ਨੂੰ ਕਿਹਾ, “ਅਸੀਂ ਵੀ ਤੇਰੇ ਨਾਲ ਚੱਲਦੇ ਹਾਂ।” ਉਹ ਨਿੱਕਲ ਕੇ ਕਿਸ਼ਤੀ ਉੱਤੇ ਚੜ੍ਹ ਗਏ, ਪਰ ਉਸ ਰਾਤ ਉਨ੍ਹਾਂ ਕੁਝ ਨਾ ਫੜਿਆ।
4ਸਵੇਰ ਹੁੰਦੇ ਹੀ ਯਿਸੂ ਕੰਢੇ 'ਤੇ ਖੜ੍ਹਾ ਸੀ, ਪਰ ਚੇਲਿਆਂ ਨੇ ਨਾ ਪਛਾਣਿਆ ਕਿ ਇਹ ਯਿਸੂ ਹੈ। 5ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ,“ਹੇ ਬੱਚਿਓ, ਕੀ ਤੁਹਾਡੇ ਕੋਲ ਕੋਈ ਮੱਛੀ ਹੈ?” ਉਨ੍ਹਾਂ ਉਸ ਨੂੰ ਉੱਤਰ ਦਿੱਤਾ, “ਨਹੀਂ।” 6ਉਸ ਨੇ ਉਨ੍ਹਾਂ ਨੂੰ ਕਿਹਾ,“ਕਿਸ਼ਤੀ ਦੇ ਸੱਜੇ ਪਾਸੇ ਜਾਲ਼ ਪਾਓ ਤਾਂ ਤੁਹਾਨੂੰ ਮਿਲਣਗੀਆਂ।” ਸੋ ਉਨ੍ਹਾਂ ਨੇ ਪਾਇਆ ਅਤੇ ਮੱਛੀਆਂ ਬਹੁਤੀਆਂ ਹੋਣ ਕਰਕੇ ਉਹ ਜਾਲ਼ ਨੂੰ ਖਿੱਚ ਨਾ ਸਕੇ। 7ਤਦ ਉਸ ਚੇਲੇ ਨੇ ਜਿਸ ਨਾਲ ਯਿਸੂ ਪਿਆਰ ਕਰਦਾ ਸੀ, ਪਤਰਸ ਨੂੰ ਕਿਹਾ, “ਇਹ ਤਾਂ ਪ੍ਰਭੂ ਹੈ!” ਜਦੋਂ ਸ਼ਮਊਨ ਪਤਰਸ ਨੇ ਸੁਣਿਆ ਕਿ ਇਹ ਪ੍ਰਭੂ ਹੈ ਤਾਂ ਉਸ ਨੇ ਆਪਣਾ ਬਾਹਰੀ ਵਸਤਰ ਲੱਕ ਨਾਲ ਬੰਨ੍ਹਿਆ ਕਿਉਂਕਿ ਉਹ ਨੰਗਾ ਸੀ ਅਤੇ ਝੀਲ ਵਿੱਚ ਕੁੱਦ ਪਿਆ। 8ਪਰ ਦੂਜੇ ਚੇਲੇ ਮੱਛੀਆਂ ਦੇ ਜਾਲ਼ ਨੂੰ ਖਿੱਚਦੇ ਹੋਏ ਕਿਸ਼ਤੀ ਵਿੱਚ ਆ ਗਏ, ਕਿਉਂਕਿ ਉਹ ਜ਼ਮੀਨ ਤੋਂ ਜ਼ਿਆਦਾ ਨਹੀਂ ਪਰ ਲਗਭਗ ਦੋ ਸੌ ਹੱਥ ਦੀ ਦੂਰੀ 'ਤੇ ਸਨ।
9ਜਦੋਂ ਉਹ ਜ਼ਮੀਨ 'ਤੇ ਉੱਤਰੇ ਤਾਂ ਉਨ੍ਹਾਂ ਨੇ ਕੋਲਿਆਂ ਦੀ ਅੱਗ ਅਤੇ ਉਸ ਉੱਤੇ ਮੱਛੀ ਰੱਖੀ ਹੋਈ ਅਤੇ ਰੋਟੀ ਵੇਖੀ। 10ਯਿਸੂ ਨੇ ਉਨ੍ਹਾਂ ਨੂੰ ਕਿਹਾ,“ਉਨ੍ਹਾਂ ਮੱਛੀਆਂ ਵਿੱਚੋਂ ਲਿਆਓ ਜਿਹੜੀਆਂ ਤੁਸੀਂ ਹੁਣੇ ਫੜੀਆਂ ਹਨ।” 11ਸੋ ਸ਼ਮਊਨ ਪਤਰਸ ਨੇ ਚੜ੍ਹ ਕੇ ਇੱਕ ਸੌ ਤ੍ਰਿਵੰਜਾ ਵੱਡੀਆਂ ਮੱਛੀਆਂ ਦੇ ਭਰੇ ਜਾਲ਼ ਨੂੰ ਜ਼ਮੀਨ 'ਤੇ ਖਿੱਚ ਲਿਆਂਦਾ ਅਤੇ ਐਨੀਆਂ ਜ਼ਿਆਦਾ ਹੋਣ 'ਤੇ ਵੀ ਜਾਲ਼ ਨਾ ਟੁੱਟਿਆ। 12ਯਿਸੂ ਨੇ ਉਨ੍ਹਾਂ ਨੂੰ ਕਿਹਾ,“ਆਓ, ਭੋਜਨ ਖਾਓ।” ਚੇਲਿਆਂ ਵਿੱਚੋਂ ਕਿਸੇ ਦਾ ਵੀ ਉਸ ਤੋਂ ਇਹ ਪੁੱਛਣ ਦਾ ਹੌਸਲਾ ਨਾ ਪਿਆ ਕਿ ਤੂੰ ਕੌਣ ਹੈਂ? ਕਿਉਂਕਿ ਉਹ ਜਾਣਦੇ ਸਨ ਕਿ ਇਹ ਪ੍ਰਭੂ ਹੈ। 13ਯਿਸੂ ਆਇਆ ਅਤੇ ਰੋਟੀ ਲੈ ਕੇ ਉਨ੍ਹਾਂ ਨੂੰ ਦਿੱਤੀ ਅਤੇ ਇਸੇ ਤਰ੍ਹਾਂ ਮੱਛੀ ਵੀ। 14ਇਹ ਤੀਜੀ ਵਾਰ ਸੀ ਕਿ ਯਿਸੂ ਮੁਰਦਿਆਂ ਵਿੱਚੋਂ ਜੀ ਉੱਠਣ ਤੋਂ ਬਾਅਦ ਚੇਲਿਆਂ ਉੱਤੇ ਪਰਗਟ ਹੋਇਆ।
ਯਿਸੂ ਅਤੇ ਪਤਰਸ
15ਜਦੋਂ ਉਹ ਖਾ ਹਟੇ ਤਾਂ ਯਿਸੂ ਨੇ ਸ਼ਮਊਨ ਪਤਰਸ ਨੂੰ ਪੁੱਛਿਆ,“ਹੇ ਸ਼ਮਊਨ, ਯੂਹੰਨਾ ਦੇ ਪੁੱਤਰ, ਕੀ ਤੂੰ ਮੈਨੂੰ ਇਨ੍ਹਾਂ ਨਾਲੋਂ ਵੱਧ ਪਿਆਰ ਕਰਦਾ ਹੈਂ?” ਉਸ ਨੇ ਕਿਹਾ, “ਹਾਂ ਪ੍ਰਭੂ ਜੀ, ਤੂੰ ਜਾਣਦਾ ਹੈਂ ਕਿ ਮੈਂ ਤੇਰੇ ਨਾਲ ਪ੍ਰੀਤ ਰੱਖਦਾ ਹਾਂ।” ਯਿਸੂ ਨੇ ਉਸ ਨੂੰ ਕਿਹਾ,“ਮੇਰੇ ਲੇਲਿਆਂ ਨੂੰ ਚਰਾ।” 16ਉਸ ਨੇ ਫੇਰ ਦੂਜੀ ਵਾਰ ਉਸ ਨੂੰ ਪੁੱਛਿਆ,“ਹੇ ਸ਼ਮਊਨ, ਯੂਹੰਨਾ ਦੇ ਪੁੱਤਰ, ਕੀ ਤੂੰ ਮੈਨੂੰ ਪਿਆਰ ਕਰਦਾ ਹੈਂ?” ਉਸ ਨੇ ਕਿਹਾ, “ਹਾਂ ਪ੍ਰਭੂ ਜੀ, ਤੂੰ ਜਾਣਦਾ ਹੈਂ ਕਿ ਮੈਂ ਤੇਰੇ ਨਾਲ ਪ੍ਰੀਤ ਰੱਖਦਾ ਹਾਂ।” ਯਿਸੂ ਨੇ ਉਸ ਨੂੰ ਕਿਹਾ,“ਮੇਰੀਆਂ ਭੇਡਾਂ ਦੀ ਰਖਵਾਲੀ ਕਰ।” 17ਫਿਰ ਉਸ ਨੇ ਤੀਜੀ ਵਾਰ ਉਸ ਨੂੰ ਪੁੱਛਿਆ,“ਹੇ ਸ਼ਮਊਨ, ਯੂਹੰਨਾ ਦੇ ਪੁੱਤਰ, ਕੀ ਤੂੰ ਮੇਰੇ ਨਾਲ ਪ੍ਰੀਤ ਰੱਖਦਾ ਹੈਂ?” ਤਦ ਪਤਰਸ ਉਦਾਸ ਹੋ ਗਿਆ, ਕਿਉਂਕਿ ਯਿਸੂ ਨੇ ਉਸ ਨੂੰ ਤੀਜੀ ਵਾਰ ਕਿਹਾ,“ਕੀ ਤੂੰ ਮੇਰੇ ਨਾਲ ਪ੍ਰੀਤ ਰੱਖਦਾ ਹੈਂ?” ਸੋ ਪਤਰਸ ਨੇ ਉਸ ਨੂੰ ਕਿਹਾ, “ਹੇ ਪ੍ਰਭੂ, ਤੂੰ ਸਭ ਕੁਝ ਜਾਣਦਾ ਹੈਂ। ਤੂੰ ਜਾਣਦਾ ਹੈਂ ਕਿ ਮੈਂ ਤੇਰੇ ਨਾਲ ਪ੍ਰੀਤ ਰੱਖਦਾ ਹਾਂ।” ਯਿਸੂ ਨੇ ਉਸ ਨੂੰ ਕਿਹਾ,“ਮੇਰੀਆਂ ਭੇਡਾਂ ਨੂੰ ਚਰਾ। 18ਮੈਂ ਤੈਨੂੰ ਸੱਚ-ਸੱਚ ਕਹਿੰਦਾ ਹਾਂ ਕਿ ਜਦੋਂ ਤੂੰ ਜਵਾਨ ਸੀ ਤਾਂ ਆਪਣਾ ਲੱਕ ਬੰਨ੍ਹ ਕੇ ਜਿੱਥੇ ਚਾਹੁੰਦਾ ਸੀ ਉੱਥੇ ਜਾਂਦਾ ਸੀ, ਪਰ ਜਦੋਂ ਤੂੰ ਬੁੱਢਾ ਹੋਵੇਂਗਾ ਤਾਂ ਤੂੰ ਆਪਣੇ ਹੱਥ ਅੱਗੇ ਵਧਾਵੇਂਗਾ ਅਤੇ ਕੋਈ ਹੋਰ ਤੇਰਾ ਲੱਕ ਬੰਨ੍ਹੇਗਾ ਤੇ ਜਿੱਥੇ ਤੂੰ ਨਹੀਂ ਚਾਹੁੰਦਾ ਤੈਨੂੰ ਉੱਥੇ ਲੈ ਜਾਵੇਗਾ।” 19ਇਹ ਕਹਿ ਕੇ ਯਿਸੂ ਨੇ ਇਸ ਗੱਲ ਦਾ ਸੰਕੇਤ ਦਿੱਤਾ ਕਿ ਪਤਰਸ ਕਿਸ ਤਰ੍ਹਾਂ ਦੀ ਮੌਤ ਨਾਲ ਪਰਮੇਸ਼ਰ ਦੀ ਮਹਿਮਾ ਕਰੇਗਾ। ਇਹ ਕਹਿਣ ਤੋਂ ਬਾਅਦ ਉਸ ਨੇ ਉਸ ਨੂੰ ਕਿਹਾ,“ਮੇਰੇ ਪਿੱਛੇ ਚੱਲ।”
ਯਿਸੂ ਅਤੇ ਉਸ ਦਾ ਪਿਆਰਾ ਚੇਲਾ
20ਪਤਰਸ ਨੇ ਪਿਛਾਂਹ ਮੁੜ ਕੇ ਉਸ ਚੇਲੇ ਨੂੰ ਪਿੱਛੇ ਆਉਂਦੇ ਵੇਖਿਆ ਜਿਸ ਨੂੰ ਯਿਸੂ ਪਿਆਰ ਕਰਦਾ ਸੀ ਅਤੇ ਜਿਸ ਨੇ ਭੋਜਨ ਖਾਂਦੇ ਸਮੇਂ ਯਿਸੂ ਦੀ ਛਾਤੀ 'ਤੇ ਢਾਸਣਾ ਲਾਏ ਹੋਏ ਉਸ ਨੂੰ ਕਿਹਾ ਸੀ, “ਪ੍ਰਭੂ ਜੀ, ਤੈਨੂੰ ਫੜਵਾਉਣ ਵਾਲਾ ਕੌਣ ਹੈ?” 21ਉਸ ਨੂੰ ਵੇਖ ਕੇ ਪਤਰਸ ਨੇ ਯਿਸੂ ਨੂੰ ਪੁੱਛਿਆ, “ਪ੍ਰਭੂ ਜੀ, ਫਿਰ ਇਸ ਮਨੁੱਖ ਦਾ ਕੀ ਹੋਵੇਗਾ?” 22ਯਿਸੂ ਨੇ ਉਸ ਨੂੰ ਕਿਹਾ,“ਜੇ ਮੈਂ ਚਾਹਾਂ ਕਿ ਉਹ ਮੇਰੇ ਆਉਣ ਤੱਕ ਰਹੇ ਤਾਂ ਤੈਨੂੰ ਕੀ? ਤੂੰ ਮੇਰੇ ਪਿੱਛੇ ਚੱਲ।” 23ਇਸ ਲਈ ਭਾਈਆਂ ਵਿੱਚ ਇਹ ਗੱਲ ਫੈਲ ਗਈ ਕਿ ਇਹ ਚੇਲਾ ਮਰੇਗਾ ਨਹੀਂ, ਪਰ ਯਿਸੂ ਨੇ ਇਹ ਨਹੀਂ ਕਿਹਾ ਸੀ ਕਿ ਉਹ ਮਰੇਗਾ ਨਹੀਂ, ਸਗੋਂ ਇਹ ਕਿ ਜੇ ਮੈਂ ਚਾਹਾਂ ਕਿ ਉਹ ਮੇਰੇ ਆਉਣ ਤੱਕ ਰਹੇ ਤਾਂ ਤੈਨੂੰ ਕੀ?
24ਇਹ ਉਹੀ ਚੇਲਾ ਹੈ ਜਿਹੜਾ ਇਨ੍ਹਾਂ ਗੱਲਾਂ ਦੀ ਗਵਾਹੀ ਦਿੰਦਾ ਹੈ ਅਤੇ ਜਿਸ ਨੇ ਇਹ ਗੱਲਾਂ ਲਿਖੀਆਂ ਹਨ ਅਤੇ ਅਸੀਂ ਜਾਣਦੇ ਹਾਂ ਕਿ ਉਸ ਦੀ ਗਵਾਹੀ ਸੱਚੀ ਹੈ। 25ਹੋਰ ਵੀ ਬਹੁਤ ਸਾਰੇ ਕੰਮ ਹਨ ਜਿਹੜੇ ਯਿਸੂ ਨੇ ਕੀਤੇ। ਜੇ ਉਹ ਇੱਕ-ਇੱਕ ਕਰਕੇ ਲਿਖੇ ਜਾਂਦੇ ਤਾਂ ਮੈਂ ਸਮਝਦਾ ਹਾਂ ਜਿਹੜੀਆਂ ਪੁਸਤਕਾਂ ਲਿਖੀਆਂ ਜਾਂਦੀਆਂ ਉਹ ਸੰਸਾਰ ਵਿੱਚ ਵੀ ਨਾ ਸਮਾਉਂਦੀਆਂ।
Pilihan Saat Ini:
ਯੂਹੰਨਾ 21: PSB
Sorotan
Berbagi
Salin

Ingin menyimpan sorotan di semua perangkat Anda? Daftar atau masuk
PUNJABI STANDARD BIBLE©
Copyright © 2023 by Global Bible Initiative